ਮੇਰੀ ਦਿੱਤੀ ਸਜਾ ਦਾ ਫਲ (ਸਵੈ ਜੀਵਨੀ )

ਮਲਕੀਤ ਕੌਰ ਬਾਵਰਾ   

Email: malkitjagjit@gmail.com
Cell: +91 97794 31472
Address: ਮੋਗਾ ਰੋਡ ਬਾਘਾ ਪੱਤੀ ਬਾਘਾ ਪੁਰਾਣਾ
ਮੋਗਾ India
ਮਲਕੀਤ ਕੌਰ ਬਾਵਰਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਫਰਵਰੀ 2007 ਦੇ ਪਹਿਲੇ ਹਫਤੇ ਸਭ ਸਕੂਲਾਂ ਵਿਚ ਇੱਕ ਚਿੱਠੀ ਬੀਪੀਈਓ ਦਫਤਰ ਤੋਂ ਆ ਗਈ ਕਿ ਇਸ ਹਫਤੇ ਕਿਸੇ ਵੀ ਅਧਿਆਪਕ ਨੇ ਛੁੱਟੀ ਨਹੀਂ ਲੈਣੀ ਕਿਉਂਕਿ ਬਾਰਾਂ ਫਰਵਰੀ ਨੂੰ ਵੋਟਾਂ ਪੈਣੀਆਂ ਹਨ। ਪਰ ਇਹ ਆਈ ਡਾਕ ਦੇਖਕੇ ਮੇਰਾ ਮਨ ਉਦਾਸ ਹੋ ਗਿਆ ਕਿਉਂਕਿ ਗਿਆਰਾਂ ਫਰਵਰੀ ਨੂੰ ਮੇਰੇ ਬੇਟੇ ਦੀ ਅਮਰੀਕਾ ਜਾਣ ਦੀ ਫਲਾਈਟ ਸੀ ਪਰ ਮੈਂ ਮਜਬੂਰ ਹੋਣ ਕਰਕੇ ਛੁੱਟੀ ਨਾ ਲਈ। ਮੈਂ ਸਕੂਲ ਨਾਲ ਐਸਾ ਜੁੜ ਜਾਂਦੀ ਸੀ ਕਿ ਸਕੂਲ ਪਹੁੰਚ ਕੇ ਮੈਂ ਘਰ ਭੁਲ ਜਾਂਦੀ ਸੀ। ਵੋਟਾਂ ਤੋਂ ਤਿੰਨ ਦਿਨ ਪਹਿਲਾਂ ਸਾਡੇ ਸਕੂਲ ਦਸ ਬਾਰਾਂ ਆਦਮੀ ਪੁਲੀਸ ਦੀ ਵਿੱਚ ਆਏ। ਇੱਕ ਕਮਰੇ ਵਿੱਚ ਬੈਠ ਕੇ ਆਪਦੇ ਕਾਗਜ ਪੱਤਰ ਫਰੋਲਣ ਲੱਗ ਪਏ।ਉਨਾਂ ਵਿੱਚ ਇੱਕ ਥਾਨੇਦਾਰ ਸੀ ਮੇਰੇ ਪੈਰੀਂ ਹੱਥ ਲਾਕੇ ਮੈਂਨੂੰ ਇਹ ਕਹਿਕੇ ਕਿ ਮੈਂਡਮ ਜੀ ਮੈਂ ਬੱਚਿਆਂ ਨੂੰ ਦੋ ਕੁ ਗੱਲਾਂ ਸਮਝਾਣੀਆਂ ਹਨ। ਇਨਾਂ ਨੂੰ ਜਾਣ ਨਾ ਦੇਣਾ। ਮੈਂ ਬਹੁਤ ਹੈਰਾਨ ਕਿ ਬਾਕੀ ਤਾਂ ਸਾਰੇ ਕਮਰੇ ਵਿੱਚ ਸਿੱਧੇ ਹੀ ਚਲੇ ਗਏ ਇਸ ਆਦਮੀ ਨੇ ਕੀ ਦੱਸਣਾ ਹੋਇਆ ਮੇਰੇ ਪੈਰੀਂ ਹੱਥ ਵੀ ਲਾ ਗਿਆ। ਮੈਂ ਅਜੇ ਇਹ ਸੋਚ ਹੀ ਰਹੀ ਸੀ ਕਿ ਉਹ ਥਾਣੇਦਾਰ ਮੇਰੀ ਕਲਾਸ ਦੇ ਮੂਹਰੇ ਆਕੇ ਕਹਿਣ ਲੱਗਾ ਕਿ ਮੈਡਮ ਜੀ ਕੀ ਮੈਂ ਬੱਚਿਆਂ ਨਾਲ ਕੁਝ ਗੱਲਾਂ ਕਰ ਸਕਦਾ ਹਾਂ। ਮੈਂਨੂੰ ਇਹ ਵੀ ਪਤਾ ਸੀ ਕਿ ਮੇਰਾ ਪੜਾਉਣ ਵਾਲਾ ਰਹਿ ਜਾਣਾ ਹੈ ਇਸਨੇ ਭਲਾ ਕੀ ਦੱਸਣਾ ਹੋਇਆ ਮੈਂ ਹਾਂ ਜੀ ਕਹਿ ਦਿੱਤਾ। ਉਸ ਆਦਮੀ ਨੇ ਕਿਹਾ ਕਿ ਜੀ ਬੱਚਿਆਂ ਨੂੰ ਤੇ ਆਧਿਆਂਪਕਾਂ ਨੂੰ ਇੱਥੇ ਬੁਲਾ ਲਉ। ਮੈਂ ਉਸਦੇ ਕਹਿਣ ਤੇ ਸਾਰੀਆਂ ਕਲਾਸਾਂ ਨੂੰ ਇੱਕ ਥਾਂ ਇੱਕਠਾ ਕਰ ਲਿਆ।ਸਭ ਬੱਚੇ ਲਾਈਨਾ ਵਿੱਚ ਹੀ ਆ ਕੇ ਲਾਈਨਾ ਵਿੱਚ ਹੀ ਬੈਠ ਗਏ। ਸਭ ਬੱਚੇ ਸਹਿਮੇ ਹੋਏ ਸਨ ਕਿ ਕਿਤੇ ਪੁਲੀਸ ਵਾਲਾ ਭਾਈ ਸਾਨੂੰ ਹੀ ਨਾ ਕੁਟਣ ਲੱਗ ਜਾਵੇ। ਕਿਉਂਕਿ ਬੱਚੇ ਆਮ ਹੀ ਪੁਲੀਸ ਵਾਲਿਆਂ ਤੋਂ ਡਰ ਜਾਂਦੇ ਹਨ। ਸਾਡਾ ਸਟਾਫ ਵੀ ਕੁਰਸੀਆਂ ਤੇ ਬੈਠ ਗਿਆ।
       ਉਸ ਆਦਮੀ ਨੇ ਬੋਲਣਾ ਸ਼ੁਰੂ ਕੀਤਾ।ਕਿ ਹਫਤਾ ਕੁ ਹੋਇਆ ਜਦੋਂ ਸਾਡੇ ਦਫਤਰ ਵਿੱਚ ਡਿਉਟੀਆਂ ਦੀ ਲਿਸਟ ਆ ਗਈ ਕਿ ਏਨਿਆਂ ਦੀ ਡਿਉਟੀ ਵੋਟਾਂ ਵਿੱਚ ਬਾਘੇ ਪੁਰਾਣੇ ਏਨੇ ਦਿਨ ਲੱਗਣੀ ਹੈ ਇੱਕ ਵਾਰ ਮੇਰਾ ਮਨ ਘਬਰਾਇਆ ਕਿ ਦੂਰ ਦੀ ਵਾਟ ਹੈ ਏਨੇ ਦਿਨ ਦੂਰ ਕਿਵੇਂ ਰਹਾਂਗਾ। ਜਦੋਂ ਮੇਰੇ ਮਨ ਵਿੱਚ ਇਕ ਦਮ ਯਾਦ ਆ ਗਿਆ ਕਿ ਇੱਕ ਮੈਡਮ ਸਾਨੂੰ ਬਾਘੇਪੁਰਾਣੇ ਦੇ ਪੜਾਉਂਦੇ ਹੁੰਦੇ ਸੀ। ਮਿਹਨਤ ਵੀ ਬਹੁਤ ਕਰਾਉਂਦੇ ਸੀ  ਹਰ ਰੋਜ ਯਾਦ ਵੀ ਕਰੀਦਾ ਹੈ ਕੀ ਪਤਾ ਉਹ ਹੁਣ ਉਥੇ ਹੋਣ ਕਿ ਨਾ ਮਿਲਣ ਨੂੰ ਵੀ ਬਹੁਤ ਮਨ ਕਰਦਾ ਸੀ।