ਉਂਗਲਾ ਉੱਤੇ ਨੱਚਦੀ ਕਵਿਤਾ
(ਕਵਿਤਾ)
ਉਂਗਲਾ ਉੱਤੇ ਨੱਚਦੀ ਕਵਿਤਾ।
ਲਾਟਾਂ ਵਾਂਗੂੰ ਮੱਚਦੀ ਕਵਿਤਾ।
ਝੂਠੇ ਨੂੰ ਪਾ ਦਿੰਦੀ ਭਾਜੜ
ਹੁੰਦੀ ਹੈ ਜੋ ਸੱਚਦੀ ਕਵਿਤਾ।
ਧਸ ਜਾਂਦੀ ਹੈ ਸੀਨੇ ਅੰਦਰ
ਹੁੰਦੀ ਤਿੱਖੇ ਕੱਚਦੀ ਕਵਿਤਾ।
ਹੁੰਦੀ ਹਾਜ਼ਮ ਸੱਚੇ ਨੂੰ ਹੀ
ਝੂਠੇ ਨੂੰ ਨਾ ਪੱਚਦੀ ਕਵਿਤਾ।
ਝੂਠਾ ਆਖੇ ਝੂਠ ਨਿਰਾ ਇਹ
ਸੱਚੇ ਸਿਰਜੀ ਸੱਚਦੀ ਕਵਿਤਾ।
ਜਿਹੜਾ ਇਸਦੀ ਕਦਰ ਕਰੇਂਦਾ
ਓਸੇ ਨੂੰ ਹੈ ਜੱਚਦੀ ਕਵਿਤਾ।
ਕਰਦੀ ਜਾਹਿਰ ਕੀਤੇ ਕਾਰੇ
ਬਿਨ ਕੀਤੇ ਨਾ ਬੱਚਦੀ ਕਵਿਤਾ।
ਏਸੇ ਦਾ ਹੈ ਉਹ ਹੋ ਜਾਂਦਾ
ਜਿਸਦੇ ਹੱਡੀਂ ਰੱਚਦੀ ਕਵਿਤਾ।