31
ਨਹਾ ਕੇ ਆਪਣੇ- ਆਪ ਨੂੰ ਤਾਜ਼ਾ ਮਹਿਸੂਸ ਕਰਦਾ ਹੋਇਆ ਬਾਹਰ ਆਇਆ ਤਾਂ ਇਸ ਤਰਾਂ ਲੱਗਾ ਜਿਵੇ ਹਰਨੀਤ ਦਾ ਸਾਰਾ ਪ੍ਰੀਵਾਰ ਮੇਰੀ ਹੀ ਉਡੀਕ ਕਰ ਰਿਹਾ ਹੋਵੇ।ਉਸ ਵੇਲੇ ਹੀ ਹਰਨੀਤ ਦੀ ਮੱਮੀ ਕਹਿਣ ਲੱਗੀ, " ਖਾਣਾ ਖਾ ਲਉ।"
" ਭੁੱਖ ਤਾਂ ਹੈ ਨਹੀ।"
" ਜਿੰਨੀ ਭੁੱਖ ਹੈ ਉਨਾਂ ਹੀ ਖਾ ਲਉ।" ਹਰਨੀਤ ਨੇ ਮੇਰੇ ਵੱਲ ਦੇਖਦੇ ਕਿਹਾ, " ਮਾਸੀ ਜੀ ਨੇ ਇੰਨੇ ਪਿਆਰ ਨਾਲ ਤੁਹਾਡੇ ਲਈ ਰੋਟੀ ਬਣਾਈ ਆ।"
ਉਸ ਦੇ ਕਹਿਣ 'ਤੇ ਬਾਕੀਆਂ ਦੇ ਨਾਲ ਮੈਂ ਰੋਟੀ ਵਾਲੇ ਮੇਜ਼ ਵੱਲ ਨੂੰ ਤੁਰ ਪਿਆ। ਮੇਜ਼ ਦੇ ਲਾਗੇ ਹੀ ਇਕ ਵੱਡੀ ਸਾਰੀ ਅਲਮਾਰੀ ਵਿਚ ਤਰਾਂ ਤਰਾਂ ਦੇ ਭਾਂਡੇ ਪਏ ਸਨ। ਮੇਜ਼ ਵੀ ਚੰਗਾ ਵੱਡਾ ਸੀ ਅਤੇ ਇਸ ਦੇ ਦੁਆਲੇ ਪਈਆਂ ਕੁਰਸੀਆਂ ਉੱਪਰ ਸਭ ਬੈਠ ਗਏ।
ਹਰਨੀਤ ਦੇ ਡੈਡੀ ਨੇ ਇਕ ਡੌਂਗੇ ਤੋਂ ਢੱਕਣ ਚੁੱਕਦੇ ਹੋਏ ਮੈਨੂੰ ਕਿਹਾ, "ਤੁਸੀ ਸ਼ੁਰੂ ਕਰੋ।"
ਮੈ ਥੌੜ੍ਹੀ ਜਿਹੀ ਗੋਭੀ ਦੀ ਸਬਜ਼ੀ ਦੇ ਨਾਲ ਫੁਲਕਾ ਪਲੇਟ ਵਿਚ ਰੱਖ ਲਿਆ।
"ਰਾਜਮਾਹ ਤੇ ਚੌਲ ਵੀ ਲੈ ਲਉ।" ਹਰਨੀਤ ਦੀ ਮੱਮੀ ਨੇ ਰਾਜਮਾਹ ਦਾ ਡੌਂਗਾ ਮੇਰੇ ਅੱਗੇ ਕਰਦੇ ਕਿਹਾ, " ਬਹੁਤ ਸਵਾਦ ਨੇ।"
ਉਹਨਾਂ ਤੇ ਕਹਿਣ ਉੱਪਰ ਮੈ ਥੋੜ੍ਹੇ ਜਿਹੇ ਰਾਜਮਾਂਹ ਅਤੇ ਚੋਲ ਵੀ ਲਏ।ਖਾਣਾ ਸ਼ੁਰੂ ਕੀਤਾ ਤਾਂ ਹਰਨੀਤ ਸਲਾਦ ਦੀ ਪਲੇਟ ਮੇਰੇ ਲਾਗੇ ਕਰਦੀ ਬੋਲੀ, " ਸੈਲਡ ਵੀ ਲਉ।"
" ਥੈਂਕਸ।" ਕਹਿ ਕੇ ਇਕ ਹਰਾ ਪਤਾ ਅਤੇ ਦੋ ਗੋਲ ਕੱਟੇ ਖੀਰੇ ਮੈ ਆਪਣੀ ਪਲੇਟ ਵਿਚ ਰੱਖ ਲਏ।
ਰੋਟੀ ਦਾ ਸਵਾਦ ਪਿੰਡ ਵਾਲੀ ਰੋਟੀ ਤੋਂ ਵੱਖਰਾ ਜਿਹਾ ਸੀ ਸ਼ਾਇਦ ਸਫਰ ਨਾਲ ਮੇਰੇ ਸਵਾਦ ਵਿਚ ਵੀ ਕੋਈ ਫਰਕ ਪੈ ਗਿਆ ਹੋਵੇ, ਇਹ ਸੋਚਦਾ ਮੈ ਹੌਲੀ ਹੌਲੀ ਰੋਟੀ ਨੂੰ ਚਵਾ ਰਿਹਾ ਸੀ।
ਰੋਟੀ ਖਾਦਿਆਂ ਵਿਚ ਵਿਚ ਗੱਲਬਾਤ ਵੀ ਚੱਲਦੀ ਰਹੀ, ਪਰ ਮੈਂ ਘੱਟ ਹੀ ਬੋਲਿਆ। ਰੋਟੀ ਖਾ ਕੇ ਹਰਨੀਤ ਦੇ ਡੈਡੀ ਨੇ ਆਪਣੇ ਭਾਂਡੇ ਚੁੱਕੇ ਤਾਂ ਸਿੰਕ ਵੱਲ ਨੂੰ ਲੈ ਕੇ ਤੁਰ ਪਏ। ਮਂੈ ਵੀ ਉਹਨਾਂ ਨੂੰ ਦੇਖਦਾ ਹੋਇਆ ਭਾਂਡੇ ਚੁੱਕਣ ਲੱਗਾ ਤਾਂ ਹਰਨੀਤ ਦੀ ਮੱਮੀ ਨੇ ਮੇਰੇ ਕੋਲੋ ਭਾਂਡੇ ਫੜ੍ਹ ਲਏ ਤਾਂ ਕਹਿਣ ਲੱਗੀ, " ਰਹਿਣ ਦਿਉ ਇੱਥੇ ਪਏ ਅਸੀ ਆਪੇ ਚੁੱਕ ਲਵਾਂਗੀਆਂ।"
" ਕੋਈ ਨਹੀ ਮੈਂ ਰੱਖ ਦਿੰਦਾਂ ਹਾਂ।" ਮੈਂ ਮੁਸਕ੍ਰਾ ਕੇ ਕਿਹਾ, " ਮੈਨੂੰ ਪਤਾ ਹੈ, ਇੱਥੇ ਬਹੁਤੇ ਕੰੰਮ ਤਾਹਨੂੰ ਆਪਣੇ ਹੱਥੀ ਹੀ ਕਰਨੇ ਪੈਂਦੇ ਆ।"
" ਅੱਜ ਤੁਸੀ ਇਥੇ ਮਹਿਮਾਨ ਹੋ।" ਹਰਨੀਤ ਦੀ ਮਾਸੀ ਹੱਸ ਕੇ ਬੋਲੀ, " ਆਪਣੇ ਘਰ ਜਿਵੇ ਮਰਜ਼ੀ ਕਰਿਉ।"
" ਚਾਹ ਦਾ ਕੱਪ ਪੀਊਂਗੇ।" ਰੋਟੀ ਖਾਣ ਤੋਂ ਬਾਅਦ ਹਰਨੀਤ ਦੇ ਡੈਡੀ ਨੇ ਕਿਹਾ, " ਨਹੀ ਤਾਂ ਪਹਿਲਾਂ ਅਰਾਮ ਕਰ ਲਉ, ਫਿਰ ਉੱਠ ਕੇ ਚਾਹ ਪੀ ਲਉ।"
" ਹਾਂ-ਜੀ।" ਅਨੀਂਦਾ ਮਹਿਸੂਸ ਕਰਦੇ ਮਂੈ ਕਿਹਾ, " ਚਾਹ ਠਹਿਰ ਕੇ ਹੀ ਪੀਵਾਂਗਾ।"
" ਸਾਹਮਣੇ ਰੂਮ ਵਿਚ ਬੈਡ ਹੈ।" ਹਰਨੀਤ ਦੇ ਡੈਡੀ ਨੇ ਸਾਹਮਣੇ ਕਮਰੇ ਵੱਲ ਇਸ਼ਾਰਾ ਕਰਦੇ ਕਿਹਾ, " ਉਸ 'ਤੇ ਜਾ ਕੇ ਅਰਾਮ ਕਰ ਲਉ।"
" ਪੈਣ ਤੋਂ ਪਹਿਲਾਂ ਆਪਣੇ ਭੁਆ ਜੀ ਦੇ ਲੜਕੇ ਨੂੰ ਫੋਨ ਕਰ ਲਉ।" ਹਰਨੀਤ ਦੀ ਮੱਮੀ ਨੇ ਮੈਨੂੰ ਯਾਦ ਕਰਵਾਇਆ, " ਜੇ ਉਹ ਘਰ ਨਾ ਮਿਲਿਆ ਤੇ ਟੇਪ ਤੇ ਮੈਸਜ਼ ਛੱਡ ਦਿਉ ਕਿ ਸ਼ਾਮ ਨੂੰ ਇਧਰ ਆ ਜਾਏ।"
" ਉਸ ਨੂੰ ਐਡਰੈਸ ਵੀ ਦਸ ਦੇਣਾ।" ਹਰਨੀਤ ਦੇ ਡੈਡੀ ਨੇ ਪੇਪਰ ਤੇ ਐਡਰੈਸ ਲਿਖਦੇ ਕਿਹਾ, " ਜੇ ਉਹ ਘਰ ਹੈ ਤਾਂ ਮਂੈਂ ਹੁਣੇ ਹੀ ਡਿਰੈਕਸ਼ਨਜ ਵੀ ਦੇ ਦਿੰਦਾਂ ਹਾਂ।"
ਭੂਆ ਜੀ ਦਾ ਲੜਕਾ ਘਰ ਹੀ ਮਿਲ ਗਿਆ ਅਤੇ ਉਸ ਦੀ ਹਰਨੀਤ ਦੇ ਡੈਡੀ ਨਾਲ ਗੱਲ ਕਰਵਾ ਕੇ ਰੂਮ ਵਿਚ ਚਲਾ ਗਿਆ।
ਬੈਡ ਤੇ ਲੰਮੇ ਪੈਂਦੇ ਨੂੰ ਹੀ ਮੈਨੂੰ ਨੀਂਦ ਆ ਗਈ।
32
ਢਾਈ ਕੁ ਘੰਟੇ ਬਾਅਦ ਬਾਹਰਲੇ ਦਰਵਾਜ਼ੇ ਤੇ ਲੱਗੀ ਵੈਲ ਨੇ ਮੈਨੂੰ ਜਗਾ ਦਿੱਤਾ।ਕਮਰੇ ਵਿਚਲੇ ਗੁਸਲਖਾਨੇ ਵਿਚ ਕਰੂਲੀ ਕੀਤੀ ਅਤੇ ਅੱਖਾਂ ਨੂੰ ਠੰਡੇ ਪਾਣੀ ਦੇ ਛਿੱਟੇ ਮਾਰ ਬਾਹਰ ਆ ਗਿਆ। ਹਰਨੀਤ ਦੇ ਚਾਚਾ ਜੀ ਅਤੇ ਚਾਚੀ ਜੀ ਆਏ ਸਨ।ਹਰਨੀਤ ਦੇ ਡੈਡੀ ਨੇ ਉਹਨਾਂ ਨਾਲ ਮੇਰੀ ਜਾਣ-ਪਹਿਚਾਣ ਕਰਵਾਉਂਦਿਆ ਕਿਹਾ, " ਇਹ ਮੇਰੇ ਛੋਟੇ ਭਾਈ ਸਾਹਿਬ ਨੇ ਦਲਜੀਤ ਸਿੰਘ ਅਤੇ ਨਾਲ ਇਹਨਾਂ ਦੇ ਮੀਸਜ਼, ਸੁਰਜੀਤ ਕੌਰ।" ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਬਲਾਉਂਦਿਆਂ ਉਹਨਾਂ ਦੇ ਗੋਡਿਆ ਵੱਲ ਵੀ ਝੁੱਕਿਆ। ਚਾਚਾ ਜੀ ਨੇ ਤਾਂ ਥੈਂਕਿਉੂ ਕਿਹਾ, ਪਰ ਚਾਚੀ ਕੁਝ ਨਾ ਬੋਲੀ ਅਤੇ ਧਿਆਨ ਨਾਲ ਮੈਂਨੂੰ ਦੇਖਣ ਲੱਗੀ। ਉਹਨਾਂ ਦੇ ਨਾਲ ਹੀ ਮੈਂ ਲੈਦਰ ਦੇ ਬਣੇ ਸੋਫੇ ਉੱਪਰ ਬੈਠ ਗਿਆ। ਗੱਲਾਂ ਚਲ ਪਈਆਂ। ਗੱਲਾਂ ਗੱਲਾਂ ਵਿਚ ਗੱਲ ਕਰਦੀ ਕਹਿਣ ਲੱਗੀ, " ਹਰਨੀਤ ਐਂਵੇ ਹੀ ਵਿਆਹ ਨੂੰ ਨਹੀ ਸੀ ਮੰਨ ਰਹੀ, ਕਿੰਨਾ ਸੋਹਣਾ ਮੁੰਡਾ ਮਿਲਿਆ ਆ।"
