ਕੀ ਇਹ ਜ਼ਿੰਗਦੀ, ਜ਼ਿੰਦਗੀ ਯਾਰੋ, ਫ਼ਿਕਰਾਂ ਹੇਠ ਲਿਤਾੜੀ,
ਆਪਣੇ ਭਾਰ ਦੇ ਨਾਲ਼ੋਂ ਸਿਰ 'ਤੇ, ਪੀੜਾਂ ਦੀ ਪੰਡ ਭਾਰੀ।
ਮਨ ਵਿੱਚ ਹਰਦਮ ਹਫੜਾ-ਤਫੜੀ, ਪੈਸਾ, ਪੈਸਾ, ਪੈਸਾ,
ਗਰਜ਼ਾਂ ਦੇ ਸਭ ਰਿਸ਼ਤੇ-ਨਾਤੇ, ਕੋਈ ਨਾ ਰੂਹ ਦਾ ਆੜੀ।
ਚੰਨ ਦਾ ਚਾਨਣ, ਤਾਰਿਆਂ ਦੀ ਲੋਅ, ਮਾਣ ਨਾ ਸਾਥੋਂ ਹੋਵੇ,
ਸਿਰ 'ਤੇ ਛੱਤਾਂ, ਕੰਧਾਂ ਈ ਕੰਧਾਂ, ਪਿੱੱਛੇ ਅਤੇ ਅਗਾੜੀ।
ਸਾਗਰ ਛੱਲਾਂ, ਪੌਣ ਨਾਲ਼ ਗੱਲਾਂ, ਪਰਬਤ ਆਉਣਾ, ਜਾਣਾ,
ਇਹਨਾਂ ਕੰਮਾਂ ਦੇ ਲਈ ਹੁਣ ਤਾਂ, ਹੋ ਗਏ ਅਸੀਂ ਅਨਾੜੀ।
ਸਾਡੇ ਨਾਲ਼ੋਂ, ਪੰਛੀਂ ਚੰਗੇ, ਨਾਲ਼ ਆਜ਼ਾਦੀ ਘੁੰਮਦੇ,
ਜਦ ਜੀਅ ਕਰਦਾ ਲਾ ਲੈਂਦੇ ਨੇ, ਬਾਰਡਰੋਂ ਪਾਰ ਉਡਾਰੀ।
ਕੋਇਲ ਦੀ ਕੂ-ਕੂ, ਪੈਲ ਮੋਰ ਦੀ, ਦਿਲ ਕਰਦਾ ਸੁਣਾ, ਤੱਕਾਂ,
ਹੋਰ ਕੰਮੀ ਹੀ ਲੰਘ ਜਾਂਦੀ ਹੈ, ਛੁੱਟੀ ਹਫ਼ਤਾਵਾਰੀ।
ਰਾਹ ਦੱਸਣ ਦਾ ਵਿਹਲ ਵੀ ਨਈਓਂ, ਯਾਰੋ ਸਾਡੇ ਕੋਲ਼ੇ,
ਹੱਸਣ ਦਾ ਵੀ ਮੁੱਲ ਮੰਗਦੇ ਹਾਂ, ਨੈਣਾਂ ਦੇ ਵਪਾਰੀ।
ਮੋਇਆਂ ਵੀ ਸਾਨੂੰ ਕੀਹਨੇ ਰੋਣਾ, ਕੀਹਨੇ ਕੀਰਨੇ ਪਾਉਣੇ,
ਬਲਵਿੰਦਰਾ ਹੁਣ ਜਿੰਦ ਅਸਾਡੀ, ਬਸ ਦੀ ਇੱਕ ਸਵਾਰੀ।