ਅਮਰਜੀਤ ਢਿੱਲੋਂ ਦਬੜ੍ਹੀਖਾਨਾ ਨਾਲ ਰੂ-ਬਰੂ (ਖ਼ਬਰਸਾਰ)


ਵਿਨੀਪੈਗ --  ਵਿਨੀਪੈਗ ਦੇ ਸੀਨੀਅਰ ਸਿਟੀਜਨ ਵਲੋਂ ਐਡਸੰਮ ਪਾਰਕ ਵਿਖੇ ਪੰਜਾਬ 'ਚੋਂ ਆਏ ਸ਼ਾਇਰ – ਪੱਤਰਕਾਰ ਅਮਰਜੀਤ ਢਿੱਲੋਂ ਦਬੜ੍ਹੀਖਾਨਾ ਨਾਲ ਰੂ ਬਰੂ ਪ੍ਰੋਗ੍ਰਾਮ ਕੀਤਾ ਗਿਆ ਅਤੇ  ਉਹਨਾਂ ਵਲੋਂ ਡਰਾਇਵਿੰਗ ਦਾ ਲਿਖਤੀ ਇਮਤਿਹਾਨ ਪਾਸ ਕਰ ਲੈਣ 'ਤੇ ਲੱਡੂ  ਵੰਡੇ ਗਏ। ਇਸ ਮੌਕੇ ਬੋਲਦਿਆਂ ਸ਼੍ਰੀ ਬਲਦੇਵ ਸਿੰਘ ਖੋਸਾ ਨੇ ਕਿਹਾ ਕਿ ਕੈਨੇਡਾ ਦੀ ਧਰਤੀ ਇਥੇ ਆਏ ਹਰ ਵਿਜ਼ਟਰ ਦਾ ਮਨ ਮੋਹ ਲੈਂਦੀ ਹੈ ਅਤੇ ਵਿਜ਼ਟਰ ਹਮੇਸ਼ਾ  ਲਈ ਇਥੇ ਹੀ ਵਸ  ਜਾਣਾ ਚਾਹੁੰਦਾ ਹੈ। ਕੌਰ ਸਿੰਘ ਸਿੱਧੂ ਹਿੰਮਤਪੁਰਾ ਨੇ ਇਸ ਮੌਕੇ ਅਮਰਜੀਤ ਢਿੱਲੋਂ ਨੂੰ ਕੈਨੇਡਾ ਆ ਕੇ ਲਿਖੀਆਂ ਆਪਣੀਆਂ ਨਵੀਆਂ ਕਵਿਤਾਵਾਂ ਸੁਣਾਉਣ ਲਈ ਕਿਹਾ। ਅਮਰਜੀਤ ਢਿੱਲੋਂ ਨੇ ਸਭ ਤੋਂ ਪਹਿਲਾ ਆਪਣੀ ਨਵੀਂ ਗ਼ਜ਼ਲ ' ਇਸ ਦੁਨੀਆਂ ਵਿਚ ਕਾਲਖ ਵਿਕਦੀ ' ਸੁਣਾਈ । ਜਿਸ ਦੇ ਕੁਝ ਸ਼ੇਅਰ ਸਨ—ਇਹ ਕੱਜਲ ਦਾ ਸ਼ਹਿਰ ਹੈ ਜਿੰਦੇ ਪਰ ਤੂੰ ਜਮਾਂ ਨਾ ਸੰਗਦੀ,ਚਿੱਟੇ ਬਸਤਰ ਪਾ ਰੋਜਾਨਾ ਤੂੰ ਇਸ ਵਿਚੋਂ ਲੰਘਦੀ। ਇਸ ਦੁਨੀਆਂ ਵਿਚ ਸਰੇ ਬਾਜ਼ਾਰੀਂ ਕਾਲਖ ਵਿਕਦੀ  ਦੇਖੀ ,ਕਾਲਖ ਗੋਰੇ ਰੰਗ ਦੀ ਹੈ ਕਾਲਖ ਸੋਨਾ ਮੰਗਦੀ। ਇਹ  ਕਾਲਖ ਜਦ ਮਜ਼ਹਬਾਂ ਦਾ ਹੈ ਪਹਿਣ ਲੁਬਾਦਾ ਆਉਂਦੀ,ਆਦਮ ਬੋ ,ਆਦਮ ਬੋ ਕਰਦੀ ,ਲਹੂ ਪਿਆਲੇ ਮੰਗਦੀ। 


ਇਸ ਤੋਂ ਪਿਛੋਂ ਜੈਤੋ ਤੋਂ ਆਏ ਗੁਰਮੇਲ ਸਿੰਘ ਢਿੱਲੋਂ ਦੀ ਫਰਮਾਇਸ਼ 'ਤੇ ਅਮਰਜੀਤ ਢਿੱਲੋਂ ਨੇ ਆਪਣੀ ਨਵੀਂ ਨਜ਼ਮ ' ਆਪਾਂ ਦੋਵੇਂ  ਗੱਲ ਕਰਦੇ ਹਾਂ' ਸੁਣਾਈ---। ਜਿਸਦੇ ਬੋਲ ਸਨ –ਕਿਸੇ ਪੈਗੰਬਰ ਔਲੀਏ ਬਾਝੋਂ ,ਆਪਸ ਦੇ  ਵਿਚ ਗੱਲ ਕਰਕੇ ਤੇ ਆਪਾਂ ਮਸਲੇ ਹੱਲ ਕਰਦੇ ਹਾਂ। ਕਿਸੇ ਵੀ ਤੀਜੇ ਨੂੰ ਨਾ ਆਪਣੇ ਵਿਚ ਲਿਆਈਏ ਆਪਾਂ ਦੋਵੇਂ ਗੱਲ ਕਰਦੇ ਹਾਂ। ਜਦ ਆਪਾਂ ਜੰਮੇ ਸਾਂ ਕੱਲੇ ਆਪਣੇ ਤਨ 'ਤੇ ਕਿਸੇ ਵੀ ਧਰਮ ਦਾ ਠੱਪਾ ਨਹੀਂ ਸੀ ,ਫਿਰ ਇਹ ਠੱਪਾ ਕਿਸਨੇ ਲਾਇਆ। ਝੂਠ ਬੋਲ ਬੇਈਮਾਨੀ ਕਰਨੀ ਦਾ ਜਦ ਸਾਨੂੰ ਪਤਾ ਨਹੀਂ ਸੀ ,ਕਿਸਨੇ ਫਿਰ ਇਹ ਸਬਕ ਪੜ੍ਹਾਇਆ। ਪਾਪ ਪੁੰਨ ਤੇ ਨਰਕ ਸੁਰਗ ਦੇ ਚੰਦਰੇ ਜਿਹੇ ਸੰਕਲਪ ਸਿਰਜ ਕੇ ਰੋਜ ਹੀ ਖੁਦ ਨਾਲ ਛਲ ਕਰਦੇ ਹਾਂ। ਕਿਸੇ ਵੀ ਤੀਜੇ ਨੂੰ ਨਾ ਆਪਣੇ ਵਿਚ ਲਿਆਈਏ,ਆਪਾਂ ਦੋਵੇਂ ਗੱਲ ਕਰਦੇ ਹਾਂ। ਲੋਪੋ ਵਾਲੇ ਸੰਤ ਭਗਵਾਨ ਸਿੰਘ ਜੀ ਦੇ ਕਹਿਣ 'ਤੇ ਸ਼੍ਰੀ ਢਿੱਲੋਂ ਨੇ ਆਪਣਾ ਨਵਾਂ ਲਿਖਿਆ ਗੀਤ ਪੇਸ਼ ਕੀਤਾ। ਜਿਸਦੇ ਬੋਲ ਸਨ ' ਭੁੱਖੀਆਂ ਹਵਸ ਦੀਆਂ ਬੰਦੇ ਤਾਈ ਨੇ ਬਣਾਉਂਦੀਆਂ ਪੌੜੀ, ਕੋਠੇ ਚੜ੍ਹ ਬਣ ਜਾਂਦੀਆਂ ਜਿਵੇਂ ਵੇਲ ਤੁੰਮੇ ਦੀ ਕੋਈ ਕੌੜੀ—ਭੁੱਖੀਆਂ ਹਵਸ ਦੀਆਂ ---- ਕਾਹਦਾ ਇਤਬਾਰ ਇਹਨਾਂ ਦਾ ਰੁਜ਼ਗਾਰ ਹੈ ਜਿਹਨਾਂ ਦਾ ਪੈਸਾ,
ਮਤਲਬ ਕੱਢ  ਲੈਂਦੀਆਂ ਇਹ  ਕੰਮ ਕਰਕੇ ਤੇ ਐਸਾ ਵੈਸਾ। ਬੰਦੇ ਨੂੰ ਬਣਾ ਕੇ ਬੁਧੂ ਜਿਹਾ ਫਿਰ ਕਰਕੇ ਤੁਰਨ ਹਿੱਕ ਚੌੜੀ—ਭੁੱਖੀਆਂ ਹਵਸ ਦੀਆਂ----ਫਿਰ ਉਹਨਾਂ ਪੰਜਾਬ ਦੇ ਮੌਜੂਦਾ ਹਾਲਾਤ ਬਾਰੇ ਆਪਣਾ ਗੀਤ ਸੁਣਾਇਆ-- ਨਸ਼ਿਆਂ ਦਾ ਛੇਵਾਂ ਦਰਿਆ ਇਕ ਵਗਦਾ ਹੈ,ਸਾਰਾ ਹੀ ਪੰਜਾਬ ਡੁੱਬ ਗਿਆ ਲਗਦਾ ਹੈ। 
ਖੜਗ ਭੁਜਾ ਭਾਰਤ ਦੀ ਜਿਹੜਾ ਹੁੰਦਾ ਸੀ,ਹਰ ਪਲ ਜਿਸਦਾ ਨਚਦਾ ਵਿਹੜਾ ਹੁੰਦਾ ਸੀ। ਹੁਣ ਸਿਵਿਆਂ ਵਿਚ ਮਚਦਾ ਭਾਂਬੜ ਅੱਗ ਦਾ ਹੈ—ਸਾਰਾ ਹੀ ਪੰਜਾਬ----ਸਦਾ ਹੀ ਦਿੱਲੀ ਦੀ ਅੱਖ ਦਾ ਤਿਣ ਬਣਿਆ ਹੈ,ਉਸਦੇ ਹਰ ਇਕ ਸਿਤਮ ਦੇ ਮੂਹਰੇ ਤਣਿਆ ਹੈ। ਤਖਤ ਦਿੱਲੀ ਦੁਸ਼ਮਣ ਇਸਦੀ ਸ਼ਾਹਰੱਗ ਦਾ ਹੈ। ਸਾਰਾ ਹੀ ਪੰਜਾਬ---ਅੱਤਵਾਦ ਦੀ ਅੱਗ ਵਿਚ ਕਦੇ ਝੁਕੋ ਦਿਤਾ,ਹੁਣ ਨਸ਼ਿਆਂ ਦੇ ਸਾਗਰ ਵਿਚ ਡੁਬੋ ਦਿਤਾ। ਭੈੜਾ ਲਗਦਾ ਉਸਨੂੰ ਸ਼ਮਲਾ ਪੱਗ ਦਾ ਹੈ। ਸਾਰਾ ਹੀ ਪੰਜਾਬ--ਅਣਖ ਮਾਰਨੀ ਚਾਹੁੰਦੈ ਉਹ ਪੰਜਾਬੀਆਂ ਦੀ ,ਫਸਲ ਨਾ ਉਗੇ ਇਥੇ ਇਨਕਲਾਬੀਆਂ ਦੀ। 
