ਫੋਰਮ ਕੈਲਗਰੀ ਦੀ ਮਾਸਿਕ ਇੱਕਤਰਤਾ (ਖ਼ਬਰਸਾਰ)


ਰਾਈਟਰਜ਼ ਫੋਰਮ  ਕੈਲਗਰੀ ਦੀ ਮਾਸਿਕ ਇੱਕਤਰਤਾ 7 ਜੁਲਾਈ 2018 ਦਿਨ ਨਿਚਰਵਾਰ ਨੂੰ ਕੋਸੋ ਦੇ ਹਾਲ ਵਿਚ ਪ੍ਰਧਾਨ ਸ਼ਮਸ਼ੇਰ ਸਿੰਘ ਸੰਧੂ ਅਤੇ ਅਹਿਮਦ ਚੁਗਤਾਈ ਦੀ ਪ੍ਰਧਾਨਗੀ ਹੇਠ ਹੋਈ। ਜਸਵੀਰ ਸਿੰਘ ਸਿਹੋਤਾ ਨੇ ਹਾਜ਼ਰ ਮੈਬਰਾਂ ਨੂੰ ਜੀ ਆਇਆਂ ਆਖਦਿਆਂ ਕੈਨੇਡਾ ਡੇ ਦੀਆਂ ਮੁਬਾਰਕਾਂ ਦੇਂਦੇ ਹੋਏ ਦੱਸਿਆਂ ਕਿ 1 ਜੁਲਾਈ ਦਾ ਦਿਨ ਕੈਨੇਡਾ ਦਾ ਨੈਸ਼ਨਲ ਹੌਲੀ–ਡੇ ਹੈ। ਇਸ ਦਿਨ ਕਨਫੈਡਰੇਸ਼ਨ ਐਕਟ  1867 ਨੂੰ ਲਾਗੂ ਹੋਇਆ ਸੀ। ਜੋ ਕਿ ਪਹਿਲਾਂ ਡਮੀਨਅਨ ਡੇ ਨਾਲ ਵੀ ਜਾਣਿਆਂ ਜਾਂਦਾ ਸੀ ।
      ਜੁਲਾਈ ਮਹੀਨੇ ਸਿੱਖ ਇਤਹਾਸ ਵਿਚ ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ, ਧਰਮ ਪ੍ਰਤੀ ਸਿਰੜ, ਦ੍ਰਿੜਤਾ ਅਤੇ ਸੇਵਾ ਭਾਵਨਾ ਦੀ ਪ੍ਰਤੀਕ ਹੈ। ਸ਼ਹੀਦ ਤਾਰੂ ਸਿੰਘ ਜੀ ਦਾ ਜਨਮ 6 ਅਕਤੂਬਰ 1720 ਨੂੰ ਅਮ੍ਰਿਤਸਰ ਦੇ ਪੂਹਲਾ ਪਿੰਡ ਵਿਚ ਮਾਤਾ ਧਰਮ ਕੌਰ ਅਤੇ ਭਾਈ ਜੋਧ ਸਿੰਘ ਜੀ ਦੇ ਘਰ ਹੋਇਆ। ਅਤੇ ਸ਼ਹਾਦਤ ਜੁਲਾਈ 1745 ਨੁੰ ਲਹੋਰ ਵਿਚ ਹੋਈ।
            
ਬੀਬੀ ਰਜਿੰਦਰ ਕੌਰ ਚੋਹਕਾ ਨੇ ਅਫਗਾਨਿਸਤਾਨ ਵਿਚ ਸਿੱਖਾਂ ਉੱਪਰ ਹੋਏ ਆਤਮਘਾਤੀ ਹਮਲੇ ਦੀ ਨਿਖੇਧੀ ਕਰਦੇ ਹੋਏ, ਮਾਰੇ ਗਏ ਸਿੱਖ ਪ੍ਰਵਾਰਾਂ ਨਾਲ ਹਮਦਰਦੀ ਵਜੋਂ ਸਭਾ ਨੇ ਇਕ ਮਿੰਟ ਦਾ ਮੋਨ ਰਖਿਆ। ਔਰਤਾਂ ਪ੍ਰਤੀ ਦੁਨੀਆਂ ਭਰ ਵਿਚ ਅਸਭਿਅਕ ਵਰਤਾਰੇ ਤੇ ਚਿੰਤਾ ਪ੍ਰਗਟਾਉਂਦਿਆਂ ਦੱਸਿਆ ਕਿ ਭਾਰਤ ਉਨ੍ਹਾ ਦੇਸ਼ਾਂ ਚੋਂ ਮੋਹਰੀ ਦੇਸ਼ ਹੈ ਜਿੱਥੈ ਆਏ ਦਿਨ ਸਭ ਤੋਂ ਵੱਧ ਰੇਪ ਦੇ ਕੇਸ ਹੋ ਰਹੇ ਹਨ ਅਤੇ ‘ਅਜੀਤ ਕਮਲ’ ਦੀ ਰਚਨਾ ਸਾਂਝੀ ਕੀਤੀ।
