14
ਸਵੇਰੇ ਮੇਰੀ ਅੱਖ ਦੇਰ ਨਾਲ ਖੁਲ੍ਹੀ। ਕਿਉਂਕਿ ਸਾਰੀ ਰਾਤ ਇਕ ਸਵਾਲ ਦਿਮਾਗ ਉੱਪਰ ਬੋਝ ਬਣ ਕੇ ਛਾਇਆ ਰਿਹਾ। ਜੇ ਹਰਨੀਤ ਦੇ ਡੈਡੀ ਜੋ ਦੱਸਣ ਲੱਗੇ ਸੀ ਦਸ ਦਿੰਦੇ ਫਿਰ ਕੀ ਹੁੰਦਾ।ਥੱਲੇ ਦਾਦੀ ਜੀ ਅਤੇ ਹਰਨੀਤ ਦੇ ਡੈਡੀ ਦੀਆਂ ਰਲੀਆਂ- ਮਿਲੀਆਂ ਅਵਾਜ਼ਾ ਮੈਨੂੰ ਸੋਫੇ 'ਤੇ ਪਏ ਨੂੰ ਸੁਣ ਰਹੀਆਂ ਸਨ।ਮੈਂ ਵੀ ਨਾਉਣ ਦਾ ਮਨ ਬਣਾਉਂਦਾ ਹੋਇਆ ਗੁਸਲਖਾਨੇ ਵੱਲ ਨੂੰ ਤੁਰ ਪਿਆ। ਹੁਣ ਮੈਂ ਉੱਪਰ ਬਣੇ ਗੁਸਲਖਾਨੇ ਵਿਚ ਹੀ ਨਹਾ ਲੈਂਦਾ ਹਾਂ। ਕਿਉਂਕਿ ਵਿਆਹ ਵਾਲੀ ਰਾਤ ਤੋਂ ਬਾਅਦ ਸੇਵਰੇ ਨਾਹਉਣ ਕਰਕੇ ਜੋ ਮੇਰੇ ਨਾਲ ਵਰਤਿਆ ਸੀ। ਉਹ ਸਭ ਮੈਂ ਹਰਨੀਤ ਨੂੰ ਦੱਸਿਆ ਤਾਂ ਉਹ ਗੁਸਲਖਾਨਾ ਸਾਂਝਾ ਵਰਤਨ ਲਈ ਸਹਿਮਤ ਹੋ ਗਈ। ਪਰ ਉਸ ਨੇ ਸ਼ਰਤ ਰੱਖੀ ਸੀ ਕਿ ਸਵੇਰ ਦੇ ਸਤ ਵਜੇ ਤੋਂ ਪਹਿਲਾਂ ਤੁਸੀ ਗੁਸਲਖਾਨੇ ਵਿਚ ਖੜਕਾ ਨਹੀ ਕਰ ਸਕਦੇ। ਖੈਰ ਹੁਣ ਤਾਂ ਸਾਡੇ ਸੱਤ ਵਜ ਚੁਕੇ ਸਨ।
ਨਹਾ ਕੇ ਜਦੋਂ ਮੈਂ ਥੱਲੇ ਗਿਆ ਤਾਂ ਸਭ ਛਾਹ ਵੇਲਾ ਕਰਨ ਲੱਗੇ ਹੋਏ ਸਨ। " ਮਨਮੀਤ, ਅੱਜ ਤੂੰ ਲੇਟ ਉੱਠਿਆ।" ਦਾਦੀ ਜੀ ਨੇ ਕਿਹਾ, " ਮੈਂ ਇਕ ਵਾਰ ਪੌੜੀਆਂ ਕੋਲ ਖੜ੍ਹ ਕੇ ਤੈਂਨੂੰ ਅਵਾਜ਼ ਵੀ ਮਾਰੀ ਸੀ।"
" ਰਾਤੀ ਨੀਂਦ ਨਹੀ ਆਈ।" ਮੈਂ ਕਿਹਾ, " ਦੇਰ ਨਾਲ ਹੀ ਸੁੱਤਾ।"
" ਅੱਧੀ ਅੱਧੀ ਰਾਤ ਤੱਕ ਕਿਤਾਬ ਪੜ੍ਹੀ ਜਾਣੀ ਨੀਂਦ ਕਿਵੇ ਆਵੇ।" ਮੇਰੀ ਥਾਂ 'ਤੇ ਹਰਨੀਤ ਬੋਲੀ " ਮੈਂ ਤਾਂ ਬਹੁਤ ਕਿਹਾ ਸੋਂ ਜਾਉ , ਸੋਂ ਜਾਉ, ਪਰ ਇਹ ਨਾਵਲ ਹੀ ਨਾ ਛੱਡਣ।"
ਮੈਂ ਹਰਨੀਤ ਦੇ ਜ਼ਵਾਬ ਉੱਪਰ ਹੈਰਾਨ ਹੁੰਦਾ ਉਸ ਵੱਲ ਦੇਖਣ ਲੱਗਾ।
" ਕਿਤਾਬਾਂ ਪੜ੍ਹਣੀਆਂ ਤਾਂ ਬਹੁਤ ਚੰਗੀ ਗੱਲ ਆ।" ਹਰਨੀਤ ਦੇ ਡੈਡੀ ਨੇ ਕਿਹਾ, " ਜਿੰਨਾ ਸਾਨੂੰ ਪੜ੍ਹਨਾ ਚਾਹੀਦਾ ਹੈ ਅਸੀ ਉਨਾ ਪੜ੍ਹਦੇ ਨਹੀ।"
" ਆਪਣੀਆਂ ਜ਼ਨਾਨੀਆਂ ਤਾਂ ਬਹੁਤ ਹੀ ਘੱਟ ਪੜ੍ਹਦੀਆਂ ਨੇ।" ਭਾਪਾ ਜੀ ਬੋਲੇ, " ਬੰਦੇ ਤਾਂ ਥੌੜ੍ਹਾ ਬਹੁਤਾ ਪੜ੍ਹ ਹੀ ਲੈਂਦੇ ਨੇ।"
" ਇਹ ਗੱਲ ਮੈਂ ਗੋਰੇ ਲੋਕਾਂ ਵਿਚ ਦੇਖੀ।" ਹਰਨੀਤ ਦੇ ਡੈਡੀ ਚਾਹ ਦਾ ਘੁੱਟ ਭਰਦੇ ਬੋਲੇ, " ਕਿ ਜ਼ਨਾਨੀਆਂ ਕਿ ਬੰਦੇ ਸਭ ਪੜ੍ਹਦੇ ਨੇ, ਬਸ ਹੋਵੇ ਜਾਂ ਗੱਡੀ ਬਸ ਪੜ੍ਹੀ ਜਾਣਗੇ।"
" ਪਰ ਜਿਹਨੂੰ ਪੜ੍ਹਨਾ ਹੀ ਨਾ ਆਉਂਦਾ ਹੋਵੇ ਉਹ ਕੀ ਕਰੇ।" ਰਾਣੋ ਝੂਠੇ ਕੱਪ ਸਾਡੇ ਕੋਲੋ ਚੁੱਕਦੀ ਬੋਲੀ, " ਮਨਮੀਤ ਨੂੰ ਦੇਖ ਕੇ ਕਈ ਵਾਰੀ ਮੇਰਾ ਜੀਆ ਵੀ ਕਰਦਾ ਰਹਿੰਦਾ ਆ ਕਿ ਕਿਤੇ ਮੈਂ ਵੀ ਕਿਤਾਬਾ ਪੜ੍ਹ ਸਕਦੀ।"
" ਰਾਣੋ, ਤੈਂਨੂੰ ਪੰਜਾਬੀ ਪੜ੍ਹਨੀ ਵੀ ਨਹੀ ਆਉਂਦੀ।" ਹਰਨੀਤ ਦੇ ਡੈਡੀ ਨੇ ਪੁੱਛਿਆ, " ਸਕੂਲ ਗਈ ਨਹੀ।"
" ਨਾ ਕਿੱਥੇ ਸਰਦਾਰ ਜੀ।" ਰਾਣੋ ਦੱਸਣ ਲੱਗੀ, " ਉਦਾ ਮੈਂ ਗੁਰਮੁਖੀ ਦੇ ਅੱਖਰ ਜੋੜ ਕੇ ਉਠਾ ਲੈਂਦੀ ਆਂ।"
" ਤੂੰ ਰੋਜ਼ ਪੜਿਆ ਕਰ।"ਹਰਨੀਤ ਦੇ ਡੈਡੀ ਨੇ ਸਲਾਹ ਦਿੱਤੀ, " ਫਿਰ ਤੈਂਨੂੰ ਆਪ ਹੀ ਪੜ੍ਹਨਾ ਆ ਜਾਣਾ ਆ।"
" ਇਕ ਗੱਲ ਮੈਂ ਵੀ ਦੇਖੀ ਆ।" ਭਾਪਾ ਜੀ ਫਿਰ ਬੋਲ ਪਏ, " ਜਿਹੜੀ ਕੌਮ ਪੜ੍ਹਦੀ ਨਹੀ ਉਹ ਕਦੀ ਤਰੱਕੀ ਨਹੀ ਕਰ ਸਕਦੀ।"
" ਹਾਂਜੀ ਭਾਪਾ ਜੀ, ਮੈਂ ਵੀ ਤੁਹਾਡੀ ਗੱਲ ਨਾਲ ਐਗਰੀ ਕਰਦੀ ਹਾਂ।" ਹਰਨੀਤ ਬੋਲੀ, " ਪੜ੍ਹਨਾ ਹਰ ਇਕ ਲਈ ਇਮਪੋਰਟੈਂਟ ਹੈ, ਪਰ ਬੰਦਾ ਇਦਾ ਵੀ ਨਾ ਕਰੇ ਨਾਲ ਵਾਲਾ ਸੋਣਾ ਚਾਹੁੰਦਾ ਆ, ਪਰ ਦੂਜਾ ਬੰਦਾ ਪੜ੍ਹੀ ਜਾਵੇ ਲਾਈਟ ਬੰਦ ਹੀ ਨਾ ਕਰੇ।"
ਹਰਨੀਤ ਦੀ ਗੱਲ ਸੁਣ ਕੇ ਸਭ ਹੱਸ ਪਏ।ਹੱਸਿਆ ਤਾਂ ਮੈਂ ਵੀ ਪਰ ਉਸ ਦੀ ਹੁਸ਼ਿਆਰੀ 'ਤੇ। ਹੈਰਾਨ ਸਾਂ ਉਸ ਦੀ ਐਕਟਿੰਗ 'ਤੇ।
ਥੋੜ੍ਹਾ ਚਿਰ ਹੋਰ ਗੱਲਾਂ ਚਲਦੀਆਂ ਰਹੀਆਂ। ਫਿਰ ਛੇਤੀ ਹੀ ਹਰਨੀਤ ਅਤੇ ਉਸ ਦੇ ਡੈਡੀ ਆਪਣੇ ਪਿੰਡ ਨੂੰ ਚੱਲਣ ਲਈ ਤਿਆਰ ਹੋ ਪਏ।
ਤੁਰਨ ਲੱਗਿਆ ਹਰਨੀਤ ਦੇ ਡੈਡੀ ਨੇ ਮੈਨੂੰ ਨਾਲ ਚੱਲਣ ਲਈ ਅਤੇ ਉਹਨਾਂ ਦੇ ਪਿੰਡ ਰਾਤ ਰਹਿਣ ਲਈ ਕਿਹਾ, ਪਰ ਇਹ ਪ੍ਰੌਗਰਾਮ ਮੈ ਆਨੇ-ਬਹਾਨੇ ਟਾਲ ਹੀ ਦਿੱਤਾ।
ਅਸੀ ਗੱਲਾਂ ਕਰ ਹੀ ਰਿਹੇ ਸਨ ਕਿ ਹਰਨੀਤ ਪੌੜੀਆਂ ਵੱਲ ਜਾਂਦੀ ਕਹਿਣ ਲੱਗੀ, " ਡੈਡੀ, ਇਕ ਮਿੰਟ ਵੇਟ ਕਰਉਿ, ਮੈ ਕੁਝ ਭੁੱਲ ਗਈ ਲੈ ਕੇ ਆਉਂਦੀ ਹਾਂ।"
" ਬੇਟਾ, ਚੰਗੀ ਤਰਾਂ ਕਮਰਾ ਚੈਕ ਕਰ ਲੈਣਾ।" ਭਾਪਾ ਜੀ ਬੋਲੇ, " ਕੋਈ ਆਪਣਾ ਜ਼ਰੂਰੀ ਸਮਾਨ ਨਾ ਭੁੱਲ ਜਾਣਾ।"
ਇਸ ਗੱਲ ਦਾ ਫਾਇਦਾ ਉਠਾਂਦਿਆਂ ਮੈ ਕਿਹਾ, " ਮੈ ਜਾ ਕੇ ਹਰਨੀਤ ਦੀ ਮੱਦਦ ਕਰ ਦਿੰਦਾ ਹਾਂ।"
ਮੈਂ ਚੁਬਾਰੇ ਵੱਲ ਨੂੰ ਤੁਰ ਪਿਆ।ਭਾਪਾ ਜੀ ਅਤੇ ਹਰਨੀਤ ਦੇ ਡੈਡੀ ਹੱਸ ਪਏ।
" ਦੇਖ ਲਉ ਇਹ ਬੱਚਿਆਂ ਦਾ ਪਿਆਰ ਹੀ ਹੈ।" ਭਾਪਾ ਜੀ ਬੋਲੇ, " ਕੋਈ ਗੱਲ ਕਰਨੀ ਹੋਣੀ ਆ ਬਹਾਨੇ ਨਾਲ ਗਏ ਨੇ।"
ਹਰਨੀਤ ਦੇ ਕਮਰੇ ਦਾ ਦਰਵਾਜ਼ਾ ਖੁਲ੍ਹਾ ਹੋਣ ਕਾਰਨ ਮੈ ਸਿਧਾ ਹੀ ਅੰਦਰ ਚਲਾ ਗਿਆ। ਹਰਨੀਤ ਅਲਮਾਰੀ ਵਿਚ ਕੁਝ ਦੇਖ ਰਹੀ ਸੀ।
" ਕੀ ਭੁੱਲ ਗਏ?" ਮੈਂ ਪੁੱਛਿਆ, " ਭਾਲਨ ਵਿਚ ਹੈਲਪ ਕਰਾਵਾ"?