ਇਹ ਗੱਲ ਸੁਣ ਕੇ ਸਾਰਿਆਂ ਨੇ ਹੈਰਾਨੀ ਨਾਲ ਇਕ- ਦੂਜੇ ਦੇ ਮੂੰਹ ਵੱਲ ਦੇਖਿਆ। ਨਾਲ ਬੈਠੇ ਚਾਚੇ ਨੇ ਚਾਚੀ ਦਾ ਪੈਰ ਵੀ ਦੱਬਿਆ।ਕਿਸੇ ਹੋਰ ਨੇ ਪਤਾ ਨਹੀ ਦੇਖਿਆ ਕਿ ਨਹੀ,ਪਰ ਮੈਂ ਦੇਖ ਲਿਆ। ਗੱਲ ਸੰਭਾਲ ਦਿਆਂ ਮੈਂ ਕਿਹਾ, " ਜਿੰਨਾ ਚਿਰ ਆਪਾਂ ਇਕ ਦੂਜੇ ਨੂੰ ਦੇਖਦੇ- ਮਿਲਦੇ ਨਹੀ,ਵਿਆਹ ਕਰਾਉਣ ਤੋਂ ਡਰ ਲੱਗਦਾ ਹੀ ਹੈ।"
ਹਰਨੀਤ ਦੇ ਮੱਮੀ- ਡੈਡੀ ਨੂੰ ਇਹ ਗੱਲ ਚੰਗੀ ਲੱਗੀ।ਖੁਸ਼ ਹੁੰਦੀ ਮੱਮੀ ਨੇ ਕਹਿ ਵੀ ਦਿੱਤਾ, " ਹਾਂ-ਜੀ ਹੁੰਦਾ ਤਾਂ ਇਸ ਤਰਾਂ ਹੀ ਹੈ।"
"ਕਈ ਗੱਲਾਂ ਦਾ ਵੀ, ਇਕ ਦੂਜੇ ਨੂੰ ਮਿਲ ਕੇ ਹੀ ਪਤਾ ਲੱਗਦਾ ਆ।" ਹਰਨੀਤ ਦੀ ਚਾਚੀ ਆਪਣੀ ਆਦਤ ਤੋਂ ਮਜ਼ਬੂਰ ਹੁੰਦੀ ਬੋਲੀ, " ਹੌਲੀ ਹੌਲੀ ਸਭ ਕੁੱਝ ਹੀ ਸਾਹਮਣੇ ਆ ਜਾਦਾਂ ਹੈ।"
" ਹਾਂ ਜੀ।" ਮੈ ਗੱਲ ਨੂੰ ਜਾਣ ਕੇ ਹਾਸੇ ਵਿਚ ਪਾਉਣ ਲਈ ਕਿਹਾ, " ਚਾਚਾ ਜੀ, ਤੁਹਾਡੇ ਨਾਲ ਵੀ ਇੰਝ ਹੀ ਹੋਇਆ ਹੋਵੇਗਾ, ਜਿਵੇ ਚਾਚੀ ਜੀ ਕਹਿ ਰਹੇ ਨੇ।"
ਮੇਰੀ ਗੱਲ ਸੁਣ ਕੇ ਚਾਚੀ ਨੂੰ ਪਤਾ ਨਾ ਲੱਗੇ ਕੀ ਕਰੇ। ਬਾਕੀ ਵੀ ਸਭ ਨੂੰ ਡਰ ਸੀ ਕਿਤੇ ਚਾਚੀ ਹੋਰ ਨਾ ਕੋਈ ਪੁਆੜਾ ਖੜਾ ਕਰ ਦੇਵੇ।ਐਬਟਸਫੋਰਡ ਵਾਲੀ ਭੂਆ ਜੀ ਨੇ ਗੱਲ ਨੂੰ ਭਾਂਪਦਿਆ ਚਾਚੀ ਨੂੰ ਕਿਹਾ, " ਸੁਰਜੀਤ, ਮੇਰੇ ਤਾਂ ਗੋਡੇ ਦੁਖਦੇ ਆ, ਤੂੰ ਕਿਚਨ ਵਿਚ ਜਾ ਕੇ ਹੈਲਪ ਹੀ ਕਰ ਦੇ।"
ਚਾਚੀ ਖਿੱਝ ਕੇ ਰਸੌਈ ਵੱਲ ਨੂੰ ਚਲੀ ਗਈ। ਅਸਲੀਅਤ ਤੋਂ ਜਾਣੂ ਹੋਣ ਕਾਰਣ ਮੈਨੂੰ ਚਾਚੀ ਦੀਆਂ ਗੱਲਾ ਦਾ ਕੋਈ ਬੁਰਾ ਨਹੀ ਸੀ ਲੱਗਾ। ਵੈਸੇ ਵੀ ਮੈਨੂੰ ਪਤਾ ਹੈ ਕਿ ਹਰ ਪ੍ਰੀਵਾਰ ਵਿਚ ਅਜਿਹੇ ਰਿਸ਼ਤੇਦਾਰ ਵੀ ਹੁੰਦੇ ਨੇ। ਜੋ ਰੰਗ ਵਿਚ ਭੰਗ ਪਾਉਣ ਦੇ ਆਦੀ ਹੁੰਦੇ ਨੇ।ਖਾਸ ਕਰਕੇ ਬੀਬੀਆਂ।
ਹੇਨੇਰਾ ਹੋਣ ਤੱਕ ਜਿੱਥੇ ਦੋ, ਤਿੰਨ ਪ੍ਰੀਵਾਰ ਹੋਰ ਆ ਗਏ, ਉੱਥੇ ਮੇਰੀ ਭੂਆ ਜੀ ਦਾ ਲੜਕਾ ਮਨਜੀਤ ਵੀ ਆ ਗਿਆ।ਉਹਨਾਂ ਦੇ ਘਰ ਪਾਰਟੀ ਵਰਗਾ ਮਹੌਲ ਬਣ ਗਿਆ। ਹਰਨੀਤ ਦੇ ਪ੍ਰੀਵਾਰ ਨੇ ਸਾਰਿਆ ਦੀ ਬਹੁਤ ਸੁਹਣੇ ਢੰਗ ਨਾਲ ਸੇਵਾ ਕੀਤੀ।ਰਾਤ ਦੀ ਰੋਟੀ ਖਾਣ ਤੋਂ ਪਹਿਲਾਂ, ਨਾਲ ਦੇ ਛੋਟੇ ਕੰਪਟਿਊਰ ਵਾਲੇ ਕਮਰੇ ਵਿਚ ਮੈ ਮਨਜੀਤ ਨੂੰ ਨਾਲ ਲੈ ਕੇ ਗੱਲਾ ਕਰਨ ਲਈ ਬੈਠਾ ਤਾਂ ਉਹ ਕਹਿਣ ਲੱਗਾ, " ਮਨਮੀਤ, ਤੇਰੇ ਸੁਹਰੇ ਤਾਂ ਚੰਗੇ ਬੰਦੇ ਲੱਗਦੇ ਆ।"
" ਹਾਂ, ਬਹੁਤ ਚੰਗੇ ਨੇ।" ਮੈ ਦੱਸਿਆ, "ਜਦੋਂ ਦਾ ਆਇਆ, ਬਸ ਮੇਰੀ ਸੇਵਾ ਵਿਚ ਹੀ ਦੌੜੇ- ਭੱਜੇ ਫਿਰਦੇ ਨੇਂ।"
" ਤੇਰੀ ਵਹੁਟੀ ਸੋਹਣੀ ਤਾਂ ਹੈ ਹੀ, ਚੰਗੀ ਵੀ ਲੱਗਦੀ ਆ।"
" ਕਿੰਨੀ ਚੰਗੀ ਆ,ਮੈਨੂੰ ਹੀ ਪਤਾ ਆ।"
" ਕਿਉਂ, ਚੰਗੀ ਨਹੀ।"
" ਕਹਿ ਤਾਂ ਰਿਹਾ ਹਾਂ ਕਿ ਬਹੁਤ ਹੀ ਚੰਗੀ ਆ।" ਮੈਂ ਗੱਲ ਨੂੰ ਹੋਰ ਪਾਸੇ ਪਾਉਂਦੇ ਕਿਹਾ, " ਮੇਰੇ ਲਈ ਕੋਈ ਕੰਮ ਦਾ ਪਤਾ ਕਰੀ।"
" ਕੰਮ ਦਾ ਫਿਕਰ ਨਾ ਕਰ।" ਉਸ ਨੇ ਮੇਰੇ ਮੋਢੇ ਤੇ ਹੱਥ ਰੱਖਦਿਆ ਪੁੱਛਿਆ, " ਡਰਾਵਿੰਗ ਤਾਂ ਤੂੰ ਵਧੀਆ ਕਰ ਹੀ ਲੈਂਦਾ ਹੋਵੇਗਾ।"
" ਕਾਰ, ਜੀਪ ਸਭ ਗੱਡੀਆਂ ਚਲਾ ਲਈ ਦੀਆਂ ਨੇ।"
" ਹੋਰ ਕੋਈ ਕੰੰਮ ਨਾ ਲੱਭਾਂ ਤਾਂ ਟੈਕਸੀ ਹੀ ਚਲਾਉਣ ਲੱਗ ਜਾਂਈ।"
" ਵੈਸੈ ਇੱਥੇ ਕੰੰਮ-ਕਾਰ ਛੇਤੀ ਮਿਲ ਜਾਵੇਗਾ।" ਮੈ ਫਿਕਰ ਜਿਹੇ ਨਾਲ ਕਿਹਾ, " ਪਹਿਲਾਂ ਤਾਂ ਕੋਈ ਹੋਰ ਕੰੰਮ ਮਿਲ ਜਾਵੇ ਤਾਂ ਚੰਗਾ, ਫਿਰ ਟੈਕਸੀ ਵੀ ਚਲਾ ਲਵਾਂਗੇ।"
" ਕੰੰਮਾਂ-ਕੁਮਾਂ ਦਾ ਤਾਂ ਇਧਰ ਏਦਾ ਹੀ ਹੈ, ਕਦੀ ਵਥੇੜਾ ਹੁੰਦਾ ਆ ਤੇ ਕਦੀ ਨਹੀ ਵੀ।"
" ਪੰਜਾਬ ਵਿਚ ਤਾਂ ਸੁਣਿਆ ਸੀ ਕਿ ਕੈਨੇਡਾ ਵਿਚ ਕੰਮਾਂ ਦੀ ਕੋਈ ਘਾਟ ਨਹੀ।"
" ਭਰਾਵਾ, ਇਧਰਲੀਆ ਗੱਲ਼ਾਂ ਦਾ ਤਾਂ ਤੈਨੂੰ ਸਹਿਜੇ –ਸਹਿਜੇ ਹੀ ਪਤਾ ਲੱਗਣਾ।"
" ਉਹ ਕਿਹੜੀਆ ਗੱਲਾਂ?" ਮੈ ਹੈਰਾਨ ਹੁੰਦੇ ਨੇ ਪੁੱਛਿਆ, " ਪੰਜਾਬ ਵਿਚ ਤਾਂ ਲੋਕੀ ਕੈਨੇਡਾ ਨੂੰ ਸਵਰਗ ਹੀ ਸਮਝਦੇ ਆ।"
" ਇਹ ਸਵਰਗ ਹੈ ਜਾਂ ਨਰਕ ਇਹ ਤਾਂ ਮੈਨੂੰ ਪਤਾ ਨਹੀ।" ਉਸ ਨੇ ਹਾਉਕਾ ਭਰ ਕੇ ਕਿਹਾ, " ਪਰ ਆਹ ਤਿੰਨ ਡਬਲਜ਼ੂ ਜ਼ਰੂਰ ਯਾਦ ਰੱਖੀ, ਜਿਨਾ ਤੇ ਕਦੀ ਭਰੋਸਾ ਵੀ ਨਾ ਕਰੀ।"
" ਉਹ ਕਿਹੜੇ?"
" ਵੈਦਰ, ਵਰਕ ਤੇ ਵਾਈਫ।"
ਮੈ ਹੈਰਾਨ ਹੁੰਦੇ ਨੇਂ ਕਿਹਾ, " ਉਹ ਕਿਉਂ?"
