ਸਿੱਖਾਂ ਦੀ ਆਨ-ਸ਼ਾਨ ਦੀ ਪ੍ਰਤੀਕ ਹੈ ਦਸਤਾਰ
(ਲੇਖ )
buy amoxicillin liquid
buy amoxicillin
੨੨ ਅਪ੍ਰੈਲ ਦੀਆਂ ਅਖਬਾਰਾਂ ਦੀ ਮੁੱਖ ਸੁਰਖੀ 'ਸੁਪਰੀਮ ਕੋਰਟ ਨੇ ਪੁਛਿਆ ਸਿੱਖ ਧਰਮ ਵਿੱਚ ਪੱਗ ਬੰਨਣੀ ਜ਼ਰੂਰੀ ਹੈ?' ਨੇ ਸੰਸਾਰ ਵਿੱਚ ਵੱਸਦੇ ਸਮੂਹ ਸਿੱਖ ਅਤੇ ਪੰਜਾਬੀ ਭਾਈਚਾਰੇ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਅਤੇ ਮਾਨਯੋਗ ਸੁਪਰੀਮ ਕੋਰਟ ਦੇ ਉਪਰੋਕਤ ਸਵਾਲ ਦੀ ਅਲੋਚਨਾ ਦਾ ਦੌਰ ਸ਼ੁਰੂ ਹੋ ਗਿਆ। ਇਸਦੇ ਨਾਲ ਹੀ ਕਈ ਥਾਵਾਂ ਤੇ ਸਖਤ ਵਿਰੋਧ ਵੀ ਉੱਪਜਣ ਲੱਗ ਪਿਆ ਹੈ, ਜੋ ਭਵਿੱਖ ਵਿੱਚ ਹੋਰ ਵੀ ਵਿਸ਼ਾਲ ਹੋਣ ਦੇ ਆਸਾਰ ਹਨ। ਕਿਉਂਜੁ ਦੁਨੀਆ ਭਰ ਵਿੱਚ ਸਿੱਖ ਭਾਈਚਾਰੇ ਨੇ ਆਪਣੀ ਦਸਤਾਰ ਅਤੇ ਸਾਬਤ ਸੂਰਤ ਹੋਣ ਸਦਕਾ ਵਿਸ਼ੇਸ਼ ਪਹਿਚਾਣ ਬਣਾ ਲਈ ਹੋਈ ਹੈ। ਵਿਦੇਸ਼ਾਂ ਵਿੱਚ ਵੀ ਜੇਕਰ ਕਿੱਧਰੇ ਕਦੀ ਦਸਤਾਰ ਸਬੰਧੀ ਮਾਮਲੇ ਹੌਂਦ ਵਿੱਚ ਆਏ ਤਾਂ ਸਥਾਨਕ ਸਿੱਖ ਬੁੱਧੀਜੀਵੀਆਂ ਨੇ ਆਪਣੇ ਪੱਧਰ ਤੇ ਹੱਲ ਕਰ ਲਏ, ਕਿਉਂਕਿ ਵਿਦੇਸ਼ੀ ਦਸਤਾਰ ਦੀ ਅਹਿਮੀਅਤ ਤੋਂ ਅਣਜਾਣ ਸਨ ਜਿਸ ਕਰਕੇ ਉਹਨਾਂ ਨੂੰ ਕੇਵਲ ਦਸਤਾਰ ਦੀ ਮਹਾਨਤਾ ਦੱਸਣ ਦੀ ਲੋੜ ਸੀ। ਹੁਣ ਤਾਂ ਅਮਰੀਕਾ ਦੇ "ਡਿਪਾਰਟਮੈਂਟ ਆਫ ਜਸਟਿਸ" ਵੱਲੋਂ ਸਿੱਖਾਂ ਦੀ ਦਸਤਾਰ ਨੂੰ ਵਿਸਥਾਰ ਵਿੱਚ ਵਰਨਣ ਕਰਦਾ ਹੋਇਆ ਪੋਸਟਰ ਜਾਰੀ ਕੀਤਾ ਜਾ ਚੁੱਕਿਆ ਹੈ। ਹੈਰਾਨੀ ਦੀ ਗੱਲ ਹੈ ਕਿ ਜਿਸ ਭਾਰਤ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਵਿਸ਼ਵ ਪ੍ਰਸਿੱਧ ਅਰਥਸ਼ਾਸਤਰੀ ਡਾ. ਮਨਮੋਹਣ ਸਿੰਘ ਜੋ ਸਿੱਖ ਧਰਮ ਨਾਲ ਸਬੰਧਤ ਹਨ ਅਤੇ ਦਸਤਾਰਧਾਰੀ ਹਨ, ਉਸ ਦੇਸ਼ ਦੇ ਸੁਪਰੀਮ ਕੋਰਟ ਵੱਲੋਂ ਦੇਸ਼ ਵਿੱਚ ਵੱਸਦੇ ਸਿੱਖਾਂ ਨੂੰ ਉਹਨਾਂ ਦੀ ਪਹਿਚਾਣ ਬਾਰੇ ਬਿਲਕੁੱਲ ਹੀ ਨਿਰਮੂਲ ਅਤੇ ਬੇਤੁਕਾ ਸਵਾਲ ਪੁੱਛਿਆ ਜਾ ਰਿਹਾ ਹੈ। ਇਕ ਸਿੱਖ ਸਾਈਕਲਿਸਟ ਜਗਦੀਪ ਸਿੰਘ ਪੁਰੀ ਨੂੰ ਸੁਪਰੀਮ ਕੋਰਟ ਦੇ ਜੱਜ ਵੱਲੋਂ ਪੁੱਛਿਆ ਗਿਆ ਕਿ ਕੀ 'ਪੱਗ ਬੰਨ੍ਹਣਾ' ਸਿੱਖ ਧਰਮ ਵਿੱਚ ਜ਼ਰੂਰੀ ਹੈ ਜਾਂ ਸਿਰਫ ਸਿਰ ਨੂੰ ਢੱਕ ਕੇ ਹੀ ਕੰਮ ਚਲਾਇਆ ਜਾ ਸਕਦਾ ਹੈ? ਜਦਕਿ ਦੇਸ਼ ਹੀ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਪੱਗੜੀਧਾਰੀ ਸਿੱਖਾਂ ਨੇ ਵੱਖ-ਵੱਖ ਖੇਤਰਾਂ ਵਿੱਚ ਆਪਣਾ ਅਹਿਮ ਯੋਗਦਾਨ ਪਾਇਆ ਹੈ, ਜਿਸ ਕਰਕੇ ਸਿੱਖ ਦੀ ਦਸਤਾਰ ਬਹਾਦਰੀ, ਪ੍ਰਾਪਤੀਆਂ ਅਤੇ ਜਜ਼ਬੇ ਦਾ ਪ੍ਰਤੀਕ ਮੰਨੀ ਜਾਂਦੀ ਹੈ।
ਸਦੀਆਂ ਤੋਂ ਸਿੱਖਾਂ ਦੀ ਧਾਰਮਿਕ ਨਿਸ਼ਾਨੀ, ਸਿੱਖ ਪਹਿਚਾਣ ਅਤੇ ਸਿੱਖ ਲਿਬਾਸ ਦਾ ਜ਼ਰੂਰੀ ਅੰਗ ਹੋਣ ਦੇ ਨਾਲ ਨਾਲ ਅਜੌਕੇ ਦੌਰ ਵਿੱਚ ਦਸਤਾਰ ਪੰਜਾਬੀ ਸੱਭਿਆਚਾਰ ਦੇ ਅੰਗ ਵਜੋਂ ਵੀ ਜਾਣੀ ਜਾਂਦੀ ਹੈ ਭਾਵੇਂ ਦਸਤਾਰ (ਪੱਗ) ਬੰਨਣ ਦੇ ਰਿਵਾਜ਼ ਅਤੇ ਅੰਦਾਜ਼ ਵੱਖ-ਵੱਖ ਕੌਮਾਂ ਵਿੱਚ ਵੱਖਰੇ-ਵੱਖਰੇ ਹੁੰਦੇ ਹਨ। ਪਰ ਦਸਤਾਰ ਕਿਸੇ ਵੀ ਕੌਮ ਵਿੱਚ ਸਿੱਖ ਕੌਮ ਦੀ ਤਰ੍ਹਾਂ ਲਾਜ਼ਮੀ ਨਹੀਂ ਹੈ। ਦਸਤਾਰ ਸਰਦਾਰੀ ਦੀ ਨਿਸ਼ਾਨੀ ਹੈ। ਇਸੇ ਲਈ ਦਸਤਾਰ ਨੂੰ ਸਿੱਖ ਲਿਬਾਸ ਦਾ ਜ਼ਰੂਰੀ ਅੰਗ ਨਿਰਧਾਰਿਤ ਕੀਤਾ ਗਿਆ ਹੈ। ਸਿੱਖੀ ਅਸੂਲਾਂ ਅਨੁਸਾਰ ਸਿੱਖ ਦੀ ਸਾਬਤ-ਸੂਰਤ ਸਿਰ ਉੱਪਰ ਦਸਤਾਰ ਨਾਲ ਹੀ ਪੂਰੀ ਹੁੰਦੀ ਹੈ। ਭਾਈ ਨੰਦ ਲਾਲ ਜੀ ਤਨਖਾਹਨਾਮੇ ਵਿੱਚ ਲਿਖਦੇ ਹਨ:
"ਕੰਘਾ ਦੋਨੋ ਵਕਤ ਕਰ, ਪਾਗ ਚੁਨਈ ਕਰ ਬਾਂਧਈ।"
ਭਾਵ ਕਿ ਦਸਤਾਰ ਨੂੰ ਇਕੱਲਾ-ਇਕੱਲਾ ਪੇਚ ਕਰਕੇ ਲੜ੍ਹਾਂ ਨੂੰ ਚੁਣ-ਚੁਣ ਕੇ ਬੰਨੇ ਨਾ ਹੀ ਟੋਪੀ ਦੀ ਤਰ੍ਹਾਂ ਉਤਾਰੇ ਅਤੇ ਨਾ ਹੀ ਟੋਪੀ ਦੀ ਤਰ੍ਹਾਂ ਰੱਖੇ। ਦਸਤਾਰ ਦਾ ਸਿੱਖੀ ਨਾਲ ਬਹੁਤ ਗੂੜ੍ਹਾ ਸਬੰਧ ਹੈ। ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਦੀ ਸਥਾਪਨਾ ਕਰਨ ਵੇਲੇ ਹਰ ਸਿੱਖ ਨੂੰ ਦਸਤਾਰ ਸਜਾਉਣ ਲਈ ਕਿਹਾ ਤਾਂ ਕਿ ਗੁਰੂ ਜੀ ਦਾ ਸਿੱਖ ਹਜ਼ਾਰਾਂ-ਲੱਖਾਂ ਦੀ ਭੀੜ ਵਿਚੋਂ ਦੂਰੋਂ ਹੀ ਪਹਿਚਾਣਿਆ ਜਾ ਸਕੇ। ਦਸਤਾਰ ਸਜਾਉਣੀ ਸਿੱਖੀ ਵਿੱਚ ਪ੍ਰਪੱਕ ਹੁਣ ਦੀ ਨਿਸ਼ਾਨੀ ਹੀ ਨਹੀਂ ਬਲਕਿ ਇਹ ਦਸਤਾਰ ਸਜਾਉਣ ਵਾਲੇ ਦੇ ਮਨ ਅੰਦਰ ਆਤਮ ਵਿਸ਼ਵਾਸ਼ ਵੀ ਪੈਦਾ ਕਰਦੀ ਹੈ ਅਤੇ ਸਿੱਖ ਦੇ ਪੰਜ ਕਕਾਰਾਂ ਵਿੱਚ ਸ਼ਾਮਲ ਕਕਾਰ 'ਕੇਸਾਂ' ਨੂੰ ਸੰਭਾਲਣ ਵਿੱਚ ਵੀ ਮੱਦਦ ਕਰਦੀ ਹੈ।