" ਕੁਛ ਨਹੀ।" ਮੇਰੇ ਵੱਲ ਬਗੈਰ ਦੇਖੇ ਬੋਲੀ, " ਮੇਰਾ ਨਾਈਟ ਸੂਟ ਇੱਥੇ ਰਹਿ ਚਲਿਆ ਸੀ।"
" ਨਾਈਟ ਸੂਟ ਜਾਂ ਕੁਝ ਹੋਰ।" ਉਸ ਨੂੰ ਨਾਈਟ ਸੂਟ ਦੀ ਤਹਿ ਲਾਉਂਦੇ ਦੇਖ ਕੇ ਵੀ ਮੈਂ ਕਿਹਾ, " ਮੈਨੂੰ ਤਾਂ ਲੱਗਦਾ ਤੁਸੀ ਕੁਝ ਹੋਰ ਭਾਲ ਰਹੇ ਸੀ।"
" ਦੱਸਿਆ ਤਾਂ ਹੈ ਕਿ ਨਾਈਟ ਸੂਟ ਹੀ ਸੀ।" ਉਸ ਨੇ ਆਪਣੀ ਅਵਾਜ਼ ਨੂੰ ਥੌੜ੍ਹਾ ਗੁੱਸੇ ਵਿਚ ਬਦਲ ਦੇ ਕਿਹਾ, " ਤੁਹਾਡਾ ਕੀ ਮਤਲਵ ਮੈਂ ਝੂਠ ਬੋਲ ਰਹੀ ਹਾਂ।"
" ਇਹਦੇ ਵਿਚ ਕੋਈ ਸ਼ੱਕ ਨਹੀ, ਤੁਸੀ ਝੂਠ ਵੀ ਬੋਲ ਸਕਦੇ ਹੋ।" ਮੈਂ ਹੱਸਦਿਆਂ ਕਿਹਾ, " ਹੁਣੇ ਤਾਂ ਤੁਸੀ ਥੱਲੇ ਝੂਠ ਬੋਲ ਕੇ ਆਏ ਹੋ ਕਿ ਕਿਵੇ ਤੁਸੀ ਮੈਂਨੂੰ ਰਾਤੀ ਪੜ੍ਹਨ ਤੋਂ ਰੋਕ ਰਿਹੇ ਸਨ।"
" ਤਹਾਨੂੰ ਪਤਾ ਹੈ ਮੈਂ ਇਹ ਗੱਲ ਕਿਉਂ ਕੀਤੀ।" ਐਤਕੀ ਉਸ ਨੇ ਸਿਧਾ ਮੇਰੀਆਂ ਅੱਖਾਂ ਵਿਚ ਦੇਖਦੇ ਗੁੱਸੇ ਵਿਚ ਕਿਹਾ, " ਆਪਣੇ ਨਕਲੀ ਵਿਆਹ ਨੂੰ ਸੇਫ ਰੱਖਣ ਲਈ।"
" ਜਿਹੜਾ ਵਿਆਹ ਹੀ ਨਕਲੀ ਹੈ।ਉਸ ਨੂੰ ਸੇਫ ਰੱਖ ਕੀ ਕਰਨਾ।" ਮੈਂ ਜਾਣ ਕੇ ਕਿਹਾ, " ਪਰ ਇਕ ਗੱਲ ਤੁਹਾਡੀ ਮੈਂਨੂੰ ਮੰਨਣੀ ਪੈਣੀ ਆ। ਤੁਸੀ ਝੂਠ ਤਾਂ ਇਸ ਤਰਾਂ ਬੋਲ ਜਾਂਦੇ ਹੋ ਜਿਵੇ ਝੂਠ ਦੀ ਮਾਸਟਰ ਡਿਗਰੀ ਕੀਤੀ ਹੋਵੇ।"
ਮੇਰੀ ਇਸ ਗੱਲ 'ਤੇ ਉਹ ਪੂਰੀ ਤਰਾਂ ਖਿਝ ਗਈ।ਉਸ ਨੂੰ ਪਤਾ ਨਾ ਲੱਗੇ ਕਿ ਹੁਣ ਜ਼ਵਾਬ ਕੀ ਦੇਵੇ।ਮੈਂ ਦਰਵਾਜ਼ੇ ਵਿਚ ਖੜ੍ਹਾ, ਗੁੱਸੇ ਵਿਚ ਭੱਖਦੇ ਉਸ ਦੇ ਖੂਬਸੂਰਤ ਚਿਹਰੇ ਨੂੰ ਦੇਖਦਾ ਰਿਹਾ। ਉਸ ਨੇ ਆਪਣਾ ਤਹਿ ਕੀਤਾ ਨਾਈਟ ਸੂਟ ਚੁੱਕਿਆ ਅਤੇ ਮੇਰੇ ਕੋਲ ਆ ਕੇ ਬੋਲੀ, " ਐਸਕਿਊਜ਼ ਮੀ।" ਮੈਂ ਇਕ ਪਾਸੇ ਹੋ ਗਿਆ ਅਤੇ ਉਹ ਠੱਪ ਠੱਪ ਕਰਕੇ ਪੌੜੀਆਂ ਉੱਤਰ ਗਈ।
ਕਾਰ ਵਿਚ ਬੈਠਣ ਲੱਗੀ ਨੇ ਸਭ ਨੂੰ ਚੰਗੀ ਤਰਾਂ ਬੁਲਾਇਆ ਅਤੇ ਬੀਜ਼ੀ ਦੇ ਤਾਂ ਪੈਰੀ ਹੱਥ ਵੀ ਲਾਇਆ। ਪਰ ਮੇਰੇ ਵੱਲ ਅੱਖ ਪੱਟ ਕੇ ਵੀ ਨਾ ਦੇਖਿਆ।ਇਹ ਗੱਲ ਉਸ ਦੇ ਡੈਡੀ ਨੇ ਧਿਆਨ ਵਿਚ ਆ ਗਈ ਲੱਗਦੀ ਸੀ ਕਿਉਂਕਿ ਉਹਨਾਂ ਹੱਸਦੇ ਅਜਿਹੇ ਕਿਹਾ, " ਹਰਨੀਤ, ਮਨਮੀਤ ਨੂੰ ਵੀ ਬਾਏ ਕਹਿ ਦੇ।"
" ਇਹਨਾਂ ਨੂੰ ਮੈਂ ਉੱਪਰ ਬਾਏ ਕਹਿ ਦਿੱਤੀ ਸੀ।" ਇਕਦਮ ਆਪਣੇ ਚਿਹਰੇ ਤੇ ਨਕਲੀ ਮੁਸਕ੍ਰਾਟ ਲਿਆ ਕੇ ਕਿਹਾ, " ਦੁਬਾਰਾ ਕਹਿਣਾ ਜ਼ਰੂਰੀ ਤਾਂ ਨਹੀ।"
" ਹਰਨੀਤ, ਤੂੰ ਉਦਾਸ ਨਾ ਹੋ।" ਰਾਣੋ ਨੇ ਸਿਰਾ ਹੀ ਲਾ ਦਿੱਤਾ, " ਅਸੀ ਮਨਮੀਤ ਨੂੰ ਛੇਤੀ ਹੀ ਕੈਨੇਡਾ ਭੇਜ ਦੇਣਾ ਆ।"
" ਅਸੀ ਤਾਂ ਅਜੇ ਤੈਨੂੰ ਦਿਲੀ ਚੜਾਉਣ ਵੀ ਜਾਣਾ ਹੈ।" ਭਾਪਾ ਜੀ ਬੋਲੇ, " ਮਨਮੀਤ ਨੂੰ ਤੂੰ ਫਿਰ ਮਿਲ ਲੈਣਾ ਹੈ।"
ਇਹਨਾ ਗੱਲਾਂ ਨਾਲ ਮੇਰਾ ਸੱਚੀ ਹਾਸਾ ਨਿਕਲ ਗਿਆ।ਬਾਕੀ ਵੀ ਹੱਸ ਪਏ।ਹਰਨੀਤ ਆਪਣੀ ਫੋਕੀ ਮੁਸਕ੍ਰਾਟ ਨੂੰ ਸਾਡੇ ਸੱਚੇ ਹਾਸੇ ਵਿਚ ਮਿਲਾਉਂਦੀ ਸਾਰਿਆਂ ਨੂੰ ਹੱਥ ਹਿਲਾ ਹਿਲਾ ਕੇ ਬਾਏ ਕਰਨ ਲੱਗ ਪਈ।ਛੇਤੀ ਹੀ ਉਹਨਾਂ ਦੀ ਕਾਰ ਸਾਡੀਆਂ ਅੱਖਾਂ ਅੱਗੇ ਜਾਂਦੀ ਜਾਂਦੀ ਗੁੰਮ ਹੋ ਗਈ।
15
ਦਿੱਲੀ ਦੇ ਏਅਰ-ਪੋਰਟ ਤੱਕ ਛੱਡਣ ਤਾਂ ਜਾਣਾ ਹੀ ਪੈਣਾ ਸੀ। ਹਰਨੀਤ ਦੇ ਡੈਡੀ ਨੇ ਵੀ ਮੈਨੂੰ ਕੋਈ ਚੰਗੀ ਵੈਨ ਦਾ ਇੰਤਜ਼ਾਮ ਕਰਨ ਲਈ ਕਿਹਾ ਸੀ। ਸਾਡੇ ਨਾਲਦੇ ਪਿੰਡ ਭੂੰਗੇ ਮੇਰੇ ਦੋਸਤ ਕਰਨੀ ਨੇ ਪਿੱਛੇ ਜਿਹੇ ਨਵੀ ਵੈਨ ਲਈ ਸੀ। ਉਸ ਨੂੰ ਮਂੈ ਪੁੱਛਿਆ ਤਾਂ ਉਸ ਨੇ ਝੱਟ ਕਹਿ ਦਿੱਤਾ, " ਯਾਰ, ਜਦੋਂ ਮਰਜ਼ੀ ਲੈ ਜਾਈ।" ਕਰਨੀ ਦੀ ਨਵੀ ਵੈਨ ਵਿਚ ਪ੍ਰੀਵਾਰ ਨੂੰ ਨਾਲ ਲੈ ਕੇ ਹਰਨੀਤ ਦੇ ਪਿੰਡ ਨੂੰ ਤੁਰ ਪਿਆ। ਸਾਡੇ ਜਾਂਦਿਆਂ ਨੂੰ ਉਹ ਸਭ ਤਿਆਰ ਸਨ। ਵੈਨ ਵਿਚ ਸਮਾਨ ਬਗੈਰਾ ਰੱਖਣ ਹੀ ਲੱਗੇ ਸਾਂ ਕਿ ਜਾਗੀਰ ਸਿੰਘ ( ਵਿਚੋਲਾ} ਵੀ ਆਪਣੇ ਸਕੂਟਰ ਉੱਪਰ ਆ ਗਿਆ, ਕਿਉਂ ਕਿ ਉਹ ਵੀ ਸਾਡੇ ਨਾਲ ਦਿੱਲੀ ਨੂੰ ਜਾਣਾ ਚਾਹੁੰਦਾ ਸੀ।
ਮੈ ਡਰਾਈਵਰ ਸੀਟ ਉੱਪਰ ਬੈਠ ਗਿਆ।ਹਰਨੀਤ ਦੇ ਡੈਡੀ ਮੇਰੀ ਨਾਲ ਵਾਲੀ ਸੀਟ ਉੱਪਰ ਸੱਜ ਗਏ। ਵਿਚੋਲਾ ਅਤੇ ਭਾਪਾ ਜੀ ਪਿੱਛਲੀ ਸੀਟ ਉੱਪਰ। ਦਾਦੀ ਜੀ, ਹਰਨੀਤ ਅਤੇ ਉਸ ਦੀ ਮੱਮੀ ਸਭ ਤੋਂ ਪਿੱਛਲੀ ਸੀਟ 'ਤੇ ਬੈਠ ਗਈਆਂ।ਮੈ ਸਾਹਮਣੇ ਵਾਲੇ ਸ਼ੀਸ਼ੇ ਵਿਚ ਦੇਖਿਆ, ਹਰਨੀਤ ਸਿਧਾ ਦੇਖ ਰਹੀ ਹੋਣ ਕਾਰਨ ਉਸ ਦੀ ਨਜ਼ਰ ਮੇਰੇ ਨਾਲ ਮਿਲ ਗਈ। ਮੈਂ ਮੁਸਕ੍ਰਾ ਪਿਆ, ਪਰ ਉਸ ਨੇ ਇਕਦਮ ਨਜ਼ਰ ਫੇਰ ਲਈ।ਮੈਨੂੰ ਲੱਗਾ ਕਿ ਉਸ ਦਿਨ ਦੀ ਅਜੇ ਵੀ ਗੁੱਸੇ ਵਿਚ ਹੈ।
ਰਾਹ ਵਿਚ ਖਾਣ-ਪੀਣ ਲਈ ਇਕ ਥਾਂ ਮਂੈ ਵੈਨ ਰੋਕ ਲਈ।ਸਭ ਵੈਨ ਵਿਚੋਂ ਬਾਹਰ ਨਿਕਲ ਆਏ,ਪਰ ਹਰਨੀਤ ਅਜੇ ਵੀ ਵੈਨ ਵਿਚ ਹੀ ਬੈਠੀ ਸੀ। ਉਂਝ ਉਸ ਨੇ ਆਪਣੀ ਖਿੜਕੀ ਦਾ ਸ਼ੀਸ਼ਾ ਥੋੜ੍ਹਾ ਜਿਹਾ ਨੀਵਾ ਕੀਤਾ ਹੋਇਆ ਸੀ। ਮੈ ਖਿੜਕੀ ਕੋਲ ਜਾਂਦਿਆਂ ਕਿਹਾ, " ਤੁਸੀ ਕੁੱਝ ਖਾਣਾ ਨਹੀ?"
" ਨਹੀ।"
" ਮੇਰੇ ਨਾਲ ਅਜੇ ਵੀ ਨਰਾਜ਼ ਹੋ"?
" ਮੈਨੂੰ ਕੀ ਲੋੜ ਪਈ ਕਿਸੇ ਨਾਲ ਨਰਾਜ਼ ਹੋਣ ਦੀ।"
" ਮੈ ਕਿਸੇ ਵਾਰੇ ਤਾਂ ਨਹੀ ਪੁੱਛਿਆ, ਆਪਣੀ ਗੱਲ ਕਰ ਰਿਹਾ ਸੀ।"
" ਜਿਹਦੀ ਵੀ ਗੱਲ ਕਰ ਰਹੇ ਹੋ, ਮੈਂ ਨਾ ਉਸ ਨਾਲ ਨਰਾਜ਼ ਹਾਂ ਅਤੇ ਨਾ ਖੁਸ਼।"
" ਉਹ ਸੱਚ, ਸੌਰੀ, ਮਂੈ ਤਾਂ ਭੁੱਲ ਹੀ ਗਿਆ ਸੀ ਕਿ ਤੁਸੀ ਨਾ ਉਦਾਸ ਹੁੰਦੇ ਹੋ, ਨਾ ਫਿਕਰ ਕਰਦੇ ਹੋ, ਨਾ ਖੁਸ਼ ਹੁੰਦੇ ਹੋ, ਤੁਹਾਡਾ ਤਾਂ ਇਹਨਾਂ ਗੱਲਾਂ ਨਾਲ ਕੋਈ ਵਾਸਤਾ ਹੀ ਨਹੀ।"
" ਤੁਹਾਡਾ ਕੀ ਮਤਲਵ ਕਿ ਮੇਰੇ ਵਿਚ ਕੋਈ ਫੀਲਇੰਗਜ ਹੀ ਹੈ ਨਹੀ।"
" ਇਹ ਹੀ ਤਾਂ ਮੈਨੂੰ ਸਮਝ ਨਹੀ ਆਉਂਦੀ।"
" ਚਲੋ, ਜੋ ਤੁਹਾਨੂੰ ਸਮਝ ਆਉਂਦਾ ਹੈ, ਉਹੀ ਠੀਕ ਹੈ।"
ਮੈਂ ਕੁੱਝ ਬੋਲਣ ਹੀ ਲੱਗਾਂ ਸੀ ਕਿ ਭਾਪਾ ਜੀ ਨੇ ਅਵਾਜ਼ ਲਗਾਈ, " ਮਨਮੀਤ, ਹਰਨੀਤ ਨੂੰ ਲੈ ਆ, ਆ ਕੇ ਕੁਝ ਖਾ ਲਵੋ।"
" ਹਰਨੀਤ ਨੂੰ ਤਾਂ ਭੁੱਖ ਹੀ ਨਹੀ ਲੱਗਦੀ।" ਮਂੈ ਭਾਪਾ ਜੀ ਨੂੰ ਜ਼ਵਾਬ ਦਿੱਤਾ, " ਮਂੈ ਆਉਂਦਾ ਹਾਂ।"
" ਮੈਂ ਤਹਾਨੂੰ ਕਦੋਂ ਕਿਹਾ ਕਿ ਮੈਨੂੰ ਭੱਖ ਨਹੀ ਲੱਗਦੀ।" ਹਰਨੀਤ ਬੋਲੀ, " ਮਂੈ ਸਿਰਫ ਇੰਨਾ ਕਿਹਾ ਕਿ ਇਸ ਟਾਈਮ ਮੈ ਕੁੱਝ ਨਹੀ ਖਾਣਾ।"
" ਤੁਸੀ ਨਹੀ ਕੁੱਝ ਖਾਣਾ ਤਾਂ ਨਾ ਸਹੀ, ਪਰ ਮਂੈ ਤਾਂ ਜਾਵਾਂ।"
" ਹਾਂ ਜਾਉ।"