ਉਸ ਨੇ ਹੱਸਦੇ ਹੋਏ ਕਿਹਾ, " ਇਹ ਪਤਾ ਨਹੀ ਕਿਹੜੇ ਵੇਲੇ ਬਦਲ ਜਾਣ, ਕਿਉਂਕਿ ਇਹ ਇੱਥੇ ਬਹੁਤ ਛੇਤੀ ਬਦਲ ਜਾਂਦੇ ਆ।"
"ਅੱਛਾ।" ਕਹਿ ਕੇ ਮੈ ਵੀ ਉਸ ਨਾਲ ਹੱਸਣ ਲੱਗਾ।
ਅਸੀ ਇਸ ਤਰਾਂ ਦੀ ਗੱਲਾਂ ਕਰ ਹੀ ਰਿਹੇ ਸਨ ਕਿ ਹਰਨੀਤ ਆ ਗਈ।ਕਮਰੇ ਦੇ ਦਰਵਾਜ਼ੇ ਵਿਚ ਖੜੀ ਹੋ ਕੇ ਕਹਿਣ ਲੱਗੀ, " ਭਾਜੀ, ਆ ਜਾਉ ਰੋਟੀ ਖਾ ਲਉ।"
" ਮੈਨੂੰ ਹੀ ਖਲਾਉਣੀ ਹੈ।" ਮਨਜੀਤ ਹੱਸਦਾ ਜਿਹਾ ਬੋਲਿਆ, " ਮਨਮੀਤ ਨਹੀ ਖਾਣੀ।"
" ਕਹਿਣ ਤਾਂ ਦੋਨਾ ਨੂੰ ਹੀ ਆਈ ਹਾਂ।" ਹਰਨੀਤ ਨੇ ਮੁਸਕ੍ਰਾ ਕੇ ਕਿਹਾ, " ,ਪਰ ਤੁਸੀ ਸਾਡੇ ਗੈਸਟ ਹੋ ਇਸ ਲਈ ਤਹਾਨੂੰ ਪਹਿਲਾਂ ਕਿਹਾ।"
" ਮਨਜੀਤ, ਹੁਣ ਤੂੰ ਇਸ ਗੱਲ ਤੋਂ ਹੀ ਅੰਦਾਜ਼ਾ ਲਾ ਲੈ।" ਮੈ ਗੱਲ ਕਹਿਣ ਦਾ ਮੌਕਾ ਦੇਖ ਕੇ ਕਿਹਾ, " ਹਰਨੀਤ ਗੈਸਟਾਂ ਦਾ ਇੰਨਾ ਖਿਆਲ ਰੱਖਦੀ ਹੈ, ਮੇਰਾ ਕਿੰਨਾ ਰੱਖਦੀ ਹੋਵੇਗੀ।"
ਹਰਨੀਤ ਨੇ ਗੁੱਸੇ ਨਾਲ ਅੱਖਾਂ ਅੱਡ ਕੇ ਮੇਰੇ ਵੱਲ ਦੇਖਿਆ।ਮੈ ਉਸ ਦੇ ਗੁੱਸੇ ਦੀ ਪ੍ਰਵਾਹ ਕਿਤੇ ਬਿਨਾ ਮੁਸਕ੍ਰਾਦਾਂ ਰਿਹਾ।ਮਨਮੀਤ ਨੇ ਇਹ ਸਭ ਨਹੀ ਦੇਖਿਆ ਸਗੋਂ ਉਸ ਨੇ ਕਿਹਾ, " ਤੂੰ ਲੱਕੀ ਆ, ਹਰਨੀਤ ਵਰਗੀ ਪਤਨੀ ਮਿਲੀ ਆ।"
ਮੈ ਹੱਸਦੇ ਹੋਏ ਕਿਹਾ, " ਇਹਦਾ ਮਤਲਵ ਤੂੰ ਵੀ ਲੱਕੀ ਆ, ਤੈਨੂੰ ਹਰਨੀਤ ਵਰਗੀ ਭਾਬੀ ਮਿਲੀ ਆ।"
" ਭਰਾਵਾ, ਮੇਰਾ ਮਤਲਵ ਆਪਾਂ ਦੋਨੋ ਲੱਕੀ ਆ।" ਮਨਜੀਤ ਹੱਸਿਆ, " ਭਾਬੀ ਜੀ, ਤੁਸੀ ਵੀ ਲੱਕੀ ਹੋ, ਤਹਾਨੂੰ ਮਨਮੀਤ ਵਰਗਾ ਇਨਸਾਨ ਮਿਲਿਆ।"
ਹਰਨੀਤ ਉਸ ਦੀ ਗੱਲ ਸੁਣ ਕੇ ਮੁਸਕ੍ਰਾ ਪਈ,ਪਰ ਮੈਨੂੰ ਗੁੱਸਾ ਆਇਆ ਕਿ ਮਨਜੀਤ ਇਨਸਾਨ ਦੇ ਥਾਂ ਪਤੀ ਕਹਿ ਜਾਂਦਾ ਤਾਂ ਇਹਦਾ ਕੀ ਘੱਟ ਜਾਣਾ ਸੀ।ਵੈਸੇ ਇਹਦੇ ਵਿਚ ਮਨਜੀਤ ਦੀ ਤਾਂ ਕੋਈ ਗੱਲਤੀ ਨਹੀ ਸੀ। ਉਸ ਨੇ ਆਪਣੇ ਹਿਸਾਬ ਨਾਲ ਗੱਲ ਠੀਕ ਹੀ ਕੀਤੀ ਹੋਵੇਗੀ,ਪਰ ਕਹਿੰਦੇ ਨੇ ਨਾ,ਚੋਰ ਨੂੰ ਆਪਣਾ ਹੀ ਪਾਲਾ, ਉਹ ਹੀ ਮੇਰਾ ਹਾਲ ਸੀ।
ਛੇਤੀ ਹੀ ਅਸੀ ਉਸ ਕਮਰੇ ਵਿਚ ਆ ਗਏ ਜਿਸ ਨੂੰ ਸਭ ਫੈਮਲੀ ਰੂਮ ਕਹਿੰਦੇ ਸੁਣੇ ਗਏ।
" ਰੋਟੀ ਤੋਂ ਪਹਿਲਾ, ਪੈਗ ਲਾਉਗੇ।" ਹਰਨੀਤ ਦੇ ਡੈਡੀ ਨੇ ਪੁੱਛਿਆ, " ਪਾਵਾਂ ਤੁਹਾਡੇ ਲਈ।"
" ਤਹਾਨੂੰ ਪਤਾ ਹੀ ਹੈ ਮੈ ਤਾਂ ਪੀਂਦਾ ਨਹੀ।" ਮੈ ਸਾਫ ਹੀ ਨਾ ਕਰ ਦਿੱਤੀ॥
" ਮੈ ਵੀ ਡਰਾਈਵ ਕਰਕੇ ਜਾਣਾ ਹੈ।" ਮਨਜੀਤ ਨੇਂ ਕਿਹਾ, " ਰੋਟੀ ਜ਼ਰੂਰ ਖਾਵਾਂਗਾ,ਪਰ ਪੀਣੀ ਨਹੀ।"
ਰਾਤ ਦੀ ਰੋਟੀ ਖਾਣ ਤੋਂ ਬਾਅਦ, ਸਭ ਤੋਂ ਪਹਿਲਾਂ ਚਾਚਾ ਜੀ ਚਾਚੀ ਨੂੰ ਲੈ ਕੇ ਚਲੇ ਗਏ।ਛੇਤੀ ਹੀ ਬਾਕੀ ਵੀ ਇਕ ਇਕ ਕਰਕੇ ਚਲੇ ਗਏ।
" ਹਰਨੀਤ ਜੇ ਤੁਸੀ ਬੇਸਮਿੰਟ ਵਿਚ ਹੀ ਜਾਣਾ ਹੈ ਤਾਂ ਜਾਉ।" ਮੱਮੀ ਨੇ ਕਿਹਾ, " ਮਨਮੀਤ ਵੀ ਥੱਕਿਆ ਹੋਇਆ ਆ, ਅਰਾਮ ਕਰੇ ਜਾ ਕੇ।"
" ਮੈ ਤਾਂ ਠੀਕ ਹਾਂ।" ਥੱਕੇ ਹੋਣ ਦੇ ਵਾਬਜੂਦ ਵੀ ਮੈ ਕਿਹਾ, " ਬੇਸਮਿੰਟ ਕਿੱਥੇ ਕੁ ਹੈ?"
" ਲਾਗੇ ਹੀ ਹੈ।" ਹਰਨੀਤ ਨੇਂ ਟੋਨੀ ਨੂੰ ਅਵਾਜ਼ ਮਾਰਦੇ ਕਿਹਾ, " ਟੋਨੀ ਚੱਲ, ਸਾਨੂੰ ਛੱਡ ਆ।"
ਟੋਨੀ ਵੈਨ ਦੀਆ ਚਾਬੀਆਂ ਚੁੱਕ ਕੇ ਬਾਹਰ ਨੂੰ ਚੱਲ ਪਿਆ। ਜਿਵੇ ਹਰਨੀਤ ਸਾਰਿਆਂ ਨੂੰ ਗੁਡ-ਨਾਈਟ ਕਹਿ ਰਹੀ ਸੀ, ਮੈ ਵੀ ਉਸ ਦੇ ਪਿੱਛੇ ਪਿੱਛੇ ਐਕਟਿੰਗ ਕਰੀ ਗਿਆ।
ਟੋਨੀ ਨਾਲ ਵੈਨ ਵਿਚ ਬੈਠਣ ਲੱਗਾ ਤਾ ਉਹ ਬੋਲਿਆ, " ਤੁਸੀ ਕਾਰ ਵਿਚ ਦੀਦੀ ਨਾਲ ਆ ਜਾਉ।"
ਉਸ ਦੇ ਕਹਿਣ ਉੱਪਰ ਹਰਨੀਤ ਵੀ ਬੋਲੀ, " ਤੁਸੀ ਮੇਰੇ ਨਾਲ ਆ, ਜਾਉ।"
33
ਮਂੈ ਉਸ ਨਾਲ ਕਾਰ ਵਿਚ ਬੈਠ ਗਿਆ। ਹਰਨੀਤ ਨੇ ਬੈਠਦੇ ਸਾਰ ਹੀ ਸੀਡੀ ਪੇਲਅਰ ਦਾ ਬੱਟਣ ਦੱਬ ਦਿੱਤਾ। ਪੰਜਾਬੀ ਗਾਣਾ ' ਸਾਨੂੰ ਪਤਾ ਚਲ ਗਿਆ ਤੇਰੇ ਦਿਲ ਵਿਚ ਕੀ' ਚੱਲਣ ਲੱਗ ਪਿਆ। ਇਸ ਗਾਣੇ ਦੇ ਪੈਰ ਸਿਰ ਦੀ ਸਮਝ ਮੈਨੂੰ ਤਾਂ ਕੋਈ ਨਹੀ ਲੱਗੀ,ਪਰ ਹਰਨੀਤ ਧਿਆਨ ਨਾਲ ਸੁੱਣਦੀ ਲੱਗੀ। ਗੱਲ ਸ਼ੁਰੂ ਕਰਨ ਲਈ ਮੈਂ ਕਿਹਾ, " ਕਾਰ ਨਵੀ ਲਈ ਹੈ।"
" ਹਾਂ- ਜੀ।" ਉਸ ਨੇ ਕਿਹਾ, " ਮੈਨੂੰ ਪਹਿਲੀ ਕਾਰ ਵੀ ਚੰਗੀ ਲੱਗਦੀ ਸੀ, ਪਰ ਡੈਡੀ ਕਹਿਣ ਲੱਗੇ ਕਿ, ਮੁੰਡੇ ਨੇ ਆਉਣਾ ਹੈ, ਸੋਹਣੀ ਕਾਰ ਲੈ ਲਾ।"
" ਜੇ ਤਹਾਨੂੰ ਪਹਿਲੀ ਕਾਰ ਪਸੰਦ ਸੀ, ਤੁਸੀ ਕਹਿ ਦੇਣਾ ਸੀ ਕਿ ਮੈ ਆਪਣੀ ਪਹਿਲੀ ਪਸੰਦ ਕਦੇ ਨਹੀ ਛੱਡਦੀ।"
ਪਤਾ ਨਹੀ, ਉਹ ਮੇਰੇ ਕਹਿਣ ਦਾ ਭਾਵ ਸਮਝੀ ਜਾਂ ਨਹੀ ਸਮਝੀ, ਪਰ ਉਸ ਨੇ ਜ਼ਵਾਬ ਜ਼ਰੂਰ ਦਿੱਤਾ,
" ਵੈਸੇ ਪੁਰਾਣੀ ਕਾਰ ਟਰਾਬਲ ਜਿਹੀ ਦੇਣ ਲੱਗ ਪਈ ਸੀ।"
" ਚੰਗੀ ਕੰਪਨੀ ਦੀ ਨਹੀ ਹੋਣੀ।"
" ਬਾਹਰੋਂ ਦੇਖਣ ਨੂੰ ਤਾਂ ਅਜੇ ਵੀ ਚੰਗੀ ਲੱਗਦੀ ਆ,ਪਰ ਕਈ ਵਾਰੀ ਸਟਾਰਟ ਕਰੀਏ ਤਾਂ ਹੁੰਦੀ ਹੀ ਨਹੀ।"
" ਜ਼ਿੰਦਗੀ ਵਿਚ ਤਹਾਨੂੰ ਬਹੁਤ ਚੀਜ਼ਾਂ ਐਸੀਆਂ ਮਿਲਦੀਆਂ ਨੇ ਜੋ ਦੇਖਣ ਨੂੰ ਤਾਂ ਚੰਗੀਆਂ ਲੱਗਦੀਆਂ ਨੇਂ।" ਮੇਰੇ ਮੂੰਹ ਵਿਚੋਂ ਸਿਧਾ ਹੀ ਨਿਕਲ ਗਿਆ, " ਬਾਅਦ ਵਿਚ ਦੁੱਖੀ ਕਰਦੀਆਂ ਨੇਂ।"