ਦਸਤਾਰ ਸਿੱਖੀ ਦੀ ਸ਼ਾਨ ਹੈ ਅਤੇ ਸਿੱਖ ਸਤਿਗੁਰਾਂ ਵਲੋਂ ਬਖਸ਼ਿਆ ਉਹ ਮਹਾਨ ਚਿੰਨ੍ਹ ਹੈ ਜਿਸ ਨਾਲ ਸਿੱਖ ਦੇ ਨਿਆਰੇਪਣ ਦੀ ਹੋਂਦ ਦਾ ਪ੍ਰਗਟਾਵਾ ਹੁੰਦਾ ਹੈ। ਇਹ ਇੱਕ ਅਜਿਹਾ ਚਿੰਨ੍ਹ ਹੈ ਜਿਸ ਨੂੰ ਧਾਰਨ ਕਰਕੇ ਹਰ ਸਿੱਖ ਦਾ ਸਿਰ ਫਖ਼ਰ ਨਾਲ ਉਚਾ ਹੋ ਜਾਂਦਾ ਹੈ ਕਿਉਂਕਿ ਸਿੱਖ ਵਾਸਤੇ ਇਹ ਸਿਰਫ਼ ਇੱਕ ਧਾਰਮਿਕ ਚਿੰਨ੍ਹ ਹੀ ਨਹੀਂ ਬਲਕਿ ਸਿੱਖ ਦੇ ਸਿਰ ਦਾ ਤਾਜ਼ ਹੈ। ਇਸ ਦਸਤਾਰ ਰੂਪੀ ਤਾਜ਼ ਨੂੰ ਕਾਇਮ ਰੱਖਣ ਲਈ ਅਨੇਕਾਂ ਕੁਰਬਾਨੀਆਂ ਹੋਈਆਂ ਹਨ। ਸਤਿਗੁਰੂ ਜੀ ਨੇ ਇਸ (ਦਸਤਾਰ) ਦੀ ਪੂਰੀ ਕੀਮਤ ਆਪਣੇ ਚਾਰ ਪੁੱਤਰ, ਮਾਤਾ-ਪਿਤਾ, ਅਤੇ ਬੇਅੰਤ ਸਿੱਖਾਂ ਅਤੇ ਆਪਾ ਵਾਰ ਕੇ ਤਾਰ ਦਿੱਤੀ ਹੈ। ਜਿਸ ਸਦਕਾ ਅੱਜ ਸਾਰੇ ਸੰਸਾਰ ਵਿੱਚ ਇੱਕ ਸਾਬਤ-ਸੂਰਤ ਦਸਤਾਰਧਾਰੀ ਨੂੰ "ਸਰਦਾਰ ਜੀ" ਕਹਿ ਕੇ ਬੁਲਾਇਆ ਜਾਂਦਾ ਹੈ । ਕਵੀ ਹਰੀ ਸਿੰਘ ਜਾਚਕ ਬੜਾ ਸੁੰਦਰ ਲਿਖਦੇ ਹਨ :-
"ਕਲਗੀਧਰ ਦੇ ਹੁੰਦੇ ਨੇ ਦਰਸ਼ਨ, ਸੋਹਣੇ ਸਜੇ ਹੋਏ ਸਿੰਘ ਸਰਦਾਰ ਵਿੱਚੋਂ,
ਲੱਖਾਂ ਵਿੱਚੋਂ ਇਕੱਲਾ ਪਹਿਚਾਨਿਆ ਜਾਂਦਾ, ਸਰਦਾਰੀ ਬੋਲਦੀ ਦਿਸੇ ਦਸਤਾਰ ਵਿੱਚੋਂ।"
