ਫ਼ਲਸਫ਼ਾ-ਏ-ਜ਼ਿੰਦਗੀ ਤੂੰ ਦਸ ਕਿਸ ਨੂੰ ਦੋਸ਼ ਦੇਵਾਂ ? (ਕਹਾਣੀ)

ਰੁਪਿੰਦਰ ਸੰਧੂ   

Email: momsandhu9@gmail.com
Address:
ਮੋਗਾ India
ਰੁਪਿੰਦਰ ਸੰਧੂ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਇਕ ਛੋਟੀ ਜਿਹੀ ਰਾਜਕੁਮਾਰੀ ( ਆਪਣੇ ਬਾਬੁਲ ਦੀ ਓਹ ਰਾਜਕੁਮਾਰੀ ) ਸੀ |ਰੱਬ ਨੇ ਜਿੰਨੀ ਸੋਹਣੀ ਬਣਾਈ ਓੰਨੀ ਹੀ ਦਿਮਾਗੀ ਵੀ | ਪੜ੍ਹਾਈ ਲਿਖਾਈ ਵਿਚ ਅਵੱਲ | ਘਰ ਦੇ ਕੰਮਾਂ ਵਿਚ ਨਿਪੁੰਨ | ਜੁਬਾਨ ਦੀ ਮਿੱਠੀ | ਦਿਮਾਗ ਦੀ ਤੇਜ਼ | ਜਿਸਮ ਦੀ ਖੂਬਸੂਰਤ |ਘਰ ਦੇ ਹਰ ਜੀਅ ਦੀ ਅਖਾਂ ਦਾ ਤਾਰਾ | ਬਾਬੁਲ ਲਈ ਤਾਂ ਓਹ ਕਰਮਾਂ ਵਾਲੀ ਇੰਨੀ ਕਿਸਮਤ ਦੀ ਧਨੀ ਸੀ ਕਿ ਓਹ ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਆਪਣੀ ਧੀ ਤੋਂ ਪੁੱਛ ਲੈਂਦਾ ਸੀ | ਬਾਬੁਲ ਨੂੰ ਇੰਜ ਪ੍ਰਤੀਤ ਹੁੰਦਾ ਸੀ ਜੇ ਧੀ ਨੇ ਹਾਂ  ਕਹਿ ਦਿੱਤੀ ਤਾਂ ਮੇਰਾ ਕੰਮ ਸਿਰੇ ਲੱਗ ਜਾਣਾ ਤੇ ਜੇ ਧੀ ਨੇ ਨਾ-ਨੁਕਰ ਕਰ ਦਿੱਤੀ ਤਾਂ ਰੱਬ ਦਾ ਇਸ਼ਾਰਾ ਓਹ ਕੰਮ ਨਹੀ ਬਣੇਗਾ |ਖਵਰੇ ਇਹ ਪਿੱਤਾ ਦੇ ਦਿਲ ਦਾ ਵਹਿਮ ਸੀ ਜਾਂ ਆਪਣੀ ਧੀ ਪ੍ਰਤੀ ਪਿਆਰ ਦਾ ਸਰੂਰ |
                     ਮਾਤਾ-ਪਿਤਾ ਨੂੰ ਇੰਜ ਲਗਦਾ ਸੀ ਧੀ ਨਹੀਂ ਪੁਤਰ ਹੀ ਹੈ| ਜਾਣਦੇ-ਬੁਝਦੇ ਵੀ ਓਹ ਦੋਵੇਂ ਇੰਜ ਮਹਿਸੂਸਦੇ ਸੀ ਜਿਵੇਂ ਇਸ ਧੀ ਨੇ ਪਰਾਏ ਘਰ ਨਹੀਂ ਜਾਣਾ |ਮੋਹ ਦੀਆਂ ਤੰਦਾਂ ਬਹੁਤ ਮਜਬੂਤ ਜਾਪਦੀਆਂ ਸੀ |
                        ਹੌਲੀ ਹੌਲੀ ਵਕ਼ਤ ਬੀਤਦਾ ਗਿਆ ਤੇ ਓਹ ਵਕ਼ਤ ਵੀ ਆ ਗਿਆ ਜਦੋਂ ਮਾਤਾ-ਪਿਤਾ ਨੂੰ ਏਹਸਾਸ ਹੋਇਆ ਕਿ ਇਹ ਪਰਾਈ ਅਮਾਨਤ ਵਾਂਗ ਸਾਡੇ ਕੋਲ ਸੀ | ਹੁਣ ਤੋਰਨੀ ਹੀ ਪੈਣੀ | ਜਮਾਨੇ ਦਾ ਦਸਤੂਰ| ਜਿਗਰਾ ਵੱਡਾ ਕਰਕੇ ਤੇ ਸਮਰਥਾ ਤੋਂ ਵਧ ਕੇ ਬਹੁਤ ਹੀ ਸੋਹਣੇ ਘਰ ਤੇ ਸੋਹਣੇ ਪਰਿਵਾਰ ਦੇ ਇਕ ਲਾਇਕ ਤੇ ਸੋਹਣੇ ਰਾਜਕੁਮਾਰ ਨਾਲ ਓਹਨਾ ਆਪਣੀ ਰਾਜਕੁਮਾਰੀ ਤੋਰ ਦਿੱਤੀ | ਇਸ ਅਰਦਾਸ ਦੇ ਨਾਲ ਕਿ ਇਸ ਨੂੰ ਦੁਨੀਆ ਦੀ ਹਰ ਖੁਸ਼ੀ ਹਰ ਸੁੱਖ ਨਸੀਬ ਹੋਵੇ |
                             ਵਕ਼ਤ ਆਪਣੀ ਚਾਲ ਚਲਦੇ ਗਿਆ ਤੇ ਨਾਲ ਕਰਵਟਾਂ ਵੀ ਬਦਲਦਾ ਗਿਆ | ਹਰ ਕਰਵਟ ਇਕ ਨਵੀਂ ਕਸੌਟੀ ਲਈ ਕੇ ਦਸਤਕ ਦਿੰਦੀ ਰਹੀ | ਰਾਜਕੁਮਾਰੀ ਹੁਣ ਘਰ ਵਿਚ ਪਏ ਸਮਾਨ ਦੇ ਬਰਾਬਰ ਸੀ | ਜਰੂਰਤ ਵੇਲੇ ਇਸਤੇਮਾਲ ਕੀਤਾ ਤੇ ਫਿਰ ਸਜਾ ਦਿੱਤੀ ਜਾਂਦੀ ਸੀ ਘਰ ਵਿਚਲੇ ਸਾਜੋ-ਸਮਾਨ ਵਾਂਗਰ | ਸਭ ਕੁਝ ਸਮਝਦੇ ਹੋਏ ਵੀ ਧੀ ਰਾਣੀ ਚੁੱਪ ਸੀ ਕਿਊਂਕਿ ਘਰੋਂ ਤੋਰਦੇ ਵਕ਼ਤ ਮਾਤਾ-ਪਿੱਤਾ ਨੇ ਇਕ ਵਚਨ ਲਿਆ ਸੀ " ਇਸ ਘਰੋਂ ਤੇਰੀ ਡੋਲੀ ਨਿਕਲ ਰਹੀ ਤੇ ਓਸ ਘਰੋਂ ਹੁਣ ਅਰਥੀ ਨਿਕਲੇ| ਸਾਡੀ ਪੱਗ ਦੀ ਲੱਜ ਰਖੀ|ਹਰ ਹਾਲਤ ਵਿਚ ਆਪਣੇ ਆਪ ਨੂੰ ਢਾਲ ਲਵੀਂ "|