ਉਸ ਨੇ ਗੱਲ ਸਮਝਣ ਲਈ ਮੇਰੇ ਮੂੰਹ ਵੱਲ ਦੇਖਿਆ ਤੇ ਕਿਹਾ, " ਪਹਿਲਾਂ ਤਾਂ ਪਤਾ ਵੀ ਨਹੀ ਲੱਗਦਾ, ਇਸ ਚੀਜ਼ ਨੇ ਤਹਾਨੂੰ ਸੁੱਖ ਦੇਣਾ ਹੈ ਜਾਂ ਦੁੱਖ।"
" ਹਾਂਜੀ, ਇਸ ਲਈ ਤਾਂ ਕਹਿੰਦੇ ਨੇਂ, ਵਾਹ ਪਿਆ ਜਾਣੀਏ ਜਾਂ ਰਾਹ ਪਿਆ ਜਾਣੀਏ।ਵੈਸੇ ਨਵੀਆ ਚੀਜ਼ਾਂ ਅਜਮਾਂ ਜ਼ਰੂਰ ਲੈਣੀਆਂ ਚਾਹਦੀਆਂ ਨੇਂ।"
ਉਸ ਨੇ ਆਪਣੀਆ ਵੱਡੇ ਝੁਮਣਾ ਵਾਲੀਆਂ ਅੱਖਾਂ ਨੂੰ ਫਿਰ ਮੇਰੇ ਵੱਲ ਇੰਝ ਘੁਮੰਇਆ ਜਿਵੇ ਕਹਿ ਰਹੀਆਂ ਹੋਣ ਉਹਨਾਂ ਨੂੰ ਸਮਝ ਨਹੀ ਲੱਗੀ। ਮੈਂ ਵੀ ਉਹਨਾਂ ਨੂੰ ਕੀ ਸਮਝਾਉਣਾ ਸੀ ,ਮੈਨੂੰ ਤਾਂ ਆਪ ਨਹੀ ਸੀ ਪਤਾ ਲੱਗ ਰਿਹਾ ਮੈਂ ਇਹ ਗੱਲਾਂ ਕਿਉਂ ਕਰ ਰਿਹਾ ਹਾਂ।ਇਸ ਲਈ ਚੁੱਪ ਹੋ ਕੇ ਬੈਠ ਗਿਆ ਅਤੇ ਕਾਰ ਦੀ ਖਿੜਕੀ ਵਿਚੋਂ ਬਾਹਰ ਦੇਖਣ ਲੱਗਾ। ਬਾਹਰ ਗਲੀਆਂ ਦੀਆਂ ਉੱਚੀਆਂ ਉੱਚੀਆਂ ਬਤੀਆਂ ਆਪਣੀ ਰੋਸ਼ਨੀ ਆਲੇ-ਦੁਆਲੇ ਖਿਲਾਰਦੀਆ ਦਿਸੀਆਂ। ਕੁਝ ਕਾਰਾਂ ਇਧਰ-ਉਧਰ ਨਸੀਆਂ ਜਾਂਦੀਆਂ ਵੀ ਦੇਖੀਆਂ।ਇਹਨਾਂ ਕਾਰਾਂ ਵਾਂਗ ਹਰਨੀਤ ਵੀ ਆਪਣੀ ਕਾਰ ਦੜਾਉਂਦੀ ਸੜਕ ਤੋਂ ਉਤਾਰ ਕੇ ਇਕ ਘਰ ਅੱਗੇ ਰੁਕ ਗਈ।ਉਸ ਨੇ ਕਾਰ ਵਿਚੋਂ ਚਾਬੀ ਕੱਢੀ ਅਤੇ ਆਪਣਾ ਪਰਸ ਚੁੱਕ ਕਾਰ ਵਿਚੋਂ ਉਤਰਨ ਲਈ ਦਰਵਾਜ਼ੇ ਵੱਲ ਵਧੀ, ਪਰ ਮੈਂ ਅਜੇ ਵੀ ਮੂਕ ਬਣੀ ਬੈਠਾ ਸੀ। ਉਸ ਨੇ ਮੇਰੇ ਵੱਲ ਦੇਖਿਆ ਅਤੇ ਕਿਹਾ, " ਉੱਤਰ ਆਉ, ਘਰ ਆ ਗਿਆ ਆ।"
ਮੈਂ ਫਿਰ ਵੀ ਕੁਝ ਨਾ ਕਿਹਾ।ਕਾਰ ਵਿਚੋਂ ਉਤਰ ਕੇ ਚੁੱਪ-ਚਾਪ ਉੰਝ ਹੀ ਉਸ ਦੇ ਮਗਰ ਤੁਰਨ ਲੱਗਾ ਜਿਵੇ ਪਹਿਲੀ ਮੁਲਾਕਾਤ ਵੇਲੇ ਤੁਰਿਆ ਸੀ।
" ਆਹ ਖੱਬੇ ਹੱਥ ਵਾਲੀ ਆਪਣੀ ਬੇਸਮਿੰਟ ਹੈ।" ਉਸ ਨੇਂ ਪਿੱਛੇ ਮੁੜ ਕੇ ਮੇਰੇ ਵੱਲ ਦੇਖ ਕੇ ਕਿਹਾ, " ਨਾਲ ਵਾਲੀ ਬੇਸਮਿੰਟ ਵਿਚ ਵੀ ਆਪਣੇ ਹੀ ਬੰਦੇ ਰਹਿੰਦੇ ਨੇਂ।"
" ਇਸ ਘਰ ਦੀਆਂ ਦੋ ਬੇਸਮਿੰਟਾਂ ਨੇਂ।"
" ਕਈ ਘਰਾਂ ਦੀਆ ਤਾਂ ਤਿੰਨ ਤਿੰਨ ਵੀ ਆ।" ਹਰਨੀਤ ਨੇ ਚਾਬੀ ਨਾਲ ਬੇਸਮਿੰਟ ਦਾ ਦਰਵਾਜ਼ਾ ਖ੍ਹੌਲਦੇ ਆਖਿਆ, " ਇਸ ਘਰ ਦਾ 'ਉਨਰ ਵੀ ਪੰਜਾਬੀ ਹੀ ਹੈ।"
"ਘਰ ਤਾਂ ਨਵਾ ਹੀ ਲੱਗਦਾ ਹੈ।" ਮੈਂ ਅੰਦਰ ਦਾਖਲ ਹੁੰਦੇ ਕੰਧ ਦੇ ਰੰਗ ਵਾਲ ਦੇਖ ਕੇ ਕਿਹਾ, " ਰੰਗ ਵੀ ਸੁਹਣਾ ਕੀਤਾ ਆ।"
" ਥੌੜ੍ਹਾ ਚਿਰ ਹੀ ਹੋਇਆ ਇਸ ਘਰ ਬਣੇ ਨੂੰ।"
ਬੇਸਮਿੰਟ ਖੁਲ੍ਹੀ ਹੋਣ ਦੇ ਨਾਲ ਨਾਲ ਸਾਫ-ਸੁਥਰੀ ਵੀ ਸੀ।ਦਰਵਾਜ਼ਾ ਬੈਠਕ ਵਿਚ ਹੀ ਖੁਲ੍ਹਿਆ ਸੀ।ਉਸ ਵਿਚ ਕਾਲੇ ਰੰਗ ਦੇ ਸੋਫਿਆਂ ਦੇ ਨਾਲ ਖੂੰਜੇ ਵਿਚ ਟੈਲੀਵਿਯਨ ਵੀ ਪਿਆ ਦਿਸਿਆ। ਦੇਖਣ ਨੂੰ ਸਾਰਾ ਸਮਾਨ ਨਵਾ ਹੀ ਲੱਗਦਾ ਸੀ। ਸੋਫਿਆਂ ਦੇ ਵਿਚਕਾਰ ਸਨਮਾਇਕੇ ਦੀ ਦਿਖ ਵਾਲਾ ਮੇਜ਼ ਰੱਖਿਆ ਹੋਇਆ ਸੀ।ਮੈਂ ਅਜੇ ਆਲਾ-ਦੁਆਲਾ ਦੇਖ ਹੀ ਰਿਹਾ ਸੀ ਕਿ ਹਰਨੀਤ ਬੋਲ ਪਈ, " ਇਹ ਦੋ ਕਮਰੇ ਨੇਂ, ਰਾਈਟ ਸਾਈਡ ਮੇਰਾ ਤੇ…।"
" ਲੈਫਟ ਵਾਲਾ ਮੇਰਾ।" ਮੈਂ ਵਿਚੋਂ ਹੀ ਰਸੋਈ ਅਤੇ ਗੁਸਲਖਾਨੇ ਵੱਲ ਦੇਖਦਾ ਬੋਲਿਆ, " ਆ ਇਕ ਰਸੋਈ ਅਤੇ ਗੁਸਲਖਾਨਾ ਸਾਝਾਂ ਹੋਵੇਗਾ।"
" ਹਾਂ ਜੀ।" ਉਹ ਬੋਲੀ, " ਆਹ ਫੈਮਲੀ ਰੂਮ ਵੀ ਸਾਝਾਂ ਹੀ ਹੈ।"
" ਆਪਣੀ ਤਾਂ ਕੋਈ ਫੈਮਲੀ ਨਹੀ, ਫਿਰ ਇਹ ਫੈਂਮਲੀ ਰੂਮ ਕਿਵੇ ਬਣ ਗਿਆ?"
aਦੋਂ ਹੀ ਟੋਨੀ ਸਮਾਨ ਲੈ ਕੇ ਆ ਗਿਆ ਤੇ ਹਰਨੀਤ ਨੇ ਮੈਨੂੰ ਚੁੱਪ ਹੋਣ ਦਾ ਇਸ਼ਾਰਾ ਕੀਤਾ।ਉਹ ਮੇਰਾ ਸਮਾਨ ਫੈਮਲੀ ਰੂਮ ਵਿਚ ਰੱਖਣ ਲੱਗਾ ਤਾ ਹਰਨੀਤ ਨੇ ਖੱਬੇ ਹੱਥ ਵਾਲੇ ਕਮਰੇ ਵੱਲ ਇਸ਼ਾਰਾ ਕਰਦੇ ਕਿਹਾ, " ਇਸ ਕਮਰੇ ਵਿਚ ਰੱਖਦੇ।"
ਟੋਨੀ ਉਸ ਕਮਰੇ ਵਿਚ ਅਟੈਚੀ ਰੱਖਦੇ ਸਾਰ ਹੀ ਕਿਹਾ, " ਚੰਗਾ ਦੀਦੀ, ਮੈ ਹੁਣ ਚਲਦਾ।"
" ਧਿਆਨ ਨਾਲ ਜਾਂਈ।" ਹਰਨੀਤ ਨੇ ਉਸ ਨੂੰ ਪੁੱਛਿਆ, " ਕੋਕ ਤਾਂ ਨਹੀ ਪੀਣਾ।"
" ਨਹੀ, ਕੁੱਝ ਨਹੀ ਪੀਣਾ। ਬਾਏ ਭਾਜੀ।" ਇਹ ਕਹਿ ਕੇ ਉਹ ਚਲਾ ਗਿਆ।
" ਤੁਸੀ ਕੀ ਗੱਲ ਕਰ ਰਿਹੇ ਸੀ?"
ਹਰਨੀਤ ਨੇ ਪੁੱਛਿਆ, " ਫੈਮਲੀ ਰੂਮ ਬਾਰੇ।"
" ਮੈ ਕਹਿ ਰਿਹਾ ਸੀ ਕਿ ਅਸੀ ਇਸ ਕਿਰਾਏ ਦੇ ਘਰ ਵਿਚ ਫੈਮਲੀ ਬਣ ਕੇ ਥੋੜ੍ਹੀ ਰਹਿਣਾ, ਸੋ ਇਸ ਕਮਰੇ ਨੂੰ ਫੈਂਮਲੀ ਰੂਮ ਕਹਿਣਾ ਜ਼ਰੂਰੀ ਆ।"
" ਤੁਹਾਨੂੰ ਜੋ ਚੰਗਾ ਲੱਗਦਾ ਆ, ਤੁਸੀ ਉਹ ਕਹਿ ਲਉ।" ਹਰਨੀਤ ਨੇ ਖਿਝ ਕੇ ਕਿਹਾ, " ਮਂੈ ਤਾਂ ਮੱਮੀ ਡੈਡੀ ਨਾਲ ਹੀ ਰਹਿ ਲੈਣਾ ਸੀ, ਤੁਹਾਡੇ ਕਰਕੇ ਮੈ ਬੇਸਮਿੰਟ ਲਈ।"
" ਹਰਨੀਤ ਜੀ, ਮੇਰੇ ਕਰਕੇ ਨਹੀ ਆਪਣੇ ਕਰਕੇ ਵੀ ਲਈ ਆ।"
" ਥੌੜ੍ਹੀ ਦੇਰ ਦੀ ਗੱਲ ਆ, ਜਿੰਂਨਾ ਚਿਰ ਆਪਣਾ ਡੀਵੋਰਸ ਨਹੀ ਹੁੰਦਾ, ਚੁੱਪ ਕਰਕੇ ਇੱਥੇ ਰਹੀ ਜਾਵੋ, ਫਿਰ ਜਿੱਥੇ ਮਰਜ਼ੀ ਜਾਇਉ।"
" ਕੈਨੇਡਾ ਵਿਚ ਕੋਈ ਐਸਾ ਕਾਨੂੰਨ ਨਹੀ , ਜਿਸ ਨਾਲ ਡਿਵੋਰਸ ਛੇਤੀ ਹੋ ਜਾਵੇ?" ਮੈ ਜਾਣ ਕੇ ਕਿਹਾ, " ਫਿਰ ਮੈਂ ਵੀ ਕੁਝ ਆਪਣੀ ਜ਼ਿੰਦਗੀ ਬਾਰੇ ਸੋਚਾਂ।"
ਉਸ ਨੇ ਹੈਰਾਨੀ ਨਾਲ ਮੈਨੂੰ ਦੇਖ ਕੇ ਕਿਹਾ, " ਕਿਉਂ ਤਹਾਨੂੰ ਕੀ ਛੇਤੀ ਆ, ਤੁਸੀ ਕੈਨੇਡਾ ਆ ਗਏ,ਜ਼ਿੰਦਗੀ ਬਾਰੇ ਹੋਰ ਕੀ ਸੋਚਣਾ ?"