ਮਂੈ ਬਗ਼ੈਰ ਕੁੱਝ ਕਹੇ ਉਥੋਂ ਤੁਰ ਪਿਆ।
" ਹਰਨੀਤ ਨੇ ਸੱਚੀ ਨਹੀ ਕੁੱਝ ਖਾਣਾ।" ਹਰਨੀਤ ਦੀ ਮੱਮੀ ਨੇ ਪੁੱਛਿਆ, " ਮਨਮੀਤ, ਉਸ ਨੂੰ ਪੁੱਛਣਾ ਸੀ, ਕੁੱਝ ਪੀ ਹੀ ਲੈਂਦੀ।"
" ਨਹੀ, ਉਸ ਨੇ ਕੁੱਝ ਪੀਣਾ ਵੀ ਨਹੀ।" ਮੈਂ ਆਪਣੇ ਕੋਲੋ ਹੀ ਕਹਿ ਦਿੱਤਾ, " ਕਹਿੰਦੀ ਹੈ ਉਹ ਰੱਜੀ ਪਈ ਹੈ।"
" ਉਹ ਕਰੇ ਵੀ ਵਿਚਾਰੀ ਕੀ?" ਦਾਦੀ ਜੀ ਬੋਲੇ, "ਨਵਾਂ ਨਵਾ ਵਿਆਹ ਹੋਇਆ, ਚਾਰ ਦਿਨ ਤਾਂ ਇਕੱਠੇ ਰਹੇ, ਹੁਣ ਮਜ਼ਬੂਰੀ ਬਸ ਮੁੜਨਾ ਪੈਣਾ ਹੈ।"
" ਗੱਲ ਤਾਂ ਤੁਹਾਡੀ ਠੀਕ ਹੈ।" ਹਰਨੀਤ ਦੀ ਮੱਮੀ ਬੋਲੀ, " ਇਸ ਤਰਾਂ ਦੀ ਜ਼ੁਦਾਈ ਹੀ ਭੁੱਖ ਮਾਰ ਦਿੰਦੀ ਆ।"
ਦਾਦੀ ਜੀ ਅਤੇ ਹਰਨੀਤ ਦੀ ਮੱਮੀ ਆਪਣੇ ਧਿਆਨ ਆਪਸ ਵਿਚ ਹੌਲੀ ਹੌਲੀ ਗੱਲਾਂ ਕਰ ਰਹੀਆਂ ਸਨ, ਮੈ ਪਰੇ ਬੈਠਾ ਗੱਲਾਂ ਨਾ ਸੁੱਨਣ ਦਾ ਦਿਖਾਵਾ ਕਰਦਾ ਵੀ ਉਹਨਾਂ ਦੀਆਂ ਗੱਲਾਂ ਸੁਣ ਰਿਹਾ ਸੀ।
"ਬੰਦੇ ਤਾਂ ਇਸ ਤਰਾਂ ਦੀਆਂ ਗੱਲਾਂ ਦੀ ਬਹੁਤੀ ਪਰਵਾਹ ਨਹੀ ਕਰਦੇ।" ਦਾਦੀ ਜੀ ਬੋਲੇ, " ਦੇਖ ਲਉ ਮਨਮੀਤ ਖਾਂਦਾ ਹੀ ਆ।"
" ਮਾਤਾ ਜੀ, ਜ਼ਨਾਨੀਆਂ ਬੰਦਿਆਂ ਨਾਲੋ ਜ਼ਿਅਦਾ ਸੈਂਸਟਿਵ ਹੁੰਦੀਆਂ ਨੇ।" ਹਰਨੀਤ ਦੀ ਮੱਮੀ ਬੋਲੀ, " ਉਹ ਬੰਦਿਆ ਦਾ ਹਮੇਸ਼ਾਂ ਹੀ ਜ਼ਿਆਦਾ ਖਿਆਲ ਕਰਦੀਆਂ ਨੇ।"
" ਹਾਂ ਪੁੱਤ, ਆਦਮੀਆਂ ਨਾਲੋ ਅਕਲਮੰਦ ਹੁੰਦੀਆਂ ਆ।"ਦਾਦੀ ਜੀ ਨੇ ਸੈਂਸਟਿਵ ਦਾ ਅਰਥ ਹੋਰ ਹੀ ਕੱਢਦਿਆਂ ਕਿਹਾ, " ਪੁੱਤ, ਆਪਣੇ ਤਾਂ ਮਨਮੀਤ ਤੇ ਹਰਨੀਤ ਦੋਨੋਂ ਹੀ ਅਕਲ ਵਾਲੇ ਆ, ਉਦਰਿਆ ਤਾਂ ਮਨਮੀਤ ਵੀ ਆ, ਪਰ ਬੰਦੇ ਆਪਣੀਆਂ ਅੱਖਾਂ ਦੇ ਹੁੰਝੂ ਬਾਹਰ ਕੱਢਣ ਦੀ ਥਾਂ ਦਿਲ ਵਿਚ ਸੁੱਟਦੇ ਰਹਿੰਦੇ ਆ।"
ਇਹਨਾ ਗੱਲਾਂ ਦਾ ਮੇਰੀ ਜ਼ਿੰਦਗੀ ਨਾਲ ਕੋਈ ਸਬੰਧ ਨਾ ਹੋਣ ਦੇ ਵਾਬਜ਼ੂਦ ਵੀ ਮੈਨੂੰ ਚੰਗੀਆਂ ਲੱਗ ਰਹੀਆਂ ਸਨ।ਕਿਉਂਕਿ ਮੈ ਕਲਪਨਾ ਕਰਨ ਲੱਗ ਜਾਂਦਾ ਕੀ ਪਤਾ ਹੋਵੇ ਹਰਨੀਤ ਮੇਰੇ ਤੋਂ ਜੁਦਾ ਹੋਣ ਕਾਰਨ ਹੀ ਉਦਾਸ ਹੈ, ਇਸ ਤਰਾਂ ਦੀ ਕਲਪਨਾ ਕਰਨਾ ਮੈਨੂੰ ਉਨਾ ਹੀ ਚੰਗਾ ਲੱਗਦਾ ਹੈ ਜਿਨਾ ਘੁਮਿਆਰੀ ਨੂੰ ਆਪਣਾ ਭਾਡਾਂ।ਛੇਤੀ ਹੀ ਸਭ ਵੈਨ ਵਿਚ ਬੈਠ ਗਏ ਅਤੇ ਗੱਡੀ ਦੀਆਂ ਹਵਾਂ ਨਾਲ ਗੱਲਾਂ ਕਰਾਂਉਂਦਾ ਮੈ ਫਿਰ ਸਟਿਰਇੰਗ ਘੁੰਮਾਉਣ ਲੱਗਾ।
ਸਾਰੇ ਰਾਹ ਸਭ ਆਪਸ ਵਿਚ ਗੱਲ-ਬਾਤ ਕਰਦੇ ਰਹੇ, ਪਰ ਮੇਰੀ ਹਰਨੀਤ ਨਾਲ ਕੋਈ ਗੱਲ ਨਹੀ ਹੋਈ।ਉਸ ਦਿਨ ਹਰਨੀਤ ਨੇ ਦਾਦੀ ਜੀ ਵਲੋਂ ਦਿੱਤਾ ਰਾਣੀ-ਹਾਰ ਪਾਇਆ ਹੋਇਆ ਸੀ।ਹਾਰ ਨੂੰ ਦੇਖ ਕੇ ਮੇਰਾ ਦਿਲ ਕਈ ਵਾਰੀ ਘਬਰਾਇਆ ਸੀ ਕਿ ਵਿਆਹ ਨਕਲੀ ਹੈ ਅਤੇ ਇਹ ਅਸਲੀ ਕੀਮਤੀ ਹਾਰ ਕੈਨੇਡਾ ਨੂੰ ਨਾਲ ਲਿਜਾ ਰਹੀ ਹੈ।
ਹਵਾਈ ਅੱਡੇ ਉੱਪਰ ਪਹੁੰਚ ਕੇ ਪਤਾ ਲੱਗ ਗਿਆ ਕਿ ਫਲਾਈਟ ਛੇਤੀ ਹੀ ਜਾ ਰਹੀ ਹੈ।ਜਿਉਂ ਜਿਉਂ ਟਾਈਮ ਨੇੜੇ ਆ ਰਿਹਾ ਸੀ ਰੋਕਦਿਆਂ ਰੋਕਦਿਆਂ ਵੀ ਮੇਰਾ ਧਿਆਨ ਹਾਰ ਵੱਲ ਵੱਧ ਰਿਹਾ ਸੀ।ਪਤਾ ਨਹੀ ਹਰਨੀਤ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਸੀ ਜਾਂ ਸੱਬਬ ਸੀ।ਉਸ ਨੇ ਇਸ਼ਾਰੇ ਨਾਲ ਮੈਨੂੰ ਬੁਲਾਇਆ ਅਤੇ ਇਕ ਪਾਸੇ ਹੋ ਕੇ ਕਹਿਣ ਲੱਗੀ, " ਤੁਸੀ ਆਪਣਾ ਰੋਲ ਬਹੁਤ ਸੋਹਣੀ ਤਰਾਂ ਨਿਭਾਇਆ ਹੈ। ਥੈਂਕ ਜੂ।"
ਮੇਰਾ ਧਿਆਨ ਹਾਰ ਵੱਲ ਹੋਣ ਕਾਰਨ ਮੈਂ ਕਹਿ ਹੀ ਦਿੱਤਾ, " ਇਹ ਹਾਰ ਕਾਫੀ ਕੀਮਤੀ ਹੈ ਇਸ ਨੂੰ ਸੰਭਾਲ ਕੇ ਰੱਖਣਾ।"
ਉਸ ਦੇ ਹੱਥ ਤੇਜ਼ੀ ਨਾਲ ਗਰਦਨ ਦੇ ਪਿੱਛੇ ਚਲੇ ਗਏ। ਹਾਰ ਲਾ ਕੇ ਮੈਨੂੰ ਫੜਾਂਉਂਦਿਆ ਕਿਹਾ, "ਇਹ ਹਾਰ ਮੈ ਤੁਹਾਨੂੰ ਵਾਪਸ ਕਰਨਾ ਸੀ, ਇਸ ਲਈ ਤਾਂ ਮੈ ਤੁਹਾਨੂੰ ਇੱਥੇ ਬੁਲਾਇਆ ਹੈ।"
" ਮੇਰਾ ਮਤਲਵ ਇਹ ਨਹੀ ਸੀ।" ਮਂੈ ਸ਼ਰਮਿੰਦੇ ਜਿਹੇ ਹੁੰਦੇ ਨੇ ਕਿਹਾ, " ਤੁਸੀ ਹਾਰ ਲੈ-ਜਾ ਸਕਦੇ ਹੋ।"
ਪਰੇ ਖੜ੍ਹੇ ਦੋਹਾਂ ਪ੍ਰੀਵਾਰਾਂ ਦੇ ਮੈਂਬਰ ਇਹ ਸਾਰੀ ਕਾਰਵਾਹੀ ਦੇਖਦੇ ਹੋਏ ਹੈਰਾਨ ਵੀ ਸਨ।ਉਹਨਾਂ ਦੇ ਕੋਲ ਜਾਂਦਿਆ ਹੀ ਹਰਨੀਤ ਨੇ ਉਹਨਾਂ ਦੀ ਹੈਰਾਨੀ ਦੂਰ ਕਰਦਿਆਂ ਆਪਣੀ ਮੱਮੀ ਨੂੰ ਕਿਹਾ, " ਮੈ ਹਾਰ ਮਨਮੀਤ ਨੂੰ ਦੇ ਦਿੱਤਾ ਹੈ, ਕੈਨੇਡਾ ਆਉਂਦੇ ਹੋਏ ਲੈ ਆਉਣਗੇ, ਬਹੁਤ ਹੀ ਹੈਵੀ ਆ, ਮੇਰੇ ਲਈ ਤਾਂ ਸੰਭਾਲਣਾ ਵੀ ਔਖਾ ਆ।"
" ਚਲੋ, ਜਿਵੇ ਤੁਹਾਡੀ ਦੋਹਾਂ ਦੀ ਮਰਜ਼ੀ।" ਉਸ ਦੀ ਮੱਮੀ ਨੇ ਇਹ ਗੱਲ ਮੁਕਾਉਂਦਿਆ ਕਿਹਾ, " ਜ਼ਿੰਦਗੀ ਦੇ ਸਾਰੇ ਫੈਂਸਲੇ ਮਿਲ ਕੇ ਕਰੋਂਗੇ ਤਾਂ ਸੋਖੇ ਰਹਉਂਗੇ।"
" ਧੀਏ ਇਹ ਗੱਲ ਤਾਂ ਤੂੰ ਬਹੁਤ ਹੀ ਸਿਆਣੀ ਕੀਤੀ।" ਕੋਲ ਖੜ੍ਹੇ ਦਾਦੀ ਜੀ ਨੇ ਕਿਹਾ, " ਜੇ ਤਾਂ ਮੀਆ-ਬੀਬੀ ਸਾਰੀ ਉਮਰ ਮਿਲ ਕੇ ਚੱਲਣ ਤਾਂ ਘਰ ਸਵਰਗ, ਜੇ ਆਪੋ ਆਪਣੀ ਚਲਾਉਣ ਲੱਗਣ ਤਾਂ ਘਰ ਨਰਕ।"
" ਮਾਤਾ ਜੀ।" ਹਰਨੀਤ ਦੇ ਡੈਡੀ ਨੇ ਕਿਹਾ, " ਜੇ ਇਹੋ ਜਿਹੀਆਂ ਗੱਲਾਂ ਅੱਜ-ਕੱਲ ਦੇ ਬੱਚਿਆਂ ਨੂੰ ਸਮਝ ਆ ਜਾਣ ਤਾਂ ਤਲਾਕ ਹੋਣ ਹੀ ਨਾ।"
ਤਲਾਕ ਦਾ ਨਾਮ ਸੁੱਣ ਕੇ ਮੇਰੇ ਦਿਲ ਤੇ ਝਰੀਟ ਜਿਹੀ ਪਈ।ਹਰਨੀਤ ਨੇ ਵੀ ਡੂੰਘੀ ਨਜ਼ਰ ਨਾਲ ਮੈਨੂੰ ਦੇਖਿਆ ਜਿਹਦੀ ਮੈਨੂੰ ਕੋਈ ਸਮਝ ਨਾ ਆਈ।
ਹਰਨੀਤ ਅਤੇ ਉਸ ਦੇ ਮੱਮੀ-ਡੈਡੀ ਆਪਣਾ ਆਪਣਾ ਸਮਾਨ ਚੁੱਕੀ ਜਹਾਜ਼ ਚੜ੍ਹਨ ਲਈ ਜਾ ਰਿਹੇ ਸੀ।ਸਾਰੇ ਹੱਥ ਹਿਲਾ ਹਿਲਾ ਕੇ ਇਕ-ਦੂਜੇ ਨੂੰ ਵਾਏ-ਟਾਟਾ ਕਰ ਰਹੇ ਸਨ।ਹਰਨੀਤ ਨੇ ਜਾਂਦਿਆਂ ਇਕ ਵਾਰ ਪਿੱਛੇ ਵੇਖਿਆ ਅਤੇ ਹੱਥ ਵੀ ਹਿਲਾਇਆ ਤਾਂ ਵਿਚੋਲਾ ਮੇਰੇ ਕੋਲ ਆ ਕੇ ਕਹਿਣ ਲੱਗਾ, " ਔਖਾ ਲਗਦਾ ਹੋਵੇਗਾ ਇਸ ਤਰਾਂ ਵਿਛੜਨਾ।"
" ਪਰ ਬੰਦਾ ਕਰ ਵੀ ਕੀ ਸਕਦਾ ਹੈ।" ਮੈਂ ਤਸੱਲੀ ਬਖਸ਼ ਜ਼ਵਾਬ ਦੇਂਦਿਆ ਕਿਹਾ, " ਪਤਾ ਹੀ ਸੀ ਇਸ ਤਰਾਂ ਹੋਣਾ ਆ।"
" ਚੱਲ ਕੋਈ ਗੱਲ ਨਹੀ।" ਵਿਚੋਲਾ ਆਪਣੇ ਵਲੋਂ ਹੌਂਸਲਾ ਦੇ ਰਿਹਾ ਸੀ, " ਹੋਰ ਛੇ ਮਹੀਨੇ- ਸਾਲ ਨੂੰ ਤੂੰ ਵੀ ਕੈਨੇਡਾ ਹੋਣਾ ਆ।"
" ਦੇਖੋ, ਕਦੋਂ ਬਣਦਾ ਅੰਨ-ਜਲ?"
ਮੇਰੀ ਇਹ ਗੱਲ ਸੁਣ ਕੇ ਵਿਚੋਲੇ ਨੇ ਰਿਸ਼ਤਾ ਕਰਾਉਣ ਦਾ ਆਪਣਾ ਮਤਲਵ ਦੱਸਿਆ, " ਉੱਥੇ ਜਾ ਕੇ ਇਕ ਕੰਮ ਤੂੰ ਮੇਰਾ ਵੀ ਕਰਨਾ ਆ।"
ਵਿਚੋਲਾ ਇੰਨੀ ਹੌਲੀ ਬੋਲਦਾ ਸੀ ਜੋ ਸਿਰਫ ਮੈਨੂੰ ਹੀ ਸੁਣਦਾ ਸੀ।
" ਉਹ ਕੀ"?
