ਮੇਰੇ ਪਿੰਡ ਨੂੰ ਬਚਾਲੋ (ਕਵਿਤਾ)

ਦੇਵ ਕੁਰਾਈਵਾਲਾ   

Email: devwander1988@gmail.com
Cell: +91 94173 43452
Address:
ਕੁਰਾਈਵਾਲਾ India
ਦੇਵ ਕੁਰਾਈਵਾਲਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਮੇਰੇ ਖੇਤਾਂ ਦੀਆਂ ਫਸਲਾਂ ਦੇ ਬਦਲੇ ਸੁਭਾਅ ਨੇ,ਪਾਣੀਆ ਚ ਜ਼ਹਿਰ ਕਿਸੇ ਦਿੱਤੇ ਮਿਲਾਅ ਨੇ
ਜੰਮਦੇ ਜਵਾਕ ਨੂੰ ਐਲਰਜ਼ੀ ਆ ਆਟੇ ਤੋਂ,ਸ਼ੂਗਰ ਬਲੱਡ ਨੇ ਉਹ ਛੱਡੇ ਸਾਰੇ ਢਾਹ ਨੇ
ਖਾਦਾ ਵਾਲੇ ਮਿੱਠੇ ਜ਼ਹਿਰ ਖਾ ਜਾਣਾ ਸਾਰਾ ਪਿੰਡ,ਬਚਣ ਲਈ ਇਹਤੋ ਕੋਈ ਜੁਗਤਾਂ ਬਣਾਲੋ
ਮੇਰੇ ਪਿੰਡ ਨੂੰ ਬਚਾਲੋ,ਮੇਰੇ ਪਿੰਡ ਨੂੰ ਬਚਾਲੋ

ਹਰੀ ਕ੍ਰਾਂਤੀ ਫਸਲਾਂ ਦੇ ਜਿਹੜੇ ਝਾੜ ਵਧਾ ਗਈ ਏ,ਸਾਡੇ ਪੁੱਤਾਂ ਵਾਂਗੂ ਖੇਤਾਂ ਨੂੰ ਉਹ ਨਸ਼ਿਆ ਉੱਤੇ ਲਾ ਗਈ ਏ
ਹਰ ਘਰ ਵਿੱਚ ਇੱਕ ਬਿਮਾਰ ਪਿਆ ,ਉਹ ਆਪਣਾ ਰੰਗ ਵਖਾ ਗਈ ਏ।
ਮਿੱਟੀ ਵਿੱਚੋਂ ਥਾਂ ਥਾਂ ਸ਼ੋਰਾ ਫੁੱਟ ਪਿਆ ਏ,ਉੱਜੜੀ ਜਾਂਦੀ ਮਾਂ ਨੂੰ ਓਏ ਪੁੱਤੋ ਕੋਈ ਗਲ ਲਾਲੋ
ਮੇਰੇ ਪਿੰਡ ਨੂੰ ਬਚਾਲੋ,ਮੇਰੇ ਪਿੰਡ ਨੂੰ ਬਚਾਲੋ

ਕੁੜਤੇ ਪਜਾਮੇ ਹੁਣ ਲਗਦੇ ਆਵਾਰਾ ਏ,ਬ੍ਰੈਂਡਾਂ ਵਿੱਚ ਉਲਝਿਆ ਪਿਆ ਪਿੰਡ ਸਾਰਾ ਏ।
ਕਰਕੇ ਤਰੱਕੀ ਪੁੱਤ ਸ਼ਹਿਰ ਸੈੱਟ ਹੋਈ ਜਾਂਦੇ ਘਰ ਵਾਲਾ ਹੋ ਗਿਆ ਖੰਡਰ ਚੁਬਾਰਾ ਏ।
ਬਦਲ ਗਈ ਏ ਹਵਾ ਪਿੰਡ ਦੀ ਤਾਂ ਸਾਰੀ,ਕਹਿੰਦੇ ਸੇਵੀਆਂ ਨੂੰ ਛੱਡੋ ਅੱਜ ਮੈਗੀਆਂ ਬਣਾਲੋ
ਮੇਰੇ ਪਿੰਡ ਨੂੰ ਬਚਾਲੋ,ਮੇਰੇ ਪਿੰਡ ਨੂੰ ਬਚਾਲੋ

ਪੰਜ ਫੁੱਟ ਤੋਂ ਨਾਂ ਕੋਈ ਵਧੇ ਮੁਟਿਆਰ, ਮੁੰਡਿਆ ਨੂੰ ਨਸ਼ਿਆ ਦੀ ਪੈ ਚੱਲੀ ਮਾਰ
ਰਾਜਨੀਤੀ ਖਾ ਗਈ ਸਾਰਾ ਭਾਈਚਾਰਾ ਸਾਡਾ,ਟੋਟੋ ਟੋਟੋ ਹੋਈ ਜਾਂਦੇ ਸਾਰੇ ਪਰਿਵਾਰ
ਏਦੂਂ ਪਹਿਲਾਂ ਆਪੋ ਵਿੱਚ ਲੜ ਲੜ ਮਰ ਜਾਵੇ ਹੋਕੇ ਸਾਰੇ ਕੱਠੇ ਇਹਨੂੰ ਬਹਿ ਕਿ ਸਮਝਾਲੋ
ਮੇਰੇ ਪਿੰਡ ਨੂੰ ਬਚਾਲੋ,ਮੇਰੇ ਪਿੰਡ ਨੂੰ ਬਚਾਲੋ

ਘਰ ਘਰ ਵਿੱਚ "ਦੇਵ"ਲੱਗੀ ਜਾਂਦੇ ਤਾਲੇ ਨੇ,ਕੁਝ ਗਏ ਸ਼ਹਿਰ ਕਈ ਵਿਦੇਸ਼ਾ ਨੂੰ ਕਾਹਲੇ ਨੇ।
ਸ਼ਾਹੂਕਾਰ ਘੇਰਾ ਇਹਨੂੰ ਹੌਲੀ ਹੌਲੀ ਪਾਈ ਜਾਂਦੇ,ਇਹ ਪੰਛੀ ਹੈ ਕੱਲਾ ਤੇ ਸ਼ਿਕਾਰੀ ਇਹਦੇ ਬਾਹਲੇ ਨੇ।
ਕਰਜੇ ਚ ਇੱਕ ਦਿਨ ਸਾਰਾ ਵਿਕ ਜਾਊਗਾ ਸਰਕਾਰਾਂ ਦਾ ਕੋਈ ਇਹਦੇ ਵੱਲ ਧਿਆਨ ਦਵਾਲੋ
ਮੇਰੇ ਪਿੰਡ ਨੂੰ ਬਚਾਲੋ,ਮੇਰੇ ਪਿੰਡ ਨੂੰ ਬਚਾਲੋ