" ਮੈਂ ਵੀ ਕਿਤੇ ਹੋਰ ਵਿਆਹ-ਵਿਅਊ ਕਰਵਾਉਣ ਵਾਲਾ ਬਣਾ।"
" ਪਹਿਲਾਂ ਇਕ ਤਾ ਭੁਗਤਾ ਲਉ, ਫਿਰ ਹੋਰ ਵੀ ਕਰਵਾ ਲਿਉ।" ਉਸ ਗੁੱਸੇ ਵਿਚ ਕਿਹਾ, " ਪੰਜਾਬ ਤੋਂ ਨਵੇ ਆਏ ਲੋਕਾਂ ਨੂੰ ਗੱਲਾਂ ਬਹੁਤ ਬਣਾਉਣੀਆਂ ਆਉਂਦੀਆਂ ਆ।"
" ਕੈਨੇਡਾ ਵਾਲਿਆਂ ਦੇ ਤੌਰ-ਤਾਰੀਕਿਆਂ ਨੇ ਹੀ ਸਭ ਕੁਝ ਸਿਖਾਇਆ।" ਮੈਂ ਵੀ ਬਨਾਵਟੀ ਗੁੱਸੇ ਵਿਚ ਕਿਹਾ, " ਮੈਂ ਤਾਂ ਉਸ ਘੜੀ ਨੂੰ ਪਛਤਾਉਂਦਾ ਹਾਂ ਜਦੋਂ ਤਹਾਨੂੰ ਨਕਲੀ ਵਿਆਹ ਲਈ ਹਾਂ ਕਰ ਦਿੱਤੀ।"
" ਹੁਣ ਕੈਨੇਡਾ ਜਿਉਂ ਪਹੁੰਚ ਗਏ, ਆਪ ਹੀ ਪਛਤਾਉਂਣਾ।"
" ਤੁਹਾਡਾ ਕੀ ਮਤਲਵ, ਮੈ ਮਤਲਵੀ ਹਾਂ।"
" ਮੈਂਨੂੰ ਨਹੀ ਪਤਾ, ਤੁਸੀ ਕੀ ਹੋ,ਪਹਿਲੇ ਪਹਿਲੇ ਦਿਨ ਮੈਂ ਤੁਹਾਡੇ ਨਾਲ ਕੋਈ ਲੜਾਈ ਨਹੀ ਕਰਨਾ ਚਾਹੁੰਦੀ।"
" ਲੜਨਾਂ ਤਾਂ ਮਂੈ ਵੀ ਨਹੀ ਚਾਹੁੰਦਾ।"
" ਜੇ ਨਹੀ ਚਾਹੁੰਦੇ ਤਾਂ ਚੁੱਪ ਕਰਕੇ ਆਪਣੇ ਕਮਰੇ ਵਿਚ ਜਾ ਕੇ ਸੌਂ ਜਾਵੋ।"
" ਤੁਸੀ ਸੌਣਾ ਹੈ ਤਾਂ ਸੋਂ ਜਾਵੋ, ਮੈਂ ਤਾਂ ਨਹੀ ਅਜੇ ਸੋਣਾ।ਮੈਂ ਆਪਣੇ ਪਿੰਡ ਫੋਨ ਕਰਨਾ ਆ।" ਮੈਂ ਜਾਣ-ਬੁਝ ਕੇ ਕਿਹਾ, " ਜਦੋਂ ਮੇਰਾ ਜੀ ਕੀਤਾ ਮੈ ਸੌਂ ਜਾਵਾਂਗਾ ਨਾਲੇ ਤੁਹਾਡੇ ਕਹੇ ਤੇ ਨਹੀ ਮੈ ਸੌਣਾ।"
" ਪੰਜਾਬ ਦੇ ਮੁੰਡਿਆ ਵਿਚ ਇਗੋ ਬਹੁਤ ਆ।" ਉਸ ਨੇ ਆਪਣੇ ਕਮਰੇ ਵੱਲ ਜਾਂਦੇ ਕਿਹਾ, " ਪਤਾ ਨਹੀ ਆਪਣੇ-ਆਪ ਨੂੰ ਸਮਝਦੇ ਕੀ ਆ।"
" ਜੋ ਕੈਨੇਡਾ ਦੀਆਂ ਕੁੜੀਆਂ ਆਪਣੇ-ਆਪ ਨੂੰ ਸਮਝਦੀਆਂ ਨੇਂ, ਉਹੀ ਹੀ ਅਸੀ ਸਮਝਦੇ ਆ।"
" ਮੈ ਤਹਾਨੂੰ ਦੱਸਿਆ ਕਿ ਮੈ ਲੜਨਾ ਨਹੀ ਚਾਹੁੰਦੀ।" ਉਸ ਨੇ ਪਿੱਛੇ ਮੁੜ ਕੇ ਕਿਹਾ, " ਸਾਡੇ ਘਰਦਿਆ ਦੇ ਸਾਹਮਣੇ ਕਿੰਨੇ ਬੀਬੇ ਬਣਦੇ ਸੀ।"
" ਘਰ ਦੇ ਤਾਂ ਸਾਡੇ ਵੀ ਤੁਹਾਡੇ ਹੀ ਗੁਣ ਗਾਉਂਦੇ ਆ।"
" ਤੁਹਾਡੇ ਤਾ ਘਰ ਹੀ ਗਾਉਂਦੇ ਹੋਣਗੇ, ਸਾਡੇ ਤਾਂ ਤੁਸੀ ਰਿਸ਼ਤੇਦਾਰ ਵੀ ਆਪਣੇ ਪਿੱਛੇ ਲਾ ਲਏ।" ਆਪਣੇ ਕਮਰੇ ਦੇ ਦਰਵਾਜ਼ੇ ਕੋਲ ਖੜ੍ਹੀ ਹਰਨੀਤ ਬੋਲ ਰਹੀ ਸੀ, " ਮਾਸੀ ਜੀ ਕਿਵੇ ਕਹਿ ਰਹੇ ਸਨ ਕਿ ਜੋੜੀ ਕਿੰਨੀ ਸੁਹਣੀ ਆ।"
" ਤੁਸੀ ਉਹਨਾਂ ਦੀ ਗੱਲ ਨਹੀ ਮੱਨਣੀ ਤਾਂ ਨਾ ਮੰਨੋ, ਪਰ ਉਹ ਝੂੱਠ ਨਹੀ ਸੀ ਕਹਿ ਰਹੇ।"
" ਤੁਹਾਡੇ ਨਾਲ ਕੋਣ ਮੱਥਾ ਲਾਵੇ।" ਇਹ ਕਹਿ ਕੇ ਉਹ ਚੁੱਪ ਕਰਕੇ ਆਪਣੇ ਕਮਰੇ ਵਿਚ ਜਾ ਵੜ੍ਹੀ।
ਵੈਸੇ ਬੇਸਮਿੰਟ ਵਿਚ ਖੁੱਲ੍ਹ ਕੇ ਰਹਿਣਾ ਮੈਨੂੰ ਵੀ ਚੰਗਾ ਲੱਗਾ। ਕੋਈ ਹਿਰਕ ਨਾ ਝਿੜਕ।ਘਰ ਵਾਲਿਆਂ ਨੂੰ ਆਪਣੇ ਪਹੁੰਚਣ ਦੀ ਖਬਰ ਕਰ ਦੇਣ ਲਈ ਮੇਰੀਆਂ ਨਜ਼ਰਾਂ ਫੋਨ ਲੱਭਣ ਲੱਗੀਆਂ ਤਾਂ ਸਾਹਮਣੇ ਰਸੋਈ ਦੇ ਕੋਨੇ ਵਿਚ ਕਾਊਂਟਰ ਤੇ ਪਿਆ ਦਿਸਿਆ। ਫਿਰ ਵੀ ਪਤਾ ਨਹੀ ਕਿਉਂ ਮੈ ਹਰਨੀਤ ਦੇ ਕਮਰੇ ਦਾ ਦਰਵਾਜ਼ਾ ਹੌਲੀ ਜਿਹੀ ਖੜਕਾ ਕੇ ਕਿਹਾ, " ਫੋਨ ਕਿੱਥੇ ਆ? ਪਿਤਾ ਜੀ ਨੂੰ ਫੋਨ ਕਰਨਾ ਸੀ।"
" ਕਿਚਨ ਦੇ ਕਾਊਂਟਰ ਤੇ ਪਿਆ।" ਉਸ ਨੇ ਅੰਦਰੋਂ ਹੀ ਕਿਹਾ, " ਫੋਨ ਕਰਨਾ ਤੇ ਛੇਤੀ ਕਰ ਲਉ, ਮੈ ਸੌਣਾ ਵੀ ਆ।"
ਆਪਣੇ ਮਨ ਨਾਲ ਹੀ ਬੁੜਬੜਾਇਆ, " ਮੈਂ ਭਲਾ ਇਹਨੂੰ ਸੌਣ ਤੋਂ ਰੋਕਦਾ ਆ।"
ਮੈ ਇਕ-ਦੋ ਬਾਰ ਫੋਨ ਮਿਲਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਜਾ ਹੀ ਨਹੀ ਸੀ ਰਿਹਾ। ਮੈ ਫਿਰ ਹਰਨੀਤ ਦਾ ਦਰਵਾਜ਼ਾ ਖੜਕਾਇਆ, " ਫੋਨ ਜਾ ਨਹੀ ਰਿਹਾ।"
" ੦੧੧-੯੧ ਕਰਕੇ ਦੇਖੋ।" ਉਸ ਨੇ ਅੰਦਰੋਂ ਹੀ ਜ਼ਵਾਬ ਦਿੱਤਾ, " ਪਲੀਜ਼,ਹੁਣ ਰੌਲਾ ਨਾ ਪਾਇਉ।"
ਫੋਨ ਮਿਲਾਉਣ ਦਾ ਉਪਰਾ ਜਿਹਾ ਯਤਨ ਕਰਕੇ ਮੈ ਫਿਰ ਹਰਨੀਤ ਦੇ ਦਰਵਾਜ਼ੇ ਅੱਗੇ ਜਾ ਕੇ ਕਿਹਾ, " ਫੋਨ ਜਾ ਨਹੀ ਰਿਹਾ।"
ਮੇਰੀ ਗੱਲ ਸੁਣ ਕੇ ਖਿਝੀ ਹੋਈ ਬਾਹਰ ਆਉਂਦੀ ਬੋਲੀ, " ਨੰਬਰ ਦਿਉ।"