"ਕੈਨੇਡਾ ਲੰਘ ਕੇ ਆਪਣੀ ਸਾਲੀ ਦਾ ਰਿਸ਼ਤਾ ਮੇਰੇ ਭਤੀਜ਼ੇ ਨੂੰ ਕਰਵਾਉਣਾ ਹੈ।"
ਇਹ ਗੱਲ ਸੁਣ ਕੇ ਮੈਂ ਹੱਸਦਿਆ ਕਿਹਾ, " ਪਹਿਲਾਂ ਮੈਨੂੰ ਉੱਧਰ ਜਾਣ ਤਾਂ ਦਿਉ॥"
" ਤੂੰ ਤਾਂ ਹੁਣ ਗਿਆ ਸਮਝ।"
ਪੰਜਾਬ ਨੂੰ ਮੁੜਨ ਲਈ ਵੈਨ ਵਿਚ ਬੈਠੇ ਹੀ ਸੀ ਕਿ ਦਾਦੀ ਜੀ ਬੋਲੇ, " ਹਰਨੀਤ ਦੇ ਤੁਰਨ ਸਮੇਂ ਮਨਮੀਤ ਨੇ ਤਾਂ ਉਦਾਸ ਹੋਣਾ ਹੀ ਸੀ, ਮੇਰਾ ਮਨ ਵੀ ਭਰ ਆਇਆ।"
" ਮੈਂ ਤਾਂ ਠੀਕ ਹੀ ਰਿਹਾ।" ਮੈ ਕਿਹਾ, " ਉਦਾ ਹੀ ਜਰਾ ਚੁੱਪ ਹੋ ਗਿਆ ਸੀ।"
" ਕਾਕਾ ਤੈਂ ਤਾ ਉਹ ਗੱਲ ਕੀਤੀ ਅਖੇ ਮਰਿਆ ਨਹੀ ਆਕੜਿਆ ਆ।" ਦਾਦੀ ਜੀ ਨੇ ਹੱਸਦੇ ਕਿਹਾ, " ਉਦਾਸੀ ਨੇ ਹੀ ਤੈਂਨੂੰ ਚੁੱਪ ਕਰਾ ਦਿੱਤਾ ਸੀ।"
" ਇਕ ਗੱਲ ਆ, ਹਰਨੀਤ ਹੈ ਬਹੁਤ ਸਮਝ ਵਾਲੀ ਕੁੜੀ" ਪਿਤਾ ਜੀ ਵਿਚੋਂ ਹੀ ਬੋਲ ਉੱਠੇ, " ਕੈਨੇਡਾ ਵਾਲੀ ਫੂ-ਫਾਂ ਤਾਂ ਉਹਦੇ ਵਿਚ ਹੈ ਹੀ ਨਹੀ।"
" ਹੋਰ ਕੀ।" ਦਾਦੀ ਜੀ ਬੋਲੇ, " ਹਰਨੀਤ ਭਾਂਵੇ ਰਹੀ ਤਾਂ ਸਾਡੇ ਵਿਚ ਥੌੜ੍ਹੀ ਦੇਰ, ਰਹੀ ਅਕਲ ਨਾਲ।"
" ਜਿਦਾਂ ਵਹੁਟੀਆਂ ਰਹਿੰਦੀਆਂ ਹੁੰਦੀਆ ਆ ਉਦਾ ਹੀ ਰਹੀ।" ਮੈਂ ਜਾਣ ਕੇ ਕਿਹਾ, " ਹੋਰ ਕੁੱਝ ਵਾਧੂ ਤਾਂ ਉਸ ਨੇ ਕੀਤਾ ਨਹੀ।"
" ਲੈ, ਝੋਟੇ- ਕੁਟਿਆਂ ਦਾ ਵੀ ਮੁੰਡਾ ਅਮਰੀਕਾ ਤੋਂ ਆਈ ਕੁੜੀ ਨਾਲ ਹੀ ਵਿਆਹਿਆ ਸੀ।" ਦਾਦੀ ਜੀ ਕਹਿਣ ਲੱਗੇ, " ਵਹੁਟੀ ਕਿਦਾਂ ਸਾਰੇ ਪਿੰਡ ਵਿਚ ਨੰਗੇ ਸਿਰ ਲੂਛ ਲੂਛ ਕਰਦੀ ਫਿਰਦੀ ਸੀ।"
ਲੂਛ ਲੂਛ ਸ਼ਬਦ ਦੀ ਮੈਨੂੰ ਸਮਝ ਤਾਂ ਨਹੀ ਆਈ, ਪਰ ਉਸ ਸਮੇਂ ਮੇਰਾ ਦਿਲ ਕਰੇ ਕਿ ਮੈ ਇਹਨਾਂ ਨੂੰ ਅਸਲੀਅਤ ਦੱਸ ਦੇਵਾਂ, ਲੇਕਿਨ ਹਰਨੀਤ ਨਾਲ ਕੀਤੇ ਵਾਅਦੇ ਨੇ ਮੈਨੂੰ ਬੋਲਣ ਹੀ ਨਾ ਦਿੱਤਾ।ਮਨ ਤੇ ਫਿਰ ਬੋਝ ਜਿਹਾ ਮਹਿਸੂਸ ਹੋਇਆ ਕਿ ਕਿਵੇ ਮਂੈ ਵੀ ਹਰਨੀਤ ਦੇ ਨਾਲ ਘਰਦਿਆਂ ਨੂੰ ਧੋਖਾ ਦੇ ਰਿਹਾ ਹਾਂ।ਇਹ ਸੋਚ ਕੇ ਮੱਥੇ ਤੇ ਪਸੀਨੇ ਦੀਆਂ ਬੂੰਦਾਂ ਵੀ ਉਭਰ ਆਈਆਂ। ਉਹਨਾਂ ਨੂੰ ਸਾਫ ਕਰਨ ਲਈ ਜੈਕਟ ਦੀ ਜੇਬ ਵਿਚੋਂ ਰੁਮਾਲ ਕੱਢਣ ਲੱਗਾ ਤਾ ਹਰਨੀਤ ਦਾ ਵਾਪਸ ਕੀਤਾ ਰਾਣੀਹਾਰ ਹੱਥ ਵਿਚ ਆ ਗਿਆ। ਜੋ ਉਸ ਵੇਲੇ ਕਾਹਲੀ ਨਾਲ ਮੈ ਜੇਬ ਵਿਚ ਹੀ ਪਾ ਲਿਆ ਸੀ।ਰਾਣੀਹਾਰ ਦਾਦੀ ਜੀ ਨੂੰ ਫੜਾਉਂਦਿਆਂ ਕਿਹਾ, " ਇਸ ਨੂੰ ਤਾਂ ਸਾਂਭੋ।"
" ਮਨਮੀਤ, ਤੈਨੂੰ ਇਹ ਹਾਰ ਵਾਪਸ ਨਹੀ ਸੀ ਲੈਣਾ ਚਾਹੀਦਾ।" ਭਾਪਾ ਜੀ ਨੇ ਕਿਹਾ, " ਮੈਨੂੰ ਚੰਗਾ ਜਿਹਾ ਨਹੀ ਲੱਗਾ।"
" ਤੁਹਾਡੇ ਸਾਹਮਣੇ ਹਰਨੀਤ ਨੇ ਮੈਨੂੰ ਆਪ ਹੀ ਵਾਪਸ ਦਿੱਤਾ।" ਮੈ ਫਿਰ ਝੂਠ ਬੋਲਿਆ, " ਮੈਂ ਤਾਂ ਬਥੇੜਾ ਕਿਹਾ ਕਿ ਤੂੰ ਲੈ ਜਾਹ।"
" ਹਰਨੀਤ ਨੂੰ ਕੋਈ ਲਾਲਚ ਹੀ ਨਹੀ।" ਦਾਦੀ ਜੀ ਬੋਲੇ, " ਰਾਣੋ ਦੱਸਦੀ ਸੀ ਕਿ ਝੋਟੇਕੁੱਟਾਂ ਦੀ ਵਹੁਟੀ ਤਾਂ ਸਾਰੇ ਗਹਿਣੇ ਨਾਲ ਹੀ ਅਮਰੀਕਾ ਨੂੰ ਲੈ ਗਈ।"
" ਮਾਤਾ ਜੀ, ਇਹ ਝੋਟੇਕੁੱਟ ਹੈ ਕੌਣ ?" ਵਿਚੋਲਾ ਹੱਸਦਾ ਜਿਹਾ ਬੋਲਿਆ, " ਤੁਸੀ ਤਾਂ ਉਹਨਾਂ ਨੂੰ ਬਹੁਤ ਹੀ ਯਾਦ ਕਰਦੇ ਆ।"
" ਸਾਡੇ ਪਿੰਡ ਦੇ ਹੀ ਬੰਦੇ ਆ।" ਭਾਪਾ ਜੀ ਨੇ ਦੱਸਿਆ, " ਪਿੱਛੇ ਜਿਹੇ ਉਹਨਾਂ ਦੇ ਮੁੰਡੇ ਦਾ ਵਿਆਹ ਅਮਰੀਕਾ ਤੋਂ ਆਈ ਕੁੜੀ ਨਾਲ ਹੋਇਆ।ਇਸ ਦੇ ਨਾਲ ਹੀ ਵਿਚੋਲੇ ਨੇ ਭਾਪਾ ਜੀ ਨਾਲ ਹੋਰ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਦਾਦੀ ਜੀ ਵੱਲ ਦੇਖਿਆ ਤਾਂ ਉਹ ਸੀਟ ਨਾਲ ਢੋ ਲਾ ਕੇ ਸੁੱਤੇ ਪਏ ਸਨ। ਮੈ ਆਪਣੇ ਧਿਆਨ ਵੈਨ ਚਲਾਉਂਦਾ, ਹਰਨੀਤ ਅਤੇ ਉਸ ਦੇ ਘਰਦਿਆਂ ਬਾਰੇ ਸੋਚਣ ਲੱਗਾ।
16
ਘਰ ਪਹੁੰਚਣ ਤੇ ਦਾਦੀ ਜੀ ਨੇ ਫਿਰ ਕਿਹਾ, " ਹਰਨੀਤ ਤੋਂ ਬਿਨਾ ਘਰ ਖਾਣ ਨੂੰ ਆਉਂਦਾ ਆ, ਰੌਣਕ ਤਾਂ ਲੱਗਦੀ ਹੀ ਨਹੀ।"
" ਬੀਜ਼ੀ, ਇਸ ਘਰ ਵਿਚ ਹਰਨੀਤ ਰਹੀ ਤਾਂ ਥੌੜੇ ਦਿਨ ਹੀ ਆ, ਉਸ ਦੇ ਜਾਣ ਨਾਲ ਘਰ ਦੀ ਰੌਣਕ ਨੂੰ ਕੀ ਫਰਕ ਪੈਣਾ ਸੀ।"
" ਕਾਕਾ, ਉਸ ਦੇ ਜਾਣ ਦਾ ਤਾਂ ਤੈਨੂੰ ਵੀ ਫਰਕ ਪਿਆ, ਰੌਣਕ ਨੂੰ ਨਹੀ ਪੈ ਸਕਦਾ? ਨਾਲੇ ਹਰ ਇਨਸਾਨ ਦਾ ਆਪਣਾ ਆਪਣਾ ਪਰਤਾਪ ਹੁੰਦਾ ਆ।"
ਮਂੈ ਠੀਕ ਸਾਂ ਫਿਰ ਵੀ ਪਤਾ ਨਹੀ ਦਾਦੀ ਜੀ ਨੂੰ ਮੇਰੇ ਵਿਚ ਫਰਕ ਕਿਉਂ ਦਿਸ ਰਿਹਾ ਸੀ।ਹੋ ਸਕਦਾ ਉਸ ਦਾ ਵਿਛੌੜਾ ਥੌੜ੍ਹਾ-ਬਹੁਤ ਮੇਰੇ ਤੇ ਕੋਈ ਪ੍ਰਭਾਵ ਪਾ ਵੀ ਰਿਹਾ ਹੋਵੇ। ਪਰ ਮੈਨੂੰ ਪਤਾ ਨਾ ਲੱਗ ਰਿਹਾ ਹੋਵੇ। ਦਾਦੀ ਜੀ ਮੇਰੇ ਨਾਲੋ ਜ਼ਿਆਦਾ ਤਜ਼ਰਬੇਕਾਰ ਹੋਣ ਕਰਕੇ, ਮੇਰੀ ਕੋਈ ਗੱਲ ਉਹਨਾ ਦੇ ਧਿਆਨ ਵਿਚ ਹੋਵੇ।
ਇਹੋ ਗੱਲਾਂ ਸੋਚਦਾ ਮੈ ਚੁਬਾਰੇ ਚੜ੍ਹ ਗਿਆ। ਸਿਧਾ ਹਰਨੀਤ ਦੇ ਕਮਰੇ ਵੱਲ ਗਿਆ। ਹਰਨੀਤ ਦੇ ਜਾਣ ਤੋਂ ਬਾਅਦ ਵੀ ਇਸ ਕਮਰੇ ਵਿਚ ਸੁੱਤਾ ਨਹੀ। ਹੁਣ ਜਦੋਂ ਹਰਨੀਤ ਕੈਨੇਡਾ ਨੂੰ ਚਲੀ ਹੀ ਗਈ ਹੈ ਤਾਂ ਇਸ ਉੱਤੇ ਦੁਬਾਰਾ ਕਬਜ਼ਾ ਕਰਨ ਦਾ ਇਰਾਦਾ ਬਣ ਗਿਆ ਹੈ। ਮੈਨੂੰ ਪਤਾ ਹੀ ਨਾ ਲੱਗਾ ਕਦੋਂ ਮੇਰਾ ਹੱਥ ਅੱਧ-ਖੁੱਲ੍ਹੇ ਦਰਵਾਜ਼ੇ ਨੂੰ ਖੜਕਾਉਣ ਲੱਗਾ। ਦਿਮਾਗ ਵਿਚੋਂ ਨਿਕਲ ਹੀ ਗਿਆ ਕਿ ਹਰਨੀਤ ਕੈਨੇਡਾ ਨੂੰ ਚਲੀ ਗਈ ਹੈ। ਐਵੇਂ ਹੀ ਖਾਲੀ ਕਮਰੇ ਦੇ ਸੁੰਨੇ ਦਰਵਾਜ਼ੇ ਨੂੰ ਦਸਤਕਾਂ ਦੇਣ ਲੱਗ ਪਿਆ। ਕਮਰੇ ਵਿਚ ਦੱਖਲ ਹੋਇਆ ਤਾਂ ਇੰਝ ਲੱਗਾ ਜਿਵੇ ਕਮਰਾ ਪੁੱਛ ਰਿਹਾ ਹੋਵੇ, "ਕਿੱਥੇ ਤੁਰਿਆ ਫਿਰਦਾ ਏ?"
ਆਪਣੇ-ਆਪ ਉੱਪਰ ਹੱਸਦਾ,ਹਰਨੀਤ ਦੀ ਯਾਦ ਤੋਂ ਬਚਦਾ ਮੈਂ ਕੱਪੜੇ ਬਦਲਣ ਲੱਗਾ। aਦੋਂ ਹੀ ਰਾਣੋ ਦੀ ਤਿੱਖੀ ਅਜਿਹੀ ਅਵਾਜ਼ ਪੌੜੀਆਂ ਵਲੋਂ ਆਈ, " ਮਨਮੀਤ ਤੂੰ ਚਾਹ ਪੀਣੀ ਆ? ਮੈਨ ਬਣਾਉਣ ਲੱਗੀ ਆਂ।"
ਮੈਂ ਵੀ ਉਸ ਵਾਂਗ ਹੀ ਉੱਚੀ ਅਵਾਜ਼ ਵਿਚ ਪੱਛਿਆ," ਤੂੰ ਕਦੋਂ ਆ ਗਈ ਰੌਲਾ ਪਾਉਣ ਨੂੰ?"