ਧਰਮ –ਨਸ਼ੇ ਦੇ ਨਾਲ ਅਸਾਨੂੰ ਠਗਦਾ ਹੈ। ਸਾਰਾ ਹੀ ਪੰਜਾਬ ਡੁੱਬ ਗਿਆ ਲਗਦਾ ਹੈ। ਅਖੀਰ ਵਿਚ ਉਹਨਾਂ ਆਪਣੀ ਗ਼ਜ਼ਲ ਪੇਸ਼ ਕੀਤੀ।
ਹੋਣ ਜੋ ਇਕਹਿਰੀਆਂ ਹੀ  ,ਸ਼ਖਸੀਅਤਾਂ ਨੇ ਥੋੜ੍ਹੀਆਂ,
ਪੌੜੀ ਬਣਾ ਕੇ ਕਿਸੇ ਨੂੰ ਲੋਕੀ ਨੇ ਚੜ੍ਹਦੇ ਘੋੜੀਆਂ।
ਪਿਆਸੀ ਜਿਹੀ ਇਕ ਰੁੱਤ ਸੀ ,ਆਈ ਅਚਾਨਕ ਦਰ ਮਿਰੇ 
ਲੈ ਗਈ ਚੁਰਾ ਕੇ ਬਿਰਖ ਮੇਰੇ ਤੇ ਅੱਖੀਆਂ ਵੀ ਮੋੜੀਆਂ।
ਆ ਕੇ ਵਾਪਸ ਚੱਲੀਏ ਘਰਾਂ ਨੂੰ ਹੁਣ ਤਾਂ ਆਪਣੇ 
ਜਾਣੀਆਂ ਸ਼ਹਿਤੂਤ ਦੀਆਂ ਤੂਤੀਆਂ ਨਹੀਂ ਤੋੜੀਆਂ।
ਇਹ ਅਦਾਕਾਰੀ ਹੀ ਤੈਨੂੰ ਢਿੱਲੋਂ ਨਾ ਆਈ ਕਦੇ ਵੀ 
ਫਿਰਦੇ ਇਥੇ ਸਭ ਨਰੜ ਹੀ ਨੇ ਜੋੜੀਆਂ ਨੇ ਥੋੜ੍ਹੀਆਂ। 
। ਇਸ ਤੋਂ ਬਾਦ ਇਹਨਾਂ ਰਚਨਾਵਾਂ 'ਤੇ ਭਰਵੀਂ ਬਹਿਸ ਕੀਤੀ ਗਈ । ਚਰਚਾ ਵਿਚ ਹਿੱਸ ਲੈਣ ਵਾਲਿਆਂ ਵਿਚ ਕਰਤਾਰ ਸਿੰਘ ਬਰਾੜ, ਅਵਤਾਰ ਸਿੰਘ ਮਾਨ,ਕੌਰ ਸਿੰਘ ਸਿੱਧੂ ਹਿੰਮਤਪੁਰਾ, ਦਲੀਪ ਸਿੰਘ ਦੁੱਨੇ ਕੇ ( ਮੋਗਾ) ਹਰਦੇਵ ਸਿੰਘ ਸੁਖਾਨੰਦ,ਗੁਰਮੇਲ ਢਿੱਲੋਂ ਜੈਤੋ,ਜਗਜੀਤ ਸਿੰਘ ਗਿੱਲ ਸੰਧਵਾਂ,ਰਾਜਵੀਰ ਸਿੰਘ ਰਾਏ ਮਲੇਰਕੋਟਲਾ,ਮਾਸਟਰ ਹਰਚਰਨ ਸਿੰਘ ਅਤੇ ਕਸ਼ਮੀਰ ਸਿੰਘ ਆਦਿ ਸ਼ਾਮਿਲ ਸਨ।

ਕੌਰ ਸਿੰਘ ਸਿਧੂ