ਦੀਵਾ ਜਗਦਾ ਰੱਖਣਾ ਹੋਵੇ
ਕੁਝ ਸੇਕ ਤਾਂ ਸਹਿਣਾ ਪੈਂਦਾ
ਸ਼ਬਦਾਂ ਵਿਚੋਂ ਅਰਥ ਕੱਢਣ ਲਈ
ਪੜ੍ਹਨਾ, ਸੁਣਨਾ, ਕਹਿਣਾ ਪੈਂਦਾ
ਜਿੰਦਗੀ ਵਿੱਚ ਜੇ ਸਿਖਿਆ ਲੈਣੀ
ਸਿਆਣਿਆਂ ਕੋਲੇ ਬਹਿਣਾ ਪੈਂਦਾ
ਸ੍ਵੈ- ਮਾਨ ਨੂੰ ਕਾਇਮ ਜੇ ਰੱਖਣਾ
ਵੈਰੀ ਦੇ ਸੰਗ ਖਹਿਣਾ ਪੈਂਦਾ
ਸਾਗਰ ਅੰਦਰੋਂ ਜੇ ਮੋਤੀ ਚੁਗਣੇ
ਕਿਸ਼ਤੀਆਂ ਵਿਚੋਂ ਲਹਿਣਾ ਪੈਂਦਾ
ਤਾਨਾਸ਼ਾਹ ਜੇ ਹਾਕਮ ਹੋਵੇ
ਹਾਂ ਜੀ, ਹਾਂ ਜੀ ਕਹਿਣਾ ਪੈਂਦਾ
ਜੁਲਮ ਦੀ ਜੇ ਹੱਦ ਹੋ ਜਾਵੇ
ਸੂਰਮਿਆਂ ਨੂੰ ਫਿਰ ਡਹਿਣਾ ਪੈਂਦਾ
ਲੋਕੀਂ ਜਦੋਂ ਇਕ ਮੁੱਠ ਹੁੰਦੇ
ਰਾਜੇ, ਰਾਣਿਆਂ ਨੂੰ ਢਹਿਣਾ ਪੈਂਦਾ
ਤਖਤ-ਤਾਜ ਸਭ ਭੁੱਲ ਜਾਂਦੇ ਨੇ
ਧਰਤੀ ‘ਤੇ ਲੰਮੇ ਪੈਣਾ ਪੈਂਦਾ
ਜਿੰਦਗੀ ਦੇ ਰੰਗ ਦੇਖ ਤੂੰ “ਮਾਵੀ “
ਰਬੱ ਦੀ ਰਜਾਅ ‘ਚ ਰਹਿਣਾ ਪੈਂਦਾ