ਵਿਰਸੇ ਨੂੰ ਸਮਰਪਿਤ ਲੇਖਕ ਜਸਵੀਰ ਸ਼ਰਮਾ (ਮੁਲਾਕਾਤ )

ਸਾਧੂ ਰਾਮ ਲੰਗਿਆਣਾ (ਡਾ.)   

Email: dr.srlangiana@gmail.com
Address: ਪਿੰਡ ਲੰਗੇਆਣਾ
ਮੋਗਾ India
ਸਾਧੂ ਰਾਮ ਲੰਗਿਆਣਾ (ਡਾ.) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਅੱਜ ਦੀ ਰੁਝੇਵਿਆਂ ਭਰੀ ਤੇ ਮਾਨਸਿਕ ਤਨਾਅ ਦੇ ਦੌਰ ਵਿੱਚ ਜੇਕਰ ਕਿਸੇ ਕੋਲ ਲੇਖਣੀ ਦੀ ਕਲਾ ਤੇ ਗਾਉਣ ਦੀ ਮੁਹਾਰਤ ਹੋਵੇ ਤਾਂ ਇਹ ਗੌਡ ਗਿਫਟ (ਪ੍ਰਮਾਤਮਾ ਦੀ ਦਾਤ) ਹੀ ਸਮਝੀ ਜਾਵੇਗੀ। ਦ੍ਰਿੜ ਇਰਾਦਾ ਤੇ ਅਗਾਂਹਵਧੂ ਖਿਆਲ ਤੇ ਪੁਰਾਤਨ ਸਮੇਂ ਨੂੰ ਦਿਲ ਵਿੱਚ ਸਮੋਈ ਬੈਠਾ ਲੇਖਕ ਤੇ ਕਵੀ ਜਸਵੀਰ ਸ਼ਰਮਾ ਦੱਦਾਹੂਰ ਸਾਹਿਤਕ ਖੇਤਰ ਵਿੱਚ ਨਵਾਂ ਨਾਮ ਹੈ। ਆਪਣੀ ਲੇਖਣੀ ਦੇ ਸਿਰਫ 7 ਕੁ ਸਾਲਾਂ ਦੇ ਵਕਫੇ ਵਿੱਚ ਸੰਨ 2014 ਵਿੱਚ ਦੋ ਕਿਤਾਬਾਂ ਵਿਰਸੇ ਦੀ ਲੋਅ ਤੇ ਵਿਰਸੇ ਦੀ ਖੁਸ਼ਬੋ ਸਾਹਿਤ ਦੀ ਝੋਲੀ ਤੇ ਪਾਠਕਾਂ ਦੇ ਸਨਮੁਖ ਕਰਨ ਦਾ ਮਾਣ ਜਸਵੀਰ ਸ਼ਰਮਾ ਦੱਦਾਹੂਰ ਦੇ ਹਿੱਸੇ ਆਇਆ ਹੈ। ਜਿਵੇਂ ਕਿ ਨਾਮ ਤੋਂ ਹੀ ਅੰਦਾਜਾ ਲਾਇਆ ਜਾ ਸਕਦਾ ਹੈ ਕਿ ਇਹ ਲੇਖਕ ਵਿਰਸੇ ਨਾਲ ਗੂੜੀ ਉਨਾਸ ਰੱਖਦਾ ਹੈ, ਅੱਜ ਅਸੀ ਵਿਰਸੇ ਦੇ ਲੇਖਕ ਜਸਵੀਰ ਸ਼ਰਮਾ ਦੱਦਾਹੂਰ ਨਾਲ ਉਨਾਂ ਦੀ ਲੇਖਣੀ ਤੇ ਉਨਾਂ ਦੀ ਜਿੰਦਗੀ ਅਧਾਰਿਤ ਗੱਲਾਂ ਕਰਕੇ ਪਾਠਕਾਂ ਦੇ ਸਨਮੁਖ ਕਰਨ ਦਾ ਸੁਭਾਗ ਪ੍ਰਾਪਤ ਕਰ ਰਹੇ ਹਾਂ : 