“ਇਕ ਮੇਰੀ ਫਰਿਆਦ ਹੈ ਲੋਕੋ ਰਾਜੇ ਦੇ ਦਰਬਾਰ
ਮਹਿਲਾਂ ਦੀ ਥਾਂ ਤੇ ਰਾਜਿਆ ਤੂੰ ਗੁਦਾਮ ਉਸਾਰ”
          ਅਮਰੀਕ ਸਿੰਘ ਚੀਮਾਂ ਹੋਰਾਂ ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਬਾਰੇ ਬੋਲਦਿਆਂ ਸ਼ਰਧਾ ਦੇ ਫੁੱਲ ਭੇਂਟ ਕੀਤੇ ਅਤੇ ਸਫਰੀ ਦਾ ਲਿਖਿਆ ਗੀਤ “ਹਾਏ ਲੰਮੀਆਂ ਸਿੱਖੀ ਦੀਆਂ ਵਾਟਾਂ ਅੱਜ ਮਚੀਆਂ ਕਹਿਰ ਦੀਆਂ ਲਾਟਾਂ’ ਪੇਸ਼ ਕੀਤਾ। ਅਹਿਮਦ ਚੁਗਤਾਈ ਜੋ ਪੰਜਾਬੀ ਵਿਚ ਲਿਖਦੇ ਹਨ, ਨੇ ਖੂਭਸੂਰਤ ਰਚਨਾ ਸੁਣਾਈ। 
ਜਸਵੰਤ ਸਿੰਘ ਸੇਖੋਂ ਹੋਰਾਂ ਕਰਤਾਰ ਸਿੰਘ ਸਰਾਭਾ ਜੋ ਅਮਰੀਕਾ ਵਿਚ ਉੱਚ ਵਿਦਿਆ ਲਈ ਆਏ ਅਤੇ ਅਮਰੀਕਨਾ ਦੇ ਭਾਰਤਵਾਸੀਆਂ ਪ੍ਰਤੀ ਸਲੂਕ ਤੋਂ ਬਹੁਤ ਨਿਰਾਸ ਹੋਏ। ਜਿਸ ਕਰਕੇ ਅਜਾਦੀ ਦੀ ਜਦੋ ਜਹਿਦ ਵਿਚ ਸ਼ਾਮਲ ਹੋ ਗਏ ਅਤੇ ਭਾਰਤ ਪਰਤ ਕੇ ਸ਼ਹਾਦਤ ਦਿੱਤੀ। ਇਸ ਸਾਕੇ ਨੂੰ ਆਪਣੀ   ਕਵੀਸ਼ਰੀ ਦੇ ਖੂਬਸੂਰਤ ਬੋਲਾਂ ਵਿਚ ਪੇਸ਼ ਕੀਤਾ। ਰਮੇਸ਼ ਅਨੰਦ ਜੀ ਜੋ ਆਪਣੇ ਵਿਆਹੁਤਾ ਜੀਵਨ ਦੇ 50 ਸਾਲ ਪੂਰੇ ਕਰ ਚੁੱਕੇ ਨੇ ਵਿਅੰਗਮਈ ਢੰਗ ਵਿਚ ਇਸ ਦੇ ਰਾਜ ਦੱਸੇ। ਸੁਰਜੀਤ ਸਿੰਘ ‘ਸੀਤਲ’ ਪੰਨੂ ਕੰਡਲੀਏ ਛੰਦ ਵਿਚ ਦੋ ਰੁਬਾਈਆਂ ਅਤੇ ਗਜਲ ਨਾਲ ਸਰੋਤਿਆਂ ਦੇ ਰੂਬਰੂ ਹੋਏ।
“ਆਪਣੇ ਹੀ ਹੁਣ ਠੱਗ ਰਹੇ ਬਣ ਬਣਕੇ ਮਿੱਠੇ
ਇਨ੍ਹਾਂ ਵਰਗੇ ਮੋਮੋ ਠਗਣੇ ਹੋਰ ਕਿਤੇ ਨਾ ਡਿੱਠੈ, 