ਦਾਦੀ ਜੀ ਦੀ ਦਿੱਲੀ ਵਾਲੀ ਭੂਆ ਦੇ ਪੋਤੇ ਦਾ ਫੋਨ ਨੰਬਰ ਵਾਲਾ ਕਾਗਜ਼ ਉਸ ਅੱਗੇ ਰੱਖ ਦਿੱਤਾ। ਫੋਨ ਘਮਾਉਂਦੀ ਨੂੰ ਮੈ ਦੇਖ ਰਿਹਾ ਸੀ। ਉਹ ਆਪਣੇ ਸੋਣ ਵਾਲਿਆਂ ਕੱਪੜਿਆਂ ਵਿਚ ਪਹਿਲੇ ਨਾਲੋ ਵੀ ਸੋਹਣੀ ਲੱਗ ਰਹੀ ਸੀ, ਉਸ ਦੇ ਅੱਧ-ਖੁੱਲ੍ਹੇ ਵਾਲ ਉਸ ਦੇ ਗੋਲ ਚਿਹਰੇ ਦੁਆਲੇ ਝੁਮ ਝੂਮ ਕੇ ਨੱਚਦੇ ਲੱਗੇ।ਉਸ ਨੂੰ ਦੇਖਣ ਵਿਚ ਏਨਾ ਮਸਤ ਹੋ ਗਿਆ, ਪਤਾ aਦੋਂ ਹੀ ਲੱਗਾ , ਜਦੋਂ ਉਹ ਬੋਲੀ, " ਸਤਿ ਸ੍ਰੀ ਅਕਾਲ, ਮੈ ਕੈਨੇਡਾ ਤੋਂ ਹਰਨੀਤ ਬੋਲ ਰਹੀ ਹਾਂ, ਬੇਜ਼ੀ ਨਾਲ ਗੱਲ ਕਰਨੀ ਸੀ…ਸਤਿ ਸ੍ਰੀ ਅਕਾਲ, ਬੇਜ਼ੀ।" ਉਹ ਬੋਲ ਰਹੀ ਸੀ, " ਹਾਂ ਜੀ, ਠੀਕ –ਠਾਕ ਪਹੁੰਚ ਗਏ।… ਕੰਮ ਵੀ ਛੇਤੀ ਲਭ ਜਾਵੇਗਾ… ਭਾਪਾ ਜੀ ਠੀਕ ਨੇਂ… ਹਾਂਜੀ ਭਾਪਾ ਜੀ ਨਾਲ ਵੀ ਗੱਲ ਕਰ ਲੈਂਦੀ ਹਾਂ… ਰਾਣੋ ਦਾ ਕੀ ਹਾਲ ਆ….ਫਿਕਰ ਨਾ ਕਰੋ….ਹੌਲੀ ਹੌਲੀ ਦਿਲ ਲਗ ਜਾਵੇਗਾ….ਲਉ ਇਹਨਾਂ ਨਾਲ ਗੱਲ ਕਰ ਲਉ।" ਉਸ ਨੇ ਮੈਨੂੰ ਫੋਨ ਫੜਾਉਂਦੇ ਹੋਏ ਕਿਹਾ, " ਭਾਪਾ ਜੀ ਨੇਂ।"
"ਭਾਪਾ ਜੀ, ਮੈ ਠੀਕ-ਠਾਕ ਪਹੁੰਚ ਗਿਆ।"
" ਹਰਨੀਤ ਦੇ ਮੱਮੀ-ਡੈਡੀ।" ਭਾਪਾ ਜੀ ਪੁੱਛ ਰਹੇ ਸਨ, " ਪਰਿਵਾਰ ਸਭ ਠੀਕ-ਠਾਕ ਆ।"
" ਸਭ ਚੜ੍ਹਦੀ ਕਲਾ ਵਿਚ ਨੇਂ।"
" ਪਿੰਡ ਜਾ ਕੇ ਤੈਨੂੰ ਫੋਨ ਕਰਾਂਗੇ।"
" ਫੋਨ ਇਸ ਨੰਬਰ ਤੇ ਹੀ ਕਰਨਾ।" ਹਰਨੀਤ ਨੂੰ ਇਸ਼ਾਰੇ ਨਾਲ ਮੈ ਫੋਨ ਨੰਬਰ ਪੁੱਛਿਆ। ਉਸ ਨੇ ਛੇਤੀ ਨਾਲ ਲਿਖ ਕੇ ਦਿਤਾ ਤਾਂ ਮੈ ਭਾਪਾ ਜੀ ਨੂੰ ਦੱਸ ਦਿੱਤਾ।
" ਮਨਮੀਤ, ਬੇਜ਼ੀ ਨਾਲ ਵੀ ਗੱਲ ਕਰ ਲੈ।"
" ਬੀਜ਼ੀ, ਮੱਥਾ ਟੇਕਦਾ।"
" ਗੁਰੂ ਤੈਂਨੂੰ ਰਾਜ਼ੀ ਰੱਖੇ।ਬੀਜ਼ੀ ਨੇ ਕਿਹਾ, " ਹਰਨੀਤ ਤਾਂ ਤੈਨੂੰ ਦੇਖ ਕੇ ਬਹੁਤ ਹੀ ਖੁਸ਼ ਹੋਈ ਹੋਵੇਗੀ"।
" ਹਰਨੀਤ ਕੋਲੋ ਤਾਂ ਖੁਸ਼ੀ ਸੰਭਾਲੀ ਨਹੀ ਜਾ ਰਹੀ।" ਸਿੰਕ ਕੋਲ ਖੜ੍ਹੀ ਪਾਣੀ ਪੀਂਦੀ ਹਰਨੀਤ ਵੱਲ ਦੇਖ ਕੇ ਕਿਹਾ, " ਉਸ ਦੇ ਤਾਂ ਪੈਰ ਨਹੌ ਜ਼ਮੀਨ ਤੇ ਲੱਗ ਰਹੇ।"
" ਵਾਹਿਗੁਰੂ ਇਸ ਤਰਾਂ ਹੀ ਤੁਹਾਡਾ ਪਿਆਰ ਬਣਾਈ ਰੱਖੇ।" ਬੀਜ਼ੀ ਨੇ ਅਸੀਸ ਦਿਤੀ, " ਜੁਗ ਜੁਗ ਜੀਵੋਂ,ਵਧੋ- ਫੁਲੋ।"
" ਚੰਗਾ ਫਿਰ ਬੀਜ਼ੀ, ਹੁਣ ਹਰਨੀਤ ਨੇ ਸੌਣਾ ਹੈ।" ਮੈ ਕਿਹਾ, " ਠਹਿਰ ਕੇ ਪਿੰਡ ਫੋਨ ਕਰਾਂਗੇ॥"
" ਤੂੰ ਵੀ ਤਾਂ ਸੋਣਾ ਹੋਣਾ ਏ।" ਬੀਜ਼ੀ ਨੇ ਹੱਸਦੇ ਹੋਏ, " ਸਤਿ ਸ੍ਰੀ ਅਕਾਲ।"
ਫੋਨ ਰੱਖਣ ਦੀ ਦੇਰ ਹੀ ਸੀ ਕਿ ਹਰਨੀਤ ਬੋਲੀ, " ਫਰਿਜ਼ ਵਿਚ ਜੂਸ ਬਗੈਰਾ ਸਭ ਕੁੱਝ ਆ।"
" ਥੈਕਊ।" ਮੈ ਕਿਹਾ, " ਇਕ ਗੱਲ ਹੋਰ ਤੁਹਾਡੇ ਨਾਲ ਕਰਨੀ ਸੀ।"
" ਹੁਣ ਕੀ ਹੋ ਗਿਆ।"
" ਹੋਇਆ ਤਾਂ ਕੁੱਝ ਨਹੀ, ਹੋ ਭਾਂਵੇ ਜਾਊ।" ਮੇਰੇ ਮੂੰਹੋਂ ਨਿਕਲ ਗਿਆ।
" ਕੀ ਹੋ ਜਾਊ?"
" ਲੜਾਈ, ਝਗੜਾ।" ਇਕਦੱਮ ਗੱਲ ਪਲਟਦੇ ਕਿਹਾ, " ਹੋਰ ਕੀ ਹੋਣਾ।"
" ਹੁਸ਼ਿਆਰੀ ਤਾਂ ਕੋਈ ਤੁਹਾਡੇ ਕੋਲੋ ਸਿੱਖੇ।"
" ਜਿਵੇ ਹੁਣ ਮੈ ਤੁਹਾਡੇ ਕੋਲੋ ਸਿਖ ਰਿਹਾਂ ਹਾਂ।"
" ਮਤਲਵ ਦੀ ਗੱਲ ਕਰੋ।" ਉਸ ਨੇ ਸਾਹਮਣੇ ਲੱਗੀ ਘੜੀ ਵੱਲ ਦੇਖ ਕੇ ਕਿਹਾ, " ਅੱਧੀ ਰਾਤ ਹੋ ਗਈ ਆ, ਸੌਣਾ ਵੀ ਹੈ।"
" ਤੁਹਾਨੂੰ ਨੀਂਦ ਬਹੁਤ ਪਿਆਰੀ ਲੱਗਦੀ ਆ।" ਮੈ ਹੱਸ ਕੇ ਕਿਹਾ, " ਖੈਰ, ਵਾਏ ਦਾ ਵੇ, ਤੁਸੀ ਮੇਰੇ ਘਰ ਵਾਲਿਆਂ ਨਾਲ ਸਬੰਧ ਵਧਾਉਣ ਦੀ ਕੋਸ਼ਿਸ਼ ਨਾ ਕਰੋ।"
" ਕਿਉਂ?
" ਫਿਰ ਤੋੜਨੇ ਅੋਖੇ ਹੋ ਜਾਣੇ ਨੇ।"
" ਤੁਹਾਡੇ ਲਈ ਔਖੇ ਹੋਣਗੇ, ਮੇਰੇ ਲਈ ਤਾਂ ਕੋਈ ਔਖੇ ਨਹੀ।"
" ਇਹ ਤਾਂ ਵੈਸੇ ਮੈਨੂੰ ਵੀ ਪਤਾ ਆ, ਤੁਹਾਡੇ ਵਰਗੇ ਤਿਲਾਂ ਵਿਚ ਤੇਲ ਹੈ ਨਹੀ।"
" ਦੇਖੋ ਜ਼ਨਾਬ।" ਉਸ ਨੇ ਗੰਭੀਰ ਹੋ ਕੇ ਕਿਹਾ, " ਜਿਨਾ ਚਿਰ ਆਪਣਾ ਡੀਬੋਰਸ ਨਹੀ ਹੋ ਜਾਦਾਂ ਇਹ ਸਭ ਕੁੱਝ ਕਰਨਾ ਪੈਣਾ ਹੈ।"
" ਡੀਬੋਰਸ, ਡੀਬੋਰਸ, ਡੀਬੋਰਸ?" ਜਦੋਂ ਵੀ ਮੈ ਡੀਬੋਰਸ ਦਾ ਨਾਮ ਸੁਣਦਾ ਪਤਾ ਨਹੀ ਮੈਨੂੰ ਕਿਉਂ ਗੁੱਸਾ ਚੜ੍ਹ ਜਾਂਦਾ,ਇਸ ਲਈ ਗੁੱਸੇ ਵਿਚ ਕਹਿ ਦਿੱਤਾ, " ਡੀਬੋਰਸ ਭੈਣ ਦਾ ਜ਼ਾਰ ਪਤਾ ਨਹੀ ਕਦੋਂ ਹਊ?"
