ਹੇ ਲੀਲਾ! (ਕਵਿਤਾ)

ਸੀ. ਮਾਰਕੰਡਾ   

Email: markandatapa@gmail.com
Cell: +91 94172 72161
Address:
Tapa Mandi Sangroor India
ਸੀ. ਮਾਰਕੰਡਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਹੇ ਲੀਲਾ!                                  
ਹੇ ਲੀਲਾ!                   
ਮੇਰੀ ਅਰਧੰਗਣੀ   
ਤੇਰੀ ਤੇ ਮੇਰੀ ਜੁਦਾਈ
ਬੇਸ਼ੱਕ ਕਦੀ ਨਹੀਂ ਰਹੀ
ਪਰ ਮੇਰੀ ਤੇ ਤੇਰੀ ਜ਼ਿੱਦਾਈ
ਉਮਰ ਭਰ ਰਹੀ

ਜਦੋਂ ਵੀ ਮੈਂ
ਕੰਮ ਤੇ ਜਾਣ ਲਈ
ਤਿਆਰ  ਹੋਣ ਲਗਦਾ 
ਤਾਂ ਤੂੰ ਮੈਨੂੰ
ਝੱਟ ਟੋਕਦੀ ਰੋਕਦੀ
ਤੇ ਆਖਦੀ
ਇਸ ਪੈਂਟ ਦਾ ਰੰਗ
ਇਸ ਕਮੀਜ਼ ਨਾਲ
ਰਤਾ ਨਹੀਂ ਭਾਉਂਦਾ
ਅਲਮਾਰੀ  ਚ ਧਰਿਆ ਸਾਫ਼ਾ
ਜਚਦੇ ਰੰਗ ਦਾ
ਪਤਾ ਨਹੀਂ ਥੋਨੂੰ
ਕਿਓਂ ਨਹੀਂ ਥਿਆਉਂਦਾ

ਤੂੰ ਲੀੜਿਆਂ ਦੀ
ਫ਼ੱਬਤ ਤੋਂ ਜਾਣੀ ਜਾਣ
ਤੇ ਮੈਂ ਰੰਗਾਂ ਦੀ ਮੈਚਿੰਗ ਤੋਂ
ਪੂਰੀ ਤਰਾਂ ਅਣਜਾਣ

ਤੂੰ ਆਪ ਹੀ 
ਮੇਰੇ ਪਹਿਨਣ ਦੇ
ਕੱਪੜਿਆਂ ਦੀ ਚੋਣ ਕਰਦੀ
ਤੇ ਪ੍ਰੈਸ ਹੋਏ ਕੱਪੜਿਆਂ 'ਚੋਂ
ਕਿਹੜੇ ਫ਼ਬਦੇ ਨੇ
ਉਨ੍ਹਾਂ ਨੂੰ ਚਿਣ ਚਿਣ ਧਰਦੀ
ਤੇ ਮੇਰੇ ਕਪੜੇ ਪਹਿਨਣ ਦੇ
ਸ਼ਊਰ ਤੇ ਤਰਸ ਕਰਦੀ
ਮੇਰੇ ਭ੍ਹਾਦਾ
ਇਜ ਮੇਰੀ ਸ਼ੌਕੀਨੀ 'ਚ
ਤੂੰ ਹੋਰ ਵਾਧਾ ਕਰਦੀ

ਹੇ ਲੀਲਾ
ਤੂੰ ਜਦ ਕਦੀ
ਮੇਰੀ ਕਮੀਜ਼ ਦੇ
ਟੁੱਟੇ ਬਟਨਾਂ
ਤੇ ਉਧੜੀਆਂ 
ਸਿਉਣਾ ਸਿਉਂਦੀ
ਤਾਂ ਮੇਰੇ ਤਿੜਕੇ ਮਨ ਨੂੰ
ਬੜਾ ਭਾਉਂਦੀ
ਪੱਗ ਦੇ ਪੇਚ 
ਜੇ ਸਹੀ ਨਾ ਹੁੰਦੇ
ਤਾਂ ਤੂੰ ਆਪਣੇ ਹੱਥੀਂ
ਥਾਂ ਸਿਰ ਟਿਕਾਉਂਦੀ
ਅਜਿਹਾ ਕਰਦਿਆਂ
ਤੇਰੀ ਮੁਹੱਬਤੀ ਅਦਾ ਵੀ 
ਅੰਦਰੋ ਅੰਦਰੀ ਗੁਣ ਗੁਣਾਉਂਦੀ