ਇਹ ਦਸਤਾਰ ਸਿੱਖੀ ਦੀ ਇਜ਼ਤ ਤੇ ਅਣਖ ਦੀ ਪ੍ਰਤੀਕ ਹੈ। ਸਾਡੇ ਸਮਾਜ ਵਿੱਚ ਦਸਤਾਰ ਜਾਂ ਪੱਗ ਨੂੰ ਹੱਥ ਪਾਉਣ, ਪੱਗ ਲਾਹੁਣ, ਪੱਗ ਰੋਲਣ, ਪੱਗ ਪੈਰੀਂ ਰੱਖਣ ਤੋਂ ਵੱਡੀ ਹੋਰ ਬੇਇਜ਼ਤੀ ਨਹੀਂ। ਇਹ ਗੱਲ ਆਮ ਸੁਨਣ ਵਿੱਚ ਆਉਂਦੀ ਹੈ ਕਿ ਦੇਖੀਂ! ਪੱਗ ਨੂੰ ਦਾਗ ਨਾ ਲੱਗਣ ਦੇਈਂ।
ਜ਼ਿਕਰਯੋਗ ਹੈ ਕਿ ਸਿੱਖ ਆਪਣੇ ਸਿਰ ਦੇ ਤਾਜ਼ ਭਾਵ ਦਸਤਾਰ/ਪੱਗ ਦਾ ਸਤਿਕਾਰ ਅਤੇ ਇੱਜ਼ਤ ਤਾਂ ਕਰਦੇ ਹੀ ਹਨ, ਸਗੋਂ ਇਹ ਗੁਰੂ ਦਸਮੇਸ਼ ਪਿਤਾ ਦੇ ਸਿੱਖ ਆਪਣੇ ਦੁਸ਼ਮਣਾਂ ਦੀਆਂ ਦਸਤਾਰਾਂ ਦੀ ਵੀ ਪੂਰੀ ਕਦਰ ਕਰਦੇ ਹਨ। ਮੁਹਸਨ ਫਾਨੀ ਨੇ ਲਿਖਿਆ ਹੈ ਕਿ ਸਿੱਖ ਦੁਸ਼ਮਣ ਦੀ ਦਸਤਾਰ ਦੀ ਵੀ ਇੱਜ਼ਤ ਕਰਦੇ ਸਨ, ਜਦੋਂ ਮੈਦਾਨ-ਏ-ਜੰਗ ਵਿੱਚ ਕਿਸੇ ਦੁਸ਼ਮਣ ਦੇ ਸਿਰ ਤੋਂ ਉਸਦੀ ਪੱਗ ਲੱਥ ਜਾਂਦੀ ਤਾਂ ਇਹ ਤਲਵਾਰ ਦਾ ਵਾਰ ਰੋਕ ਕੇ ਉਸਨੂੰ ਮੁਖਾਤਿਬ ਹੁੰਦਿਆ ਕਹਿੰਦੇ ਸਨ, ਭਲੇਮਾਣਸਾ! ਆਪਣੀ ਪੱਗ ਸੰਭਾਲ। ਮੈਂ ਤੇਰੀ ਇੱਜ਼ਤ ਉਤਾਰਨ ਲਈ ਹੀ ਜੰਗ ਵਿੱਚ ਨਹੀਂ ਆਇਆਂ ਹਾਂ, ਮੇਰੀ ਲੜਾਈ ਸਿਰਫ ਤੇ ਸਿਰਫ ਜ਼ੁਲਮ ਦੇ ਖਿਲਾਫ ਹੈ। ਸਿੱਖਾਂ ਅਤੇ ਪੰਜਾਬ ਦੇ ਇਤਿਹਾਸ ਵਿੱਚ ਦਸਤਾਰ ਲਈ ਮਰ- ਮਿਟਣ ਵਾਲੇ ਸੂਰਮਿਆਂ ਦੀਆਂ ਵਾਰਤਾਵਾਂ ਆਮ ਪ੍ਰਚੱਲਤ ਹਨ। ਸਿੱਖ ਲਈ ਹਰ ਇਸਤ੍ਰੀ ਉਸਦੀ ਭੈਣ, ਧੀ, ਮਾਂ ਦਾ ਦਰਜਾ ਰੱਖਦੀ ਹੈ ਅਤੇ ਉਸਦੀ ਪੱਤ ਬਚਾਉਣਾ, ਲੋੜ ਪੈਣ ਤੇ ਉਸਦੀ ਮੱਦਦ ਕਰਨ ਸਿੱਖ ਦਾ ਪਹਿਲਾਂ ਫਰਜ ਹੈ। ਇਤਿਹਾਸ ਵਿੱਚ ਦਰਜ ਹੈ ਕਿ ਜਦ ਦੇਸ਼ ਦੀਆਂ ਬਹੁ ਬੇਟੀਆਂ ਨੂੰ ਜਾਲਮ ਜਰਵਾਣੇ ਚੁੱਕ ਕੇ ਲੈ ਜਾਂਦੇ ਸਨ ਤਾਂ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਦੇ ਬਹਾਦਰ ਜਰਨੈਲ ਬਾਬਾ ਦੀਪ ਸਿੰਘ ਜੀ ਵਰਗੇ ਮੁਦੱਈ ਸਿੰਘ ਬਾਈ ਬਾਈ ਹਜ਼ਾਰ ਇਸਤਰੀਆਂ ਨੂੰ ਉਹਨਾਂ ਕੋਲੋਂ ਛੁਡਵਾ ਕੇ ਹੀ ਦਮ ਲੈਂਦੇ ਸਨ ਅਤੇ ਉਸ ਸਮੇਂ ਇਹ ਕਹਾਵਤਾਂ ਮਸ਼ਹੂਰ ਹੋ ਚੁੱਕੀਆਂ ਸਨ। ਵਿਹੜੇ ਆਏ ਨੀ, ਨਿਹੰਗ ਬੂਹਾ ਖੋਲਦੇ ਨਿਸੰਗ। ਅਤੇ ਸ਼ਈ! ਸ਼ਈ!! ਰੰਨ ਬਸਰੇ ਨੂੰ ਗਈ!! ਵੇ ਮੋੜੀਂ ਬਾਬਾ ਡਾਂਗ ਵਾਲਿਆ, ਵੇ ਮੋੜੀਂ ਬਾਬਾ ਕੱਛ ਵਾਲਿਆ, ਵੇ ਮੋੜੀਂ ਬਾਬਾ ਪੱਗ ਵਾਲਿਆ!!
ਪਰ ਹੁਣ ਭਾਰਤ ਵਿੱਚ ਅਜਿਹੀਆਂ ਗੱਲਾਂ ਦਾ ਸ਼ੁਰੂ ਹੋ ਜਾਣਾ ਘੱਟ-ਗਿਣਤੀ ਕੌਮ ਨੂੰ ਬੇਗਾਨੀਅਤ ਦਾ ਅਹਿਸਾਸ ਕਰਵਾਉਂਦਾ ਹੈ। ਜੋ ਅਖੰਡ ਭਾਰਤ ਦੇ ਦ੍ਰਿਸ਼ਟੀਕੋਣ ਤੋਂ ਵੀ ਅਢੁੱਕਵਾਂ ਹੋਣ ਦਾ ਨਾਲ ਨਾਲ ਅਸਹਿ ਵੀ ਹੈ। ਕਿਉਂਕਿ ਇਹ ਦਸਤਾਰਾਂ ਵਾਲੇ ਸਿੱਖ ਹੀ ਹਨ ਜਿਨ੍ਹਾਂ ਨੇ ਦੇਸ਼ ਦੀ ਅਜ਼ਾਦੀ ਲਈ ਜਿੱਥੇ ਆਪਣੇ ਗੁਰੂਧਾਮਾਂ ਦਾ ਬਟਵਾਰਾ ਹੀ ਬਰਦਾਸ਼ਤ ਨਾ ਕੀਤਾ ਸਗੋਂ ਬੇਅੰਤ ਕੁਰਬਾਨੀਆਂ, ਮੋਰਚਿਆਂ, ਸਾਕਿਆਂ-ਸ਼ਹੀਦੀਆਂ ਵਿੱਚੋਂ ਲੰਘ ਕੇ ਦੇਸ਼ ਦੇਸ਼ ਦੀ ਅਜ਼ਾਦੀ ਲਈ ਆਪਾ ਵਾਰ ਦਿੱਤਾ ਸੀ।