ਇੱਕ ਸਦੀ ਨੂੰ ਸਜਦਾ (ਲੇਖ )

ਵਿਵੇਕ    

Email: vivekkot13@gmail.com
Address: ਕੋਟ ਈਸੇ ਖਾਂ
ਮੋਗਾ India
ਵਿਵੇਕ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਅਸਮਾਨ ਤੇ ਬੱਦਲ ਬਣੇ ਹੋਏ ਸਨ।ਚਲੋ ਚੰਗਾ ਹੀ ਹੈ ਮੀੰਹ ਪੈ ਜਾਵੇ ।ਸਾਵਨ ਦਾ ਮਹੀਨਾ ਹੈ ਤੇ ਬੂੰਦ ਬੰਦ ਨੂੰ ਤਰਸੇ ਪਏ ਹਾਂ।ਮੈਂ ਉੱਪਰ ਵੱਲ ਨੂੰ ਵੇਖਦਿਆਂ  ਮਨ ਹੀ ਮਨ ਕਿਹਾ।ਘੜੀ ਨੇ ਸਵੇਰ ਦੇ ਸਾਢੇ ਅੱਠ ਦਾ ਸੰਕੇਤ ਦੇ ਦਿੱਤਾ ਤਾਂ ਮੈਨੂੰ ਹੋਰ ਕਾਹਲ ਪੈ ਗਈ।ਅਸਾਂ ਨੇ ਤਾਂ ਸਾਢੇ ਅੱਠ ਵਜੇ ਤੁਰਨਾ ਸੀ ਤੇ ਮੈਂ ਤਾਂ ਅਜੇ ਘਰ ਹੀ ਫਿਰਦਾ ਹਾਂ।ਅਗਾਂਹ ਵੀ ਕਹਿ ਦਿੱਤਾ ਸੀ ਕਿ ਨੌ ਕੁ ਵਜੇ ਪੁੰਹਚ ਜਾਵਾਂਗੇ।ਇਸ ਹਿਸਾਬ ਨਾਲ ਤਾਂ ਨੀ ਪੁਹੰਚਦੇ।ਮੇਰੇ ਦਿਮਾਗ ਚ ਅਜਿਹੀ ਹਲਚਲ ਚਲ ਹੀ ਰਹੀ ਸੀ ਕਿ ਮਾਸਟਰ ਸ਼ਮਸ਼ੇਰ ਸਿੰਘ ਹੁਰਾਂ ਦੀ ਰਿੰਗ ਆ ਗਈ। 'ਹਾਂ ਬਈ ਕਦੋਂ ਤੁਰਨਾ ,ਹਾਂ ਜੀ ਬੱਸ ਤੁਸੀ ਆ ਜੋ,ਮੇਨ ਚੌਂਕ ਵਿੱਚ ਮੈਂ ਬੱਸ ਆਇਆ। 'ਬਾਕੀ ਸਾਥੀ ਆ ਗੇ।ਹਾਂ ਜੀ ਹਾਂ ਜੀ ਉਹ ਵੀ ਆ ਜਾਣਗੇ ਤੁਸੀ ਆਜੋ,।

   ਅਸਮਾਨ ਤੇ ਬੱਦਲ ਹੋਰ ਗਹਿਰੇ ਹੋ ਰਹੇ ਸਨ।ਘਰੋਂ ਤੁਰਿਆ ਤਾਂ ਨਿੱਕੀ ਨਿੱਕੀ ਭੁਰ ਸ਼ੁਰੂ ਵੀ ਹੋ ਗਈ।ਮੇਰੇ ਮਨ ਚ" ਚਾਅ ਤੇ ਉਤਸ਼ਾਹ ਸੀ ਕਿ ਚਲੋ ਅੱਜ ਦੋਸਤਾਂ ਨਾਲ ਜਾਣ ਦਾ ਸੱਬਬ ਬਣਿਆ।ਇਹ ਦਿਨ ਜੀਵਨ ਦਾ ਯਾਦਗਾਰੀ ਦਿਨ ਹੋ ਜਾਵੇਗਾ।ਜਦੋਂ ਅਸੀਂ ਦੋਸਤ ਪੰਜਾਬੀ ਸਾਹਿਤ ਦੇ ਪਿਤਾਮਾ ਨਾਵਲਕਾਰ ਸ੍ਰ; ਜਸਵੰਤ ਸਿੰਘ ਕੰਵਲ ਦੇ ਨੇੜੇ ਹੋ ਕੇ ਬੈਠਾਗੇ।ਇਹ ਉਤਸ਼ਾਹ ਪਵਨ ਕੁਮਾਰ ਅਤੇ ਜੀਵਨ ਸਿੰਘ ਹਾਣੀ ਹੁਰਾਂ ਦੇ ਮਨ ਵਿੱਚ ਵੀ ਸੀ।

    ਜਦੋਂ ਅਸੀਂ ਮੇਨ ਚੌਂਕ ਵਿੱਚ ਇੱਕਠੇ ਹੋਏ ਤਾਂ ਨਿੱਕੀ ਭੂਰ ਬਾਰਿਸ਼ ਵਿੱਚ ਤਬਦੀਲ ਹੋ ਗਈ ।ਸਾਡੇ aੇਤਸ਼ਾਹ ਵਿੱਚ ਉਤਸ਼ਾਹ ਮਿਲਾਉਂਦੇ ਹੋਏ ਅਸਮਾਨ ਤੋਂ ਬਾਰਿਸ਼ ਆ ਰਹੀ ਪ੍ਰਤੀਤ ਹੋ ਰਹੀ ਸੀ ਤੇ ਅਸੀਂ ਏਸੇ ਕਿਣ ਮਿਣ ਦੇ ਨਜ਼ਾਰੇ ਵਿੱਚ ਖੁਸ਼ ਸੀ ਕਿ ਚਲੋ ਤਪਸ਼ ਤੋਂ ਤਾਂ ਰਾਹਤ ਮਿਲੀ।ਹਲਕੇ ਠੰਡੇ ਮੌਸਮ ਵਿੱਚ ਇਹ ਮੁਲਾਕਾਤ ਹੋਰ ਵੀ ਯਾਦਗਾਰੀ ਹੋ ਜਾਵਗੀ।

    ਸਾਡੀ ਕਾਰ ਮੇਨ ਰੋਡ ਤੋਂ ਹੋਕੇ ਪਿੰਡਾਂ ਵਿੱਚ ਦੀ ਹੁੰਦੀ ਹੋਈ ਢੁੱਡੀਕੇ ਵੱਲ ਨੂੰ ਤੁਰ ਪਈ।ਅਜੀਤਵਾਲ ਕੋਲ ਪੁੰਹਚੇ ਤਾਂ ਬਾਰਿਸ਼ ਬੰਦ ਹੋ ਗਈ ।ਸੜਕ ਤੇ ਪਏ ਚਿੱਕੜ ਨੇ ਦੱਸ ਦਿੱਤਾ ਸੀ ਕਿ ਮੀਂਹ ਏਥੇ ਪਹਿਲਾਂ ਹਾਜ਼ਰੀ ਭਰ ਚੁੱਕਾ ਸੀ।ਆਸੇ ਪਾਸੇ ਦੇ ਖੇਤ ਪਾਣੀ ਨਾਲ ਭਰੇ ਹੋਏ ਸਨ।ਅਸਮਾਨ ਬਿਲਕੁੱਲ ਸਾਫ ਸੀ।ਵ     ੱਡੀ ਸੜਕ ਤੋਂ ਜਦ ਪਿੰਡ ਵੱਲ ਮੁੜੇ ਤਾਂ ਇਸ ਸੜਕ ਦੀ ਹਾਲਤ ਤਾਂ ਬਹੁਤ ਹੀ ਮਾੜੀ ਸੀ।ਮਨ ਚ" ਨਿਰਾਸ਼ਾ ਜਿਹੀ ਭਰ ਗਈ ਕਿ ਜਿਸ ਪਿੰਡ ਵਿੱਚ ਸਾਹਿਤ ਦਾ ਰਸੀਆ ਪੰਜਾਬੀ ਭਾਸ਼ਾ ਦਾ ਉਪਾਸਕ ਅਤੇ ਪੰਜਾਬੀ ਨਾਵਲ ਨੂੰ ਬੁਲੰਦੀਆ ਤੇ ਲੈ ਕੇ ਜਾਣ ਵਾਲਾ ਸੌ ਸਾਲ ਦੀ ਉਮਰ ਦੇ ਨੇੜੇ ਢੁੱਕਿਆ ਲੇਖਕ ਰਹਿੰਦਾ ਹੋਵੇ ਉਸ ਦੀ ਇਹ ਹਾਲਤ, ਇਹ ਸੜਕ ਤਾਂ ਕਿਸੇ ਚੰਗੇ ਨਗਰ ਦੀ ਸੜਕ ਵਰਗੀ ਹੋਣੀ ਚਾਹੀਦੀ ਸੀ।ਖੁੱਲੀ ਡੁੱਲੀ ਸੜਕ ਦੇ ਚਾਰੇ ਪਾਸੇ ਰਹੇ ਭਰੇ ਰੁੱਖ ਹੁੰਦੇ ਜੋ ਲੇਖਕ ਦੀ ਉਚਾਈ ਦੀ ਗਵਾਹੀ ਭਰਦੇ।ਇਸ ਵੇਲੇ ਤਾਂ ਸੜਕ ਤੇ ਪਏ ਟੋਇਆ ਚ ' ਥਾਂ ਥਾ ਪਾਣੀ ਖੜਾ ਸੀ ।ਅੱਗੇ ਗਏ ਤਾਂ ਫਾਟਕ ਬੰਦ।