ਮੇਰੀ ਕਮੀਜ਼ ਦੀ
ਗਰਦਨੀ ਮੈਲੀ ਹੋਣ ਦੀ
ਪਤਾ ਨੀ
ਤੈਨੂੰ ਕਿਵੇਂ ਸੂਹ ਲਗਦੀ
ਕਮੀਜ਼ ਦੇ ਕਫ਼ 
ਤੇ ਪੈਂਟ ਦੀ ਕਰੀਜ਼
Îਇਕ ਵਾਰੀ ਪਹਿਨਣ ਤੇ ਵੀ
ਤੈਨੂੰ ਬੇਢਬੀ ਲਗਦੀ

ਮੇਰੇ ਵਾਰ ਵਾਰ
ਮਨ੍ਹਾਂ ਕਰਨ ਤੇ ਵੀ
ਤੂੰ ਚੰਗੇ ਭਲੇ ਲੀੜੇ ਉਤਾਰ 
ਕੰਮ ਵਾਲੀ ਅੱਗੇ
ਵਗਾਹ ਮਾਰਦੀ 
ਇਝ ਧੁਲਾਈ
ਸਾਬਣ ਘਸਾਈ
ਤੇ ਪ੍ਰੈਸ ਵਾਲੇ ਦੀ
ਖ਼ਾਹਮਖਾਹ ਦੀ ਭਕਾਈ ਦਾ
ਹੋਰ ਬਹੁਤ ਸਾਰਾ ਭਾਰ
ਮੇਰੇ ਸਿਰ ਚਾੜ੍ਹਦੀ

ਹੇ ਲੀਲਾ
ਉਂਝ ਤੂੰ ਬਹੁਤ
ਸਿਆਣੀ ਸੁਆਣੀ ਏ
ਮੈਂ ਲੱਖ ਵਾਰੀ ਤੇਰੇ ਨਾਲ ਲੜਾਂ
ਤੂੰ ਫ਼ਿਰ ਵੀ ਮਨਭਾਣੀ ਏ
ਪਰ ਫਿਰ ਵੀ ਆਖੂੰ
ਤੇਰੇ ਵਰਗੀ
ਕਿਸੇ ਕਰਮਾਂ ਵਾਲੇ ਨੂੰ
ਮਸਾਂ ਥਿਆਣੀ ਏ 

ਹੇ ਲੀਲਾ
ਤੂੰ ਕਿਨੀਂ ਚੰਗੀ ਏ
ਮੇਰੀਆਂ ਵਿਗੜੀਆਂ ਆਦਤਾਂ ਨੂੰ
ਹਰ ਵਾਰ ਅਣਡਿੱਠ ਕਰ ਛਡਦੀ
ਮੇਰੇ ਲਿਖਣ ਕਮਰੇ ਨੂੰ
ਤੂੰ ਹੀ ਸਜਾਉਂਦੀ
ਖਿਲਰੀਆਂ ਕਿਤਾਬਾਂ
ਤੇ ਖਿੰਡੇ ਪੁੰਡੇ ਵਰਕਿਆਂ ਨੂੰ
ਥਾਂ ਸਿਰ ਟਿਕਾਉਂਦੀ
ਤੇ ਨਾਲ ਦੀ ਨਾਲ
ਮੈਨੂੰ ਬੇਸ਼ਊਰਾ ਕਹਿ ਕਹਿ ਚਿੜ੍ਹਾਉਂਦੀ
ਤੂੰ ਮੁਸਕਰਾਉਂਦੀ ਮੁਸਕਰਾਉਂਦੀ
ਦਰਅਸਲ ਮੁਹੱਬਤੀ ਬਾਤ ਪਾਉਂਦੀ