" ਮੇਰੇ ਸਾਹਮਣੇ ਲੂਜ਼ ਟਾਕ ਕਰਨ ਦੀ ਕੋਈ ਲੌੜ ਨਹੀ ।" ਉਸ ਨੇ ਦ੍ਰਿੜ ਹੋ ਕੇ ਕਿਹਾ, " ਜਿਹੜੀ ਡੀਲ ਵਿਆਹ ਤੋਂ ਪਹਿਲਾਂ ਹੋਈ ਸੀ, ਚੁੱਪ-ਚਾਪ ਕਰਕੇ ਪੂਰੀ ਕਰੋ, ਨਖਰੇ ਕਰਨ ਦੀ ਕੋਈ ਲੋੜ ਨਹੀ, ਉ.ਕੇ ਤੇ ਵਾਏ।"
ਇਹ ਕਹਿ ਕੇ aਹ ਚਲੀ ਗਈ,ਥੌੜ੍ਹੀ ਦੇਰ ਜਾਂਦੀ ਨੂੰ ਦੇਖ ਦਾ ਰਿਹਾ, ਫਿਰ ਮੈ ਆਪਣੇ ਕਮਰੇ ਵਿਚ ਆ ਗਿਆ। ਕਮਰਾ ਸਹੋਣੀ ਤਰਾਂ ਸਜਾਇਆ ਹੋਇਆ ਸੀ।ਬੈਡ ਦੇ ਸੱਜੇ ਹੱਥ ਛੋਟੇ ਮੇਜ਼ ਉੱਪਰ ਘੜੀ ਵਾਲਾ ਰੇਡਿਉ ਪਿਆ ਸੀ।ਬੈਡ ਦੀ ਚਾਦਰ, ਸਿਰਹਾਣਾ ਅਤੇ ਰਜ਼ਾਈ ਮੈਚ ਕਰਦੇ ਬਿਲਕੁਲ ਨਵੇ ਸਨ। ਸਾਹਮਣੀ ਕੰਧ 'ਤੇ ਹਰਨੀਤ ਦੀ ਆਪਣੇ ਪ੍ਰੀਵਾਰ ਸਮੇਤ ਫੋਟੋ ਸੀ।ਨਵੇ ਦੇਸ਼ ਦੀ ਨਵੀ ਰਾਤ ਵਿਚ ਗੁਆਚੇ ਅਜਿਹੇ ਨੇ ਬੈਗ ਵਿਚੋਂ ਦੋ ਕਿਤਾਬਾ ਕੱਢ ਕੇ ਮੇਜ਼ 'ਤੇ ਟਿਕਾ ਦਿੱਤੀਆ। ਕੁੜਤਾ-ਪਜਾਮਾ ਪਾ ਕੇ ਬੈਡ 'ਤੇ ਪੈਂਦਾ ਸੋਚ ਰਿਹਾ ਸਾਂ ਕਿ ਮੈਨੂੰ ਹੋ ਕੀ ਗਿਆ, ਕਿਉਂ ਮੈ ਬਾਰ ਬਾਰ ਹਰਨੀਤ ਦੇ ਦਰਵਾਜ਼ੇ ਅੱਗੇ ਜਾ ਕੇ ਖੜ੍ਹਦਾ ਸਾਂ, ਬਹਾਨੇ ਨਾਲ ਹਰਨੀਤ ਨੂੰ ਬਲਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਜਦੋਂ ਕਿ ਸਾਡਾ ਕੋਈ ਰਿਸ਼ਤਾ ਹੀ ਨਹੀ, ਇਹ ਸੋਚਾਂ ਸੋਚਦਾ ਮੈ ਛੇਤੀ ਹੀ ਸੌਂ ਗਿਆ।
34
ਸਵੇਰੇ ਹੀ ਫੋਨ ਦੀ ਘੰਟੀ ਨੇ ਮੈਨੂੰ ਜਗਾ ਦਿੱਤਾ। ਬਾਹਰ ਹਰਨੀਤ ਫੋਨ ਤੇ ਗੱਲਾਂ ਕਰ ਰਹੀ ਸੀ, " ਹਾਂ ਜੀ ਆ ਜਾਵਾਂਗੇ।"
" ਕੋਈ ਨਹੀ ਬਰੇਕਫਸਟ ਤਾਂ ਅਸੀ ਕਰਕੇ ਹੀ ਆਵਾਂਗੇ।"
ਮੈ ਵਾਸ਼ਰੂਮ ਜਾਣ ਲਈ ਉਸ ਕੋਲ ਦੀ ਲੰਘਿਆ ਤਾਂ ਬਹੁਤ ਹੀ ਸੋਹਣੀ ਖਸਬੂ ਉਸ ਦੇ ਵਾਲਾਂ ਵਿਚੋਂ ਆਈ। ਉਸ ਦੇ ਵਾਲਾਂ ਵੱਲ ਦੇਖਿਆਂ ਤਾਂ ਪਤਾ ਲੱਗ ਗਿਆ ਕਿ ਹੁਣੇ ਨਹਾ ਕੇ ਹਟੀ ਹੈ।ਜਿਸ ਸ਼ੈਪੂ ਨਾਲ ਨਹਾਤੀ ਹੋਵੇਗੀ ਉਸ ਦੀ ਹੀ ਖਸ਼ਬੂ ਖਿਲਾਰ ਰਹੀ ਹੈ।aਸ ਹੀ ਮਹਿਕ ਵਿਚ ਮਸਤ ਹੋਇਆ ਗੁਸਲਖਾਨੇ ਵਿਚ ਵੜ੍ਹ ਗਿਆ। ਨਹਾ ਕੇ ਬਾਹਰ ਆਇਆ ਤਾਂ ਹਰਨੀਤ ਨੇ ਚਾਹ ਬਣਾ ਰੱਖੀ ਸੀ। ਹੱਥ ਵਿਚ ਚਾਹ ਦਾ ਕੱਪ ਫੜ੍ਹੀ ਬੋਲੀ, " ਤੁਹਾਡੀ ਚਾਹ ਟੇਬਲ ਤੇ ਪਈ ਹੈ, ਜੂਸ ਫਰਿਜ਼ ਵਿਚ ਹੈ।"
" ਗੁਡ ਮੋਰਨਿੰਗ।" ਮੈ ਆਪਣੀ ਆਦਤ ਅਨੁਸਾਰ ਕਿਹਾ, " ਥੈਂਕਊ।"
" ਜੂਅਰ ਵੈਲਕਮ।" ਉਸ ਨੇ ਕਿਹਾ, " ਮੱਮੀ ਹੋਰਾਂ ਦਾ ਫੋਨ ਆਇਆ ਹੈ, ਉਹ ਕਹਿੰਦੇ ਨੇ ਕਿ ਇਧਰ ਨੂੰ ਆ ਜਾਊ ਫਿਰ ਗੁਰਦੁਆਰੇ ਜਾਣਾ ਹੈ, ਛੇਤੀ ਤਿਆਰ ਹੋ ਜਾਉ।"
ਮੈ ਟੇਬਲ ਤੋਂ ਚਾਹ ਚੁੱਕ ਕੇ ਉਸ ਸੋਫੇ ਦੇ ਇਕ ਸਾਈਡ ਤੇ ਬੈਠ ਗਿਆ, ਜਿਸ ਦੀ ਦੂਸਰੀ ਸਾਈਡ ਉੱਪਰ ਹਰਨੀਤ ਬੈਠੀ ਸੀ।ਉੁਹ ਸੋਫੇ ਤੋਂ ਉਠਦੀ ਹੱਸਦੀ ਹੋਈ ਬੋਲੀ, " ਤੁਸੀ ਆਮਲੇਟ ਖਾਣਾ ਹੈ ਜਾਂ, ਪੰਜਾਬ ਵਾਂਗ ਪਰੌਂਠੇ।"
" ਪੰਜਾਬ ਵਰਗੀਆਂ ਚੀਜ਼ਾ ਇਥੇ ਕਿੱਥੇ ਮਿਲਣੀਆਂ।" ਮੈ ਚਾਹ ਦਾ ਕੱਪ ਮੂੰਹ ਨਾਲ ਲਾਉਂਦੇ ਕਿਹਾ, " ਤੁਹਾਡੇ ਵਸ ਪੈ ਗਏ ਹਾਂ, ਜੋ ਵੀ ਖਿਲਾਉਂਗੇ ਖਾ ਲਵਾਗਾਂ।"
" ਮੈਨੂੰ ਇਹ ਗੱਲਾਂ ਬਿਲਕੁਲ ਵੀ ਚੰਗੀਆਂ ਨਹੀ ਲੱਗਦੀਆਂ।" ਹਰਨੀਤ ਕਿਚਨ ਦੇ ਸਿੰਕ ਵਿਚ ਆਪਣਾ ਕੱਪ ਰੱਖਦੀ ਬੋਲੀ, " ਬਗੈਰ-ਮਤਲਵ ਦੇ ਪੰਖਡ।"
" ਕਿਹੜੀਆਂ ਗੱਲਾਂ ਅਤੇ ਕਿਹੜੇ ਪਖੰਡ?"
" ਇਹ ਹੀ ਕਿ ਪੰਜਾਬ ਤੋਂ ਇਧਰ ਆਉਣ ਲਈ ਸਭ ਕੁੱਝ ਕਰਨ ਲਈ ਰੈਡੀ ਹੋ ਜਾਂਦੇ ਨੇ, ਫਿਰ ਇਧਰ ਆ ਕੇ ਕੈਨੇਡਾ ਮਾੜਾ ਲੱਗਣ ਲਗ ਪੈਂਦਾ ਹੈ ਅਤੇ ਪੰਜਾਬ ਚੰਗਾ।"
" ਮੈ ਤਾਂ ਨਾ ਕੈਨੇਡਾ ਨੂੰ ਮਾੜਾ ਕਿਹਾ ਹੈ ਅਤੇ ਨਾ ਪੰਜਾਬ ਨੂੰ ਚੰਗਾ।"
" ਪੰਜਾਬ ਤੋਂ ਆਏ ਬਹੁਤੇ ਲੋਕ ਇਸ ਤਰਾਂ ਹੀ ਕਰਦੇ ਨੇ। ਜਦੋਂ ਇਹਨਾਂ ਇੱਥੇ ਆਉਣਾ ਹੋਵੇ ਫਿਰ ਤਾਂ ਕੈਨੇਡਾ ਇਹਨਾਂ ਨੂੰ ਸਵਰਗ ਲੱਗਦਾ ਏ,ਜਦੋਂ ਆ ਜਾਣਗੇ ਤਾਂ ਇਹ ਹੀ ਕੈਨੇਡਾ ਇਹਨਾਂ ਨੂੰ ਨਰਕ ਲਗੱਣ ਲਗ ਜਾਂਦਾ ਏ।" ਹਰਨੀਤ ਇਕੋ ਸਾਰੇ ਬੋਲਦੀ ਕਹਿ ਰਹੀ ਸੀ, " ਫਿਰ ਕੈਨੇਡਾ ਨੂੰ ਸਲੇਡਾ ਕਹਿਣ ਲੱਗ ਜਾਣਗੇ।"
" ਪਰ ਮੈਂ ਉਹਨਾਂ ਲੋਕਾਂ ਵਿਚੋਂ ਨਹੀ ਹਾਂ।" ਦਾਦੀ ਜੀ ਗੱਲ ਯਾਦ ਕਰਦੇ ਕਿਹਾ, " ਜਿੱਥੇ ਰੱਬ ਰੱਖੇ ਉੱਥੇ ਖੁਸ਼ ਹੋ ਕੇ ਹੀ ਰਹਿਣਾ ਚਾਹੀਦਾ ਏ,ਪਰ ਰੱਬ ਦੀਆਂ ਗੱਲਾਂ ਤੁਹਾਡੇ ਵਰਗਿਆਂ ਨੂੰ ਕਿੱਥੇ ਸਮਝ ਆਉਣੀਆ ਏ।"
ਉਸ ਨੇ ਫਿਰ ਮੇਰੇ ਵੱਲ ਗੁੱਸੇ ਨਾਲ ਦੇਖਿਆ ਅਤੇ ਬੋਲੀ, " ਤੁਹਾਨੂੰ ਗਾਡ ਦੀਆਂ ਗੱਲਾਂ ਬਹੁਤ ਸਮਝ ਆਉਂਦੀਆਂ ਨੇ,ਤਾਹਿਉਂ ਕੀ ਕਹਿੰਦੇ ਨੇ ਤੁਸੀ ਲੋਕ ਭਗਾ ਲੈਣ ਨੂੰ ਤਿਆਰ ਰਹਿੰਦੇ ਹੋ।"
" ਭਗਾ ਨਹੀ ਪੰਗਾ ਹੁੰਦਾ ਏ।" ਮੈਂ ਸਟੀਲ ਦੇ ਪਤੀਲੇ ਵਿਚੋਂ ਆਪਣੇ ਕੱਪ ਵਿਚ ਚਾਹ ਪਾਉਂਦੇ ਕਿਹਾ, " ਵੈਸੇ ਇਕ ਗੱਲ ਮੈਂ ਤਹਾਨੂੰ ਦਸ ਦੇਵਾਂ ਅਸੀ ਲੋਕ ਪਹਿਲਾਂ ਕਦੇ ਨਹੀ ਪੰਗਾ ਲੈਂਦੇ,ਪਰ ਕੋਈ ਸਾਡੇ ਨਾਲ ਬਗੈਰ ਮਤਲਵ ਪੰਗਾ ਲਵੇ ਤਾਂ ਫਿਰ ਉਸ ਨੂੰ ਬਖਸ਼ਦੇ ਨਹੀ।"
" ਮੈ ਸਵੇਰੇ ਸਵੇਰੇ ਇਹਨਾਂ ਗੱਲਾਂ ਵਿਚ ਨਹੀ ਪੈਣਾ ਚਾਹੁੰਦੀ।" ਹਰਨੀਤ ਨੇ ਗੱਲ ਬਦਲਦੇ ਕਿਹਾ, " ਬੈਰਡ ਜੈਮ ਨਾਲ ਖਾ ਲਵੋਗੇ।"
" ਕੋਈ ਨਹੀ ਜੋ ਮੈ ਖਾਣਾ ਹੈ ਆਪੇ ਹੀ ਖਾ ਲਵਾਗਾ॥"
" ਉ. ਕੇ।" ਹਰਨੀਤ ਜੈਮ ਵਾਲੀ ਬੋਤਲ ਕਾਊਟਰ ਉੱਪਰ ਰੱਖਦੇ ਕਿਹਾ, " ਆ ਪਿਆ ਜੈਮ ਅਤੇ ਆਹ ਪਈ ਬਰੈਡ,ਮੈ ਲੱਗੀ ਤਿਅਰ ਹੋਣ, ਮੱਮੀ ਹੋਰੀ ਵੇਟ ਕਰਦੇ ਹੋਣਗੇ।"