ਹੋਰ ਕਿੱਤੇ ਨਾ ਡਿੱਠੇ ਇਨ੍ਹਾਂ ਜਿਹੇ ਭੇਖ ਨਿਰਾਲੇ, 
ਵਿਚ ਕੱਛਾਂ ਦੇ ਛੁਰੀਆਂ ਉਂਜ ਹਨ ਭੋਲੇ ਭਾਲੇ,
ਕਹੇ ਪੰਨੂ ਹੱਥ ਜੋੜ ਪੁੱਠੀਆਂ ਮਾਲਾ ਜਪਣੇ,
ਜੋਕਾਂ ਬਣਕੇ ਚਿੰਬੜ ਜਾਣ ਲਹੂ ਪੀਣੇ ਆਪਣੇ” 
      ਹਰ ਸਮਾਜ ਵਿਚ ਵਿਅਕਤੀ ਦੇ ਮਾਪੇ ਸੋਹਣੇ ਸੋਹਣੇ ਨਾਮ ਰੱਖੇਦੇ ਹਨ ਜਿਨ੍ਹਾਂ ਦੇ ਖਾਸ ਅਰਥ ਹੁੰਦੇ ਹਨ। ਅਸਲ ਜੀਵਨ ਵਿਚ ਭਾਵੇ ਉਹ ਕੁਝ ਵੀ ਹੋਣ। ਇਸ ਵਿਸ਼ੇ ਤੇ ਤੇ ਰਣਜੀਤ ਸਿੰਘ ਮਨਿਹਾਸ ਹੋਰਾਂ ਕਵਿਤਾ ਪੇਸ਼ ਕੀਤੀ ।
“ ਸੋਹਣੇ ਸੋਹਣੇ ਨਾਮ ਰੱਖਕੇ ਖੁਸ਼ ਨੇ ਭਾਰਤ ਵਾਸੀ।
ਫੂਲ਼ ਚੰਦ ਦੇ ਮੂੰਹ ਉੱਤੇ ਮੈਂ ਤੱਕੀ ਸਦਾ ਉਦਾਸੀ ।
ਅਰਬਾਂ ਪਤੀ ਗਰੀਬ ਦਾਸ ਹੈ,ਧਨੀ ਰਾਮ ਹੈ ਭੁੱਖਾ।
ਖੁਸ਼ੀ ਰਾਮ ਨੂੰ ਹਰਦਮ ਚਿੰਤਾ,ਖਾਣਦਾ ਰੁੱਖਾ ਸੁੱਖਾ”।
ਮੱਖਣ ਸਿੰਘ ਨੇ ਸਾਰੀ ਉਮਰ ਚੱਬੇ ਟੁੱਕਰ ਸੁੱਕੇ, 
ਮਿਰਚ ਤੋਂ ਕੌੜੇ ਬੋਲ ਬੋਲਦਾ ਨਾਮ ਹੈ ਜਿਸ ਦਾ ਮਿੱਠਾ”   
       ਜਗਦੀਸ਼ ਸਿੰਘ ਚੋਹਕਾ ਹੋਰੀ ਲੱਚਰਤਾ ਵਾਰੇ ਬੋਲਦਿਆਂ ਆਖਿਆ ਸਾਹਿਤ ਵਿਚ ਗੀਤ ਸੰਗੀਤ ਦੀ ਇਕ ਵਿਸ਼ੇਸ਼ ਥਾ ਹੈ ਇਹ ਇਕ ਸਲਾਹੁਣਯੋਗ ਕਲਾ ਹੈ ਪਰ ਜੋ ਰਚਨਾ ਸਮਾਜ ਵਿਚ,ਲੋਕਾਂ ਦੇ ਅਚਾਰਣ ਵਿਚ ਪ੍ਰਦੂਸ਼ਣ ਪੈਦਾ ਕਰਦੀ ਹੈ ਤਾਂ ਸਾਨੂੰ ਇਸ ਦੀ ਨਿੰਦਾ ਕਰਨੀ ਚਾਹੀਦੀ ਹੈ। ਕੈਲਗਰੀ ਵਿਚ ਲੱਚਰਤਾ ਵਾਰੇ ਹੋਣ ਜਾ ਰਹੇ ਸ਼ਾਂਤਮਈ ਰੋਸ ਵਿਖਾਵੇ ਵਾਰੇ ਜਾਣਕਾਰੀ ਦਿੱਤੀ। ਤਰਲੋਕ ਸਿੰਘ ਚੁੱਘ ਹੋਰਾਂ ਹਾਸਰਸ ਚੁੱਟਕਲਿਆਂ ਨਾਲ ਹਾਸਿਆਂ ਦੇ ਤੋਹਫੇ ਵੰਡੇ। ਸਭਾ ਦੇ ਬਜ਼ੁਰਗ ਮੈਂਬਰ ਸ.