ਹੇ ਲੀਲਾ 
ਜਦ ਕਦੀ ਮੇਰੀ ਧਰੀ ਚੀਜ਼
ਮੈਨੂੰ ਹੀ ਨਾ ਥਿਆਉਂਦੀ
ਫਿਰ ਭਲਾ ਮੈਨੂੰ ਤੇਰੇ ਤੇ ਹੀ 
ਖਿਝ ਕਿਉਂ ਆਉਂਦੀ
ਮੈਂ ਕਚੀਚਦਾ ਬੁੜਬੁੜਾਦਾਂ
ਤੇਰੇ ਤੇ ਹੀ ਕੁਚੱਜੀ ਹੋਣ ਦਾ
ਇਲਜ਼ਾਮ ਧਰਦਾ 
ਇਝ ਮੈਂ ਖ਼ੁਦ ਤੇਰਾ
ਪਤੀ ਹੋਣ ਦਾ
ਅਭਿਮਾਨ ਕਰਦਾ
ਤੂੰ ਫਿਰ ਵੀ ਤੂਤ ਦੀ ਛਟੀ
ਵਾਂਗਰਾਂ ਲਿਫ਼ ਲਿਫ਼ ਜਾਂਦੀ
ਪਤੀ ਪਰਮੇਸ਼ਰ ਦੇ ਖ਼ਰਵੇ ਬੋਲਾਂ ਨੂੰ 
ਨਿਆਮਤ ਸਮਝ ਝੋਲੀ ਪਾਂਦੀ
ਤੇਰੀ ਤੱਤੜੀ ਦੀ ਅਰਜ਼ੋਈ
ਇਸ ਜ਼ਾਲਮ ਦੇ
ਇਕ ਕੰਨ ਹੋਕੇ 
ਦੂਜੇ ਥੀਂ ਨਿਕਲ ਜਾਂਦੀ
  ਤੇ ਤੇਰੀ ਪਸਰੀ ਆਕ੍ਰਿਤੀ                                                                                                                                                                                                                                    
ਸੁੰਗੜ ਸੁੰਗੜ ਜਾਂਦੀ
ਹੇ ਲੀਲਾ
ਤੂੰ ਕਿੰਨੀ ਦਿਆਲੂ ਏ
ਮੇਰੀ ਹਰ ਤੱਤੀ ਠੰਡੀ
ਚੁਪ ਚਾਪ ਸੁਣਦੀ
ਤੇ ਮੇਰੇ ਵਿਰੁੱਧ ਕੋਈ ਵੀ
ਬੁਣਤ ਨਾ ਬੁਣਦੀ
ਸਿਲ ਪੱਥਰ ਬਣੀ ਤੂੰ
ਮੂੰਹੋਂ ਕੁੱਝ ਨਾ ਕਹਿੰਦੀ
ਮੇਰੇ ਹਰ ਸਿਤਮ ਨੂੰ
ਦੁਖੀ ਕਾਲਜੇ ਤੇ
ਹਰ ਵਕਤ ਉਘੇੜਦੀ ਰਹਿੰਦੀ
ਹੇ ਲੀਲਾ
ਇਸ ਕਲਯੁਗ ਦੇ ਭਿਅੰਕਰ ਦੌਰ ਵਿੱਚ
ਤੂੰ ਸੀਤਾ ਬਣਨ ਦੀ ਮਸ਼ਕ ਕਰਦੀ
ਤੂੰ ਗੰਗਾ 'ਚ ਸਮਾ ਜਾਣ 
ਜਾਂ ਖ਼ੁਦ ਨੂੰ ਪਾਰ ਲੰਘਾਣ ਦਾ
ਯਤਨ ਕਰਦੀ
ਪਰ ਫਿਰ ਵੀ ਤੂੰ ਦੁਖਿਆਰੀ 
ਹੁੰਦੀ ਹੋਈ ਪਿਆਰੀ ਲਗਦੀ
ਤੇਰੀ ਮਾਸੂਮੀਅਤ ਭਾਰਤੀ ਤ੍ਰੀਮਤ ਦੀ
ਸੂਰਤ ਤੇ ਸੀਰਤ ਦੀ ਉਸਾਰੀ ਲਗਦੀ

