ਬਚਪਨ ਦੇ ਬੇਰ (ਪਿਛਲ ਝਾਤ )

ਅਜੀਤ ਸਿੰਘ ਭਾਮਰਾ   

Email: rightangleindia@gmail.com
Cell: +91 98148 55162
Address: 62-C,Model Town
PHAGWARA Papua New Guinea 144 401
ਅਜੀਤ ਸਿੰਘ ਭਾਮਰਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਬੇਰ ਲਓ ਜੀ ਬੇਰ , ਦੋ ਆਨਿਆਂ ਦੇ ਸੇਰ !
ਇਹ ਹੌਕਾ ਬੇਰਾਂ ਦੀ ਰੇਹੜੀ ਵਾਲਾ ਲਉਂਦਾ ਸੀ !
ਫਰਵਰੀ ਦਾ ਠੰਡਾ ਮਿੱਠਾ ਮਹੀਨਾ ਸੀ ! ਸਕੂਲ ਵਿਚ ਮੇਰੀ ਦੱਸਵੀ ਕਲਾਸ ਦਾ ਪਹਿਲਾ ਪੀਰੀਅਡ ਚਲ ਰਿਹਾ ਸੀ ਅਤੇ ਸਕੂਲ ਦੀ ਘੰਟੀ ਟਨ- ਟਨ- ਟਨ ਵੱਜ ਪਈ ਅਤੇ ਸਕੂਲ ਵਿਚ ਸਾਰੀ ਛੁੱਟੀ ਹੋ ਗਈ ਕਿਉਂਕਿ ਸਾਡੇ ਸਕੂਲ ਦੀ ਫ਼ੁਟਬਾਲ ਦੀ ਟੀਮ ਕਪੂਰਥਲੇ ਤੋ ਫ਼ਾਇਨਲ ਮੈਚ ਜਿਤ ਗਈ ਸੀ ਅਤੇ ਜਿਤ ਦੀ ਖ਼ੁਸ਼ੀ ਅੰਦਰ ਛੁੱਟੀ ਕਰ ਦਿਤੀ ਗਈ !
ਮੇਰਾ ਇਕ ਦੋਸਤ ਕੂਕਿਆਂ ਦਾ ਮੁੰਡਾ ਕਹਿਣ ਲੱਗਾ ਆਓ ਬੇਰਾਂ ਵਾਲੇ ਬਾਗ ਬੇਰ ਖਾਣ ਚਲੀਏ ! ਅਸੀਂ ਚਾਰੇ ਦੋਸਤ ਉਸਦੇ ਨਾਲ ਬੇਰਾਂ ਵਾਲੇ ਬਾਗ ਨੂੰ ਚਲ ਪਏ ਜਿਹੜਾ ਸਾਡੇ ਸਕੂਲ ਤੌਂ ਤਕਰੀਬਨ ਅੱਧਾ ਕੂ ਮੀਲ ਹੀ ਦੂਰ ਸੀ !
ਸਾਡੇ ਪਿਛੇ ਪਿਛੇ ਬੀ- ਸ਼ੈਕਸ਼ਨ ਦੇ ਚਾਰ ਮੁੰਡੇ ਵੀ ਆ ਗਏ ! ਅਸੀ ਬਾਗ ਵਿਚ ਪਹੁੰਚ ਗਏ ! ਇਕ ਮੁੰਡੇ ਨੇ ਖ਼ਾਣ ਲਈ ਬੇਰ ਮੁਲ ਲੇ ਲਏ , ਉਧਰੋ ਦੂਸਰੇ ਮੁੰਡੇ ਬਾਗ ਦੇ ਪਿਛਲੇ ਪਾਸਿਓ ਦਾਖ਼ਲ ਹੋ ਕੇ ਬੇਰ ਚੋਰੀ ਤੋੜਨ ਲਗ ਪਏੇ ! ਸਾਡੇ ਵਿਚੋਂ ਇਕ ਮੁੰਡੇ ਨੇ ਬਾਗ ਦੇ ਮਾਲੀਆਂ ਨੂੰ ਦਸ ਦਿਤਾ ਕਿ ਕੁਝ ਮੁੰਡੇ ਬੇਰ ਤੋੜ ਰਿਹੇ ਹਨ , ਮਾਲੀ ਨੇ ਉਹਨਾਂ ਮੁੰਡੀਆਂ ਨੂੰ ਦਬੋਚ ਲਿਆ ਅਤੇ ਫੜ ਕੇ ਬਾਗ ਅੰਦਰ ਲੇ ਆਏ !