" ਰੌਲਾ ਤਾਂ ਮੈਂ ਕੋਈ ਪਾਇਆ ਨਹੀ।" ਰਾਣੋ ਉੱਚੀ ਅਵਾਜ਼ ਵਿਚ ਬੋਲਦੀ ਪੌੜੀਆਂ ਚੜ੍ਹਦੀ ਆ ਰਹੀ ਸੀ।"
" ਇੰਨਾ ਉੱਚਾ ਬੋਲਦੀ ਏ।" ਮੈਂ ਆਪਣੇ ਕੁੜਤੇ ਦੇ ਬਟਨ ਲਾਉਂਦਿਆ ਕਿਹਾ, " ਅਜੇ ਕਹਿੰਦੀ ਹੈ ਕਿ ਮੈਂ ਰੌਲਾ ਨਹੀ ਪਾਉਂਦੀ।"
" ਤੂੰ ਮੇਰਾ ਰੌਲਾ ਛੱਡ।" ਉਹ ਕਮਰੇ ਵਿਚ ਦਾਖਲ ਹੁੰਦੀ ਬੋਲੀ, " ਤੂੰ ਇਹ ਦੱਸ ਜਦੋਂ ਹਰਨੀਤ ਜ਼ਹਾਜ਼ੇ ਚੜ੍ਹੀ ਤੂੰ ਕਿੰਨਾ ਕੁ ਰੋਇਆ।"
" ਜਿੰਨਾ ਕੁ ਕਾਕੇ ਦਾ ਭਾਪਾ ਤੇਰੇ ਪੇਕੇ ਜਾਣ ਉੱਪਰ ਰੋਂਦਾ ਆ।"
" ਉਹ ਤਾਂ ਹੁਣ ਕਦੇ ਨਹੀ ਰੋਇਆ।"
" ਇਹਦਾ ਮਤਲਵ ਪਹਿਲਾਂ ਰੋਂਦਾ ਹੁੰਦਾ ਸੀ।" ਮੈਂ ਹੱਸਦੇ ਹੋਏ ਕਿਹਾ, " ਕੋਈ ਨਹੀ ਮੈਂ ਉਸ ਨੂੰ ਪੁੱਛਗਾ ਇਸ ਗੱਲ ਬਾਰੇ।"
" ਤੂੰ ਆਪਣੀ ਗੱਲ ਦੱਸਣ ਦੀ ਥਾਂ ਮੇਰੀਆਂ ਹੀ ਲੈ ਤੁਰਿਆ।" ਰਾਣੋ ਬੋਲੀ, " ਮੈਂ ਤਾਂ ਚਾਹ ਦਾ ਪੁੱਛਣ ਆਈ ਸੀ, ਕਿੱਥੇ ਮੈਂ ਤੈਂਨੂੰ ਪੁੱਛ ਬੈਠੀ ਹਰਨੀਤ ਬਾਰੇ।"
" ਤੂੰ ਹਰਨੀਤ ਬਾਰੇ ਤਾਂ ਕੁਝ ਪੁੱਛਿਆ ਨਹੀ, " ਮੈ ਕਿਹਾ, " ਤੂੰ ਤਾਂ ਮੈਂਨੂੰ ਪੁੱਛਣ ਲੱਗ ਪਈ ਕਿ ਮੈਂ ਕਿੰਨਾ ਕੁ ਰੋਇਆ।"
" ਚੰਗਾ ਬਾਬਾ, ਮੈਂ ਨਹੀ ਤੈਂਨੂੰ ਕੁਛ ਪੁੱਛਦੀ, " ਰਾਣੋ ਮੇਰੇ ਮੂੰਹ ਵੱਲ ਦੇਖ ਕੇ ਬੋਲੀ, " ਚਾਹ ਪੀਣੀ ਤਾਂ ਦੱਸ ਦੇ।"
" ਜਾਹ ਜਾ ਕੇ ਚਾਹ ਬਣਾ, ਮੇਰਾ ਸਿਰ ਨਾ ਖਾਹ।"
" ਹਰਨੀਤ ਨੇ ਕੇਨੇਡਾ ਨੂੰ ਜਾਣਾ ਹੀ ਸੀ।" ਉਹ ਹੱਸਦੀ ਅਜਿਹੀ ਬੋਲੀ, " ਤੂੰ ਇਸ ਗੱਲ ਉੱਪਰ ਖਿਝ ਨਾ।"
" ਤੈਂਨੂੰ ਮੈਂ ਖਿਝਿਆ ਲੱਗਦਾ ਹਾਂ।" ਮੈ ਗੁੱਸੇ ਵਿਚ ਕਿਹਾ, " ਨਾਲੇ ਮੈਂ ਕਾਕੇ ਦੇ ਭਾਪੇ ਵਰਗਾ ਬੀਬੀ ਦਾ ਗੁਲਾਮ ਨਹੀ, ਜੋ ਜ਼ਨਾਨੀ ਦੇ ਕਿਤੇ ਜਾਣ ਉੱਪਰ ਰੋਣ ਲਗ ਪਵਾਂ।"
" ਕਿੱਥੇ ਮੈਂ ਗਲਤੀ ਕਰ ਲਈ ਤੈਂੰਨੂੰ ਬੁਲਾਉਣ ਦੀ।" ਰਾਣੋ ਵੀ ਖਿਝਦੀ ਹੋਈ ਬੋਲੀ, " ਤੇਰਾ ਪਾਰ ਤਾਂ ਅੱਗੇ ਹੀ ਅਸਮਾਨ ਉੱਪਰ ਚੜ੍ਹਿਆ ਰਹਿੰਦਾ ਏ, ਹੁਣ ਤਾਂ ਭਲਾ ਹਰਨੀਤ ਦੇ ਵਿਯੋਗ ਵਿਚ ਹੋਵੇਗਾ।"
ਉਸ ਦੀ ਇਸ ਗੱਲ ਦਾ ਮੈਂ ਕੋਈ ਜ਼ਵਾਬ ਨਹੀ ਦਿੱਤਾ। ਚੁੱਪਚਾਪ ਥੱਲੇ ਜਾਣ ਲਈ ਪੋੜੀਆਂ ਉਤਰਨ ਲੱਗਾ। ਰਾਣੋ ਵੀ ਮੇਰੇ ਪਿੱਛੇ ਹੀ ਬੁੜਬੁੜ ਕਰਦੀ ਆ ਗਈ।
" ਮਨਮੀਤ ਤੂੰ ਰੋਟੀ ਖਾਣੀ।" ਦਾਦੀ ਜੀ ਨੇ ਪੁੱਛਿਆ, " ਭੁੱਖ ਲੱਗੀ ਹੋਣੀ ਏ, ਕਦੋਂ ਦਾ ਰਸਤੇ ਵਿਚ ਦਾ ਹੀ ਖਾਧਾ ਹੋਇਆ ਆ।"
" ਰਾਣੋ ਨੇ ਤਾਂ ਚਾਹ ਪਿਲਾ ਦਿੱਤੀ।" ਮੈਂ ਹਾਸੇ ਅਜਿਹੇ ਨਾਲ ਕਿਹਾ, " ਤੁਸੀ ਰੋਟੀ ਖਵਾ ਦਿਉ।"
" ਹੁਣ ਫਿਰ ਲੜ ਪਏ।" ਦਾਦੀ ਜੀ ਨੇ ਕਿਹਾ, " ਰਾਣੋ ਤੂੰ ਵੀ ਮਨਮੀਤ ਨੂੰ ਸਤਾ ਨਾ, ਸਾਰੀ ਰਾਹ ਗੱਡੀ ਚਲਾਉਂਦਾ ਰਿਹਾ ਥੱਕਿਆ ਆ।"
" ਨਾ ਬੀਬੀ, ਮੈ ਕਿੱਥੇ ਸਤਾਉਂਦੀ ਹਾਂ।" ਰਾਣੋ ਭਰੀ- ਪਿਤੀ ਬੋਲੀ, " ਇਹ ਮੇਰੇ ਨਾਲ ਲੜਦਾ ਏ ਕਿ ਕਾਕੇ ਦਾ ਭਾਪਾ ਮੇਰਾ ਗੁਲਾਮ ਆ।"
" ਰਾਣੋ, ਕਿੰਨਾ ਚੰਗਾ ਹੁੰਦਾ ਕਿ ਤੂੰ ਵੀਕਲ ਹੁੰਦੀ।" ਮੈਂ ਕਿਹਾ, " ਝੱਟ ਗੱਲ ਪਲਟਾ ਲੈਂਦੀ ਏ।"
ਰਾਣੋ ਅਗਾਂਹ ਬੋਲਦੀ, ਦਾਦੀ ਜੀ ਪਹਿਲਾਂ ਹੀ ਬੋਲ ਪਏ, " ਰਾਣੋ ਚੱਲ ਤੂੰ ਜਾ ਕੇ ਚਾਹ ਬਣਾ ਅਤੇ ਨਾਲ ਲੂਣ ਵਾਲੇ ਪਰੌਂਠੇ ਬਣਾ, ਮੈਂ ਆਉਂਦੀ ਹਾਂ ਕੱਪੜੇ ਬਦਲ ਕੇ।"
ਰਸਤੇ ਵਿਚ ਚੰਗੀ ਤਰਾਂ ਨਾ ਖਾਧਾ ਹੋਣ ਕਰਕੇ, ਮੇਰੀ ਭੱਖ ਸੱਚ-ਮੁਚ ਹੀ ਚਮਕ ਉੱਠੀ ਸੀ। ਚਾਹ ਨੇ ਨਾਲ ਲੂਣ ਵਾਲੇ ਪਰੌਂਠੇ ਬਹੁਤ ਹੀ ਸਵਾਦ ਲੱਗੇ।ਪਰੌਂਠੇ ਖਾਣ ਦੀ ਦੇਰ ਹੀ ਸੀ ਕਿ ਮੇਰਾ ਸਰੀਰ ਸੁਸਤਾਉਣ ਲੱਗਾ।ਵੈਸੇ ਵੀ ਲਗਾਤਾਰ ਗੱਡੀ ਚਲਾਉਣ ਕਰਕੇ ਥਕਾਵਟ ਵੀ ਮਹਿਸੂਸ ਹੋ ਰਹੀ ਸੀ।ਮੈਂ ਉਬਾਸੀ ਲਈ ਤਾਂ ਦਾਦੀ ਜੀ ਕਹਿ ਵੀ ਦਿੱਤਾ, " ਮਨਮੀਤ, ਤੂੰ ਜ਼ਿਆਦਾ ਹੀ ਥੱਕਿਆ ਲੱਗਦਾ ਏ, ਜਾ ਜਾਕੇ ਘੜੀ ਅਰਾਮ ਕਰ ਲੈ।"
ਅੰਗਠੀ 'ਤੇ ਪਿਆ ਦਲੀਪ ਕੌਰ ਟਿਵਾਣਾ ਦਾ ਨਾਵਲ ' ਇਹ ਹਮਾਰਾ ਜੀਵਨਾ' ਚੁੱਕਿਆ ਤਾਂ ਸੋਣ ਲਈ ਤੁਰ ਪਿਆ।ਸੋਫੇ ਤੇ ਪੈ ਕੇ ਨਾਵਲ ਖੋਲ੍ਹਿਆ ਤਾਂ ਦਿਲ ਪੜ੍ਹਨ ਵਿਚ ਲੱਗੇ ਹੀ ਨਾ। ਪਤਾ ਨਹੀ ਮਨ ਵਿਚ ਕੀ ਆਇਆ ਉਠ ਕੇ ਫਿਰ ਹਰਨੀਤ ਵਾਲੇ ਕਮਰੇ ਵਿਚ ਆ ਗਿਆ। ਜਿਸ ਪੰਲਗ 'ਤੇ ਹਰਨੀਤ ਸੌਂਦੀ ਸੀ, ਚੁਪ-ਚਾਪ aੱਥੇ ਲੇਟ ਗਿਆ।ਬਿਸਤਰੇ ਵਿਚੋਂ ਮੈਂਨੂੰ ਬਹੁਤ ਹੀ ਸੋਹਣੀ ਮਹਿਕ ਆਈ, ਬਿਲਕੁਲ ਹਰਨੀਤ ਵਰਗੀ।ਇਸ ਮਹਿਕ ਵਿਚ ਮੈਂ ਇੰਨਾ ਗੁਆਚ ਗਿਆ ਕਿ ਨਾਵਲ ਖੋਲ੍ਹਣ ਦੀ ਲੋੜ ਹੀ ਨਾ ਪਈ। ਮੈਂ ਅਰਾਮ ਨਾਲ ਸੌਂ ਗਿਆ।
17
ਹਰਨੀਤ ਨੂੰ ਗਿਆ ਤਿੰਨ ਦਿਨ ਹੋ ਗਏ ਸਨ। ਪਰ ਉਸ ਨੇ ਆਪਣੇ ਪਹੁੰਚਣ ਦੀ ਕੋਈ ਖਬਰ ਨਹੀ ਸੀ ਦਿੱਤੀ। ਮੈਨੂੰ ਤਾਂ ਬਹੁਤਾ ਫਿਕਰ ਵੀ ਨਹੀ ਸੀ। ਉਹ ਕਿਹੜਾ ਇਕੱਲੀ ਗਈ ਸੀ। ਉਸ ਦੇ ਮੱਮੀ- ਡੈਡੀ ਉਸ ਦੇ ਨਾਲ ਹੀ ਸਨ।ਫਿਰ ਵੀ ਪਤਾ ਨਹੀ ਕਿਉਂ? ਅੱਜ ਸਵੇਰ ਦਾ, ਫੋਨ ਨੂੰ ਚਾਰ ਵਾਰੀ ਦੇਖ ਚੁੱਕਾ ਸੀ।ਦਾਦੀ ਜੀ ਤਾਂ ਕੱਲ ਦੇ ਹੀ ਮੇਰਾ ਸਿਰ ਖਾਈ ਜਾ ਰਹੇ ਨੇ , " ਹਰਨੀਤ ਨੇ ਪਹੁੰਚਣ ਦਾ ਫੋਨ ਹੀ ਨਹੀ ਕੀਤਾ।" ਮੇਰੇ ਥਾਂ ਤੇ ਭਾਪਾ ਜੀ ਜ਼ਵਾਬ ਦੇ ਦਿੱਤਾ, " ਕੋਈ ਨਹੀ ਫੋਨ ਕਰ ਦੇਵੇਗੀ, ਅਜੇ ਤਾਂ ਸਫ਼ਰ ਦੀ ਥਕਾਵਟ ਹੀ ਨਹੀ ਉਤਰੀ ਹੋਣੀ।"
" ਲੈ ਫੋਨ ਕਰਨ ਨੂੰ ਕੋਈ ਵਰਜਿਸ਼ ਕਰਨੀ ਪੈਂਦੀ ਆ।" ਦਾਦੀ ਜੀ ਬੋਲੇ, " ਕਾਕਾ, ਤੂੰ ਹੀ ਫੋਨ ਕਰਕੇ ਦੇਖ ਲੈ।"
" ਉਸ ਦਾ ਫੋਨ ਨੰਬਰ ਮੇਰੇ ਕੋਲੋ ਕਿਤੇ ਰੱਖ ਹੋ ਗਿਆ।" ਉਹ ਮੈਨੂੰ ਕੋਈ ਨੰਬਰ ਨਹੀ ਸੀ ਦੇ ਕੇ ਗਈ, ਫਿਰ ਵੀ ਮੈਂ ਝੂਠ ਬੋਲਿਆ, " ਲੱਭਦਾ ਹੀ ਨਹੀ।"
aਦੋਂ ਹੀ ਅਚਾਨਕ ਫੋਨ ਖੜਕਿਆ।ਸਾਰਾ ਪ੍ਰੀਵਾਰ ਇਕਦਮ ਸਾਵਧਾਨ ਹੋ ਗਿਆ।ਫੋਨ ਵੱਲ ਮੇਰਾ ਹੱਥ ਇੰਝ ਵਧਿਆ ਜਿਵੇ ਭੋਰਾ ਫੁੱਲ ਤੇ ਬੈਠਣ ਜਾ ਰਿਹਾ ਹੋਵੇ।" ਸਤਿ ਸ੍ਰੀ ਅਕਾਲ ਜੀ" ਫੋਨ ਵਿਚੋਂ ਅਵਾਜ਼ ਆਈ, " ਕੀ ਹਾਲ ਹੈ?"
"ਠੀਕ ਹੈ।"
ਦਾਦੀ ਜੀ ਅਤੇ ਭਾਪਾ ਜੀ ਇਸ਼ਾਰੇ ਨਾਲ ਪੁੱਛ ਰਹੇ ਸਨ, ਕੌਣ ਹੈ?
" ਹਾਂ ਜੀ, ਸਭ ਠੀਕ-ਠਾਕ ਹੈ। ਹਾਂ ਜੀ ਇੱਥੇ ਹੀ ਨੇ, ਕਰ ਲਉ ਗੱਲ।" ਇਹ ਕਹਿ ਕੇ ਮਂੈ ਭਾਪਾ ਜੀ ਨੂੰ ਫੋਨ ਫੜ੍ਹਾਉਂਦਿਆ ਕਿਹਾ, " ਭਾਪਾ ਜੀ, ਹਰਨੀਤ ਦੇ ਡੈਡੀ ਆ।"
" ਪੁੱਤ, ਤੇਰੇ ਵੀ ਉਹ ਡੈਡੀ ਆ।" ਦਾਦੀ ਜੀ ਨੇ ਸਮਝਾਉਣ ਵਾਂਗ ਕਿਹਾ, " ਹੁਣ ਹਰਨੀਤ ਦੇ ਮੱਮੀ ਡੈਡੀ ਤੇਰੇ ਮੱਮੀ ਡੈਡੀ ਅਤੇ ਅਸੀ ਹਰਨੀਤ ਦੇ।"
ਮੇਰਾ ਦਿਲ ਕਰੇ ਕਿ ਕਹਾਂ ਮੇਰੀ ਤਾਂ ਹਰਨੀਤ ਵੀ ਨਹੀ, ਤੁਸੀ ਬਾਕੀਆਂ ਦੀਆਂ ਗੱਲਾ ਕਰ ਰਹੇ ਹੋ।
ਥੌੜ੍ਹੀ ਦੇਰ ਭਾਪਾ ਜੀ ਫੋਨ ਉੱਪਰ ਗੱਲਾਂ ਕਰਦੇ ਰਿਹੇ ਅਤੇ ਮੈਂ ਆਪਣੇ ਖਿਆਲਾਂ ਵਿਚ ਗੁਆਚਾ ਰਿਹਾ।ਖਿਆਲਾਂ ਵਿਚੋਂ ਉਦੋਂ ਹੀ ਬਾਹਰ ਆਇਆ। ਜਦੋਂ ਭਾਪਾ ਜੀ ਨੇ ਕਿਹਾ,"ਮਨਮੀਤ, ਫੋਨ ਤੇ ਗੱਲ ਕਰ ਲੈ, ਹਰਨੀਤ ਆ।"
ਭਾਪਾ ਜੀ ਨੇ ਫਿਰ ਮੈਨੂੰ ਫੋਨ ਫੜਾ ਦਿੱਤਾ ਅਤੇ ਆਪ ਦਾਦੀ ਜੀ ਨੂੰ ਲੈ ਕੇ ਬਾਹਰ ਚਲੇ ਗਏ।
" ਸਤਿ ਸ੍ਰੀ ਅਕਾਲ ਜੀ।" ਮੈਂ ਫੋਨ ਫੜ੍ਹਦਿਆਂ ਹੀ ਕਿਹਾ, " ਠੀਕ-ਠਾਕ ਪਹੁੰਚ ਗਏ।"
" ਮੈ ਛੇਤੀ ਹੀ ਤੁਹਾਡਾ ਅਪਲਾਈ ਕਰ ਰਹੀ ਹਾਂ।" ਉਸ ਨੇ ਅੱਗੋ ਇਕਦਮ ਕਿਹਾ, " ਆਪਣੇ ਪੇਪਰ ਬਗ਼ੈਰਾ ਰੈਡੀ ਰੱਖਿਉ।"
" ਪੇਪਰ ਤਾਂ ਰੈਡੀ ਨੇ।" ਮੈਂ ਦੱਸਿਆ, " ਫੋਨ ਤੁਸੀ ਲੇਟ ਕੀਤਾ ਘਰ ਦੇ ਪੁੱਛ ਰਿਹੇ ਸਨ।"
" ਤੁਸੀ ਆਪ ਫੋਨ ਕਰ ਲੈਂਦੇ।" ਉਸ ਨੇ ਸਿਧਾ ਜ਼ਵਾਬ ਦਿੱਤਾ, " ਅੱਜ ਵੀ ਮੈਨੂੰ ਡੈਡੀ ਜੀ ਨੇ ਹੀ ਕਿਹਾ ਸੀ ਤੁਹਾਨੂੰ ਫੋਨ ਕਰਨ ਲਈ।" ਉਸ ਨੇ ਇਹ ਗੱਲ ਇਸ ਤਰਾਂ ਕਹੀ ਜਿਵੇ ਫੋਨ ਕਰਨ ਦਾ ਅਹਿਸਾਨ ਜਿਤਾ ਰਹੀ ਹੋਵੇ।
" ਮੇਰੇ ਕੋਲ ਤਾਂ ਤੁਹਾਡਾ ਨੰਬਰ ਵੀ ਹੈ ਨਹੀ।" ਮੈਂ ਦੱਸਿਆ, " ਵੈਸੇ ਆਪ ਜੀ ਦੀ ਬਹੁਤ ਮੇਹਰਬਾਨੀ ਜੋ ਫੋਨ ਕੀਤਾ।"
" ਫੋਨ ਦਾ ਨੰਬਰ ਲਿਖ ਲਵੋ।"
ਉਹ ਫੋਨ ਦਾ ਨੰਬਰ ਲਿਖਾ ਰਹੀ ਸੀ ਅਤੇ ਮੈ ਹੌਲੀ ਹੌਲੀ ਨੰਬਰ ਇਸ ਤਰਾਂ ਲਿਖ ਰਿਹਾਂ ਸੀ ਤਾਂ ਜੋ ਇਕ-ਦੋ ਮਿੰਟ ਵਾਧੂ ਗੱਲ ਹੋ ਜਾਵੇ।
" ਦਾਦੀ ਜੀ ਕਿਵੇ ਨੇ?" ਫੋਨ ਲਿਖਾਉਣ ਤੋਂ ਬਾਅਦ ਹਰਨੀਤ ਨੇ ਪੁੱਛਿਆ ਤਾਂ ਮੈਨੂੰ ਹੈਰਾਨੀ ਭਰੀ ਖੁਸ਼ੀ ਹੋਈ।ਖੁਸ਼ੀ ਨੂੰ ਸੰਭਾਲਦਿਆਂ ਕਿਹਾ, " ਉਹ ਠੀਕ ਨੇ, ਪਰ ਤੁਸੀ ਕਿਉਂ…?