ਸਵਾਲ : ਸ਼ਰਮਾ ਜੀ ਸਭ ਤੋਂ ਪਹਿਲਾਂ ਤਾਂ ਆਪਣੇ ਪਰਿਵਾਰ ਅਤੇ ਪਿਛੋਕੜ ਬਾਰੇ ਦੱਸੋ ? 
ਜ਼ਵਾਬ : ਮੇਰਾ ਪਿੰਡ ਦੱਦਾਹੂਰ, ਜਿਲਾ ਮੋਗਾ ਹੈ, ਮੈਂ ਇਕੱਲਾ ਭਾਈ ਹਾਂ ਅਤੇ ਤਿੰਨ ਭੈਣਾਂ ਹਨ ਅਤੇ ਇਸ ਸਮੇਂ ਮੈਂ ਸ੍ਰੀ ਮੁਕਤਸਰ ਸਾਹਿਬ ਵਿਖੇ ਰਹਿ ਰਿਹਾ ਹਾਂ। ਮੇਰੇ ਤਿੰਨ ਬੱਚੇ (2 ਲੜਕੇ ਤੇ 1 ਲੜਕੀ) ਹਨ, ਜੋ ਕਿ ਸ਼ਾਦੀ ਸ਼ੁਦਾ ਹਨ। ਮੇਰੀ ਪਤਨੀ ਸਾਲ 2009 ਵਿੱਚ ਕਾਲੇ ਪੀਲੀਏ ਦੀ ਨਾ ਮੁਰਾਦ ਬਿਮਾਰੀ ਕਾਰਨ ਪੂਰੀ ਹੋ ਗਈ ਸੀ, ਤੇ ਹੁਣ ਮੈਂ ਆਪਣੇ ਬੱਚਿਆਂ ਨਾਲ ਵਧੀਆ ਜਿੰਦਗੀ ਬਸਰ ਕਰ ਰਿਹਾ ਹਾਂ। 

ਸਵਾਲ : ਇਕ ਡਰਾਇਵਰੀ ਦੇ ਕਿੱਤੇ ਚੋਂ ਇੱਧਰ ਲੇਖਣੀ ਵਾਲੇ ਪਾਸੇ ਆਉਣ ਦਾ ਕੀ ਸਬੱਬ ਬਣਿਆ ? 
ਜਵਾਬ : ਇਹ ਵੀ ਓਸ ਪ੍ਰਮਾਤਮਾ ਦਾ ਗੌਡ ਗਿਫਟ ਹੀ ਕਿਹਾ ਜਾ ਸਕਦਾ ਹੈ, ਅਗਸਤ 2011 ਨੂੰ ਕਿਸੇ ਦੋਸਤ ਨੇ ਕਿਹਾ ਕਿ ਸ਼ਰਮਾ ਜੀ ਇੰਨੇ ਅਖਬਾਰ ਪੜਦੇ ਹੋਂ, ਕੁਝ ਲਿਖਿਆ ਵੀ ਕਰੋ। ਮੈਂ ਕਿਹਾ, ਮੈਂ ਤਾਂ ਇਕ ਡਰਾਈਵਰ ਹਾਂ, ਲਿਖਣਾ ਮੇਰੇ ਵੱਸ ਦੀ ਗੱਲ ਨਹੀਂ ਹੈ, ਪਰ ਸੱਜਣ ਨੇ ਕਿਹਾ ਕਿ ਕੁਝ ਵੀ ਅਸੰਭਵ ਨਹੀਂ ਹੁੰਦਾ ਜੇਕਰ ਇਨਸਾਨ ਥੋੜੀ ਕੋਸ਼ਿਸ਼ ਕਰੇ, ਤੇ ਨਾਲ ਹੀ ਉਸਨੇ 15 ਅਗਸਤ (ਅਜ਼ਾਦੀ ਦੇ ਦਿਨ) ਦਾ ਜ਼ਿਕਰ ਕੀਤਾ। ਉਸ ਦਿਨ ਤੋਂ ਹੀ ਮੈਂ ਦਿਲੋਂ ਧਾਰ ਲਈ ਕਿ ਕੁਝ ਕਰਨਾ ਚਾਹੀਦਾ ਹੈ, ਸੋ ਪਹਿਲੀ ਰਚਨਾ ਮੈਂ ਸ਼ਹੀਦ ਭਗਤ ਸਿੰਘ ਤੇ ਹੀ ਲਿਖੀ, ਜਿਸਦੇ ਬੋਲ ਸਨ ਕਿ ਮੁੜ ਆਜਾ ਭਗਤ ਸਿਆਂ, ਇਕ ਦਿਨ ਦੁਨੀਆਂ ਉਤੇ ਆਜਾ, ਭਟਕੇ ਹੋਏ ਲੋਕਾਂ ਨੂੰ ਆਕੇ ਸਿੱਧੇ ਰਸਤੇ ਪਾਜਾ।" ਇਹ ਰਚਨਾ ਜਦੋਂ ਪ੍ਰੈਸ ਚ ਲੱਗੀ ਤਾਂ ਮੈਨੂੰ ਸਾਹਿਤ ਸਭਾਵਾਂ ਵੱਲੋਂ ਸੱਦਾ ਪੱਤਰ ਮਿਲਣ ਲੱਗਾ, ਬੱਸ ਏਥੋਂ ਹੀ ਮੇਰੀ ਸ਼ੁਰੂਆਤ ਹੋਈ। 