ਮਾਲੀ ਨੇ ਬਿਲਕੁਲ ਸਾਡੇ ਸਕੂਲ ਦੇ ਮਾਸਟਰਾਂ ਵਾਂਗ ਉਹਨਾਂ ਨੂੰ ਮੁਰਗਾ ਬਣਾ ਕੇ ਕੰਨ ਫੜਾ ਦਿਤੇ ! ਬੱਚਿਆਂ ਵਿਚਾਰਿਆਂ ਦੀਆਂ ਨਿਕਰਾਂ ਪਹਿਲਾ ਹੀ ਕੁਝ ਢਿਲੀਆਂ ਸਨ ਤੇ ਮਾਲੀ ਦੇ ਡਰ ਅਤੇ ਸਹਿਮ ਕਰਕੇ ਹੋਰ ਢਿਲੀਆਂ ਹੋ ਗਈਆਂ ! ਛੇਤੀ ਹੀ ਮਾਲੀ ਨੂੰ ਆਪਣੇ ਕੰਮ ਦਾ ਖ਼ਿਆਲ ਆਇਆ ਅਤੇ ਮਾਲੀ ਨੇ ਉਹਨਾਂ ਨੂੰ ਬੇਰ ਚੁਗਣ ਤੇ ਲਾ ਦਿਤਾ ਅਤੇ ਕਿਹਾ ਇਹ ਸਾਰੇ ਟੋਕਰੇ ਭਰ ਕੇ ਜਾਵੋ ! ਮਾਲੀ ਇਕ ਵੱਡੀ ਸਾਰੀ ਡਾਂਗ ਨਾਲ ਬੇਰ ਝਾੜੀ ਜਾਵੇ ਤੇ ਬੱਚੇ ਬੇਰ ਚੁੱਕ ਚੁੱਕ ਕੇ ਟੋਕਰਿਆਂ ਵਿਚ ਪਾਉਣ ਲਗ ਪਏ ! ਇਹ ਵੇਖ ਕੇ ਅਸੀਂ ਵੀ ਮਾਲੀ ਨੂੰ ਪੁੱਛ ਕੇ ਬੇਰ ਚੁਗਣ ਲੱਗ ਪਏ ! ਮਾਲੀ ਆਾਪਣੀ ਡਾਂਗ ਨਾਲ ਬੇਰੀਆਂ ਤੌਂ ਬੇਰ ਝਾੜੀ ਗਿਆ ਅਤੇ ਇਸ ਤਰਾਂ ਬੇਰ ਡਿਗ ਰਿਹੇ ਸਨ ਜਿਵੇ ਬਰਸਾਤ ਵਿਚ ਬਰਫ਼ ਦੇ ਗੜੇ ਡਿਗਦੇ ਹਨ !ਅਸੀਂ ਵੀ ਬੇਰ ਚੁੱਕ ਚੁੱਕ ਕੇ ਟੋਕਰਿਆਂ ਵਿਚ ਪਾਉਣੇ ਸ਼ੁਰੂ ਕਰ ਦਿਤੇ !
ਬੇਰ ਲੱਡੂਆਂ ਨਾਲੋ ਵੀ ਵੱਡੇ ਸਾਇਜ਼ ਦੇ ਸਨ ! ਕੁੱਝ ਬੇਰ ਗੂੜੇ ਹਰੇ ਹਰੇ ਸਨ . ਕੁੱਝ ਪੀਲੇ ਪੀਲੇ ਤੇ ਕੁੱਝ ਜਿਆਦਾ ਪੱਕੇ ਹੋਏ ਭੂਰੇ ਰੰਗ ਦੇ ਸਨ !
ਅਸੀਂ ਬੇਰ ਚੁੱਕਦੇ ਚੁੱਕਦੇ ਨਾਲ ਨਾਲ ਚੋਰੀ ਛਿਪੀ ਬੇਰ ਖਾਈ ਵੀ ਜਾਂਦੇ ਸਾ ਤਕਰੀਬਨ ਇਕ ਘੰਟੇ ਅੰਦਰ ਅਸੀਂ ਚਾਰ ਵੱਡੇ ਟੋਕਰੇ ਬੇਰਾਂ ਨਾਲ ਭਰ ਦਿਤੇ ! ਮਾਲੀ ਨੇ ਇਨਾਮ ਵਜੋਂ ਇਕ ਇਕ ਬੁੱਕ ਬੇਰਾਂ ਦੀ ਸਾਡੀ ਝੋਲੀ ਪਾ ਦਿਤੀ ਅਤੇ ਅਸੀਂ ਹੱਸਦੇ-ਟੱਪਦੇ ਵਾਪਿਸ ਘਰਾਂ ਨੂੰ ਆ ਗਏ ! ਸੱਚ-ਮੁਚ ਅਸੀਂ ਬੇਰ ਖਾ ਕੇ ਇਤਨਾ ਰੱਜ ਗਏ ਸਾਂ ਕਿ ਇਕ ਹੋਰ ਬੇਰ ਖਾਣ ਨੂੰ ਦਿਲ ਨਾ ਕਰੇ ! ਇਹ ਸਾਡਾ ਬੇਰ ਖਾਣ ਦਾ ਇਕ ਰੀਕਾਰਡ ਬਣ ਗਿਆ !