ਜੀਵਨ ਸੰਘਰਸ਼ਾਂ ਦੀ ਕਾਵਿਕ ਪੇਸ਼ਕਾਰੀ (ਪੁਸਤਕ ਪੜਚੋਲ )

ਗੁਰਮੀਤ ਸਿੰਘ ਫਾਜ਼ਿਲਕਾ   

Email: gurmeetsinghfazilka@gmail.com
Cell: +91 98148 56160
Address: 3/1751, ਕੈਲਾਸ਼ ਨਗਰ
ਫਾਜ਼ਿਲਕਾ India
ਗੁਰਮੀਤ ਸਿੰਘ ਫਾਜ਼ਿਲਕਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਪੁਸਤਕ ----  ਵਿਰਲਾਪ ਕਰਦੇ ਹਾਸੇ
ਸ਼ਾਇਰ ----ਸ਼ਕਤੀ
ਪੰਨੇ ----104   ਮੁਲ ---100 ਰੁਪਏ

ਕਾਮਰੇਡ ਸ਼ਕਤੀ ਮੇਰੇ ਸ਼ਹਿਰ ਦਾ ਸ਼ਾਇਰ ਹੈ । ਉਸਨੂੰ ਘਰ ਵਿਚ ਬਚਪਨ ਤੋਂ ਸੰਘਰਸ਼ਾਂ ਦੀ ਗੁੜ੍ਹਤੀ ਮਿਲੀ ਹੈ। ਉਸ ਦੇ ਪਿਤਾ ਕਾਮਰੇਡ ਵਧਾਵਾ ਰਾਮ ਜੀ ਬਚਪਨ ਤੋਂ ਕਮਿਊਨਿਸਟ ਪਾਰਟੀ ਦੇ ਉਘੇ ਕਾਰਕੁਨ ਸਨ ਤੇ ਲੰਮਾ ਸਮਾਂ ਉਹ ਲੋਕ ਲਹਿਰਾਂ ਦਾ ਅੰਗ ਬਣੇ ਰਹੇ । ਫਾਜ਼ਿਲਕਾ ਦੇ ਸਭ ਤੋਂ ਪਹਿਲੇ ਵਿਧਾਂਇਕ ਸੀ । ਸ਼ਹਿਰ ਦੇ ਐਨ ਵਿਚਕਾਰ ਸਥਿਤ ਪ੍ਰਤਾਪ ਬਾਗ ਵਿਚ ਕਾਮਰੇਡ ਵਧਾਵਾ ਰਾਮ ਜੀ  ਦਾ ਬੁੱਤ ਲਗਾ ਹੋਇਆ ਹੈ । ਤੇ ਉਂਨ੍ਹਾ ਦੇ ਜੀਵਨ ਸੰਘਰਸ਼ਾ ਦੀ ਲੰਮੀ ਗਾਥਾ ਉਕਰੀ ਹੋਈ ਹੈ । ਇਸ ਸਥਾਂਨ ਤੇ ਹਰ ਸਾਲ ਪੰਦਰਾਂ ਅਗਸਤ ਨੂੰ ਪੁਸਤਕ ਦੇ ਸ਼ਾਂਇਰ ਸ਼ਕਤੀ ਦੇ ਸਤਿਕਾਰਤ ਪਿਤਾ ਕਮਰੇਡ ਵਧਾਂਵਾ ਰਾਮ ਜੀ ਦੇ ਜਨਮ ਦਿਨ ਵਾਲੇ ਦਿਨ ਭਾਰੀ ਮੇਲਾ ਲਗਦਾ ਹੈ । ਜਿਸ ਵਿਚ ਪਾਰਟੀ ਦੇ ਕੋਮੀ ਪਧਰ ਦੇ ਬੁਲਾਰੇ ਆਣ ਕੇ ਦੇਸ਼ ਦੀਆਂ ਸਮਾਜਿਕ ਤੇ ਰਾਜਨੀਤਕ ਸਥਿਤੀਆਂ ਦੀ ਚਰਚਾ ਕਰਦੇ ਹਨ । ਮੇਲੇ ਵਿਚ ਕਾਮਰੇਡ ਵਧਾਵਾ ਰਾਮ ਜੀ ਦੀ ਲੋਕ ਪਖੀ ਵਿਚਾਰਧਾਰਾ ਤੇ ਆਜ਼ਾਦੀ ਸੰਗਰਾਮਾਂ  ਦੀ ਗਲ ਖੜਕਵੇਂ ਸ਼ਬਦਾਂ  ਵਿਚ ਹੁੰਦੀ ਹੈ ਤੇ ਕਈ ਨਾਟਕ ਮੰਡਲੀਆਂ ਵੀ ਸਮਾਜਿਕ ਕੁਰੀਤੀਆਂ ਬਾਰੇ ਨਾਟਕ ਖੇਡਦੀਆਂ ਹਨ ।  ਉਂਨ੍ਹਾਂ ਦੇ ਜੀਵਨ ਤੋਂ ਬਹੁਤ ਕੁਝ ਕਾਮਰੇਡ ਸ਼ਕਤੀ ਨੇ ਸਿਖਿਆ। ਸ਼ਕਤੀ ਦੀ  ਇਸ ਪੁਸਤਕ ਵਿਚ ਉਸ ਦੀ ਜੁਝਾਰੂ ਕਲਮ ਤੋਂ ਲਿਖੀਆਂ ਚਾਲੀ ਕਵਿਤਾਵਾਂ ਤੇ ਉਨਤਾਲੀ ਗਜ਼ਲਾਂ ਹਨ ।  ਉਹ ਇਸ ਵੇਲੇ ਸ਼ਹਿਰ ਦੀ ਜ਼ਿਲਾ ਪਰੈਸ ਕਲੱਬ  ਲਾਇਬਰੇਰੀ ਦਾ ਇੰਚਾਰਜ ਹੈ।ਕਿਤਾਬਾਂ ਤੇ ਜੁਝਾਰੂ ਸਾਹਿਤ ਵਿਚ ਹਰ ਵੇਲੇ ਉਹ ਘਿਰਿਆ ਰਹਿੰਦਾ ਹੈ ਤੇ ਸ਼ਹਿਰ ਦੀਆਂ ਕਈ ਸੰਸਥਾਵਾਂ ਨਾਲ ਜੁੜ ਕੇ ਸਮਾਜਿਕ ਕੰਮਾਂ ਵਿਚ ਵਧ ਚੜ੍ਹ ਕੇ ਭਾਗ ਲੈ ਰਿਹਾ ਹੈ । ਇਂਨ੍ਹਾ ਸਤਰਾਂ ਦੇ ਲੇਖਕ ਦੀ ਉਸ  ਨਾਲ ਸਾਹਿਤਕ ਨੇੜਤਾ ਹੈ ।  ਪੁਸਤਕ ਦੀ ਕਵਿਤਾਵਾਂ ਦੇ ਰੰਗ ਵਖਰੇ ਵਖਰੇ ਹਨ । ਇਨ੍ਹਾ ਵਿਚ ਗੀਤ ,ਕਵਿਤਾ ਖੁਲ੍ਹੀ ਕਵਿਤਾ ,ਰੁਬਾਈ ,ਮਿੰਨੀ ਕਾਵਿ ਰੂਪ ਤੇ ਲੈਅ ਬਧ ਸ਼ਾਂਇਰੀ ਦੇ ਰੂਪ ਮਿਲਦੇ ਹਨ । ਇਨਕਲਾਬੀ ਯੋਧਿਆਂ ਨੂੰ ਪੁਸਤਕ ਵਿਚ ਸ਼ਰਧਾਂ ਦੇ ਫੁਲ ਭੇਂਟ ਕੀਤੇ ਗਏ ਹਨ । ਇਕ ਕਵਿਤਾ ਕਿਸਾਨਾਂ ਦਾ ਮਸੀਹਾ (ਪੰਨਾ 29)ਆਪਣੇ ਸਤਿਕਾਰਤ ਪਿਤਾ ਤੇ ਆਜ਼ਾਦੀ ਘੁਲਾਟੀਏ ਕਾਮਰੇਡ ਵਧਾਵਾ ਰਾਮ ਜੀ ਬਾਰੇ ਹੈ। ਸੰਗ੍ਰਹਿ ਵਿਚ "ਟੁਟਦੇ ਭਜਦੇ ਰਿਸ਼ਤੇ" ਲੰਮੀ ਕਵਿਤਾ ਹੈ । ਕਵਿਤਾ ਵਿਚ ਜਜ਼ਬੇ ਪ੍ਰਧਾਂਨ ਹਨ । ਇਸ ਕਵਿਤਾ ਦੀ ਰਵਾਨੀ ਕਮਾਲ ਦੀ ਹੈ । ਸੰਬੋਧਨੀ ਵਾਕ ਪੜ੍ਹ ਕੇ  ਪਾਠਕ ਕੀਲਿਆ ਜਾਂਦਾ ਹੈ ।  ਰੂਪਕ ਪਖ ਤੋਂ ਮਿਆਰੀ ਕਵਿਤਾ ਹੈ ।ਸ਼ਾਂਇਰ ਨਾਟਕੀ ਜੁਗਤ ਦੀ ਵਰਤੋਂ ਕਰਦਾ ਹੈ । 
ਕਮਲੀਏ !ਮੁਹਬਤ ਤਾਂ ਸਰੀਰਾਂ ਤੋਂ ਬਹੁਤ ਅਗਾਂਹ /ਰੂਹ ਦੀ ਕੋਮਲ ਸੀਤਲ ,ਸਾਂਝ ਦਾ ਨਾਂਅ ਹੈ (ਪੰਨਾ 42)
"ਜਜ਼ਬਾਤੀ ਛਲਾਂ" ਨਜ਼ਮ ਵਿਚ ਵੀ ਸ਼ਾਇਰ ਖੁਲ੍ਹ ਕੇ ਆਪਣੇ ਅੰਦਰ ਦੇ ਵਲਵਲੇ ਸਾਹਮਣੇ ਲਿਆਉਂਦਾ ਹੈ । ਕਵਿਤਾ ਦਾ ਪਾਠ ਕਰਦੇ ਹੋਏ ਕਈ ਦ੍ਰਿਸ਼ ਫਿਲਮ ਵਾਂਗੂ ਸਾਹਮਣੇ ਆਈ ਜਾਂਦੇ ਹਨ ।ਇਨ੍ਹਾਂਵਿਚ ਸਾਂਝ ਦੇ ਅਹਿਸਾਸ ,ਭਾਵਕ ਖਿਆਲਾਂ ਦਾ ਵਹਿਣ ,ਦੌੜਦੇ ਸਮੇਂ ਦਾ ਧਰਨਾ ਮਾਰ ਕੈ ਬੈਠ ਜਾਣਾ , ਆਰਥਿਕ ਆਸਾਂਵਾਪਣ ,ਭੁੱਖਾਂ ਦਾ ਅਮੁਕ ਰੇਗਿਸਤਾਨ ,ਆਦਿ ਸ਼ਾਂਬਦਿਕ ਬਿੰਬ ਹਨ । ਪੁਸਤਕ ਦੀਆਂ ਵਧੇਰੇ ਰਚਨਾਵਾਂ ਦੇ ਬਿੰਬ ਲੋਕ ਧਾਰਾ ਨਾਲ ਜੁੜੇ ਹੋਏ ਹਨ ।ਇਕ ਕਵਿਤਾ ਦੇ ਬੋਲ ਹਨ --- ਇਸ ਰੁੱਤ ਨੂੰ ਸਮਝਾਓ ਨੀ ਸਹੀਓ /ਇਹ ਰੁੱਤ ਮੌਤਾਂ ਦਾ ਮੀਂਹ ਵਰ੍ਹਦੀ ।  