ਸਵਾਲ : ਤੁਹਾਡੀਆਂ ਰਚਨਾਵਾਂ ਅਕਸਰ ਹੀ ਅਖਬਾਰਾਂ ਦਾ ਸ਼ਿੰਗਾਰ ਬਣਦੀਆਂ ਰਹਿੰਦੀਆਂ ਹਨ, ਪਰ ਵਿਰਸੇ ਨੂੰ ਤੁਸੀ ਬਾਖੂਬੀ ਨਿਭਾ ਰਹੇ ਹੋਂ, ਇੱਧਰ ਪੁਰਾਤਨ ਸੱਭਿਆਚਾਰ ਲਿਖਣ ਦੀ ਚੇਟਕ ਬਾਰੇ ਦੱਸੋ ? 
ਜਵਾਬ : ਮੇਰੀ ਉਮਰ 63 ਸਾਲ ਦੀ ਹੈ ਜੀ, ਜੇ ਮੈਂ ਤੁਕਾ ਬੰਦੀ, ਕਵਿਤਾ, ਖੁੱਲੀ ਕਵਿਤਾ ਲਿਖਦਾ ਹਾਂ, ਉਹ ਸਿਰਫ ਆਪਣੇ ਜਿੰਦਗੀ ਦੇ ਅਨੁਭਵ ਤੋਂ ਜੋ ਮੈਂ ਆਪਣੇ ਅੱਖੀਂ ਵੇਖਿਆ ਹੈ, ਉਹੀ ਗੀਤਾਂ ਵਿੱਚ ਪਰੋਂਦਾ ਹਾਂ। ਬਾਕੀ ਸਾਡੇ ਆਲੇ ਦੁਆਲੇ ਵਾਪਰਦੀਆਂ ਘਟਨਾਵਾਂ ਵੀ ਲੇਖਣੀ ਵਿੱਚ ਸਹਾਈ ਹੁੰਦੀਆਂ ਹਨ। 

ਸਵਾਲ : ਤੁਹਾਡੀਆਂ ਰਚਨਾਵਾਂ ਅੱਜ ਤੱਕ ਕਿਹੜੇ ਕਿਹੜੇ ਅਖਬਾਰਾਂ ਅਤੇ ਰਸਾਲਿਆਂ ਦਾ ਸ਼ਿੰਗਾਰ ਬਣਦੀਆਂ ਹਨ ? 
ਜਵਾਬ : ਮੇਰੀਆਂ ਰਚਨਾਵਾਂ ਤਕਰੀਬਨ ਸਾਰੇ ਹੀ ਪੰਜਾਬ ਦੇ ਅਖਬਾਰਾਂ, ਮੀਡੀਆ ਪੰਜਾਬ ਵਿੱਚ ਛਪਦੀਆਂ ਰਹਿੰਦੀਆਂ ਹਨ, ਮੈਂ ਉਨਾਂ ਸਭ ਹੀ ਅਖਬਾਰਾਂ ਦਾ ਸ਼ੁਕਰਗੁਜਾਰ ਹਾਂ, ਜਿਹੜੇ ਮੇਰੀਆਂ ਰਚਨਾਵਾਂ ਨੂੰ ਛਾਪ ਕੇ ਮੈਨੂੰ ਪਾਠਕਾਂ ਦੇ ਸਨਮੁਖ ਕਰਦੇ ਹਨ। 

