ਮਨਜੀਤ ਮਿਹਨਤ ਮਜ਼ਦੂਰੀ ਕਰ ਕੇ ਆਪਣੇ ਘਰ ਦਾ ਗੁਜ਼ਾਰਾ ਚਲਾ ਰਹੀ ਸੀ। ਗਰੀਬ ਜ਼ਰੂਰ ਸੀ ਪਰ, ਇਮਾਨਦਾਰੀ ਤੇ ਵਫਾਦਾਰੀ ਦੀ ਖੁਸ਼ਬੂ ਉਸ 'ਚੋਂ ਸਦਾ ਮਹਿਕਾਂ ਖਿਲਾਰਦੀ। ਹਰ ਕੋਈ ਉਸ ਦੀ ਇਮਾਨਦਾਰੀ ਦੀ ਹਾਮੀ ਭਰਨ ਤੋਂ ਨਹੀਂ ਸੀ ਝਿਜਕਦਾ। ਮਨਜੀਤ ਵੀ ਪੂਰੇ ਉਤਸ਼ਾਹ ਨਾਲ ਹਰ ਇੱਕ ਦਾ ਕੰਮ ਕਰਦੀ। ਉਸ ਨੂੰ ਲੱਗਦਾ ਕਿ ਜਿਨ੍ਹਾਂ ਦੇ ਘਰਾਂ ਵਿੱਚ ਉਹ ਕੰਮ ਕਰ ਰਹੀ ਸੀ, ਉਸ ਦੇ ਦੁੱਖ ਦਰਦ ਦੇ ਸਾਥੀ ਕੇਵਲ ਉਹੋ ਹੀ ਹਨ।
ਉਮਰ ਦੇ ਨਾਲ ਮਨਜੀਤ ਦੀ ਨਜ਼ਰ ਕਮਜ਼ੋਰ ਹੁੰਦੀ ਗਈ। ਡਾਕਟਰ ਨੂੰ ਵਿਖਾਉਣ 'ਤੇ ਪਤਾ ਲੱਗਾ ਕਿ ਦੋਵੇਂ ਅੱਖਾਂ ਖਰਾਬ ਹਨ। ਲੈਨਜ਼ ਪਵਾਉਣੇ ਪੈਣੇ ਹਨ, ਪਰ ਇੱਕ ਅੱਖ ਦਾ ਲੈਨਜ਼ ਬਦਲਾਉਣਾ ਬਹੁਤ ਜ਼ਰੂਰੀ ਸੀ। ਪੈਸਿਆਂ ਦੀ ਕਮੀ ਦੇ ਬਾਵਜੂਦ, ਮਨਜੀਤ ਨੇ ਆਪ੍ਰੇਸ਼ਨ ਦਾ ਮਨ ਬਣਾ ਲਿਆ ਕਿਉਂਕਿ ਉਸ ਨੂੰ ਉਸ ਅਮੀਰ ਘਰ ਵਾਲਿਆਂ 'ਤੇ ਮਾਣ ਸੀ ਜਿਨ੍ਹਾ ਦੇ ਘਰ ਉਹ ਪਿਛਲੇ ਵੀਹ ਸਾਲਾਂ ਤੋਂ ਕੰਮ ਕਰ ਰਹੀ ਸੀ।ਸਮਾਂ ਵੇਖ ਕੇ ਮਨਜੀਤ ਨੇ ਇੱਕ ਦਿਨ ਆਪਣੀ ਮਾਲਕਣ ਕੋਲੋਂ ਦੋ ਹਜ਼ਾਰ ਰੁਪਏ ਦੀ ਮੰਗ ਕੀਤੀ ਅਤੇ ਚਾਰ ਮਹੀਨਿਆਂ ਵਿੱਚ ਕੱਟਣ ਲਈ ਕਿਹਾ। ਮਾਲਕਣ ਨੇ ਪੈਸਿਆਂ ਦੀ ਕਮੀ ਦਾ ਬਹਾਨਾ ਬਣਾ ਕੇ ਉਸ ਨੂੰ ਕੋਰਾ ਹੀ ਨਾਂਹ ਕਰ ਦਿਤੀ। ਮਨਜੀਤ ਰੋ ਰਹੀ ਸੀ ਤੇ ਆਪਣੀ ਵਫਾਦਾਰੀ ਦੇ ਵਾਸਤੇ ਪਾ ਰਹੀ ਸੀ ਪਰ ਮਾਲਕਣ ਨੇ ਉਸ ਨੂੰ ਪੱਲਾ ਨਾ ਫੜਾਇਆ।
ਅਚਾਨਕ ਬਾਹਰੋਂ ਆਵਾਜ਼ ਆਈ, ਸਵਰਗ ਦਾ ਦੁਆਰ ਪ੍ਰਾਪਤ ਕਰਨ ਲਈ ਮਹਾਂਪੁਰਖਾਂ ਦਾ ਆਸ਼ੀਰਵਾਦ ਲਓ। ਮਾਲਕਣ ਆਵਾਜ਼ ਸੁਣ ਕੇ ਦੌੜੀ ਬਾਹਰ ਨੂੰ। ਇਕ ਚੇਲਾ ਪੁਕਾਰ ਰਿਹਾ ਸੀ, "ਮਹਾਂਪੁਰਖਾਂ ਦੇ ਘਰ ਵਿੱਚ ਚਰਨ ਪੁਆ ਕੇ ਕੇਵਲ ਗਿਆਰਾਂ ਹਜ਼ਾਰ ਰੁਪਏ ਵਿੱਚ ਸਵਰਗ ਦਾ ਦੁਆਰ ਪ੍ਰਾਪਤ ਕਰੋ"। ਮਾਲਕਣ ਨੇ ਇਕੱਤੀ ਹਜ਼ਾਰ ਵਿੱਚ ਪੂਰੇ ਪਰਿਵਾਰ ਲਈ ਸਵਰਗ ਦੇ ਦੁਆਰ ਦਾ ਆਸ਼ੀਰਵਾਦ ਪ੍ਰਾਪਤ ਕਰ ਲਿਆ। ਮਾਲਕਣ ਬਹੁਤ ਖੁਸ਼ ਸੀ ਜਿਵੇਂ ਫੁੱਲਾਂ ਵਰਗੀ ਮਹਿਕ ਦਾ ਉਸ ਦੇ ਘਰ ਵਿੱਚ ਪਸੇਰਾ ਹੋ ਗਿਆ ਹੋਵੇ।
ਸਾਹਮਣੇ ਖੜੀ ਮਨਜੀਤ ਇਹ ਸਭ ਕੁਝ ਵੇਖ ਕੇ ਦੁਖੀ ਹੋ ਰਹੀ ਸੀ। ਅਚਾਨਕ ਉਸ ਦੇ ਕੋਲ ਖੜੇ ਮਜ਼ਦੂਰ ਨੇ ਇੱਕ ਫਟੇ ਪੁਰਾਣੇ ਰੁਮਾਲ ਦੀਆਂ ਕਈ ਤਹਿਆਂ ਵਿੱਚੋਂ ਪੰਜ ਸੌ ਦਾ ਨੋਟ ਮਨਜੀਤ ਨੂੰ ਦਵਾਈ ਲਈ ਦਿੱਤਾ। ਮਨਜੀਤ ਕਦੇ ਮਜ਼ਦੂਰ ਵੱਲ ਤੇ ਕਦੇ ਉਸ ਮਾਲਕਣ ਵੱਲ ਵੇਖ ਰਹੀ ਸੀ। ਉਸ ਨੂੰ ਲੱਗਾ ਜਿਵੇਂ ਸਰਦੀ ਵਿੱਚ ਵੀ ਜੇਠ-ਹਾੜ ਦੀ ਦੁਪਹਿਰ ਨੇ ਉਸ ਦਾ ਪਿੰਡਾ ਲੂਹ ਦਿੱਤਾ ਹੋਵੇ।
ਮੈਂ ਇਹ ਸਭ ਵੇਖ ਕੇ ਸੋਚ ਰਿਹਾ ਸੀ ਕਿ ਸਵਰਗ ਦੇ ਦੁਆਰ ਦਾ ਅਸਲੀ ਹੱਕਦਾਰ ਕੌਣ? ਇਹ ਮਜ਼ਦੂਰ ਜਾਂ ਅਮੀਰ ਮਾਲਕਣ ਦੇ ਪਰਿਵਾਰ ਦੇ ਮੈਂਬਰ।