ਮਨ ਨੂੰ ਸੈੱਟ ਕੀਤਾ  ਕਿ ਜੇ ਉਹ ਨਾ ਮਿਲੇ ਤਾਂ ਕੋਈ ਹੋਰ ਹੀ ਜਾਣਦਾ ਪਛਾਣਦਾ ਮਿਲ ਪਵੇਗਾ।ਹਾਂ ਬੇਟੇ ਕਿਤੇ ਮੈਂ ਵੀ ਕਿਸੇ ਮਿਹਨਤੀ ਆਧਿਆਪਕਾ ਕੋਲ ਪੜਦਾ ਸੀ ਪਰ ਉਦੋਂ ਬਚਪਨ ਵਿੱਚ ਇਨਾਂ ਗੱਲਾਂ ਦਾ ਏਨਾ ਪਤਾ ਨਹੀਂ ਸੀ ਕਿ ਸਾਡੇ ਅਧਿਆਪਕ ਸਾਨੂੰ ਸਾਡੇ ਭਲੇ ਲਈ ਹੀ ਸਾਡੀ ਗਲਤੀ ਤੋਂ ਸਾਨੂੰ ਝਿੜਕਦੇ ਹੈ। ਸਾਨੂੰ ਕੁਝ ਬਣਾਉਣ ਲਈ ਹੀ ਕੁਟਦੇ ਹੈ ਮੈਂ ਬੇਸਮਝ ਨਿਆਣਾ ਸੀ।ਮੈਂ ਤੁਹਾਨੂੰ ਆਪਦੀ ਹੀ ਇੱਕ ਘਟਨਾ ਸੁਣਾਉਣ ਲੱਗਾ ਹਾਂ। ਮੈਂਨੂੰ ਇਕ ਸਮੇਂ ਦੀ ਗੱਲ ਯਾਦ ਹੈ ਸ਼ਾਇਦ 1984-85 ਦੀ ਹੈ। ਉਹ ਮੈਡਮ ਸਾਨੂੰ ਪੜਾ ਰਹੇ ਸੀ। ਅਸੀਂ ਦੋ ਕੁ ਜਣੇ ਪਿੱਛੇ ਸ਼ਰਾਰਤਾਂ ਕਰਨ ਲੱਗੇ ਹੋਏ ਸੀ। ਘਰ ਵਿੱਚ ਅਸੀਂ ਲਾਡਲੇ ਜਿਹੇ ਸੀ ਕਦੀ ਮਾਂ ਬਾਪ ਨੇ ਝਿੜਕਿਆ ਵੀ ਨਹੀਂ ਸੀ। ਸਾਨੂੰ ਸ਼ਰਾਰਤਾਂਕਰਦਿਆਂ ਨੂੰ ਮੈਡਮਾਂ ਦੇਖ ਲਿਆ। ਸਾਨੂੰ ਮੈਡਮਾਂ ਨੇ ਕੁਟਿਆ ਤਾਂ ਨਾਂ ਪਰ ਗਰਾਂਊਂਡ ਵਿੱਚ ਸਾਡੇ ਹੱਥ ਉਪਰ ਕਰਵਾ ਕੇ ਗੇੜੇ ਕਢਵਾ ਦਿੱਤੇ ਕਿ ਸਾਰੇ ਸਕੂਲ ਤੋਂ ਇਨਾਂ ਨੂੰ ਸ਼ਰਮ ਆਵੇ। ਮੇਰੀ ਛੋਟੀ ਭੈਣ ਵੀ ਮੈਂਨੂੰ ਦੇਖ ਰਹੀ ਸੀ ਕਿ ਅੱਜ ਮੈਂਡਮਾਂ ਨੇ ਜਗਸੀਰ ਹੋਰਾਂ ਗੇੜੇ ਕਢਵਾਏ ਹੈ। ਮੈਂ ਜਦ ਘਰ ਗਿਆ ਤਾਂ ਮੰਮੀ ਦੇ ਪੁਛਣ ਤੇ ਮੈਂ ਕਹਿ ਬੈਠਾ ਕਿ ਮੈਂ ਤਾਂ ਕੋਈ ਸ਼ਰਾਰਤ ਨਹੀਂ ਕੀਤੀ ਸੀ।
          ਸ਼ਾਮ ਨੂੰ ਮੇਰੇ ਡੈਡੀ ਤੇ ਚਾਚੇ ਤਾਏ ਮੈਡਮਾਂ ਦੇਘਰ ਉਲਾਹਮਾ ਲੈ ਕੇ ਗਏ। ਘਰ ਆ ਕੇ ਮੇਰੀ ਮੰਮੀ ਨੂੰ ਦੱਸਣ ਲੱਗੇ ।ਮੇਰੇ ਡੈਡੀ ਮਾਸਟਰ ਬਾਵਰਾ ਜੀ ਨੂੰ ਕਹਿਣ ਲੱਗੇ ਕਿ ਬਾਵਰਾ ਜੀ ਅੱਜ ਸਾਡੇ ਬੇਕਸੂਰ ਲੜਕੇ  ਨੂੰ ਮੈਡਮਾਂ ਨੇ ਸਜਾ ਦਿੱਤੀ ਹੈ। ਮਾਸਟਰ ਬਾਵਰਾ ਜੀ ਮੈਡਮਾਂ ਨੂੰਪੁਛਣ ਲੱਗੇ ਕਿ ਕੀ ਗੱਲ ਹੋ ਗਈ ਮੈਡਮ ਕਹਿੰਦੇ ਕਿ ਤੁਸੀਂ ਆਪਦੇ ਬੇਟੇ ਨੂੰ ਨਾਲ ਹੀ ਲੈ ਆਉਂਣਾ ਸੀ ਤੁਸੀਂ ਉਸ ਨੂੰ ਹੀ ਪੁੱਛ ਲੈਣਾ ਕਿ ਕੀ ਗੱਲ ਹੋਈ ਹੈ। ਮੇਰੇ ਡੈਡੀ ਕਹਿਣ ਲੱਗੇ ਕਿ ਜੀ ਅਸੀਂ ਜਗਸੀਰ ਨੂੰ ਤਾਂ ਨਾਲ ਲਿਆਏ ਨਹੀਂ। ਸਾਡੀ ਬੇਟੀ ਨੇ ਹੀ ਸਾਨੂੰ ਦੱਸ ਦਿੱਤਾ ਸੀ ਕਿ ਅੱਜ ਜਗਸੀਰ ਨੂੰ ਸਜਾ ਮਿਲੀ ਹੈ। 
      ਦੂਸਰੇ ਦਿਨ ਮੈਂ ਕਲਾਸ ਵਿੱਚ ਕਹਿ ਦਿੱਤਾ ਕਿ ਜੇ ਕਿਸੇ ਬੱਚੇ ਨੇ ਸਾਡੇ ਘਰ ਉਲਾਹਮਾ ਲੈ ਕੇ ਜਾਣਾ ਹੈ ਤੇ ਸਾਨੂੰ ਕੁੱਟ ਪਈ ਹੈ ਜਾਂ ਸਜਾ ਮਿਲੀ ਹੈ। ਉਸ ਬੱਚੇ ਨੂੰ ਮੈਂ ਤਾਂ ਪੜਾਉਣਾ ਨਹੀਂ। ਬੱਚੇ ਨੇ ਇਹ ਗੱਲ ਘਰ ਜਾ ਕੇ ਦੱਸ ਦਿੱਤੀ। ਦੂਸਰੇ ਦਿਨ ਉਸ ਬੱਚੇ ਦੀ ਮੰਮੀ ਤੇ ਡੈਡੀ ਮੇਰੇ ਕੋਲ ਆਕੇ ਮੁਆਫੀ ਮੰਗਣ ਲੱਗੇ ਕਿ ਜੀ ਤੁਸੀਂ ਹੀ ਸਾਡੇ ਬੱਚੇ ਨੂੰਪੜਾਉਂਣਾ ਹੈ।ਅਸੀਂ ਤਾਂ ਕਿਤੇ ਵੀ ਹੋਰ ਨਹੀਂ ਪੜਾਉਣਾ। ਮੈਂ ਫਿਰ ਕਹਿ ਦਿੱਤਾ ਕਿ ਜੇ ਇਥੇ ਪੜਾਉਂਣਾ ਹੈ ਤਾਂਕੁੱਟ ਵੀ ਪਊ ਤੇ ਪਿਆਰ ਵੀ ਹੋਊ। ਲੜਕੇ ਦਾ ਡੈਡੀ ਕਹਿੰਦਾ ਜੀ ਇਹ ਤਾਂ ਤੁਹਾਡਾ  ਹੀ ਲੜਕਾ ਹੈ ਜਿਵੇਂ ਮਰਜੀ ਕਰੋ ਇਸਨੂੰ ਤੁਸੀਂ ਹੀ ਪੜਾਉਣਾ ਹੈ। 