ਸਵਾਲ : ਤੁਸੀ ਵਿਰਸੇ ਦੇ ਨਾਲ ਨਾਲ ਹੋਰ ਕੀ ਲਿਖਣ ਨੂੰ ਆਪਣੀ ਲੇਖਣੀ ਦਾ ਹਿੱਸਾ ਬਣਾਇਆ ਹੈ ? 
ਜਵਾਬ : ਮੈਨੂੰ ਵਿਰਸੇ ਲਿਖਣ ਦਾ ਜਿਆਦਾ ਸ਼ੌਂਕ ਹੈ, ਕਿਉਂਕਿ ਅਜੋਕੀ ਪੀੜੀ ਪੁਰਾਤਨ ਸੱਭਿਆਚਾਰ ਤੇ ਸਾਡਾ ਵਡਮੁੱਲਾ ਵਿਰਸਾ ਭੁੱਲਦੀ ਜਾ ਰਹੀ ਹੈ, ਸਾਡਾ ਫਰਜ਼ ਬਣਦਾ ਹੈ ਕਿ ਅਸੀ ਅਜੋਕੀ ਪੀੜੀ ਨੂੰ ਪੁਰਾਤਨ ਪੰਜਾਬ ਦੀਆਂ ਭਾਵਨਾਵਾਂ ਤੋਂ ਜਾਣੂ ਕਰਵਾਈਏ, ਮੇਰੀ ਪੁਰਾਣੇ ਲੇਖਕਾਂ ਨੂੰ ਇਹ ਬੇਨਤੀ ਹੈ ਕਿ ਵਿਰਸਾ ਜਰੂਰ ਲਿਖਿਆ ਜਾਵੇ। ਬਾਕੀ ਮੈਂ ਧਾਰਮਿਕ ਗੀਤ, ਭਰੂਣ ਹੱਤਿਆ ਦੀ ਨਿਖੇਧੀ, ਗੁਰੂਆਂ ਪੀਰਾਂ ਨੂੰ ਵੀ ਆਪਣੀਆਂ ਰਚਨਾਵਾਂ ਵਿੱਚ ਜਗਾ ਦਿੱਤੀ ਹੈ। ਮੇਰੀ ਹਮੇਸ਼ਾਂ ਕੋਸ਼ਿਸ਼ ਵੀ ਇਹੀ ਹੁੰਦੀ ਹੈ ਕਿ ਜੋ ਵੀ ਲਿਖਣਾ ਹੈ ਲੱਚਰਤਾ ਤੋਂ ਦੂਰ ਹੋਵੇ, ਤੇ ਕੋਈ ਸਿੱਖਿਆਦਾਇਕ ਰਚਨਾ ਹੀ ਲਿਖੀ ਜਾਵੇ। 

ਸਵਾਲ : ਪਿੱਛੇ ਜਿਹੇ ਤੁਹਾਡੀ ਪੰਜਾਬੀ ਪੈਂਤੀ ਤੇ ਚੌਕੇ ਵੀ ਅਖਬਾਰਾਂ ਦੀ ਸ਼ਾਨ ਬਣੇ ਸਨ, ਉਹ ਲਿਖਣ ਦੇ ਸਬੱਬ ਬਾਰੇ ਵੀ ਦੱਸੋ ? 
ਜਵਾਬ : ਸਾਧੂ ਦਇਆ ਸਿੰਘ ਆਰਿਫ ਦਾ ਲਿਖਿਆ ਜਿੰਦਗੀ ਬਿਲਾਸ ਪੜ ਕੇ ਮੇਰੀ ਵੀ ਇਕ ਨਿਵੇਕਲੀ ਚੀਜ ਲਿਖਣ ਦੀ ਤਮੰਨਾ ਸੀ, ਜੋ ਮੈਂ ਪੈਂਤੀ ਦੇ ਰੂਪ ਵਿੱਚ ਪਾਠਕਾਂ ਦੇ ਸਨਮੁਖ ਕੀਤੀ ਜੋ ਕਿ ਮੇਰੇ ਪਾਠਕ ਵਰਗ ਵੱਲੋਂ ਕਾਫੀ ਸਲਾਹੀ ਗਈ ਹੈ ਤੇ ਇਹ ਪੈਂਤੀ ਮੇਰੀ ਦੂਸਰੀ ਕਿਤਾਬ ਵਿਰਸੇ ਦੀ ਖੁਸ਼ਬੋ ਵਿੱਚ ਛਪ ਚੁੱਕੀ ਹੈ। 