  ਪਿੰਡ ਵੜਦੇ ਹੀ ਫਿਰਨੀ ਤੇ ਬਣੀ ਦੁਕਾਨ ਤੋਂ ਲੇਖਕ ਦੇ ਘਰ ਬਾਰੇ ਪੁੱਛਿਆ।ਦੁਕਾਨਦਾਰ ਨੇ ਬਹੁਤ ਹੀ ਸਲੀਕੇ ਨਾਲ ਸਾਨੂੰ ਘਰ ਸਮਝਾ ਦਿੱਤਾ।ਸ਼ਮਸ਼ੇਰ ਸਿੰਘ ਨੇ ਜਿਧਰ ਇਸ਼ਾਰਾ ਹੋਇਆ ਸੀ ਉਧਰ ਕਾਰ ਘੁੰਮਾ ਦਿੱਤੀ।ਅਗਾਂਹ ਇੱਕ ਥਾਂ ਤੇ ਬਜ਼ੁਰਗਾਂ ਦੀ ਢਾਣੀ ਬੈਠੀ ਸੀ ਉਹਨਾਂ ਤੋਂ ਪੁਛਿਆ ਤਾਂ ਉਹਨਾਂ ਨੇ ਦੱਸਿਆਂ ਕਿ ਜਿਸ ਹਵੇਲੀ ਚ ਅਸ਼ੋਕਾ ਲੱਗਿਆ ਉਹੀ ਹੈ।ਉੱਥੇ ਚਲੇ ਜਾਓ।

  ਸਾਡੀ ਕਾਰ ਗੇਟ ਅੱਗੇ ਰੁਕੀ ਤਾਂ ਵੇਖਿਆ ਕੰਵਲ ਸਾਹਿਬ ਕੁਰਸੀ ਤੇ ਬੈਠੇ ਅਖਬਾਰ ਪੜ੍ਹ ਰਹੇ ਸਨ।ਉਹਨਾਂ ਤੇ ਨਜ਼ਰ ਪੈਂਦੇ ਹੀ ਸਾਡੇ ਚਿਹਰੇ ਖਿੜ ਪਏ।ਸਾਡੀ ਮੰਜ਼ਲ ਸਾਡੇ ਸਾਹਮਣੇ ਸੀ।ਤੁਰਨ ਤੋੰ ਪਹਿਲਾਂ ਘਰ ਫੋਨ ਕਰ ਦਿੱਤਾ ਸੀ ਕਿ ਅਸੀਂ ਨੌ ਕੁ ਵਜੇ ਪੁਹੰਚਾਗੇ।ਪਰ ਅਸੀਂ ਤਾਂ ਦਸ ਵਜੇ ਪੁਹੰਚੇ।ਫਿਰ ਵੀ ਉਹ ਸ਼ਾਤ ਚਿੱਤ ਬੈਠੇ ਸ਼ਾਇਦ ਸਾਡਾ ਹੀ ਇੰਤਜ਼ਾਰ ਕਰ ਰਹੇ ਸਨ।

      ਅਸੀਂ ਜਾ ਸਤਿ ਸ਼੍ਰੀ ਅਕਾਲ ਬੁਲਾਈ ਤਾਂ ਉਠ ਕੇ ਬੜੀ ਹੀ ਗਰਮਜੋਸ਼ੀ ਨਾਲ ਸਾਨੂੰ ਮਿਲੇ ਜਿਵੇਂ ਇੱਕ ਉਤਸ਼ਾਹੀ ਨੌਜੁਆਨ ਮਿਲਦਾ ਹੈ।ਉਹਨਾਂ ਦੀ ਵਡੇਰੀ ਉਮਰ ਵਿਚੋਂ ਇਹ ਜ਼ਿੰਦਾਦਿਲੀ ਵੇਖ ਮਨ ਬਾਗੋ ਬਾਗ ਹੋ ਗਿਆ।ਕਮਰੇ ਅੰਦਰ ਜ਼ਾਦੇ ਹੀ ਉਹਨਾਂ ਕਿਹਾ ਦਸੋ ਤੁਹਾਡਾ ਕੀ ਹਾਲ ਚਾਲ ਹੈ ਜੇ ਕੋਈ ਕੰਮ ਹੈ ਤਾਂ ਮੈਂ ਤੁਹਾਡੇ ਨਾਲ ਹਾਂ।ਪੰਜਾਬ ਤਾਂ ਮੇਰੀ ਜਾਨ ਹੈ ਮੈਂ ਹਰ ਫਰੰਟ ਤੇ ਤੁਹਾਡੇ ਨਾਲ ਕੰਮ ਕਰਨ ਨੂੰ ਤਿਆਰ ਹਾਂ।ਦੱਸੋ ਮੈਨੂੰ ਦੱਸੋ।ਉਹਨਾਂ ਦੇ ਇਹ ਬੋਲ ਹੋਰ ਵੀ ਉਤਸ਼ਾਰ ਭਰਪੂਰ ਸਨ।"ਨਹੀ ਨਹੀ ਕੁੱੱਝ ਨਹੀ ਬਾਪੂ ਜੀ ਅਸੀਂ ਤਾਂ ਤਹਾਨੂੰ ਮਿਲਣ ਆਏ ਹਾਂ,। ਸ਼ਮਸ਼ੇਰ ਸਿੰਘ ਨੇ ਬੜੀ ਨਿਮਰਤਾ ਨਾਲ ਹੱਥ ਜੋੜਦੇ ਹੋਏ ਕਿਹਾ।ਅੱਗੇ ਹੋ ਹਾਣੀ ਸਾਹਿਬ ਨੇ ਬਾਂਹ ਫੜ ਕਿਹਾ, ਆਓ ਬੈਠੋ' ਤੇ ਉਹਨਾਂ ਨੂੰ ਆਪਣੇ ਨਾਲ ਹੀ ਸੋਫੇ ਤੇ ਬੈਠਾ ਲਿਆ।

   ਚੰਗੀ ਖੁੱਲੀ ਥਾਂ ਸੀ ਚਾਰੇ ਪਾਸੇ ਹਰਿਆਵਲ ਹੀ ਹਰਿਆਵਲ,ਰੁੱਖਾਂ ਦੀਆਂ ਕਤਾਰਾਂ,ਟਹਿਕਦੇ ਮਹਿਕਦੇ ਫੁੱਲ,ਹਰਾ ਹਰਾ ਘਾਹ ਆਪਣੇ ਮਾਲਿਕ ਵਾਂਗ ਹੀ ਹਰ ਆਏ ਦਾ ਖਿੜੇ ਮ    ੱਥੇ ਸਵਾਗਤ ਕਰਦੇ ਜਾਪਦੇ ਸਨ।ਸਾਨੂੰ ਲੱਗਿਆ ਕਿ ਕੰਵਲ ਸਾਹਿਬ ਦੀ ਵੱਡੀ ਉਮਰ ਦਾ ਰਾਜ ਵੀ ਇਹੀ ਹੈ ਕਿ ਸ਼ਾਤ ਕੁਦਰਤੀ ਵਾਤਾਵਰਨ ਚ ਰਹਿੰਦੇ ਹਨ।ਫੁੱਲਾਂ ਬੂਟਿਆ ਨਾਲ ਗੱਲਾਂ ਕਰਦੇ ਹਨ।ਇਹਨਾਂ ਵਰਗਾ ਹੀ ਕੁਦਰਤੀ ਜੀਵਨ ਹੈ।ਜੋ ਹਰ ਕਿਸੇ ਨੂੰ ਸ਼ੀਤਲਤਾ ਪ੍ਰਦਾਨ ਕਰਦਾ ਹੈ ਕਿਉਕਿ ਜਿਨਾਂ੍ਹ ਚਿਰ ਅਸੀਂ ਉੱਥੇ ਬੈਠੇ ਰਹੇ ਸਾਨੂੰ ਰੂਹਾਨੀ ਸ਼ਾਤੀ ਦਾ ਅਭਾਸ ਹੁੰਦਾ ਰਿਹਾ।ਅਸੀਂ ਅਜੇ ਬੈਠੇ ਹੀ ਸਾਂ ਕਿ ਇੱਕ ਦਮ ਉਠ ਕੇ ਬੋਲੇ ।ਤੁਸੀ ਬੈਠੋ ਮੈਂ ਮੁੰਡੇ ਨੂੰ ਸੱਦ ਕੇ ਲਿਆਂਦਾ ਹਾਂ ਉਹ ਤੁਹਾਡੇ ਚਾਹ ਪਾਣੀ ਦਾ ਪ੍ਰਬੰਧ ਕਰੇ।