       ਲੜਕਾ ਕਹਿਣ ਲੱਗਾ ਕਿ ਮੈਂਨੂੰ ਉਸ ਸਜਾ ਤੋਂ ਐਸਾ ਸਬਕ ਮਿਲਿਆ ਕਿ ਮੈਂ ਦਸਵੀਂ ਤੱਕ ਪੂਰੀ ਲਗਨ ਨਾਲ ਪੜਿਆ। ਮੇਰਾ ਕੱਦ ਕਾਠ ਪੂਰਾ ਹੋਣ ਕਾਰਣ ਮੈਂ ਪੁਲੀਸ ਵਿੱਚ ਭਰਤੀ ਹੋ ਗਿਆ। ਕੁਝ ਚਿਰ ਬਾਦ ਮੇਰੀ ਤਰੱਕੀ ਹੁੰਦੀ ਹੁੰਦੀ ਮੈਂ ਥਾਣੇਦਾਰ ਬਣ ਗਿਆ। ਉਹ ਦਿਨ ਹੁਣ ਯਾਦ ਆਉਂਦੇ ਹਨ ਕਿ ਜੇ ਮੈਡਮ ਜੀ ਨੇ ਮਿਹਨਤ ਕਰਾਈ ਸੀ ਤਾਂ ਮੈਂ ਇੱਥੋਂ ਤੱਕ ਪਹੁੰਚ ਗਿਆ। ਹੁਣ ਜਿਸ ਸਕੂਲ ਵਿੱਚ ਮੈਂ ਖੜਾ ਹਾਂ ਉਹ ਮੈਡਮ ਮੇਰੇ ਕੋਲ ਹੀ ਬੈਠੇ ਹਨ ਸ਼ਾਇਦ ਇਹ ਤਾਂ ਮੈਂਨੂੰ ਭੁਲ ਗਏ ਹੋਣ। ਕਿਉਂਕਿ ਬਹੁਤ ਬੱਚੇ ਆਧਿਆਪਕਾਂ ਤੋਂ ਸਿਖਿਆ ਲੈ ਕੇ ਜਾਂਦੇ ਹਨ। ਮਿਹਨਤੀ ਆਧਿਆਪਕ ਨੂੰ ਹਮੇਸ਼ਾਂ ਬੱਚੇ ਯਾਦ ਰੱਖਦੇ ਹਨ। ਉਹ ਥਾਣੇਦਾਰ ਲੜਕਾ ਘੁਟਕੇ ਮਿਲਿਆ ਸਾਰਿਆਂ ਨੂੰ ਦੱਸਿਆ ਕਿ ਇਹ ਸਾਡੇ ਪਿਆਰੇ ਆਧਿਆਪਕ ਮਲਕੀਤ ਕੌਰ ਜੀ ਹਨ। ਜਿੰਨਾ ਨੇ ਸਾਨੂੰ ਇਥੋਂ ਤੱਕ ਪਹੁੰਚਾਇਆ ਹੈ। ਮੈਂ ਇਹ ਦੱਸਣ ਲਈ ਹੀ ਬੇਟੇ ਤੁਹਾਨੂੰ ਇਥੇ ਇੱਕਠੇ ਕੀਤਾ ਸੀ ਕਿ ਤੁਸੀਂ ਹੁਣੇ ਤੋਂ ਮਿਹਨਤ ਕਰੋ ਜੋ ਆਧਿਆਪਕ ਤੁਹਾਨੂੰ ਪੜਾਉਂਦੇ ਹੈ ਮਨ ਲਾ ਕੇ ਪੜੋ। ਸ਼ਾਇਦ ਤੁਸੀਂ ਵੀ ਇਸ ਮੈਂਡਮ ਦੇ ਪੜਾਏ ਕਿਸੇ ਉੱਚੇ ਆਹੁਦੇ ਤੇ ਪਹੁੰਚ ਜਾਵੋਂ। ਥਾਣੇਦਾਰ ਲੜਕਾ ਇਹ ਕਹਿ ਕੇ ਬੈਠ ਗਿਆ ਇਹ ਸੀ ਮੇਰੀ ਦਿੱਤੀ ਸਜਾ ਦਾ ਫਲ।