ਗੁਰਨਾਮ ਸਿੰਘ ਗਿੱਲ ਹੋਰਾਂ ਰਾਮੂਵਾਲਿਆ ਦੀ ਰਚਨਾ ਸੁਣਾਈ। ਅਸ਼ੋਕ ਜੀ ਅਤੇ ਉਨ੍ਹਾਂ ਦੀ ਪਤਨੀ ਨੇ ਪਹਿਲੀ ਵਾਰ ਸਭਾ ਵਿਚ ਹਾਜ਼ਰੀ ਲਗਵਾਈ। ਸਾਹਿਤ ਦੀ ਰੁਚੀ ਹੋਣ ਕਰਕੇ ਸਭਾ ਦੀ ਸ਼ਲਾਘਾ ਕਰਦਿਆਂ ਅੱਗੋਂ ਤੋ ਹਰ ਮੀਟਿੰਗ ਤੇ ਆਉਣ ਦੀ ਇੱਛਾ ਜਾਹਿਰ ਕੀਤੀ।
     ਗਜ਼ਲਗੋ ਪ੍ਰਧਾਨ ਸ਼ਮਸ਼ੇਰ ਸਿੰਘ ਸੰਧੂ ਬੁਢਾਪੇ ਦੀ ਕਮਜੋਰ ਹਾਲਤ ਵਿਚ ਵੀ ਸਭਾ ਪ੍ਰਤੀ ਜਿਮੇਂਵਾਰੀ ਨਿਭਾਉਂਦਿਆਂ ਵੇਖਕੇ, ਸਭਾ ਪ੍ਰਤੀ ਲਗਨ ਵੇਖਕੇ ਹਾਜ਼ਰੀਨ ਨੇ ਤਾੜੀਆਂ ਨਾਲ ਸਨਮਾਨ ਦਿੱਤਾ। ਸੰਧੂ ਸਾਹਿਬ ਨੇ ਧੰਨਵਾਦ ਕਰਦਿਆਂ ਇਕ ਗਜ਼ਲ ਸੁਣਾਈ------ 
“ਦੋ ਭਾਈਆਂ ਨੇ ਗੁਸੇ ਹੋਕੇ ਵੰਡ ਲਿਆ ਸੀ ਚੁਲਾ
ਵੰਡ ਨਾ ਹੋਣਾ ਵਾਰਸ ਸਾਥੋਂ ਸ਼ਾਹ ਹੁਸੈਨ ਤੇ ਬੁਲ੍ਹਾ

ਬਾਬੇ ਨਾਨਕ ਨਾਲ ਰਹੇਗਾ ਸਾਥੀ ਬਣ ਮਰਦਾਨਾਂ

ਰਾਗ ਇਲਾਹੀ ਗਾਸਣ ਉਹ ਤੇ ਸਾਥ ਅਜੇ ਨਾ ਭੁਲਾ

         ਦੁਨੀਆਂ ਭਰ ਵਿਚ ਅੱਜ ਦਾ ਨੌਜੁਵਾਨ ਭਾਂਤ ਭਾਂਤ ਦੇ ਨਸ਼ਿਆਂ ਦੀ ਭੇਟ ਚੜ੍ਹ ਰਿਹਾ ਹੈ। ਇਸ ਭੈੜੇ ਰੁਝਾਨ ਦੀ ਨਿਖੇਧੀ ਕਰਦਿਆਂ ਸ਼ਿਵ ਕੁਮਾਰ ਸ਼ਰਮਾ ਆਪਣੀ ਕਵਿਤਾ ਕਹੀ।
“ਸੋਹਲ ਜਵਾਨੀ ਚਿਟੇ ਡੰਗਤੀ ਚਿਟੇ ਜ਼ਹਿਰੀ ਨਾਗ ਨੇ,
ਦੇਸ਼ ਮੇਰੇ ਪੰਜਾਬ ਦੇ ਕਿਵੇਂ ਫੁੱਟੇ ਭਾਗ ਨੇ,
ਮਾਵਾਂ ਧੀਆਂ ਪਾਉਂਦੀਆਂ ਉੱਚੀ ਉੱਚੀ ਵੈਣ
ਜਿਸ ਦਾ ਸਾਂਈ ਤੁਰ ਗਿਆ,ਉਹ ਨਾਰੀ ਹੋਈ ਸੁਦੈਣ
ਬਾਪੁ ਚੁੱਕੇ ਪੁੱਤ ਦੀ ਮੋਢੇ ਉੱਤੇ ਲਾਸ਼,
ਗੇਲੀ ਵਰਗੇ ਗਭਰੂ ਚਿੱਟੇ ਦਿੱਤੇ ਰੋਲ਼”।
ਅੰਤ ਵਿਚ ਜਸਵੀਰ ਸਿੰਘ ਨੇ ਆਏ ਸਰੋਤਿਆਂ ਦਾ ਧੰਨਵਾਦ ਕੀਤਾ