ਸਵਾਲ : ਕਿਸੇ ਵਿਰਸੇ ਨਾਲ ਸਬੰਧਤ ਹੋਰ ਰਚਨਾ ਦੀ ਜਾਣਕਾਰੀ ਪਾਠਕਾਂ ਨਾਲ ਸਾਂਝੀ ਕਰੋ ? 
ਜਵਾਬ : ਮੈਂ ਪੁਰਾਤਨ ਵਿਰਸਾ ਲਿਖਣ ਦੀ ਕੋਸ਼ਿਸ਼ ਕੀਤੀ ਜੋ ਕੁਝ ਇਸ ਤਰਾਂ ਨਾਲ ਸੀ ਕਿ : 
ਰਿਵਾਜ ਰਿਹਾ ਨਾ ਪਾਣੀ ਨੂੰ ਢੋਣ ਵਾਲਾ, ਨਾ ਹੀ ਚੱਕੀਆਂ ਅੱਜਕੱਲ ਪੀਂਹਦੀਆਂ ਨੇ। 
ਕੱਢਣਾ ਕੱਤਣਾ ਸਭ ਅਲੋਪ ਹੋਇਆ, ਘਰਾਂ ਦੇ ਵਿੱਚ ਨਾ ਖੱਡੀਆਂ ਦੀਂਹਦੀਆਂ ਨੇ। 

ਇਸੇ ਤਰਾਂ ਹੀ ਕੁੱਖਾਂ ਵਿੱਚ ਧੀਆਂ ਦੇ ਹੁੰਦੇ ਕਤਲਾਂ ਬਾਰੇ ਲਿਖਿਆ ਹੈ ਕਿ : 
ਉਚੇ ਮਹਿਲ ਅਤੇ ਕੋਠੀਆਂ ਬਣਾ ਕੇ ਤੂੰ ਮਾੜੀ ਰੱਖੇ ਸੋਚ ਬੰਦਿਆ। 
ਕਿਉਂ ਪੁੱਤਰਾਂ ਦੀ ਭਾਲ ਵਿੱਚ ਧੀਆਂ ਨੂੰ ਕੁੱਖਾਂ ਚ ਰਿਹਾਂ ਨੋਚ ਬੰਦਿਆ। 

ਇਸੇ ਤਰਾਂ ਹੀ ਇਕ ਹੋਰ ਵਿਰਸਾ ਸੀ : 
ਮਲਿਆਂ ਨਾਲੋਂ ਸੀ ਤੋੜ ਜਦ ਬੇਰ ਖਾਂਦੇ, ਲਹੂ ਲੁਹਾਣ ਤਾਂ ਉਦੋਂ ਹੀ ਹੋਈਦਾ ਸੀ। 
ਪੜਨ ਜਾਂਦੇ ਸੀ ਜਦ ਬੇਰ ਖਾਣ ਮਗਰੋਂ, ਪਹਿਲਾਂ ਖੂਨ ਚੁਬੱਚੇ ਵਿੱਚ ਧੋਈਦਾ ਸੀ। 

ਸਵਾਲ : ਤੁਸੀ ਸੰਨ 2014 ਵਿੱਚ ਦੋ ਕਿਤਾਬਾਂ ਪਾਠਕਾਂ ਤੇ ਸਾਹਿਤ ਦੀ ਝੋਲੀ ਪਾਈਆਂ ਹਨ, ਇਸ ਦਾ ਖਰਚ ਕਾਫੀ ਹੋਇਆ ਹੋਵੇਗਾ, ਇਸ ਦਾ ਸਬੱਬ ? 
ਜਵਾਬ : ਇਹ ਸਿਰਫ ਪ੍ਰਮਾਤਮਾ ਦੀ ਕਿਰਪਾ ਨਾਲ ਹੀ ਸੰਪੰਨ ਹੋਈਆਂ ਹਨ, ਇਹ ਮੈਨੂੰ ਖੁਦ ਨਹੀਂ ਪਤਾ ਕਿ ਐਨਾਂ ਹੌਂਸਲਾ ਕਿਵੇਂ ਪਿਆ, ਪਰ ਮੈਂ ਦਿਲੋਂ ਖੁਸ਼ ਹਾਂ ਕਿ ਮੈਂ ਕਦੇ ਲੱਚਰ ਨਹੀਂ ਲਿਖਿਆ ਜੋ ਕਿ ਕਦੇ ਪਰਿਵਾਰ ਦੇ ਬਹਿ ਕੇ ਪੜਿਆ ਨਾ ਜਾ ਸਕੇ। 