                               ਰਿਸ਼ਤਿਆਂ ਦੀਆਂ  ਮਨਮਾਨੀਆਂ ਤੇ ਓਸ ਦੀ ਚੁੱਪ ਨੇ ਹਾਲਤ ਇਹ ਪੈਦਾ ਕਰ ਦਿੱਤੇ ਕਿ ਓਹ ਚਾਹ ਕੇ ਵੀ ਬੋਲ ਨਹੀਂ ਪਾਈ | ਗਲਤ ਨੂੰ ਗਲਤ ਕਹਿਣ ਦੀ ਜਦ ਵੀ ਕੋਸ਼ਿਸ਼ ਕੀਤੀ; ਓਸ ਦੀ ਕੋਸ਼ਿਸ਼ ਨੂੰ ਬੁਰੀ ਤਰ੍ਹਾਂ ਲਤਾੜ ਦਿੱਤਾ ਗਿਆ | ਆਪਣੇ ਢਿੱਡੋਂ ਜੰਮਿਆਂ ਦੇ ਸਾਹਮਣੇ ਰੋਜ਼ ਜਲੀਲ ਹੋਣਾ ਓਸ ਨੂੰ ਤੋੜ ਕੇ ਰਖ ਗਿਆ | ਵਕ਼ਤ ਨਾਲ ਸਮਝੋਤਾ ਕਰਨਾ ਮਜਬੂਰੀ ਬਣ ਗਈ | ਤੇ ਇਕ ਦਿਨ ਫ਼ਰਮਾਨ ਹੋਇਆ  ਆਪਣੇ ਖੂਨ ਦੇ ਰਿਸ਼ਤੇ ਜਾਂ ਆਪਣੇ ਪੇਟ ਦੇ ਰਿਸ਼ਤੇ | ਚੁਣਨਾ ਓਸ ਦੀ ਮਰਜੀ ਸੀ | ਪੇਟ ਦੇ ਰਿਸ਼ਤੇ ਖੂਨ ਦੇ ਰਿਸ਼ਤਿਆਂ ਉਪਰ ਜਿਆਦਾ ਵਜਨਦਾਰ ਸਾਬਿਤ ਹੋਏ | ਤੇ ਓਸ ਨੇ ਚੜਾ ਲਿਆ ਇਕ ਮਖੌਟਾ ਆਪਣੇ ਬਹੁਤ ਹੀ ਖੁਸ਼ਨੁਮਾਂ ਇਨਸਾਨ ਹੋਣ ਦਾ | 
                      ਹਰ ਕਿਸੇ ਨੂੰ ਓਸ ਦੇ ਮੁਸਕੁਰਾਉਂਦੇ ਚੇਹਰੇ ਤੇ ਰਸ਼ਕ ਹੁੰਦਾ ਹੈ | ਤੇ ਹਰ ਕੋਈ ਓਸ ਵਰਗੀ ਕਾਮਯਾਬ ਜ਼ਿੰਦਗੀ ਦੀ ਕਾਮਨਾ ਵੀ ਕਰਦਾ ਹੈ | ਪਰ ਕਿਸੇ ਨਾ ਦੇਖਣੇ ਕਦੇ ਓਸ ਦੇ ਕਾਲੀ ਰਾਤ ਦੀ ਬੁੱਕਲ ਵਿਚਲੇ ਹੰਝੂ ਤੇ ਹਟਕੋਰੇ | ਇਹਨਾ ਹੰਝੂਆਂ ਤੇ ਹਟਕੋਰਿਆਂ ਦਾ ਇੱਕੋ ਇਕ ਗਵਾਹ ਹੈ ਓਸ ਦਾ ਸਿਰਹਾਣਾ ; ਜੋ ਮੂਕ ਦਰਸ਼ਕ ਵੀ ਹੈ ਤੇ ਮੂਕ ਸਾਥੀ ਵੀ |
   ਸਵਾਲ ਇਹ ਉਠਦਾ ਹੈ ਦੋਸ਼ੀ ਕੋੰਣ ?
ਹਾਲਾਤ / ਮਾਤਾ-ਪਿਤਾ / ਓਹ ਲੜਕੀ / ਰੱਬ ?
   "ਫ਼ਲਸਫ਼ਾ-ਏ-ਜ਼ਿੰਦਗੀ ਤੂੰ ਦਸ ਕਿਸ ਨੂੰ ਦੋਸ਼ ਦੇਵਾਂ ?"
                        ਕਾਸ਼ ਰੱਬਾ ਤੂੰ ਇਕ ਵਾਰ ਧੀ ਬਣ ਕੇ ਧਰਤੀ ਤੇ ਆਵੇਂ ਤੇ ਮਹਿਸੂਸ ਤੇਰੀ ਬਣਾਈ ਇਹ ਦੁਨੀਆਂ ਧੀਆਂ ਲੈ ਕਿੰਨੀ ਕੁ ਖੂਬਸੂਰਤ ਹੈ ?