ਕਰਦੇ ਬੜੇ ਕਮਾਲ ਅਸੀਂ ਸਾਂ।
ਜਦ ਨਿੱਕੇ ਜਿਹੇ ਬਾਲ ਅਸੀਂ ਸਾਂ……।
ਜਦੋਂ ਸਕੂਲੇ ਜਾਣਾ ਪੈਂਦਾ।
ਚਿੱਤ ਨੂੰ ਉਦੋਂ ਡੋਬੂ ਪੈਂਦਾ।
ਮਾਰ ਨਾ ਉੱਠਦੇ ਛਾਲ ਅਸੀਂ ਸਾਂ,
ਜਦ ਨਿੱਕੇ ਜਿਹੇ ਬਾਲ ਅਸੀਂ ਸਾਂ……।
ਤਰ੍ਹਾਂ-ਤਰ੍ਹਾਂ ਦੇ ਬਹਾਨੇ ਲਾਉਂਦੇ।
ਸਕੂਲੋਂ ਛੁੱਟੀ ਮਾਰਨੀ ਚਾਹੁੰਦੇ।
ਝੂਠ ਦੀ ਕਰਦੇ ਭਾਲ ਅਸੀਂ ਸਾਂ,
ਜਦ ਨਿੱਕੇ ਜਿਹੇ ਬਾਲ ਅਸੀਂ ਸਾਂ……।
ਉੱਠਣ ਲੱਗੇ ਊਂ-ਊਂ ਕਰਦੇ।
ਬਾਪੂ ਜੀ ਇੱਕ ਕੰਨ 'ਤੇ ਧਰਦੇ।
ਫਿਰ ਫੜ੍ਹ ਲੈਂਦੇ ਚਾਲ ਅਸੀਂ ਸਾਂ,
ਜਦ ਨਿੱਕੇ ਜਿਹੇ ਬਾਲ ਅਸੀਂ ਸਾਂ……।
ਕਿਸੇ-ਕਿਸੇ ਦਿਨ ਸਿਰ ਫੜ੍ਹ ਬਹਿੰਦੇ।
ਖੇਖਣ ਕਰਦੇ ਡਿਗਦੇ-ਢਹਿੰਦੇ।
ਐਵੇਂ ਹੁੰਦੇ ਨਿਢਾਲ ਅਸੀਂ ਸਾਂ,
ਜਦ ਨਿੱਕੇ ਜਿਹੇ ਬਾਲ ਅਸੀਂ ਸਾਂ……।
ਬਿਨਾਂ ਨਹਾਏ ਤੁਰ ਪੈਂਦੇ ਸਾਂ।
ਖੇਤਾਂ ਵੱਲ ਨੂੰ ਮੁੜ ਪੈਂਦੇ ਸਾਂ।
ਉਹ ਦਿਨ ਦਿੰਦੇ ਗ਼ਾਲ ਅਸੀਂ ਸਾਂ,
ਜਦ ਨਿੱਕੇ ਜਿਹੇ ਬਾਲ ਅਸੀਂ ਸਾਂ……।
ਦੂਜੀ-ਤੀਜੀ ਇਉਂ ਹੀ ਬੀਤੀ।
ਚੌਥੀ ਵਿੱਚ ਪੜ੍ਹਾਈ ਕੀਤੀ।
ਲੱਗ ਪਏ ਪੜ੍ਹਨ ਸਵਾਲ ਅਸੀਂ ਸਾਂ,
ਜਦ ਨਿੱਕੇ ਜਿਹੇ ਬਾਲ ਅਸੀਂ ……।
ਪੰਜਵੀਂ ਵਿੱਚ ਕੁਝ ਅਕਲ ਸਿੱਖ ਲਈ।
ਸੰਵਰਨ ਦੀ ਕੁਝ ਨਕਲ ਸਿੱਖ ਲਈ।
ਪੜ੍ਹ-ਪੜ੍ਹ ਹੋਏ ਨਿਹਾਲ ਅਸੀਂ ਸਾਂ,
ਜਦ ਨਿੱਕੇ ਜਿਹੇ ਬਾਲ ਅਸੀਂ ਸਾਂ……।
ਇਸ ਤੋਂ ਪਿੱਛੋਂ ਦਸਵੀਂ ਤਾਈਂ।
ਕਰੀ ਪੜ੍ਹਾਈ ਚਾਈਂ-ਚਾਈਂ।
ਕਰਦੇ ਹੱਲ ਸਵਾਲ ਅਸੀਂ ਸਾਂ,
ਜਦ ਨਿੱਕੇ ਜਿਹੇ ਬਾਲ ਅਸੀਂ ਸਾਂ……।
ਫੇਰ ਅਸੀਂ ਜਦ ਕਾਲਜ ਵੜ ਗਏ।
ਬੱਸ ਵਿਦਿਆ ਦੀ ਪੌੜੀ ਚੜ੍ਹ ਗਏ।
ਬਦਲ ਗਏ ਚਾਲ-ਢਾਲ ਅਸੀਂ ਸਾਂ,
ਜਦ ਨਿੱਕੇ ਜਿਹੇ ਬਾਲ ਅਸੀਂ ਸਾਂ……।
ਕਾਲਜ ਜਾ ਕੇ ਕਲਮਾਂ ਫੜ੍ਹੀਆਂ।
ਮਨ ਦੇ ਵਿੱਚ ਕਵਿਤਾਵਾਂ ਵੜੀਆਂ।
ਬੱਸ ਫਿਰ ਮਾਲਾ-ਮਾਲ ਅਸੀ ਸਾਂ,
ਜਦ ਨਿੱਕੇ ਜਿਹੇ ਬਾਲ ਅਸੀਂ ਸਾਂ……।