ਸਵਾਲ : ਹੁਣ ਅੱਗੇ ਦਾ ਕੀ ਵਿਚਾਰ ਹੈ, ਭਾਵ ਅਗਲੀ ਕਿਤਾਬ ਦੀ ਕੋਈ ਰਣਨੀਤੀ ? 
ਜਵਾਬ : ਇਹ ਤਾਂ ਸਮਾਂ ਹੀ ਦੱਸੇਗਾ ਜਾਂ ਓਸ ਪ੍ਰਮਾਤਮਾ ਦੀ ਕਿਰਪਾ ਹੀ ਹੋਵੇਗੀ। ਮੇਰੀਆਂ ਦੋ ਹੋਰ ਕਿਤਾਬਾਂ ਵਿਰਸੇ ਦੀ ਸੌਗਾਤ 24 ਮਈ 2017 ਨੂੰ ਤੇ ਪੰਜਾਬੀ ਵਿਰਸੇ ਦੀਆਂ ਅਨਮੁੱਲੀਆਂ ਯਾਦਾਂ ਵਾਰਤਕ 24 ਮਈ 2018 ਨੂੰ ਰਿਲੀਜ਼ ਹੋ ਚੁੱਕੀਆਂ ਹਨ, ਜਿੰਨਾਂ ਨੂੰ ਪਾਠਕਾਂ ਅਤੇ ਸਰੋਤਿਆਂ ਨੇ ਮਣਾਂ ਮੂੰਹੀਂ ਪਿਆਰ ਦਿੱਤਾ ਹੈ ਅਤੇ ਦੇ ਰਹੇ ਹਨ। 

ਸਵਾਲ : ਤੁਸੀ ਆਪਣੀ ਰਚਨਾ ਬਹੁਤ ਵਧੀਆ ਢੰਗ ਨਾਲ ਤਰੰਨਮ ਦੇ ਵਿੱਚ ਗਾ ਵੀ ਲੈਂਦੇ ਹੋਂ, ਇਸ ਦੇ ਅਭਿਆਸ ਬਾਰੇ ਸਾਡੇ ਪਾਠਕਾਂ ਨਾਲ ਆਪਣੀ ਗੱਲ ਸਾਂਝੀ ਕਰੋ ? 
ਜਵਾਬ : ਮੈਂ ਅੱਠਵੀਂ, ਨੌਵੀ ਤੇ ਦਸਵੀਂ ਜਮਾਤ ਵਿੱਚ ਸਕੂਲ ਦੀ ਬਾਲਸਭਾ ਦਾ ਇੰਚਾਰਜ ਹੁੰਦਾ ਸੀ, ਤੇ ਮੈਨੂੰ ਮੇਰੇ ਅਧਿਆਪਕ ਸੁਖਵਿੰਦਰ ਸਿੰਘ ਝੰਡੇਆਣਾ ਹਮੇਸ਼ਾਂ ਸਿਖਾਉਂਦੇ ਸਨ ਕਿ ਜੇਕਰ ਗਾਉਣਾ ਚਹੁੰਦੇ ਹੋਂ ਤਾਂ ਆਪਣੀ ਆਵਾਜ਼ ਨੂੰ ਸੰਭਾਲ ਕੇ ਰੱਖੋ ਅਤੇ ਮੈਨੂੰ ਗਾਇਕੀ ਬਾਰੇ ਸਮੇਂ ਸਮੇਂ ਤੇ ਦੱਸਦੇ ਹੁੰਦੇ ਸੀ। ਮੈਂ ਜਦੋਂ ਵੀ ਬਾਲਸਭਾ ਵਿੱਚ ਬੋਲਦਾ ਹੁੰਦਾ ਸੀ ਉਦੋਂ ਉਹ ਇਹੀ ਕਿਹਾ ਕਰਦੇ ਸਨ ਕਿ ਹਮੇਸ਼ਾਂ ਜੋ ਅੱਗੇ ਵਿਦਿਆਰਥੀ ਜਾਂ ਪਾਠਕ ਸਾਥੀ ਬੈਠੇ ਹਨ ਉਹਨਾਂ ਵੱਲ ਬਿਲਕੁਲ ਨਹੀਂ ਵੇਖਣਾ ਅਤੇ ਆਪਣੀ ਗੱਲ ਸਹੀ ਢੰਗ ਤਰੀਕੇ ਅਤੇ ਤਰੰਨਮ ਦੇ ਵਿੱਚ ਕਹਿਣੀ ਹੈ। ਸੋ ਉਹਨਾਂ ਦੀ ਬਦੌਲਤ ਅੱਜ ਮੈਂ ਆਪਣੀ ਹਰ ਰਚਨਾ ਤਰੰਨਮ ਦੇ ਵਿੱਚ ਨਹੀਂ, ਬਲਕਿ ਸਾਜਾਂ ਦੇ ਵਿੱਚ ਵੀ ਸਟੇਜ਼ ਤੇ ਬੇਝਿਜਕ ਗਾ ਲੈਂਦਾ ਹਾਂ। 

ਸਵਾਲ : ਤੁਹਾਡੀ ਲੇਖਣੀ ਤੇ ਤੁਹਾਡੀ ਇਸ ਕਲਾ ਤੋਂ ਪ੍ਰਭਾਵਿਤ ਹੋ ਕੇ ਨਿਰਸੰਦੇਹ ਤੁਹਾਨੂੰ ਸਨਮਾਨ ਵੀ ਮਿਲੇ ਹੋਣਗੇ, ਸਾਡੇ ਪਾਠਕਾਂ ਨਾਲ ਉਹ ਗੱਲ ਵੀ ਸਾਂਝੀ ਕਰੋ ? 
ਜਵਾਬ : ਸਭ ਤੋਂ ਵੱਡਾ ਸਨਮਾਨ ਤਾਂ ਪਾਠਕ ਵਰਗ ਹੀ ਹੈ, ਜੋ ਕਿ ਮੈਨੂੰ ਮੇਰੀਆਂ ਰਚਨਾਵਾਂ ਦੀ ਸਮੇਂ ਸਮੇਂ ਤੇ ਵਧਾਈ ਦਿੰਦੇ ਰਹਿੰਦੇ ਹਨ, ਫਿਰ ਵੀ ਮੈਂ ਸਾਹਿਤ ਸਭਾ ਬਰੀਵਾਲਾ, ਸੋਨੀ ਬਾਬਾ ਜੀ ਰੁਪਾਣੇ ਵਾਲੇ, ਬਾਬਾ ਨਾਮਦੇਵ ਸੁਸਾਇਟੀ ਰਜਿ: ਅਤੇ ਮਿਸਤਰੀ ਮਜਦੂਰ ਯੂਨੀਅਨ ਦਾ ਸਦਾ ਹੀ ਰਿਣੀ ਹਾਂ ਜਿੰਨਾਂ ਨੇ ਮੈਨੂੰ ਸੰਗਤਾਂ ਦੇ ਸਨਮੁਖ ਕਰਕੇ ਮਾਣ ਬਖਸ਼ਿਆ। ਮੇਰੇ ਪਿੰਡ ਦੱਦਾਹੂਰ ਦੇ ਯੂਥ ਕਲੱਬ ਨੇ ਮੈਨੂੰ ਬਹੁਤ ਸਤਿਕਾਰ ਦਿੱਤਾ। ਪਿੰਡ ਬੱਝੇ ਹੋਏ ਨੂੰ ਕਰੀਬ 230 ਸਾਲ ਹੋ ਗਏ ਹਨ ਤੇ ਇਹ ਮੈਨੂੰ ਕਲੱਬ ਵੱਲੋਂ ਪਹਿਲਾ ਸਤਿਕਾਰ ਦਿੱਤਾ ਗਿਆ ਹੈ। ਬਾਕੀ ਸਾਹਿਤ ਸਭਾ ਪਿੰਡ ਚੀਮਾ (ਕੋਟ ਈਸੇ ਖਾਂ) ਤੇ ਸਮਾਜ ਭਲਾਈ ਸੰਸਥਾ ਭਗਤ ਪੂਰਨ ਸਿੰਘ ਕੋਟ ਈਸੇ ਖਾਂ ਨੇ ਮੈਨੂੰ ਮੁਕਤਸਰ ਵਿਖੇ ਆ ਕੇ ਵਿਰਸੇ ਦਾ ਵਾਰਸ ਖਿਤਾਬ ਵੀ ਮੇਰੀ ਝੋਲੀ ਪਾਇਆ। ਮੈਂ ਬਹੁਤ ਧੰਨਵਾਦੀ ਹਾਂ ਜਿਨਾਂ ਨੇ ਮੇਰੀ ਲੇਖਣੀ ਨੂੰ ਪਿਆਰ ਸਤਿਕਾਰ ਦਿੱਤਾ ਹੈ। ਹੁਣੇ ਹੁਣੇ 3 ਜੂਨ 2018 ਨੂੰ ਵੀ ਪਿੰਡ ਦੱਦਾਹੂਰ ਦੇ ਕਲੱਬ ਨੇ ਚੌਥੀ ਵਿਰਸੇ ਦੀ ਵਾਰਤਕ ਦੀ ਕਿਤਾਬ ਆਉਣ ਤੋਂ ਬਾਦ ਪਹਿਲੀ ਵਾਰ ਪਿੰਡ ਪਹੁੰਚਣ ਤੇ ਬਹੁਤ ਸਤਿਕਾਰ ਦਿੱਤਾ। ਮੈਂ ਸਦਾ ਚੜਦੀਕਲਾ ਦੀ ਕਾਮਨਾ ਕਰਦਾ ਹਾਂ ਤੇ ਅਸ਼ੀਰਵਾਦ ਦਿੰਦਾ ਹਾਂ ਉਨਾਂ ਬੱਚਿਆਂ ਨੂੰ। 

ਸਵਾਲ : ਤੁਹਾਡੀ ਉਮਰ ਤੁਹਾਡੇ ਦੱਸਣ ਮੁਤਾਬਕ 63 ਸਾਲ ਦੀ ਹੈ, ਪੱਕੀ ਉਮਰ ਦੇ ਵਿੱਚ ਆ ਕੇ ਤੁਸੀ ਲੇਖਣੀ ਲਿਖ ਕੇ ਪਾਠਕਾਂ ਦਾ ਦਿਲ ਜਿੱਤ ਲਿਆ ਹੈ ਤੇ ਖਾਸ ਕਰਕੇ ਵਿਰਸਾ ਜਿਸ ਨੂੰ ਕਿ ਅਜੋਕੀ ਪੀੜੀ ਵਿਸਾਰ ਰਹੀ ਹੈ, ਤੁਸੀ ਨਵੇਂ ਲੇਖਕਾਂ ਨੂੰ ਕੀ ਸੰਦੇਸ਼ ਦੇਣਾ ਚਹੰੁਦੇ ਹੋਂ। 
ਜਵਾਬ : ਮੇਰੀ ਹਮੇਸ਼ਾਂ ਪੁਰਾਣੇ ਲੇਖਕਾਂ ਨੂੰ ਸਲਾਮ ਹੈ, ਮੈਂ ਤਾਂ ਆਪ ਅਜੇ ਖੁਦ ਨਵਾਂ ਹਾਂ ਪਰ ਉਮਰ ਦੇ ਤਜਰਬੇ ਜਾਂ ਅੱਖੀਂ ਵੇਖੇ ਅਨੁਭਵ ਪਾਠਕਾਂ ਨਾਲ ਸਾਂਝੇ ਕਰਦਾ ਹਾਂ। ਮੇਰੀ ਅਜੋਕੇ ਗਾਇਕੀ ਤੇ ਲੇਖਕ ਵੀਰਾਂ ਨੂੰ ਇਹੀ ਬੇਨਤੀ ਹੈ ਕਿ ਸਾਡਾ ਪੁਰਾਤਨ ਪੰਜਾਬੀ ਵਿਰਸਾ ਸਭ ਤੋਂ ਅਮੀਰ ਹੈ, ਸਮੇਂ ਮੁਤਾਬਕ ਤਰੱਕੀ ਕੁਦਰਤ ਦਾ ਨੇਮ ਹੈ, ਪਰ ਪੁਰਾਤਨ ਰੀਤੀ ਰਿਵਾਜਾਂ ਨੂੰ ਸਦਾ ਆਪਣੇ ਦਿਲ ਦੇ ਵਿੱਚ ਵਸਾ ਕੇ ਰੱਖੋ, ਬਜੁਰਗਾਂ ਦਾ ਆਦਰ ਸਤਿਕਾਰ ਕਰਨ ਦੇ ਨਾਲ ਨਾਲ ਉਹਨਾਂ ਤੋਂ ਪੁਰਾਤਨ ਸੱਭਿਆਚਾਰ ਅਤੇ ਵਿਰਸੇ ਦੀ ਜਾਣਕਾਰੀ ਲੈਣੀ ਚਾਹੀਦੀ ਹੈ। ਲੱਚਰਤਾ ਤੋਂ ਦੂਰ ਰਹੋ, ਲੱਚਰ ਨਾ ਲਿਖੋ ਨਾ ਗਾਓ ਤੇ ਨਾ ਸੁਣੋ। 

ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ਰਮਾ ਜੀ ਤੁਸੀ ਆਪਣੀ ਲੇਖਣੀ ਅਤੇ ਜਿੰਦਗੀ ਅਧਾਰਤ ਅਨੁਭਵ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਸਾਡੇ ਪਾਠਕਾਂ ਨਾਲ ਸਾਂਝੇ ਕੀਤੇ।