" ਐਵੇ ਕੋਈ ਗਲਤਫਹਿਮੀ ਨਾ ਪਾਲ ਲੈਣਾ।" ਉਸ ਨੇ ਟਕੇ ਵਰਗਾ ਜ਼ਵਾਬ ਦਿੱਤਾ, " ਦਾਦੀ ਜੀ ਦਾ ਸੁਭਾਅ, ਉਹਨਾਂ ਦੀ ਬੋਲ-ਬਾਣੀ ਮੈਨੂੰ ਚੰਗੀ ਲੱਗੀ ਤਾਂ ਪੁੱਛਿਆ ਸੀ, ਭਾਪਾ ਜੀ ਨੂੰ ਵੀ ਫੋਨ ਨੰਬਰ ਦੇ ਦੇਣਾ ਜਦੋਂ ਉਹਨਾਂ ਦਾ ਦਿਲ ਕਰੇ ਉਹ ਡੈਡੀ ਨੂੰ ਫੋਨ ਕਰ ਸਕਦੇ ਨੇ।"
" ਇਸ ਤਰਾਂ ਦੀਆਂ ਗੱਲਾਂ ਕਰਕੇ, ਤੁਸੀ ਸਬੰਧ ਜ਼ਿਆਦਾ ਨਹੀ ਵਧਾ ਰਹੇ।" ਮਂੈ ਵਿਚੋਂ ਹੀ ਪੁੱਛਿਆ, " ਆਪਣਾ ਤਾਂ ਕੋਈ ਰਿਸ਼ਤਾ ਬਣਿਆ ਨਹੀ, ਤੁਸੀ ਬਾਕੀ ਰਿਸ਼ਤੇ ਕਿਉਂ ਬਣਾ ਰਹੇ ਹੋ?"
" ਤੁਹਾਡਾ ਮੇਰਾ ਸਬੰਧ ਤਾਂ ਨਕਲੀ ਹੈ।" ਉਸ ਨੇ ਸਪੱਸ਼ਟ ਕਿਹਾ, " ਪਰ ਡੈਡੀ ਅਤੇ ਭਾਪਾ ਜੀ ਦਾ ਸਬੰਧ ਤਾਂ ਉਹਨਾਂ ਲਈ ਅਸਲੀ ਹੈ।"
" ਚਲੋ ਠੀਕ ਹੈ।" ਮੈਂ ਵੀ ਹੱਸਦਿਆਂ ਕਿਹਾ, " ਮੈਂ ਤਾਂ ਕੈਨੇਡਾ ਲੰਘਣਾ ਹੈ, ਮੈਨੂੰ ਕੀ ਕਿਸੇ ਦੇ ਸਬੰਧ ਅਸਲੀ ਹੋਣ ਜਾਂ ਨਕਲੀ।"
" ਇਸ ਦਾ ਮਤਲਵ ਤੁਸੀ ਵੀ ਮੀਨ(ਮਤਲਬੀ) ਬਣ ਗਏ।"
" ਖਰਬੂਜ਼ੇ ਨੂੰ ਦੇਖ ਕੇ ਖਰਬੂਜ਼ਾ ਰੰਗ ਬਦਲ ਹੀ ਲੈਂਦਾ ਹੈ।" ਮੈਂ ਉਸ ਨੂੰ ਸਮਝਾਂਦਿਆਂ ਵਾਂਗ ਕਿਹਾ, " ਤੁਹਾਡੇ ਨਾਲ ਵਾਹ ਪੈਣ ਨਾਲ ਤੁਹਾਡਾ ਵਰਗਾ ਹੀ ਹੋਈ ਜਾਂਦਾ ਹਾਂ।"
" ਗੁਡ, ਮੇਰੇ ਤੋਂ ਕੋਈ ਗੱਲ ਤਾਂ ਸਿਖੀ।" ਉਸ ਨੇ ਬੇਝਿਜਕ ਕਿਹਾ, " ਮੀਨ ਬਨਣ ਨਾਲ ਹੀ ਕਈ ਕੰਮ ਪੂਰੇ ਹੁੰਦੇ ਆ।"
" ਹਾਲਾਤ ਬੰਦੇ ਨੂੰ ਬਹੁਤ ਕੁੱਝ ਬਣਾ ਦਿੰਦੇ ਨੇ।" ਮੈ ਨਿਰਾਲੇ ਜਿਹੇ ਢੰਗ ਨਾਲ ਕਿਹਾ, " ਮੈ ਤਾਂ ਖੁਦਗਰਜ਼ ਹੀ ਬਣਿਆ ਹਾਂ।"
" ਵਾਏ ਦਾ ਵੇ ਜੋ ਮਰਜ਼ੀ ਬਣੋ।" ਉਸ ਨੇ ਥੋੜ੍ਹਾ ਖਿਝ ਕੇ ਗੱਲ ਮੁਕਾਉਂਦਿਆ ਕਿਹਾ, " ਉ.ਕੇ,ਵਾਏ।"
ਇਹ ਕਹਿ ਉਹ ਫੋਨ ਰੱਖ ਗਈ ਸੀ। ਅੱਜ ਉਸ ਨੇ ਫੋਨ 'ਤੇ ਪਹਿਲੀ ਵਾਰ ਖੁਲ੍ਹ ਕੇ ਗੱਲ-ਬਾਤ ਕੀਤੀ। 'ਐਵੇ ਨਾ ਕੋਈ ਗਲਤਫਹਿਮੀ ਪਾਲ ਲੈਣਾ' ਇਸ ਬਾਰੇ ਮੈਨੂੰ ਕੋਈ ਸਮਝ ਨਹੀ ਸੀ ਆਇਆ।ਫਿਰ ਲੱਗਾ ਕਿ ਉਸ ਦੇ ਆਪਣੇ ਦਿਲ ਵਿਚ ਵੀ ਕੋਈ ਗਲਤਫਹਿਮੀ ਹੋਏਗੀ, ਇਹ ਸੋਚਦਾ ਮੁਸਕ੍ਰਾਉਂਦਾ ਹੋਇਆ ਮੈ ਬਾਹਰ ਦਾਦੀ ਜੀ ਹੋਰਾਂ ਕੋਲ ਗਿਆਂ ਤਾਂ ਦਾਦੀ ਜੀ ਫਿਰ ਵੀ ਕਹਿਣ ਲੱਗੇ, " ਤੁਹਾਡੀ ਗੱਲ-ਬਾਤ ਏਨੀ ਛੇਤੀ ਮੁੱਕ ਗਈ, ਕੀ ਕਹਿੰਦੀ ਫਿਰ ਬਹੂ?"
" ਤੁਹਾਡਾ ਪੁੱਛਦੀ ਸੀ।"
" ਕਰਾ ਦੇਣੀ ਸੀ ਗੱਲ।" ਦਾਦੀ ਜੀ ਨੇ ਕਿਹਾ, " ਮੈ ਤਾਂ ਉਡੀਕਦੀ ਸੀ ਕਿ ਤੁਸੀ ਆਪਣੀ ਗੱਲ ਕਰ ਲਉ, ਫਿਰ ਮੈ ਵੀ ਕਰਾਂਗੀ, ਪਰ ਤੂੰ ਤਾਂ ਆਪ ਵੀ ਛੇਤੀ ਹੱਟ ਗਿਆ।"
ਮੈਨੂੰ ਕੁੱਝ ਸੁੱਝ ਨਹੀ ਰਿਹਾ ਸੀ ਕਿ ਮੈ ਕੀ ਦੱਸਾਂ। aਦੋਂ ਹੀ ਭਾਪਾ ਜੀ ਬੋਲ ਪਏ " ਬੀਜ਼ੀ, ਦੋ-ਚੋਂਹ ਦਿਨਾਂ ਨੂੰ ਇਧਰੋਂ ਫੋਨ ਕਰਕੇ ਜ਼ਿਆਦਾ ਗੱਲਾਂ ਕਰ ਲੈਣਾ।"
" ਕਾਕਾ ਤਿਆਰ ਹੋ।" ਦਾਦੀ ਜੀ ਵਿਚੋਂ ਹੀ ਬੋਲੇ, ਸਾਧਾ ਦੇ ਡੇਰੇ ਤੇ ਜਾ ਹੀ ਆਈਏ।"
" ਬੀਜ਼ੀ, ਮੈ ਤਹਾਨੂੰ ਅੱਗੇ ਵੀ ਕਿਹਾ ਸੀ ਕਿ ਮੈ ਸਾਧਾਂ –ਸੁਧਾ ਦੇ ਡੇਰੇ ਨਹੀ ਜਾਦਾਂ ਅਤੇ ਨਾ ਹੀ ਜਾਣਾ ਹੈ।"
" ਅੱਗੇ ਤਾਂ ਮੈ ਵੀ ਕਦੇ ਜੋਰ ਨਹੀ ਪਾਇਆ।" ਦਾਦੀ ਜੀ ਰਸੋਈ ਵੱਲ ਨੂੰ ਜਾਂਦੇ ਬੋਲੇ, " ਪਰ ਐਤਕੀ ਮੈ ਤੈਨੂੰ ਲੈ ਕੇ ਹੀ ਜਾਣਾ ਹੈ ਕਿਉਂਕਿ ਰਾਣੋ ਨੇ ਡੇਰੇ ਤੇ ਸੁਖਿਆ ਸੀ ਜਦੋਂ ਤੇਰਾ ਵਿਆਹ ਹੋ ਗਿਆ ਤਾਂ ਤੈਨੂੰ ਡੇਰੇ ਲੈ ਕੈ ਜਾਵਾਂਗੀ।"
ਮੇਰੇ ਮਨ ਵਿਚ ਆਇਆ ਕਿ ਕਹਾਂ ਡੇਰੇ ਤੇ ਸੁੱਖਿਆ ਕਰਕੇ ਹੀ ਇਸ ਅਨੌਖੇ ਵਿਆਹ ਦੇ ਭੰਭਲਭੂਸੇ ਵਿਚ ਫਸ ਗਿਆ, ਸ਼ਾਇਦ ਕਿਸੇ ਗੁਰਦੁਆਰੇ ਸੁੱਖਿਆ ਹੁੰਦਾ, ਖੋਰੇ ਬਚ ਹੀ ਜਾਦਾਂ।ਫਿਰ ਵੀ ਮੈ ਇੰਨਾ ਕੁ ਜ਼ਰੂਰ ਕਹਿ ਦਿੱਤਾ, " ਬੀਜ਼ੀ ਤੁਹਾਨੂੰ ਪਤਾ ਤਾਂ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਗ਼ੈਰ ਮੇਰਾ ਹੋਰ ਕਿਤੇ ਭਰੋਸਾ ਨਹੀ ਬੱਝਦਾ।"
" ਕਾਕਾ, ਕੀ ਗੱਲਾਂ ਕਰਨ ਡਹਿ ਪਿਆ।" ਦਾਦੀ ਜੀ ਨੇ ਥੌੜ੍ਹਾ ਖਿੱਝ ਕੇ ਕਿਹਾ, " ਅਸੀ ਕਿਤੇ ਉੱਥੇ ਭਰੋਸੇ ਬੰਨਣ ਜਾਣਾ ਹੈ।"
" ਬੀਜ਼ੀ, ਤੁਸੀ ਬਸ ਇਕ ਗੱਲ ਦੇ ਮਗਰ ਹੀ ਪੈ ਜਾਂਦੇ ਹੋ।" ਭਾਪਾ ਜੀ ਬੋਲੇ, " ਸਭ ਤੋਂ ਪੱਵਿਤਰ ਸਥਾਨ ਅੰਮ੍ਰਿਤਸਰ ਇਹ ਦੋਨੋ ਮੱਥਾ ਟੇਕ ਤਾਂ ਆਏ ਹਨ, ਇਹ ਡੇਰੇ-ਡਾਰੇ ਕੁੱਝ ਨਹੀ ਹਨ, ਇਹ ਤਾਂ ਸਗੋਂ ਬੰਦ ਕਰਵਾਉਣੇ ਚਾਹੀਦੇ ਨੇ।"
ਦਾਦੀ ਜੀ ਨੂੰ ਇਹ ਗੱਲ ਸੁਣੀ ਜਾਂ ਨਹੀ, ਪਰ ਪਰੇ ਵਰਾਂਡੇ ਵਿਚ ਪੋਚੇ ਲਾਉਂਦੀ ਰਾਣੋ ਜ਼ਰੂਰ ਬੋਲ ਪਈ, " ਸਰਦਾਰ ਜੀ, ਡੇਰੇ ਨਹੀ ਜਾਣਾ ਨਾ ਜਾਉ, ਪਰ ਡੇਰੇ ਨੂੰ ਨਿੰਦਉ ਨਾ, ਸਾਨੂੰ ਤਾਂ ਸਭ ਕੁੱਝ ਡੇਰੇ ਤੋਂ ਹੀ ਮਿਲਿਆ ਹੈ।"
" ਸੁਣਿਆ ਤਾਂ ਮੈਂ ਵੀ ਇਹ ਹੀ ਆ" ਦਾਦੀ ਜੀ ਰਾਣੋ ਦੇ ਨਾਲ ਹੁੰਗਾਰਾ ਭਰਦੇ ਬੋਲੇ, " ਡੇਰੇ ਵਾਲਾ ਬਾਬਾ ਕਰਨੀ ਵਾਲਾ ਆ।"
" ਬੀਜ਼ੀ, ਉਹਦੀ ਕਰਨੀ ਦਾ ਉਹਨੂੰ ਭਾਅ।" ਭਾਪਾ ਜੀ ਬਹਿਂਸ ਦੇ ਮੂਡ ਵਿਚ ਬੇਲੇ, " ਜੇ ਕਿਸੇ ਨੇ ਕੁੱਝ ਚੰਗਾ ਫਲ ਲੈਣਾ ਹੈ ਤਾਂ ਕਰਨੀ ਵੀ ਆਪ ਹੀ ਕਮਾਉਣੀ ਪੈਣੀ ਹੈ॥"
" ਲੈ ਸਰਦਾਰ ਜੀ, ਕਰਨੀ ਕਮਾਉਣ ਦਾ ਕਿਹਦੇ ਕੋਲ ਵਿਹਲ?" ਰਾਣੋ ਪੋਚੇ ਵਾਲਾ ਕੱਪੜਾ ਬਾਲਟੀ ਵਿਚ ਨਿਚਉੜਦੀ ਬੋਲੀ, " ਬਾਲ-ਬੱਚੇਦਾਰ ਵਾਲੇ ਲਈ ਤਾਂ ਇਹ ਕੰਮ ਹੋਰ ਵੀ ਔਖਾ॥"
"ਭਾਪਾ ਜੀ, ਰਾਣੋ ਅਤੇ ਦਾਦੀ ਜੀ ਨੂੰ ਇਸ ਬਾਰੇ ਸਮਝਾਉਣਾ ਝੋਟੇ ਅੱਗੇ ਬੀਨ ਵਜਾਉਣਾ ਹੈ।" ਮੈਂ ਹੌਲੀ ਅਜਿਹੀ ਭਾਪਾ ਜੀ ਨੂੰ ਕਿਹਾ , " ਔਰਤਾ ਨੂੰ ਪਖੰਡੀ ਸਾਧਾ ਦੇ ਮਗਰੋਂ ਲਾਉਣਾ ਔਖਾ ਕੰਮ ਆ।"
" ਆਹ ਦੇਖ ਲਉ, ਬੀਬੀ, ਮਨਮੀਤ ਨੇ ਸਾਨੂੰ ਝੋਟੇ ਕਿਹਾ।" ਰਾਣੋ ਉੱਚੀ ਅਵਾਜ਼ ਵਿਚ ਦਾਦੀ ਜੀ ਨੂੰ ਦੱਸਣ ਲੱਗੀ, " ਅਸੀ ਇਸ ਤੋਂ ਵੱਡੀਆਂ ਹਾਂ, ਇਹ ਸਾਨੂੰ ਕਿਵੇ ਬੋਲ ਰਿਹਾ ਆ।"
" ਮੈ ਕਦੋਂ ਤਹਾਨੂੰ ਝੋਟੇ ਕਿਹਾ।" ਝੂਠ ਦਾ ਪੱਕਾ ਦੋਸਤ ਬਣ ਜਾਣ ਕਰਕੇ ਮੈ ਹੱਸਦੇ ਕਿਹਾ, " ਮੈ ਤਾਂ ਪੁੱਛਿਆ ਕਿ ਝੋਟੇਕੁੱਟਾ ਦਾ ਮੁੰਡਾ- ਵਹੁਟੀ ਵੀ ਗਏ ਸੀ ਸਾਧਾ ਦੇ ਡੇਰੇ 'ਤੇ।"
ਮੇਰੀ ਗੱਲ ਸੁਣ ਕੇ ਭਾਪਾ ਜੀ ਉੱਚੀ ਉੱਚੀ ਹੱਸਣ ਲੱਗ ਪਏ।
" ਬੀਬੀ।" ਰਾਣੋ ਨੇ ਜ਼ੋਰ ਨਾਲ ਗੁੱਸੇ ਵਿਚ ਪੋਚੇ ਨੂੰ ਫਰਸ਼ ਤੇ ਮਾਰਦੇ ਕਿਹਾ, " ਤੁਸੀ ਹੀ ਮੈਨੂੰ ਕਿਹਾ ਸੀ ਕਿ ਮਨਮੀਤ ਦੇ ਵਿਆਹ ਦਾ ਸੁੱਖ ਲੈ, ਨਹੀ ਤਾਂ ਮੈ ਕਾਹਨੂੰ ਸੁੱਖਣਾ ਸੀ।"
" ਵਿਆਹ ਸਿਰੇ ਚੜੇ ਜਾਂ ਨਾ।" ਮੇਰੇ ਮੂੰਹ ਵਿਚੋਂ ਆਪਣੇ-ਆਪ ਨਿਕਲ ਗਿਆ, " ਤੂੰ ਸੁੱਖ ਪੂਰੀ ਕਰ ਲੈ।"
" ਇਦਾ ਦੇ ਅੱਸ਼ੁਭ ਬੋਲ ਨਹੀ ਬੋਲੀਦੇ।" ਦਾਦੀ ਜੀ ਨੇ ਇਕਦਮ ਮੈਨੂੰ ਟੋਕਦੇ ਕਿਹਾ, " ਸਿਰੇ ਕਿਉਂ ਨਹੀ ਚੜ੍ਹੇਗਾ, ਸਾਡੇ ਤਾਂ ਖਾਨਦਾਨ ਵਿਚ ਕਦੇ ਕਿਸੇ ਦਾ ਤਲਾਕ ਨਹੀ ਹੋਇਆ।"
" ਬੀਬੀ ਜੀ, ਨੀਤ ਨੂੰ ਹੀ ਮੁਰਾਦਾਂ ਹੁੰਦੀਆਂ ਨੇ।" ਰਾਣੋ ਨੇ ਪੋਚੇ ਵਾਲੀ ਬਾਲਟੀ ਨੂੰ ਹੱਥ ਨਾਲ ਪਿੱਛੇ ਧੱਕਦੇ ਕਿਹਾ, " ਜੇ ਮਨ- ਨੀਅਤ ਸਾਫ ਹੋਵੇ, ਵਿਆਹ ਤਾਂ ਕੀ ਸਾਰੇ ਕੰੰਮ ਹੀ ਸਿਰੇ ਚੜ੍ਹ ਜਾਂਦੇ ਨੇ।"