ਸ਼ਾਂਇਰ ਨਵੇਂ ਸਾਲ ਦੇ ਸੂਰਜ ਤੋਂ ਨਵੀਆਂ ਕਿਰਨਾਂ ਨਾਲ ਸੁਖ ਸ਼ਾਂਤੀ ਆਪਸੀ ਭਾਈਚਾਰਾ ,ਗਰੀਬ ਦੀ ਕੁਲੀ ਵਿਚ  ਚਾਨਣ ਹੋਣ  ਦੀ ਕਾਮਨਾ ਕਰਦਾ ਹੈ । ਸ਼ਾਂਇਰ ਦਾ ਖਿਆਲ ਹੈ ਕਿ ਜੇ ਸਮਾਜ ਵਿਵ ਮਰਦ ਬੂਟਾ ਹੈ ਤਾਂ ਔਰਤ ਦਾ ਰੁਤਬਾ ਮਾਲੀ ਵਾਲਾ ਹੈ ।  ਕਿਉਂ ਕਿ ਔਰਤ ਮਰਦ ਜ਼ਿੰਦਗੀ ਦੇ ਹੁਸੀਨ ਦੋ ਪਹੀਏ ਹਨ । ਜ਼ਿੰਦਗੀ ਦਾ ਸਾਰਾ ਦਾਰੋਮਦਾਰ ਉਂਨ੍ਹਾਂ ਦੀ ਆਪਸੀ ਇਕਸੁਰਤਾ ਤੇ ਸਾਂਝ ਨਾਲ ਹੈ ।  ਬੱਚਿਆਂ ਤੇ ਉਂਨ੍ਹਾਂ ਦਾ ਸਿਧਾਂ ਪ੍ਰਭਾਵ ਪੈਂਦਾ ਹੈ । ਲੋਹੜੀ ਕਵਿਤਾ ਵਿਚ ਉਹ ਗਰੀਬ ਦੇ ਹੌਕੇ ਹਾਵਿਆਂ ਦੀ ਗਲ ਕਰਦਾ ਹੈ ।ਸਮਾਜ ਦੀ ਚਿੰਤਾ ਦੇ ਬੋਲ ਵੇਖੋ ---ਰੋਟੀ ਦੇ ਦੋ ਟੁਕੜਿਆਂ ਖਾਤਰ /ਇਥੇ ਇਜ਼ਤਾਂ ਦੇ ਮੁਲ ਪੈਂਦੇ ।
ਪੁਸਤਕ ਅੰਦਰਲੀ ਸ਼ਾਇਰੀ ਨੂੰ ਘੋਖਵੀਂ ਨਜ਼ਰ ਨਾਲ ਪੜ੍ਹੀਏ ,ਤਾਂ ਇਸ ਵਿਚੋਂ ਜ਼ਿੰਦਗੀ ਦੇ ਕਈ ਰੰਗ ਦਿਸਦੇ ਹਨ । ਸ਼ਾਂਇਰ ਹੁਸਨ ਇਸ਼ਕ ਦੀਆਂ ਬਾਤਾਂ ਨੂੰ ਬੇਵਫਾਈ ਨਾਲ ਜੋੜਦਾ ਹੈ ।  ਉਸ ਲਈ ਇਸ਼ਕ ਨਾਲੋਂ ਬੰਦੇ ਦੀ ਰੋਟੀ ਦਾ ਫਿਕਰ ਹੈ । ਕਿਸੇ ਦੇ ਧੀਮੇ ਬੋਲ ਵੀ ਅਸਰਦਾਇਕ ਹਨ ਜੇ ਉਂਨ੍ਹਾ ਵਿਚ ਸਮਰਥਾ ਹੋਵੇ (ਪੰਨਾ 37) ਉਹ ਕਿਰਤੀ ,ਕਿਸਾਨ ,ਮਿਹਨਤਕਸ਼ ,ਮਜ਼ਦੂਰ ਬੇਰੁਜ਼ਗਾਰ ਦੀ ਜ਼ਿੰਦਗੀ ਤੇ ਉਸ ਦੇ ਹੱਕਾਂ ਦੀ ਗਲ ਆਪਣੀਆਂ ਕਵਿਤਾਵਾਂ ਵਿਚ ਬੁਲੰਦ ਆਵਾਜ਼ ਵਿਚ ਕਰਦਾ ਹੈ । ਉਹ ਮਿਹਨਤਕਸ਼ ਨੂੰ ਦੇਸ਼ ਦਾ ਸਿਰਜਕ ਮੰਨਦਾ ਹੈ ਤੇ ਉਂਨ੍ਹਾਂ ਨੂੰ ਦਿਲੀ ਸ਼ਾਂਬਾਸ਼ ਦਿੰਦਾ ਹੈ । ਉਸ ਦੀਆਂ ਨਜ਼ਮਾਂ ਵਿਚ ਖੜਕਵੇਂ ਬਿੰਬ ਤੇ ਸੁਹਜਮਈ ਅਲੰਕਾਰ ਹਨ । ਇਂਨ੍ਹਾਂ ਵਿਚ ਵਕਤ ਦੇ ਝਖੜ ,ਬਾਰੂਦੀ ਸ਼ਬਦ ,ਉਮਰਾਂ ਦੇ ਮਾਰੂਥਲ ,ਜ਼ਿੰਦਗੀ ਦੀ ਕਿਸ਼ਤੀ, ਕੰਗਾਲੀ ਦਾ ਉਦਾਸ ਚਿਤਰ ,ਘਸਮੈਲੀ ਸ਼ਾਮ ,ਜ਼ਿਕਰਯੋਗ ਹਨ । ਪੁਸਤਕ ਦੀਆਂ ਸਾਰੀਆਂ ਗਜ਼ਲਾਂ ਮਿਆਰੀ ਹਨ। ਵਿਸ਼ਾ ਤੇ ਰੂਪਕ ਪਖ ਤੋਂ ਇਨ੍ਹਾ ਦੀ ਸੁਰ ਬਹੁਪਾਸਾਰੀ ਤੇ ਨਿਵੇਕਲੀ  ਹੈ । ਵਡੀ ਬਹਿਰ ਦੀਆਂ ਗਜ਼ਲਾਂ ਵਿਚ ਸ਼ਾਂਇਰ ਦੇ ਵਿਚਾਰ ਪਾਣੀ ਵਾਂਗ ਵਹਿੰਦੇ ਹਨ ।ਇਂਨ੍ਹਾਂ ਵਿਚ ਮਨੁਖ ਦੀਆਂ ਅਧੂਰੀਆਂ ਸਧਰਾ,ਰਿਸ਼ਵਤਖੋਰੀ ,ਭ੍ਰਿਸ਼ਟਾਚਾਰ  ,ਗੁਰਬਤ, ਨਿਘਰੇ ਸਮਾਜ ਦੀ ਚਿੰਤਾ, ਸਮਾਜਿਕ ਕੁਰੀਤੀਆਂ ,ਔਰਤ ਦੀ ਦਸ਼ਾ , ਅਦਾਰਿਆਂ ਵਿਚ ਹੁੰਦਾ ਸ਼ੋਸ਼ਣ ਆਦਿ ਮੁਖ ਮਸਲੇ ਹਨ । ਪ੍ਰਸਿਧ ਕਾਵਿ ਵਿਅੰਗ ਲੇਖਕ ਹਰਦੀਪ ਢਿਲੋਂ (ਅਬੋਹਰ ) ਨੇ ਟਾਈਟਲ ਪੰਨੇ ਤੇ ਸ਼ਕਤੀ ਦੀਆਂ ਕਾਵਿ ਰਚਨਾਵਾਂ ਨੂੰ ਅਵਲ ਦਰਜਾ ਦਿਤਾ ਹੈ ।ਜਿਸ ਦਾ ਉਹ ਹਕਦਾਰ ਵੀ ਹੈ । ਸ਼ਾਂਇਰ ਦੀ ਦਿਲੀ ਤਮੰਨਾ ਹੈ ਕਿ ਇਸ ਲੋਕਾਈ ਤੇ ਸਮੁਚੀ ਖਲਕਤ ਦੇ ਹਾਸੇ ਵਿਰਲਾਪ ਤੇ ਪੀੜਾ ਵਿਚੋਂ ਨਿਕਲ ਕੇ ਸਹੀ ਅਰਥਾ ਦੇ ਦਿਲੀ ਹਾਸੇ ਬਨਣ ਤੇ ਮਨੁਖ ਮਨੁਖ ਦੀ ਸਾਂਝ ਸਦਾ ਬਰਕਰਾਰ ਰਹੇ । ਇਹ ਧਰਤੀ ਸਹੀ ਅਰਥਾਂ ਵਿਚ ਬੇਗਮਪੁਰਾ ਬਣੇ । ਪੁਸਤਕ ਦਾ ਸਵਾਗਤ ਹੈ ।