ਇਹ ਕਹਿ ਕੇ ਉਹ ਚੁੱਪ-ਚਾਪ ਆਪਣੇ ਕਮਰੇ ਵਿਚ ਚਲੀ ਗਈ। ਮੈਨੂੰ ਗੁੱਸਾ ਵੀ ਆਇਆ ਜਦੋਂ ਇਹ ਸਾਡੇ ਪਿੰਡ ਜਾਂਦੀ ਸੀ ਤਾਂ ਮੈ ਕਿਵੇ ਸੇਵਾ ਕਰਦਾ ਸੀ। ਆਪ ਅੱਜ ਪਹਿਲੇ ਦਿਨ ਹੀ ਆਪਣਾ ਨਮੂਨਾ ਪੇਸ਼ ਕਰ ਦਿੱਤਾ। ਦਿਲ ਕੀਤਾ ਕਿ ਇਸ ਨੂੰ ਇਸ ਗੱਲ ਦਾ ਮਹਿਣਾ ਮਾਰਾ ਕਿ ਤੈਨੂੰ ਏਡੀ ਛੇਤੀ ਚੇਤਾ ਭੁੱਲ ਗਿਆ, ਸਾਡੇ ਵਲੋਂ ਕੀਤੀ ਖਾਤਰਦਾਰੀ ਦਾ,ਪਰ ਮੈ ਇੰਨਾ ਵੀ ਕਮੀਨਾ ਨਹੀ ਸੀ ਬਨਣਾ ਚਾਹੁੰਦਾ।ਇਸ ਲਈ ਮੈ ਕੁੱਝ ਵੀ ਨਹੀ ਬੋਲਿਆ। ਸਵੇਰੇ ਸਵੇਰੇ ਮੇਰਾ ਡਬਲਰੋਟੀ ਖਾਣ ਨੂੰ ਵੀ ਜੀਅ ਨਹੀ ਸੀ ਕਰਦਾ।ਮੈਂ ਜੈਮ ਵਾਲੀ ਬੋਤਲ ਅਤੇ ਡਬਲਰੋਟੀ ਦੁਆਰਾ ਫਰੀਜ਼ ਵਿਚ ਰੱਖ ਦਿੱਤੀ ਅਤੇ ਆਪ ਕਮਰੇ ਵਿਚ ਜਾ ਕੇ ਤਿਆਰ ਹੋਣ ਲੱਗ ਪਿਆ। ਛੇਤੀ ਹੀ ਉਸ ਦੇ ਕਮਰੇ ਦਾ ਦਰਵਾਜ਼ਾ ਲੱਗਣ ਦੀ ਅਵਾਜ਼ ਆਈ ਤਾਂ ਅੰਦਾਜ਼ਾ ਲਗਾਇਆ, ਕੱਪੜੇ ਬਦਲਣ ਲੱਗੀ ਹੋਣੀ ਏ। ਮੈ ਵੀ ਆਪਣੇ ਕੱਪੜੇ ਕੱਢਣ ਲਈ ਅਟੈਚੀ ਖੋਲ੍ਹਿਆ ਤਾਂ ਦਾਦੀ ਜੀ ਵਲੋਂ ਭੇਜੇ ਹਰਨੀਤ ਦੇ ਸੂਟ ਉੱਪਰ ਹੀ ਪਏ ਸਨ। ਮੈ ਸੂਟ ਚੁਕ ਕੇ ਉਸ ਦੇ ਦਰਵਾਜ਼ੇ ਅੱਗੇ ਖਲੋ ਕੇ ਕਹਿਣ ਲੱਗਾ, " ਆ ਆਪਣੇ ਸੂਟ ਲੈ ਲਉ।"
" ਕਿਹੜੇ ਸੂਟ।"
" ਬੀਜ਼ੀ ਨੇ ਭੇਜੇ ਆ।"
" ਸੂਟਾਂ ਦੀ ਕੋਈ ਜ਼ਰੂਰਤ ਤਾਂ ਹੈ ਨਹੀ ਸੀ।"
" ਜ਼ਰੂਰਤ ਤਾਂ ਕਈ ਗੱਲਾਂ ਦੀ ਨਹੀ ਹੁੰਦੀ, ਪਰ ਕਰਨੀਆਂ ਪੈਂਦੀਆਂ ਨੇ।"
" ਤੁਸੀ ਹਰ ਗੱਲ ਨੂੰ ਫਿਲਾਉਸਫੀ ਢੰਗ ਨਾਲ ਕਿਉਂ ਲੈਂਦੇ ਹੋ?" ਉਸ ਨੇ ਦਰਵਾਜ਼ਾ ਖੋਲ਼੍ਹਦੇ ਆਖਿਆ, " ਪਿੰਡ ਤਾਂ ਤੁਸੀ ਇਸ ਤਰਾਂ ਨਹੀ ਸੀ ਕਰਦੇ।"
" ਹੋਇਆ ਹੀ ਸਭ ਕੁੱਝ ਬਾਅਦ ਵਿਚ ਹੈ।" ਮੈ ਪਤਾ ਨਹੀ ਇਹ ਕਿਉਂ ਕਹਿ ਦਿੱਤਾ, " ਜ਼ਿੰਦਗੀ ਦੇ ਛੋਟੇ ਹਾਦਸੇ ਵੀ ਇਨਸਾਨ ਕੋਲੋ ਬਹੁਤ ਕੁੱਝ ਕਰਵਾ ਲੈਂਦੇ ਨੇ।"
" ਜੋ ਕੁੱਝ ਵੀ ਤੁਹਾਡੇ ਨਾਲ ਹੋਇਆ, ਤੁਸੀ ਸਿਧਾ ਕਿਉਂ ਨਹੀ ਦੱਸ ਦਿੰਦੇਂ।"
" ਕਈ ਗੱਲਾਂ ਐਸੀਆਂ ਹੁੰਦੀਆਂ ਨੇ ਜੋ ਇਨਸਾਨ ਦੱਸ ਨਹੀ ਸਕੱਦਾ।"
"ਇੰਡੀਆਂ ਤੋਂ ਆਏ ਲੋਕ ਹੀ ਇਸ ਤਰਾਂ ਕਰਦੇ ਨੇ।" ਉਸ ਨੇ ਆਪਣੇ ਭਰਵੱਟਿਆਂ ਵਿਚਲੀ ਥਾਂ ਨੂੰ ਇਕੱਠੇ ਕਰਦੇ ਕਿਹਾ, " ਅਸੀ ਤਾਂ ਸਟਰੇਟ ਫੋਡਵਰਡ ਹੁੰਦੇ ਆ।"
" ਤੁਸੀ ਛੋਟੇ ਹੁੰਦੇ ਇਧਰ ਆ ਗਏ,ਤਾਂ ਥੌੜ੍ਹਾ ਬਹੁਤਾ ਫਰਕ ਹੋਵੇਗਾ,ਨਹੀ ਤਾਂ ਜੇ ਹੁਣ ਆਉਂਦੇ ਫਿਰ ਤਾਂ ਰੱਬ ਹੀ ਜਾਣਦਾ ਕੀ ਹੁੰਦਾ।"
ਪਤਾ ਨਹੀ ਉਸ ਨੇ ਇਹ ਗੱਲ ਸੁਣੀ ਜਾਂ ਨਹੀ, ਪਰ ਸੂਟਾਂ ਨੂੰ ਧਿਆਨ ਨਾਲ ਦੇਖਦੀ ਕਹਿਣ ਲੱਗੀ, " ਸੂਟ ਕਿੰਨੇ ਸੁਹਣੇ ਆ।"
" ਅਸੀ ਕਿਹੜਾ ਮਾੜੇ ਆਂ।" ਮੈ ਖਿਝਾਉਣ ਲਈ ਫਿਰ ਕਹਿ ਦਿੱਤਾ, " ਦੁਨੀਆਂ ਸੋਹਣੀਆ ਚੀਜ਼ਾ ਦੀ ਕਦਰ ਤਾਂ ਕਰਦੀ ਹੈ,ਪਰ ਸੁਹਣੇ ਇਨਸਾਨਾਂ ਦੀ ਨਹੀ।"
" ਪੰਦਰਾਂ ਕੁ ਮਿੰਟਾਂ ਨੂੰ ਆਪਾਂ ਤੁਰਨ ਵਾਲੇ ਹਾਂ।" ਉਸ ਨੇ ਮੇਰੀ ਗੱਲ ਫਿਰ ਅਣਸੁਣੀ ਕਰਦੇ ਕਿਹਾ, " ਜਲਦੀ ਹੀ ਤਿਆਰ ਹੋ ਜਾਵੋ।"
ਛੇਤੀ ਹੀ ਅਸੀ ਤਿਆਰ ਹੋ ਕੇ ਤੁਰ ਪਏ।ਹਰਨੀਤ ਨੇ ਉਹਨਾਂ ਸੂਟਾਂ ਵਿਚੋਂ ਹੀ ਸੂਟ ਪਾਇਆ ਸੀ ਜੋ ਮੈਂ ਲੈ ਕੇ ਅਇਆ ਸੀ। ਜ਼ਾਮਨੀ ਰੰਗ ਦਾ ਸੂਟ ਉਸ ਉੱਤੇ ਕਹਿਰ ਗੁਜ਼ਾਰ ਰਿਹਾ ਸੀ। ਉਸ ਨੂੰ ਦੇਖਦਾ ਹੋਇਆ ਵੀ ਅਣਦੇਖਿਆਂ ਕਰਦਾ ਕਾਰ ਵਿਚ ਜਾ ਬੈਠਾ। ਰਸਤੇ ਵਿਚ ਮਂੈ ਚੁੱਪ ਹੀ ਰਿਹਾ ਅਤੇ ਉਸ ਨੇ ਵੀ ਕੋਈ ਕੋਸਿਸ਼ ਬਲਾਉਣ ਨਾ ਕੀਤੀ।ਅੱਜ ਉਸਨੇ ਕੋਈ ਗਾਣੇ ਦੀ ਸੀਡੀ ਨਹੀ ਸੀ ਲਾਈ ਸਗੋਂ ਸ਼ਬਦਾਂ ਦੀ ਲਾਈ ਸੀ।ਸ਼ਾਇਦ ਸਵੇਰਾ ਸਵੇਰਾ ਹੋਣ ਕਰਕੇ।' ਲੱਖ ਖੁਸ਼ੀਆਂ ਪਾਤਸ਼ਾਹੀਆ ਜੇ ਸਤਿਗੁਰੂ ਨਦਿਰ ਕਰੇ' ਇਹ ਸ਼ਬਦ ਵਜਦਾ ਮੈਨੂੰ ਵੀ ਚੰਗਾ ਲੱਗਿਆ।ਹਰਨੀਤ ਨੂੰ ਇਸ ਸ਼ਬਦ ਦੇ ਅਰਥਾ ਦਾ ਪਤਾ ਹੋਵੇਗਾ ਕਿ ਨਹੀ ਜਾਂ ਉੰਝ ਹੀ ਸੁਣ ਰਹੀ ਹੈ। ਇਸ ਲਈ ਮੈਂ ਕਹਿ ਹੀ ਦਿੱਤਾ, " ਤਹਾਨੂੰ ਇਸ ਸ਼ਬਦ ਦੇ ਮਤਲਵ ਦਾ ਪਤਾ?"
" ਜੈਸ।" ਉਸ ਨੇ ਅਨੌਖੀ ਅਜਿਹੀ ਅਦਾ ਨਾਲ ਕਾਰ ਦਾ ਸਟੇਰਿੰਗ ਘੁੰਮਾਉਂਦੇ ਆਖਿਆ, " ਜੇ ਗਾਡ ਦੀ ਮਹੇਰ ਹੋਵੇ ਤਾਂ ਬਹੁਤ ਖੁਸ਼ੀਆਂ ਮਿਲਦੀਆਂ ਨੇ।"
" ਤਹਾਨੂੰ ਕਿਸੇ ਨੇ ਜ਼ਰੂਰ ਦੱਸਿਆ ਹੋਵੇਗਾ ਇਸ ਸ਼ਬਦ ਮਤਲਵ, ਉਸ ਤਰਾਂ ਤਾਂ ਤੁਹਾਨੂੰ ਆਪਣੇ ਆਪ ਤਾਂ ਪਤਾ ਨਹੀ ਲੱਗ ਸਕਦਾ।"
" ਮੇਰੇ ਡੈਡੀ ਨੇ ਦੱਸਿਆ ਸੀ।" ਉਸ ਨੇ ਕਾਰ ਨੂੰ ਸੱਜੇ ਪਾਸੇ ਮੋੜਦੇ ਕਿਹਾ, " ਵੈਸੇ ਮੇਰੀ ਪੰਜਾਬੀ ਇੰਨੀ ਵੀ ਨਹੀ ਬੈਡ, ਥੌੜ੍ਹਾ ਅਜਿਹਾ ਤਾਂ ਮੈਂ ਆਪ ਹੀ ਸਮਝ ਗਈ ਸੀ ਇਸ ਸ਼ਬਦ ਮਤਲਵ।"
" ਤੁਸੀ ਹਮੇਸ਼ਾ ਹੀ ਸਵੇਰ ਨੂੰ ਸ਼ਬਦ ਸੁਣਦੇ ਹੋ?"
" ਸਵੇਰੇ ਸਵੇਰੇ ਮੈਨੂੰ ਗੁਰਬਾਣੀ ਸੁਨਣੀ ਚੰਗੀ ਲੱਗਦੀ ਆ।"
ਉਸ ਦੀਆਂ ਅਜਿਹੀਆਂ ਚੰਗੀਆਂ ਗੱਲਾਂ ਹੀ ਮੈਨੂੰ ਤੰਗ ਕਰਦੀਆਂ ਨੇ। ਵੈਸੇ ਸੱਚ ਜਾਣਿਉ ਜਿਹੜੇ ਸੰਸਕਾਰ ਕਈ ਵਾਰੀ ਮੈਂ ਹਰਨੀਤ ਵਿਚ ਦੇਖਦਾ ਹਾਂ। ਉਹ ਪੰਜਾਬ ਦੀ ਕੁੜੀ ਵਿਚ ਵੀ ਘੱਟ ਹੀ ਦਿਸਦੇ ਨੇ। aੁਸ ਦੀਆਂ ਗੱਲਾਂ ਵਿਚ ਕਦੇ ਕੋਈ ਫੁਕਰਾਪਨ ਮੈਨੂੰ ਅੱਜ ਤੱਕ ਨਹੀ ਦਿਸਿਆ। ਫੋਕੀ ਸ਼ੋਅਪ ਦਾ ਨਾਮ ਨਿਸ਼ਾਨ ਨਹੀ। ਜਿਹੜੀ ਪੰਜਾਬ ਦੀਆਂ ਕੁੜੀਆਂ ਵਿਚ ਆਮ ਦੇਖਣ ਨੂੰ ਮਿਲਦੀ ਏ। ਹਿੰਦੀ ਅਤੇ ਇੰਗਲਸ਼ ਬੋਲਣ ਨੂੰ ਆਪਣੀ ਟੋਹਰ ਸਮਝਣਗੀਆਂ।ਜਦੋਂ ਕਿ ਹਰਨੀਤ ਹਮੇਸ਼ਾ ਪੰਜਾਬੀ ਬੋਲਣ ਦੀ ਕੀਸ਼ਸ਼ ਵਿਚ ਹੁੰਦੀ ਆ। ਇਹ ਵੱਖਰੀ ਗੱਲ ਆ ਕਿ ਕੈਨੇਡਾ ਵਿਚ ਪੜ੍ਹੀ ