ਕੱਲ੍ਹ ਹੀ ਦੇਸ਼ ਲਈ ਸ਼ਹੀਦ ਹੋਏ ਫੌਜੀ ਦੀ ਪਤਨੀ ਨੂੰ ਧਰਵਾਸਾ ਦੇਣ ਆਏ ਦੇਸ਼ ਦੇ ਪ੍ਰਧਾਨ ਮੰਤਰੀ ਨੇ ਅੱਜ ਕਿਹਾ ਕਿ ਇਹ ਸ਼ਹਾਦਤ ਅਜਾਈਂ ਨਹੀਂ ਜਾਣ ਦਿੱਤੀ ਜਾਵੇਗੀ। ਗੁਆਂਢੀ ਮੁਲਕ ਤੋਂ ਇਸ ਦਾ ਬਦਲਾ ਹਰ ਹਾਲਤ ਵਿੱਚ ਲਿਆ ਜਾਵੇਗਾ। ਇਹ ਹੀਰਾ ਜੋ ਅੱਜ ਅਸੀਂ ਗੁਆ ਲਿਆ ਹੈ ਇਹ ਕੱਲ੍ਹ ਤੱਕ ਭਾਵੇਂ ਸਿਰਫ਼ ਤੁਹਾਡਾ ਸੀ ਪਰ ਅੱਜ ਇਹ ਸਾਰੇ ਮੁਲਕ ਦਾ ਹੈ। ਇਸ ਦਾ ਦੁੱਖ ਸਾਰੇ ਦੇਸ਼ ਦਾ ਦੁੱਖ ਹੈ ਤੇ ਮੈਂ ਇਸ ਦੁੱਖ ਦੀ ਘੜੀ ‘ਚ ਸ਼ਰੀਕ ਹੋਣ ਆਇਆ ਹਾਂ। ਇਹਨਾਂ ਚੰਦ ਲਫ਼ਜਾਂ ਨੇ ਫੌਜੀ ਦੀ ਪਤਨੀ ਦੀ ਭਾਵੇਂ ਭੁੱਬ ਤਾਂ ਕੱਢ ਦਿੱਤੀ ਪਰ ਫ਼ਿਰ ਵੀ ਕਿਸੇ ਹੱਦ ਤੱਕ ਇੱਕ ਨਾ ਭਰਨ ਵਾਲੇ ਜ਼ਖਮ ‘ਤੇ ਮੱਲਮ ਦਾ ਕੰਮ ਕਰ ਦਿੱਤਾ।
ਉਸੇ ਸ਼ਾਮ ਰਾਤੀ 8 ਵਜੇ ਟੀ.ਵੀ. ਦੇ ਇੱਕ ਚੈਨਲ ‘ਤੇ ਖਬਰਾਂ ਚੱਲ ਰਹੀਆਂ ਸਨ। ਭਰੇ ਮਨ ਨਾਲ ਵਿਚਾਰੀ ਵਿਧਵਾ ਉਹੀ ਦਿਨ ਵਾਲੇ ਸੀਨ ਟੀ.ਵੀ ਤੇ ਦੇਖ ਵੀ ਰਹੀ ਸੀ ਤੇ ਰੋ ਵੀ ਰਹੀ ਸੀ ਤੇ ਦੇਖਦੇ-ਦੇਖਦੇ ਕੀ ਦੇਖਦੀ ਹੈ ਕਿ ਪ੍ਰਧਾਨ ਮੰਤਰੀ ਜੀ ਗੁਆਂਢੀ ਮੁਲਕ ਦੇ ਪੰਧਾਨ ਮੰਤਰੀ ਨੂੰ ਉਨ੍ਹਾਂ ਦੇ ਦੇਸ਼ ‘ਚ ਜਾ ਕੇ ਗਲਵੱਕੜੀਆਂ ਪਾ ਰਹੇ ਹਨ ਤੇ ਦੇਸ਼ ਦੇ ਨਾਮ ਸੰਦੇਸ਼ ਦੇ ਰਹੇ ਹਨ ਕਿ ਸਾਨੂੰ ਸਭ ਤੋਂ ਪਹਿਲਾਂ ਸਾਡਾ ਗੁਆਂਢੀ ਹੈ। ਅਸੀਂ ਕਿਸੇ ਵੀ ਕੀਮਤ ‘ਤੇ ਗੁਆਂਢੀ ਨਾਲ ਵੈਰ ਭਾਵਨਾ ਨਹੀਂ ਰੱਖ ਸਕਦੇ। ਕਿਸੇ ਵੀ ਕੌਮ ਦੀ ਤਰੱਕੀ ਲਈ ਸਭ ਤੋਂ ਪਹਿਲਾ ਪਾਠ ਇਹੀ ਕਹਿੰਦੈ ਕਿ ਗੁਆਂਢੀ ਨਾਲ ਮਿੱਤਰਤਾ ਹੋਵੇ ਵੈਰ ਨਹੀਂ।
ਏਧਰ ਵਿਚਾਰੀ ਵਿਧਵਾ ਨੂੰ ਸਮਝ ਨਹੀਂ ਸੀ ਆ ਰਹੀ ਕਿ ਚੰਗੇ ਗੁਆਂਢੀ ਕਿਸ ਨੂੰ ਕਹਿੰਦੇ ਹਨ। ਦਿਨ ਵੇਲੇ ਪ੍ਰਧਾਨ ਮੰਤਰੀ ਦਾ ਦਿੱਤਾ ਧਰਵਾਸਾ ਲੀਰੋ ਲੀਰ ਹੋ ਕੇ ਅੱਖਾਂ ਰਾਹੀਂ ਹੰਝੂਆਂ ਦੇ ਰੂਪ ‘ਚ ਵਹਿ ਰਿਹਾ ਸੀ ਤੇ ਸਿਆਸਤ ਦੀ ਸੌੜੀ ਸੋਚ ਸ਼ਹੀਦ ਦੀ ਸ਼ਹਾਦਤ ਨੂੰ ਰੌਂਦ ਕੇ ਕਿਤੇ ਬਹੁਤ ਦੂਰ ਲੰਘ ਗਈ ਸੀ।