"ਨਹੀ ਨਹੀ ਤੁਸੀਂ ਬੈਠੋ,ਅੱਗੇ ਹੋ ਪਵਨ ਨੇ ਉਹਨਾਂ ਨੂੰ ਬਹਿ ਜਾਣ ਲਈ ਕਿਹਾ।ਤੁਸੀ ਬਾਹਰ ਜਾਓ ਆਹ ਨੇੜੇ ਹੀ ਮੇਰਾ ਦੂਜਾ ਘਰ ਹੈ ।ਉਥੋਂ ਮੁੰਡੇ ਨੂੰ ਸੱਦ ਲਿਆਓ।ਉਹਨਾਂ ਸੰਖੇਪ ਜਿਹਾ ਸਮਝਾ ਦਿੱਤਾ।ਮੈਂ ਤੇ ਪਵਨ ਬਾਹਰ ਆ ਇੱਕ ਜ਼ਾਦੇ ਰਾਹੀ ਤੋਂ ਪੁੱਛਿਆਂ ਤਾਂ ਉਹ ਸਾਨੂੰ ਨਾਲ ਹੀ ਗਲੀ ਚ ਘਰ ਕੋਲ ਹੀ ਛੱਡ ਆਇਆ।

   ਉਹਨਾਂ ਦੇ ਲੜਕੇ  ਸਰਬਜੀਤ ਨੇ ਸਾਡੇ ਨਾਲ ਬਹਿ ਕੰਵਲ ਸਾਹਿਬ ਬਾਰੇ ਗੱਲਬਾਤ ਕੀਤੀ ਕਿਉਕਿ ਉਹਨਾਂ ਨੂੰ ਵਡੇਰੀ ਉਮਰ ਹੋ ਜਾਣ ਕਰਕੇ ਉੱਚਾ ਸੁਣਦਾ ਸੀ।ਇਸ ਬਾਰੇ ਉਹਨਾਂ ਹੱਸਦੇ ਹੋਏ ਕਿਹਾ ਯਾਰ ਮੈਨੂੰ ਸੁਣਦਾ ਤਾਂ ਸਾਰਾ ਸੀ ਇੱਕ ਦਿਨ ਕੰਨ ਚ ਕੁੱਝ ਤਕਲੀਫ ਹੋਈ ਇਲਾਜ਼ ਕਰਵਾਇਆ ਸਗੋਂ ਉੱਚਾ ਸੁਨਣ ਲੱਗ ਪਿਆ।ਅਸੀਂ ਵੀ ਮਾੜਾ ਜਿਹਾ ਮੁਸਕਰਾ ਪਏ।ਅਸੀਂ ਸਾਰੇ ਸਾਥੀ ਵਾਰੋ ਵਾਰੀ ਉਹਨਾਂ ਕੋਲ ਬਹਿ ਫੋਟੋ ਖਿਚਵਾ ਰਹੇ ਸਾਂ ਉਹ ਇੱਕਦਮ ਸ਼ਾਤ ਬੈਠੇ ਸਾਡਾ ਸਾਥ ਦੇ ਰਹੇ ਸਨ।ਉਹਨਾਂ ਦਾ ਚਿਹਰਾ ਜਾਪਦਾ ਸੀ ਜਿਵੇਂ ਕੋਈ ਤਪਸਵੀ ਆਪਣੀ ਤਪੱਸਿਆ ਚ ਲੀਨ ਹੋਵੇ ।ਵਿੱਚ ਵਿੱਚ ਉਹ ਕਹਿ ਦਿੰਦੇ ਜਿਂaੇਦੇ ਰਹੋ।ਸਾਡੇ ਵਾਰ ਵਾਰ ਕੁੱਝ ਬੋਲਣ ਤੇ ਉਹਨਾਂ ਸ਼ੇਅਰ ਸੁਨਾਇਆ।

  'ਹਮ ਚਲੇ ਤੋਂ ਰਾਹ ਗੁਜ਼ਰ ਨਾ ਥੀ,

   ,ਤੁਮ ਆਏ ਤੋਂ ਮੰਜ਼ਿਲੇ ਲਾਏ,

 ,ਜੇ ਸੋਚਿਆ ਜਾਵੇ ਕੰਵਲ ਸਾਹਿਬ ਇੱਕ ਤੱਪਸਵੀ ਹੀ ਹਨ ਜਿਨਾਂ੍ਹ ਨੇ ਸਾਹਿਤ ਦਾ ਤਪ ਕੀਤਾ।ਕਈ ਸ਼ਾਹਕਾਰ ਰਚਨਾਵਾਂ ਮਾਂ ਬੋਲੀ ਦੀ ਝੋਲੀ ਪਾਈਆ।ਗੱਲਾਂ ਗੱਲਾਂ ਚ ਸਰਬਜੀਤ ਹੁਰਾਂ ਨੇ ਦੱਸਿਆ ਕਿ ਪਰ ਸਰਕਾਰ ਨੇ ਇਹਨਾਂ ਦੀ  ਵਡੇਰੀ ਉਮਰ ਦੀ ਕੋਈ ਕਦਰ ਨਹੀ ਪਾਈ।ਨਾ ਪੈਨਸ਼ਨ ਨਾ ਸਿਹਤ ਸੁਰੱਖਿਆ।ਜਦ ਕਿ ਵੇਖੋ ਹਰ ਨਿੱਕਾ ਮੋਟਾ ਸਿਆਸੀ ਲੀਡਰ ਸਰਕਾਰੀ ਭੱਤੇ ਤੇ ਸਹੂਲਤਾਂ ਲਈ ਜਾ ਰਿਹਾ ਹੈ।ਕਈ ਡੇਰੇਦਾਰ ਕਈ ਸਿਆਸੀ ਵਿਚੋਲੇ ਸਰਕਾਰੀ ਮਹਿਮਾਨ ਬਣੇ ਬੈਠੇ ਹਨ।ਚਾਪਲੂਸਾ ਦੀ ਚਾਂਦੀ ਹੈ।ਪਰ ਇਹ ਵੱਡਾ ਲੇਖਕ ਸਰਕਾਰ ਦੀਆ ਨਜ਼ਰਾਂ ਚ' ਕਿਉ ਨਹੀ ਹੈ।ਕਿਉਕਿ ਇਹ ਵੋਟਾਂ ਬਟੋਰ ਕੇ ਨਹੀ ਦੇ ਸਕਦਾ।ਕੀ ਏਸੇ ਕਰਕੇ  ਪੰਜਾਬੀ ਦੇ ਸਿਰਮੌਰ ਲੇਖਕ ਦੀ ਅਣਦੇਖੀ ਕੀਤੀ ਜਾ ਰਹੀ ਹੈ।ਸਰਬਜੀਤ ਹੁਰਾਂ ਦੀਆਂ ਗੱਲਾਂ ਸੁਣ ਕੇ ਸਾਡੇ ਚਿਹਰਿਆਂ ਤੇ ਉਦਾਸੀ ਆ ਗਈ।

  ,ਹੁਣ ਹੀ ਤਾਂ ਵੇਲਾ ਹੈ ਇਸ ਵਿਰਾਸਤ ਨੂੰ ਸੰਭਾਲਣ ਦਾ ,ਮਗਰੋਂ ਫਿਰ ਦਿੱਤੇ ਮਾਣ ਸਨਮਾਨ ਦਾ ਕੀ ਫਾਇਦਾ।ਬਾਦ ਚ ਕੀਤੀ ਉਸਤਤੀ ਤੇ ਭਾਸ਼ਣਬਾਜ਼ੀ ਕਿਸ ਕੰਮ,ਇਸ ਜਿਉਂਦੀ ਜਾਗਦੀ ਇੱਕ ਸਦੀ ਨੂੰ ਸੰਭਾਲ ਲਈਏ ਨਹੀ ਤਾਂ ਬਾਦ ਵਿੱਚ ਪਛਤਾਵਾ ਕੀਤੇ ਦਾ ਕੀ ਲਾਭ,ਕੰਵਲ ਸਾਹਿਬ ਪੰਜਾਬ ਦੀ ਪਹਿਚਾਨ ਹਨ।

    ਸਮਾਂ ਇਜ਼ਾਜਤ ਨਹੀ ਦੇ ਰਿਹਾ ਸੀ ਕਿ ਹੋਰ ਇਹਨਾਂ ਦੇ ਕੋਲ ਬੈਠੀਏ।ਪਵਨ ਨੇ ਕਿਹਾ ਆਪਾਂ ਹੁਣ ਇਹਨਾਂ ਨੂੰ ਅਰਾਮ ਕਰਨ ਦੇਈਏ ਵਾਹਵਾ ਚਿਰ ਦੇ ਆਪਣੇ ਕੋਲ ਬੈਠੇ ਨੇ,ਅਸੀ ਉਠੇ ਤਾਂ ਕੰਵਲ ਸਾਹਿਬ ਵੀ ਸਾਡੇ ਨਾਲ ਹੀ aੇਠ ਪਏ।ਬਾਹਰ ਫੁੱਲਾਂ ਦੀ ਕਿਆਰੀ ਕੋਲ ਲੱਗੇ ਰਹਿਆਵਲ ਵਾਲੇ ਬੂਟੇ ਨੇੜੇ ਅਸਾਂ ਨੈ ਫਿਰ ਫੋਟੋ ਖਿਚਵਾਏ।ਉਹਨਾਂ ਸਾਡੇ ਸਿਰ ਤੇ ਹੱਥ ਰੱਖ ਆਸ਼ੀਰਵਾਦ ਦਿੱਤਾ।ਜਿਉਂਦੇ ਰਹੋ ਜਿਉਂਦੇ ਰਹੋ ਖੁਸ਼ ਰਹੋ ਵਰਗੀਆਂ ਦੁਆਵਾਂ ਨਾਲ ਸਾਡੀ ਝੋਲੀ ਭਰ ਦਿੱਤੀ।ਸਾਨੂੰ ਕਾਰ ਤੱਕ ਆਪ ਛੱਡਣ ਆਏ।ਗਰਮਜੋਸ਼ੀ ਨਾਲ ਹੱਥ ਮਿਲਾਉਂਦੇ ਹੋਏ ਸਾਨੂੰ ਆਪਣੀ ਗਲਵਕੜੀ ਵਿੱਚ ਘੁੱਟ ਲਿਆ।

      ਪਿਆਰ ਭਰੀ ਮਹਿਮਾਨ ਨਵਾਜ਼ੀ, ਸਾਹਿਤਕ ਘਾਲਣਾ,ਕੁਦਰਤੀ ਵਾਤਾਵਰਨ ਅਤੇ ਆਪਣੇ ਵਿਰਸੇ ਨਾਲ ਪਿਆਰ ਹੋਰ ਵੀ ਕਈ ਮਿੱਠੀਆ ਯਾਦਾਂ ਮਨ ਵਿਚ ਵਸਾ ਅਸੀਂ ਪੰਜਾਬੀ ਦੀ ਇੱਕ ਸਦੀ ਨੂੰ ਸਜਦਾ ਕਰਕੇ ਵਾਪਸ ਤੁਰ ਪਏ।ਇਹ ਯਾਦਗਾਰੀ ਦਿਨ ਸਾਡੀ ਜ਼ਿੰਦਗੀ ਦਾ ਅਨਮੋਲ ਹਿੱਸਾ ਬਣ ਗਿਆ ਸੀ।