ਰਾਣੋ ਅਤੇ ਦਾਦੀ ਜੀ ਦੀਆਂ ਗੱਲਾਂ ਨੂੰ ਅਣਗੋਲਦੇ ਹੋਏ ਮੈਂ ਕਿਹਾ, " ਮਨ-ਨੀਅਤਾ ਦੀ ਕੋਈ ਗੱਲ ਨਹੀ, ਅੱਜ-ਕੱਲ ਦੇ ਜ਼ਮਾਨੇ ਵਿਚ ਤਾਂ ਆਮ ਹੀ ਤਲਾਕ ਹੋ ਜਾਂਦੇ ਨੇ।"
" ਅੱਗ ਲੱਗੇ ਇਹੋ ਜਿਹੇ ਜ਼ਮਾਨੇ ਨੂੰ।" ਦਾਦੀ ਜੀ ਨੇ ਗੁੱਸੇ ਭਰੀ ਨਿਗਾਹ ਨਾਲ ਮੇਰੇ ਵੱਲ ਦੇਖਦੇ ਕਿਹਾ, " ਕਾਕਾ, ਧਿਆਨ ਨਾਲ ਸੁੱਣ, ਅੱਜ ਤੋਂ ਬਾਅਦ ਤੇਰੇ ਮੂੰਹ ਵਿਚੋਂ ਇਹ ਮਨਹੂਸ ਸ਼ਬਦ ਤਲਾਕ ਨਹੀ ਨਿਕਲਣਾ ਚਾਹੀਦਾ।"
" ਬੀਜ਼ੀ, ਸ਼ਬਦ ਤਾਂ ਕੋਈ ਵੀ ਮਨਹੂਸ ਨਹੀ ਹੁੰਦਾ।" ਕਾਫੀ ਚਿਰ ਤੋਂ ਚੁੱਪ ਭਾਪਾ ਜੀ ਬੋਲੇ, " ਇਹੋ ਅਜਿਹੇ ਸ਼ਬਦਾਂ ਨੂੰ ਲੋਕ ਆਪਣੀ ਜ਼ਿੰਦਗੀ ਵਿਚ ਲਾਗੂ ਕਰਕੇ ਇਸ ਨੂੰ ਮਨਹੂਸ ਜ਼ਰੂਰ ਬਣਾ ਦਿੰਦੇ ਆ।"
ਉਹਨਾਂ ਦੀਆਂ ਗੱਲਾਂ ਸੁੱਣ ਕੇ ਮੇਰਾ ਦਿਲ ਬਹੁਤ ਜ਼ਿਆਦਾ ਤੇਜ਼ ਉਛਲਣ ਲੱਗਾ ਕਿ ਇਕ ਤਲਾਕ ਦੇ ਸ਼ਬਦ ਉੱਪਰ ਇੰਨਾ ਵੱਡਾ ਬਿਖੇੜਾ ਸ਼ੁਰੂ ਹੋ ਗਿਆ, ਜਦੋਂ ਮੇਰਾ ਤਲਾਕ ਹੋਇਆ, ਫਿਰ ਕੀ ਬਣੇਗਾ? ਮੇਰੇ ਮੂੰਹ ਵੱਲ ਦੇਖ ਕੇ ਰਾਣੋ ਹੱਸਦੀ ਹੋਈ ਬੋਲੀ, " ਮਨਮੀਤ ਤੂੰ ਨਾ ਉਦਾਸ ਹੋ ਤੇਰਾ ਕਦੇ ਵੀ ਤਲਾਕ ਨਹੀ ਹੋਵੇਗਾ ਬਸ ਤੂੰ ਮੇਰੇ ਵਾਂਗ ਆਪਣੀ ਵਹੁਟੀ ਨੂੰ ਹਾਂ ਜੀ, ਹਾਂ ਜੀ ਕਹੀ ਜਾਂਈ।"
" ਕੁੜੇ, ਤੇਰੇ ਵਾਂਗ ਕਿਦਾਂ?" ਦਾਦੀ ਜੀ ਨੇ ਵਿਚੋਂ ਹੀ ਪੁੱਛਿਆ, " ਅਸੀ ਤਾਂ ਤੈਨੂੰ ਮਾੜਾ ਜਿਹਾ ਵੀ ਕੁਛ ਕਹਿ ਦੇਈਏ ਜਾਂ ਜਾਗਰ ਕੁਛ ਕਹਿ ਦੇਵੇ ਤੂੰ ਤਾਂ ਝੱਟ ਕੱਪੜਿਆਂ ਤੋਂ ਬਾਹਰ ਹੋ ਜਾਂਦੀ ਏ।"
" ਬੇਸ਼ੱਕ ਕਾਕੇ ਦੇ ਭਾਪੇ ਨੂੰ ਪੁੱਛ ਲਉ।" ਰਾਣੋ ਪੋਚਾ ਉੱਥੇ ਹੀ ਰੱਖ ਚੌਕੜੀ ਮਾਰਦੀ ਹੋਈ ਕਹਿਣ ਲੱਗੀ, " ਮੈ ਹਮੇਸ਼ਾਂ ਹੀ ਉਸ ਦੀ ਹਾਂ ਵਿਚ ਹਾਂ ਮਿਲਾਉਂਦੀ ਹਾਂ।"
" ਮੈਨੂੰ ਜਾਗਰ ਨੇ ਹੀ ਦੱਸਿਆ ਹੈ ਕਿ ਤੂੰ ਉਹ ਦੇ ਮੂਹਰੇ ਬਹੁਤ ਬੋਲਦੀ ਆ।" ਦਾਦੀ ਜੀ ਨੇ ਕਿਹਾ, " ਜ਼ਨਾਨੀ ਵਿਚ ਆਦਮੀ ਨਾਲੋ ਜ਼ਿਆਦਾ ਸਹਿਨਸ਼ਕਤੀ ਹੋਵੇ ਤਾਂ ਘਰ ਟੁਟਣ ਤੋਂ ਬਚੇ ਰਹਿੰਦੇ ਆ।"
" ਜੇ ਆਦਮੀ ਵਿਚ ਸਹਿਨਸ਼ਕਤੀ ਹੋਵੇ ਤਾਂ ਫਿਰ ਕਿਤੇ ਘਰ ਟੁੱਟ ਜਾਂਦੇ ਨੇ।" ਮੈਂ ਆਪਣਾ ਚੇਤਾ ਕਰਦੇ ਕਿਹਾ, " ਕਈ ਵਾਰੀ ਹਾਲਾਤ ਹੀ ਇਸ ਤਰਾਂ ਦੇ ਬਣ ਜਾਂਦੇ ਨੇ ਜੋ ਘਰ ਤੌੜ ਦਿੰਦੇ ਨੇ।"
" ਕਾਕਾ, ਤੂੰ ਕਈ ਵਾਰੀ ਹੋਰ ਹੀ ਤਰਾਂ ਦੀਆਂ ਗੱਲਾਂ ਕਰਨ ਲੱਗ ਜਾਂਦਾ ਏ।" ਦਾਦੀ ਜੀ ਨੇ ਫਿਕਰ ਜਿਹੇ ਨਾਲ ਕਿਹਾ, " ਤੂੰ ਹਰਨੀਤ ਨਾਲ ਖੁੱਸ਼ ਵੀ ਹੈ?"
ਮੈਨੂੰ ਪਤਾ ਨਾ ਲੱਗੇ ਕਿ ਮੈ ਕੀ ਜ਼ਵਾਬ ਦੇਵਾਂ, ਪਰ ਛੇਤੀ ਹੀ ਮੂੰਹ ਵਿਚੋਂ ਨਿਕਲ ਗਿਆ, "ਵਿਆਹ ਕਰਾ ਕੇ ਜਿੰਨਾ ਮਂੈ ਖੁਸ਼ ਹਾਂ ਮੈਨੂੰ ਹੀ ਪਤਾ ਹੈ, ਸ਼ਾਇਦ ਹੀ ਕੋਈ ਵਿਆਹ ਕਰਾ ਕੇ ਇੰਨਾ ਖੁਸ਼ ਹੋਇਆ ਹੋਵੇਗਾ।"
" ਰੱਬ ਤੈਨੂੰ ਇਸ ਤਰਾਂ ਹੀ ਖੁਸ਼ ਰੱਖੇ।" ਇਹ ਕਹਿੰਦੀ ਹੋਈ ਰਾਣੋ ਪੋਚੇ ਵਾਲੀ ਬਾਲਟੀ ਚੁੱਕ ਕੇ ਚਲੀ ਗਈ। ਮੈਂ ਵੀ ਵਿਆਹ, ਤਲਾਕ ਅਤੇ ਹਰਨੀਤ ਬਾਰੇ ਹੋਰ ਗੱਲਾਂ ਨਾ ਸੁੱਨਣਾ ਚਾਹੁੰਦਾ ਸੀ ਅਤੇ ਨਾ ਕਰਨਾ।ਇਸ ਲਈ ਸਕੂਟਰ ਸਟਾਰਟ ਕਰਕੇ ਨਾਲ ਦੇ ਪਿੰਡ ਰਹਿੰਦੇ ਦੋਸਤ ਕਰਨੀ ਵੱਲ ਚੱਲ ਪਿਆ।
18
ਪਰ ਉੱਥੇ ਜਾ ਕੇ ਵੀ ਮੇਰੇ ਨਾਲ ਉਹ ਹੀ ਗੱਲ ਹੋਈ ਕਿ ਮੂਸਾ ਭਜਾ ਮੌਤ ਤੋ, ਮੌਤ ਸਾਹਮਣੇ ਖੜ੍ਹੀ, ਕਰਨੀ ਦੀ ਹਵੇਲੀ ਜਾ ਕੇ ਸਕੂਟਰ ਖੜ੍ਹਾ ਹੀ ਕੀਤਾ ਕਿ ਕਰਨੀ ਦਾ ਬਾਬਾ ਜੋ ਮੰਜ਼ੇ ਤੇ ਬੈਠਾ ਸੀ ਬੋਲਿਆ, " ਕਿਦਾ ਫਿਰ ਮਨਮੀਤ ਸਿਆਂ, ਵਿਆਹ ਸੁਹਣਾ ਨਿਭ ਰਿਹਾ ਏ।"
" ਹਾਂ ਜੀ, ਬਾਪੂ ਜੀ।" ਮੈ ਫਿਰ ਝੂਠ ਬੋਲਿਆ, " ਬਹੁਤ ਸੋਹਣਾ ਨਿਭ ਰਿਹਾ ਹੈ॥"
" ਵਧੀਆ ਸ਼ੇਰਾ, ਇਦਾ ਹੀ ਸਾਰੀ ਉਮਰ ਨਿਭਾਈ ਜਾਇਉ।"
ਮੈਨੂੰ ਆਪਣੀ ਸਥਿੱਤੀ ਬਹੁਤ ਹੀ ਹਾਸੋਹੀਣੀ ਮਹਿਸੂਸ ਹੋਈ।ਆਪਣੀ ਸੱਥਿਤੀ ਨੂੰ ਸੰਭਾਲ ਦਾ ਹੋਇਆ ਬੋਲਿਆ, " ਬਾਪੂ ਜੀ, ਕਰਨੀ ਕਿੱਥੇ ਆ?"
" ਹਿਥੇ ਕਿਤੇ ਹੋਣਾ।" ਬਾਪੂ ਜੀ ਨੇ ਮੰਜ਼ੇ ਵੱਲ ਨੂੰ ਇਸ਼ਾਰਾ ਕਰਦੇ ਕਿਹਾ, " ਆ , ਇਥੇ ਬਹਿ ਜਾ।"
ਨਾ ਚਾਹੁੰਦਾ ਹੋਇਆ ਵੀ ਮਂੈ ਬਾਪੂ ਜੀ ਦੇ ਕੋਲ ਜਾ ਕੇ ਬੈਠ ਗਿਆ। ਦੋ ਕੁ ਮਿੰਟ ਇਧਰ-ਉਧਰ ਦੀਆਂ ਗੱਲਾਂ ਕਰਦੇ ਰਿਹੇ॥ ਮਂੈ ਵੀ ਕੋਸ਼ਿਸ਼ ਕਰਦਾ ਰਿਹਾ ਕਿ ਬਾਪੂ ਜੀ ਹੁਣ ਬਾਹਰਲੇ ਦੇਸ਼ਾ ਜਾਂ ਵਿਆਹ ਬਾਰੇ ਗੱਲਾਂ ਨਾ ਕਰਨ। ਅਖੇ ਕਹਿੰਦੇ ਨਾ ਮੁੜ-ਕਿੜ ਖੋਤੀ ਬੋਹਰ ਥੱਲੇ, ਬਾਪੂ ਜੀ ਫਿਰ ਬੋਲੇ, " ਕਹਿੰਦੇ ਆ ਬਾਹਰਲੇ ਦੇਸ਼ਾ ਵਿਚ ਲੋਕੀ ਦਿਨੇ-ਰਾਤ ਜਾਗਦੇ ਹੀ ਰਹਿੰਦੇ ਆ।"
"ਬਾਪੂ ਜੀ, ਬਾਹਰਲੇ ਲੋਕਾਂ ਦੀ ਜ਼ਿੰਦਗੀ ਬਾਰੇ ਮੈਨੂੰ ਬਹੁਤਾ ਕੁਝ ਤਾਂ ਪਤਾ ਨਹੀ।" ਮੈ ਕਿਹਾ, " ਸੁਣਿਆ ਆ ਪਈ ਉੱਥੇ ਕਈ ਕੰੰਮ ਦਿਨ-ਰਾਤ ਚਲਦੇ ਰਹਿੰਦੇ ਨੇ।"
" ਬਹੂ ਉੱਥੇ ਕੰਮ ਕੀ ਕਰਦੀ ਏ?" ਬਾਪੂ ਜੀ ਨੇ ਨਵਾ ਹੀ ਸਵਾਲ ਪਾ ਦਿੱਤਾ, " ਬਹੂ ਨੇ ਹੋਰ ਕੀ ਦੱਸਿਆ ਫਿਰ ਬਾਹਰਲੇ ਮੁਲਕ ਬਾਰੇ।"
ਮੇਰਾ ਦਿਲ ਕਰੇ ਕਿ ਕਹਿ ਦੇਵਾਂ ਕਿ ਸਵਾਹ ਦੱਸਿਆ ਮੈਨੂੰ ਬਾਹਰਲੇ ਮੁਲਕ ਬਾਰੇ।ਕੁੱਝ ਕਹਿਣ ਹੀ ਲੱਗਾ ਸੀ ਕਿ ਕਰਨੀ ਆ ਗਿਆ, ਜੋ ਆਉਂਦਾ ਹੀ ਬੋਲਿਆ, "ਤੇਰਾ ਵਿਆਹ ਤਾਂ ਕੀ ਹੋਇਆ ਤੂੰ ਤਾਂ ਲੁਕਣਮੀਚੀ ਹੀ ਹੋ ਗਿਆ।"
ਮੇਰੇ ਥਾਂ ਤੇ ਬਾਪੂ ਜੀ ਬੋਲੇ, " ਅਗਲਾ ਬਾਹਰ ਜਾ ਰਿਹਾ ਆ, ਤੇਰੇ ਤੋਂ ਡਰਦਾ ਹੋਣਾ ਕਿ ਤੂੰ ਇਸ ਨੂੰ ਬਾਹਰ ਸੱਦਣ ਦਾ ਨਾ ਕਿਤੇ ਕਹਿ ਦੇਵੇ।"
" ਬਾਪੂ ਜੀ, ਇਹ ਗੱਲ ਤਾਂ ਕੀ ਹੋਣੀ ਆ।" ਮੇਰੇ ਅਤੇ ਬਾਪੂ ਜੀ ਦੇ ਵਿਚਕਾਰ ਬੈਠਦਿਆਂ ਕਰਨੀ ਨੇ ਕਿਹਾ, " ਕਹਿੰਦੇ ਨਹੀ ਹੁੰਦੇ ਕਿ ਨਵੇ ਬਣੇ ਮਿਤ ਪੁਰਾਣੇ ਕਿਹਦੇ ਚਿਤ, ਭਾਬੀ ਵਲੋਂ ਵਿਹਲ ਲੱਗੇ ਤਾਂ ਹੀ ਸਾਨੂੰ ਮਿਲੇ।"
" ਵਿਆਹ ਤਾਂ ਬੰਦਾ ਕਦੇ ਕਰਵਾਏ ਨਾ।" ਖਿਝੇ ਹੋਣ ਕਾਰਨ ਮੇਰੇ ਮੂੰਹੋ ਇਹ ਆਪਣੇ ਆਪ ਹੀ ਨਿਕਲ ਗਿਆ, " ਵਿਆਹ ਕਰਵਾ ਕੇ ਤਾਂ ਮੈਂ ਫਾਹੇ ਚੜ੍ਹ ਗਿਆ।"
" ਕੋਈ ਨਹੀ ਕਾਕਾ, ਉਨਾ ਚਿਰ ਹੀ ਫਾਹਾ ਲੱਗਣਾ ਜਿੰਨਾ ਚਿਰ ਤੇਰੀ ਜ਼ੁਦਾਈ ਬਹੂ ਨਾਲ ਰਹੀ।" ਬਾਪੂ ਜੀ ਸਮਝਾਉਦੇ ਹੋਏ ਬੋਲੇ, " ਕੈਨੇਡਾ ਪਹੁੰਚ ਕੇ ਫਾਹੇ ਤੋਂ ਛੁੱਟ ਜਾਣਾ ਆ।"
ਮੇਰਾ ਦਿਲ ਕਰੇ ਕਿ ਮੈ ਆਪਣੇ ਹੱਥ ਜ਼ੋਰ ਜ਼ੋਰ ਦੀ ਆਪਣੇ ਸਿਰ ਵਿਚ ਮਾਰਾ।ਮੇਰੀ ਹਾਲਤ ਉਸ ਖ਼ਰਗੋਸ਼ ਵਰਗੀ ਹੋ ਗਈ ਜਿਸ ਨੂੰ ਚਾਰੇ ਪਾਸਿਉ ਸ਼ਿਕਾਰੀਆ ਨੇ ਘੇਰਾ ਪਾਇਆ ਹੋਵੇ ਅਤੇ ਉਸ ਨੂੰ ਲੁਕਣ ਲਈ ਥਾਂ ਨਾ ਲੱਭਦੀ ਹੋਵੇ।ਵਿਆਹ ਦੇ ਵਿਸ਼ੇ ਤੇ ਮੈ ਬਿਲਕੁਲ ਵੀ ਗੱਲ ਨਹੀ ਸੀ ਕਰਨਾ ਚਾਹੁੰਦਾ, ਉਥੋਂ ਵੀ ਦੌੜਨ ਲਈ ਬਹਾਨਾ ਲੱਭਣ ਲੱਗਾ ਤਾਂ ਬਾਪੂ ਜੀ ਬੋਲੇ, " ਤੂੰ ਫਿਰ ਮੈਨੂੰ ਦੱਸਿਆ ਨਹੀ ਕਿ ਵਹੁਟੀ ਕੰਮ ਕੀ ਕਰਦੀ ਏ?ਭਲਾ ਕਿਹੜੇ ਸ਼ਹਿਰ ਵਿਚ ਰਹਿੰਦੀ ਆ, ਮਹੀਨੇ ਦੇ ਕਿੰਨੇ ਕੁ ਪੈਸੇ ਬਣਾ ਲੈਂਦੀ ਹੈ?"