ਹੇ ਲੀਲਾ
ਧੰਨ ਏ ਤੂੰ ਤੇ ਧੰਨ ਏ
ਜਿਗਰਾ ਤੇਰਾ
ਜਿਉਂਦੇ ਜੀਅ ਫ਼ਿਕਰਾਂ ਰੋਸਿਆਂ
ਤੇ ਵਿਗਾੜਾਂ ਨਾਲ
ਘਿਰੀ ਜ਼ਿੰਦਗੀ 'ਚ
ਕਰਿਆ ਕਰਦੀ ਫ਼ਿਕਰ ਮੇਰਾ
ਮੈਂ ਕਈ ਵਾਰ ਜਿਉਂਦੇ ਜੀਅ ਮਰਿਆ
ਪਰ ਅਸ਼ਕੇ ਤੇਰੇ ਤੈਂ ਮੇਰੇ ਪਿੱੱਛੇ
ਸਤੀ ਹੋਣ ਤੋਂ ਵੀ ਗੁਰੇਜ ਨੀ ਕਰਿਆ
ਅੱਜ ਕੱਕੇ ਵਾਲਾਂ ਦੀ ਉਮਰੇ
ਜਦ ਮੈਂ ਆਪਣੇ ਪੂਰਵ ਵਰਤੀ 
ਜੀਵਨ ਵਲ ਝਾਤੀ ਮਾਰੀ
ਤਾਂ ਤੇਰੇ ਬਰਸਾਤੀ ਪਾਣੀਆਂ 'ਤੇ
ਆਪਣੇ ਬੀਤੇ ਜੀਵਨ ਦੀ
ਕਾਗਜ਼ੀ ਕਿਸ਼ਤੀ ਤਾਰੀ
ਤਾਂ ਡਾਢਾ ਪਛੋਤਾਇਆ
ਕਿ ਮਾਖ਼ਿਉਂ ਵਰਗੇ ਰਿਸ਼ਤੇ 'ਤੇ
ਐਂਵੈਂ ਕਿਉਂ ਲੂਣ ਛਿੜਕਾਇਆ
ਦੇਵੀ ਵਰਗੀ ਅਰਧੰਗਣੀ 'ਤੇ
ਐਵੇਂ ਹੱਥ ਚੁੱਕਿਆ
ਆਪਣੀ ਕਰਨੀ ਉਪਰ ਖ਼ੁਦ ਹੀ ਥੁੱਕਿਆ
ਤੂੰ ਸੱਚ ਜਾਣੀ 
ਅੱਜ ਇਸ ਅਮਾਨਵ ਨੂੰ
ਤੇਰੇ ਅਰਧੰਗਣੀ ਹੋਣ ਦਾ
ਭੇਤ ਹੈ ਆਇਆ
ਜਿਸਨੂੰ ਪੈਰ ਦੀ ਜੁੱਤੀ ਕਹਿ
ਹਰ ਯੁਗ ਨੇ ਹੈ ਠੁਕਰਾਇਆ
ਹੇ ਲੀਲਾ
ਮੇਂ ਐਵੇਂ ਮਿੱਚੀ ਨੀ ਕਹਿੰਦਾ
ਸੱਚ ਜਾਣੀਤੇਰੀ ਮੁਹਬੱਤੀ
ਮੋਹ ਭਰੀ ਅਪਣੱਤ ਸਾਹਵੇਂ
ਇਹ ਨਾਸ਼ੁਕਰਾ ਨਤਮਸਤਕ ਹੋ ਬਹਿੰਦਾ
ਲੀਲਾ ਜੇ ਤੂੰ ਮੇਰੇ ਲੜ ਨਾ ਲਗਦੀ
ਤਾਂ ਸੱਚ ਜਾਣੀਂ
ਮੇਰੀ ਕਵਿਤਾ ਤੇ ਸ਼ੁਹਰਤ
ਰਤਾ ਵੀ ਨਾ ਫ਼ਬਦੀ
ਇਕ ਦਿਨ ਮੈਂ ਤੇਰੀ
ਖ਼ਾਮੋਸ਼ ਵੇਦਨਾ ਮੂੰਹੋਂ
ਖ਼ੁਦ ਹੀ ਸੀ ਸੁਣਿਆ:
ਕਿ ਜ਼ਾਲਮਾ 
ਮੈਂ ਦਾਅਵਾ ਕਰਦੀ ਆਂ ਕਿ
ਤੂੰ ਸ਼ਾਇਰ ਤਾਂ ਕੀ
ਕੱਖ ਵੀ ਨਾ ਹੁੰਦਾ
ਜੇ ਇਸ ਤੱਤੜੀ ਨੇ ਤੇਰਾ 
ਪੂਰਿਆ ਤੇਰਾ ਪੱਖ ਨਾ ਹੁੰਦਾ।