ਪੰਜਾਬੀਆਂ ਦੀ ਇਸ ਆਦਤ ਨਾਲ ਮੈਨੂੰ ਬਹੁਤ ਹੀ ਨਫਰਤ ਹੈ, ਜੋ ਕਿਸੇ ਨੂੰ ਜਾਨਣ ਮਗਰੋਂ ਲੱਗਦੇ ਹਨ। ਪਹਿਲਾ ਉਸ ਨੂੰ ਉਸ ਦੀ ਨਿਜ਼ੀ ਜ਼ਿੰਦਗੀ ਬਾਰੇ ਪੁੱਛਣ ਲੱਗ ਜਾਂਦੇ ਨੇ।ਸਵਾਲ ਵੀ ਸਭ ਤੋਂ ਪਹਿਲਾਂ ਹੀ ਪੁੱਛਣਗੇ ਕਿ ਕਿੰਨੇ ਕੁ ਪੈਸੇ ਬਣ ਜਾਂਦੇ? ਜੋ ਸਰਸ਼ਿਟਾਚਾਰ ਦੇ ਵੀ ਖਿਲਾਫ ਹੈ। ਮਂੈ ਅਜੇ ਸੋਚ ਰਿਹਾ ਸੀ ਕਿ ਬਾਪੂ ਜੀ ਨੂੰ ਕੀ ਜ਼ਵਾਬ ਦੇਵਾਂ, ਪਰ ਬਾਪੂ ਜੀ ਫਿਰ ਹੌਲੀ ਜਿਹੀ ਬੋਲੇ , " ਮਲ, ਤੂੰ ਬੋਲ਼ਦਾ ਕਿਉਂ ਨਹੀ, ਕਿਤੇ ਬਹੂ ਕੋਈ ਗਲਤ ਜਿਹਾ ਕੰਮ ਤਾਂ ਨਹੀ ਕਰਦੀ ਤਾਂ ਜੋ ਤੂੰ ਦੱਸਣਾ ਨਹੀ ਚਾਹੁੰਦਾ।"
ਹਾਰ ਕੇ ਮੈਨੂੰ ਬੋਲਣਾ ਪਿਆ, " ਬਾਪੂ ਜੀ, ਮੈਂ ਨਹੀ ਉਸ ਤੋਂ ਪੁੱਛਿਆ ਕਿ ਉਹ ਕੀ ਕੰਮ ਕਰਦੀ ਆ?"
ਬਾਪੂ ਜੀ ਨੇ ਮੇਰੇ ਵੱਲ ਇੰਝ ਦੇਖਿਆ ਜਿਵੇ ਨਾ ਪੁੱਛ ਕੇ ਮੈ ਬਹੁਤ ਸਾਰਾ ਗੁਨਾਹ ਕਰ ਦਿੱਤਾ ਹੋਵੇ ਅਤੇ ਫਿਰ ਉਸ ਹੀ ਅਵਾਜ਼ ਵਿਚ ਬੋਲੇ, "ਫਿਰ ਤੂੰ ਪੁੱਛਿਆ ਕੀ?"
ਐਤਕੀ ਮੇਰੇ ਥਾਂ ਤੇ ਕਰਨੀ ਬੋਲਿਆ, "ਬਾਪੂ ਜੀ ਪੜ੍ਹੇ-ਲਿਖੇ ਲੋਕ ਪਹਿਲਾਂ ਪਹਿਲਾਂ ਆਪਣੇ ਸਾਥੀ ਕੋਲੋ ਇਸ ਤਰਾਂ ਦੀਆਂ ਗੱਲਾਂ ਪੁੱਛਦੇ ਚੰਗੇ ਨਹੀ ਲੱਗਦੇ।"
" ਫਿਟੇ ਮੂੰਹ ਇਹੋ ਅਜਿਹੀ ਪੜ੍ਹਾਈ –ਲਿਖਾਈ ਦੇ।" ਬਾਪੂ ਜੀ ਨੇ ਮੱਥੇ ਤੇ ਤਿਊੜੀਆਂ ਪਾਉਂਦੇ ਕਿਹਾ, " ਸਾਰੀ ਉਮਰ ਇਕ ਦੂਜੇ ਦੇ ਨਾਲ ਰਹਿਣਾ ਹੁੰਦਾ ਆ, ਇੰਨਾ ਹੱਕ ਵੀ ਇਕ ਦੂਜੇ ਨੂੰ ਨਹੀ ਦੇ ਸਕਦੇ।"
" ਸਾਰੀ ਉਮਰ ਕਿਸੇ ਨੇ ਨਾਲ ਰਹਿਣਾ ਹੋਵੇ ਤਾਂ ਹੀ ਆ।" ਮੇਰੀ ਜ਼ੁਬਾਨ ਆਪ ਮੁਹਾਰੇ ਫਿਰ ਬੋਲ ਉੱਠੀ, " ਕੀ ਪਤਾ ਕੱਲ ਨੂੰ ਸਾਡੀ ਆਪਸ ਵਿਚ ਬਣੇ ਜਾਂ ਨਾ ਬਣੇ।"
" ਦੋ ਕੋਹ ਤੁਰੀ ਨਹੀ ਅਖੇ ਬਾਬਾ ਮੈਂ ਤਿਹਾਈ।" ਬਾਪੂ ਜੀ ਪਹਿਲੇ ਵਾਲੀ ਸੁਰ ਵਿਚ ਹੀ ਬੋਲੇ, "ਚਾਰ ਦਿਨ ਆਪਸ ਵਿਚ ਅਜੇ ਰਹੇ ਨਹੀ ਅਤੇ ਬਨਣ-ਬਨਾਉਣ ਦੀਆਂ ਗੱਲਾਂ ਵੀ ਕਰਨ ਲੱਗ ਪਏ।"
" ਬਾਪੂ ਜੀ, ਮਨਮੀਤ ਨੇ ਤਾਂ ਉਦਾ ਹੀ ਗੱਲ ਕੀਤੀ।" ਕਰਨੀ ਕਹਿ ਰਿਹਾ ਸੀ, " ਵੈਸੇ ਮਨਮੀਤ ਅਤੇ ਭਾਬੀ ਦਾ ਆਪਸ ਵਿਚ ਬਹੁਤ ਹੀ ਪਿਆਰ ਹੈ।"
" ਉਹ ਤਾਂ ਮੈਨੂੰ ਦਿਸ ਪਿਆ।" ਬਾਪੂ ਜੀ ਨੇ ਆਪਣੀ ਚਿੱਟੀ ਦਾਹੜ੍ਹੀ ਤੇ ਹੱਥ ਫੇਰਦੇ ਕਿਹਾ, " ਆਹ ਧੁੱਪ ਵਿਚ ਬਹਿ ਕੇ ਨਹੀ ਚਿੱਟੀ ਕੀਤੀ।"
" ਹਾਂ ਹਾਂ ਬਾਪੂ ਜੀ, ਕਰਨੀ ਠੀਕ ਕਹਿ ਰਿਹਾ ਹੈ।" ਮੈ ਛੇਤੀ ਹੀ ਸੱਚ ਦਾ ਪੱਲਾ ਛੱਡਦੇ ਝੂਠ ਦਾ ਲੜ ਫੜ੍ਹਦੇ ਕਿਹਾ, " ਹਰਨੀਤ ਤਾਂ ਮੈਨੂੰ ਰੋਜ਼ ਫੋਨ ਕਰਦੀ ਆ ਕਿ ਤੇਰੇ ਬਗ਼ੈਰ ਰਹਿਣਾ ਬਹੁਤ ਔਖਾ ਲਗ ਰਿਹਾ ਹੈ।"
" ਹਾਂ, ਹਿਥੇ ਆ ਨਾ ਫਿਰ।" ਬਾਪੂ ਜੀ ਨੇ ਖੁਸ਼ ਹੁੰਦੇ ਕਿਹਾ," ਚੱਲ ਫਿਰ ਹੁਣ ਦੱਸਦੇ ਉਹ ਕੰਮ ਕੀ ਕਰਦੀ ਆ? ਮੈ ਕਿਸੇ ਨੂੰ ਵੀ ਨਹੀ ਦੱਸਾਂਗਾ।"
ਹੁਣ ਮੈਨੂੰ ਵੀ ਸਮਝ ਆ ਗਈ ਕਿ ਕੰਮ ਵਾਰੇ ਨਾਂ ਦੱਸਣ ਕਰਕੇ ਬਾਪੂ ਜੀ ਨੂੰ ਪੱਕਾ ਹੀ ਵਹਿਮ ਹੋ ਗਿਆ ਕਿ ਹਰਨੀਤ ਦਾ ਕੰਮ ਕੋਈ ਮਾੜਾ ਹੈ।ਮਰਦਾ ਕੀ ਨਹੀ ਕਰਦਾ ਇਸ ਲਈ ਮੈ ਆਪਣੇ ਕੋਲੋ ਲਾ ਕੇ ਕਿਹਾ, " ਹਸਪਤਾਲ ਵਿਚ ਕੰਮ ਕਰਦੀ ਆ।"
" ਡਾਕਟਰ ਆ ਕਿ ਨਰਸ ਆ?"
ਬਾਪੂ ਜੀ ਦੇ ਇਸ ਸਵਾਲ ਤੇ ਮੈ ਗੁੱਸੇ ਨਾਲ ਕਰਨੀ ਵੱਲ ਦੇਖਿਆ ਤਾਂ ਉਹ ਬਾਪੂ ਜੀ ਨੂੰ ਕਹਿਣ ਲੱਗਾ, " ਬਾਪੂ ਜੀ, ਚਲੋ, ਕੁੱਝ ਵੀ ਹੋਵੇ ਇੰਨਾ ਤਾਂ ਪਤਾ ਲੱਗ ਹੀ ਗਿਆ ਕਿ ਉਹ ਹਸਪਤਾਲ ਵਿਚ ਕੰਮ ਕਰਦੀ ਹੈ।"
ਬਾਪੂ ਜੀ ਫਿਰ ਵੀ ਨਾ ਹਟੇ ਤਾਂ ਮੈਨੂੰ ਕਹਿਣ ਲਗੇ, " ਹੁਣ ਜਦੋਂ ਫੋਨ ਆਇਆ ਤਾਂ ਉਸ ਨੂੰ ਪੁੱਛੀ ਜ਼ਰੂਰ ਕਿ ਉਹ ਨਰਸ ਆ ਜਾਂ ਡਾਕਟਰ ਆ, ਅਗਲੀ ਵਾਰੀ ਆਇਆ ਤਾਂ ਮੈਨੂੰ ਜ਼ਰੂਰ ਦੱਸ ਕੇ ਜਾਂਈ।"
ਮੇਰਾ ਦਿਲ ਕਰੇ ਕਿ ਕਹਿ ਦੇਵਾਂ, ਮੈ ਤਾਂ ਹੁਣ ਆ ਕੇ ਪਛਤਾਂ ਰਿਹਾ ਹਾਂ, ਅਗਲੀ ਵਾਰੀ ਤਾਂ ਦੇਖੀ ਜਾਵੇਗੀ, ਪਰ ਮਂੈ ਆਪਣੇ ਦਿਲ ਨੂੰ ਨਾ ਸੁਣਦਿਆ ਕਿਹਾ, " ਜ਼ਰੂਰ ਜੀ ਜ਼ਰੂਰ।" ਇਹ ਗੱਲ ਕਹਿ ਕੇ ਮੈ ਖਲੋ ਗਿਆ, ਸਕੂਟਰ ਵੱਲ ਨੂੰ ਤੁਰਨ ਹੀ ਲੱਗਾਂ ਸੀ ਕਿ ਕਰਨੀ ਬੋਲਿਆ, " ਆ ਜਾ, ਘਰ ਨੂੰ ਚੱਲੀਏ, ਚਾਹ-ਪਾਣੀ ਪੀ ਕੇ ਜਾਂਈ।"
" ਹਾਂ ਹਾਂ ਘਰੇ ਲੈ ਜਾ ਇਸ ਨੂੰੂੰ ।" ਬਾਪੂ ਜੀ ਫਿਰ ਬੋਲੇ, " ਲੰਗਰ- ਪਰਸ਼ਾਦਾ ਛੱਕਾ ਕੇ ਜਾਣ ਦੇਂਈ।"
" ਬਾਪੂ ਜੀ ਤੁਹਾਨੂੰ ਮਿਲ ਲਿਆ।" ਮੈ ਕਿਹਾ, " ਤੁਹਾਡੇ ਦਰਸ਼ਨ ਨਾਲ ਤਾਂ ਲੰਗਰ-ਪਰਸ਼ਾਦੇ ਦੀ ਕੋਈ ਲੋੜ ਹੀ ਨਹੀ ਰਹਿ ਗਈ।"
" ਕਾਕਾ, ਸੱਚੀ ਤੂੰ ਬਹੁਤ ਸਿਆਣਾ ਆ।" ਬਾਪੂ ਜੀ ਨੇ ਖੁਸ਼ ਹੁੰਦੇ ਕਿਹਾ, " ਪਰ ਅਸੀ ਤੈਂਨੂੰ ਚਾਹ ਪੀਤੇ ਬਗ਼ੈਰ ਨਹੀ ਜਾਣ ਦੇਣਾ।"
ਪਰ ਮੈਂ ਬਾਪੂ ਜੀ ਦੀ ਕੋਈ ਨਾ ਸੁਣੀ ਅਤੇ ਸਕਟੂਰ ਨੂੰ ਕਿਕ ਮਾਰ ਘਰ ਨੂੰ ਤੁਰ ਪਿਆ।
...ਚਲਦਾ...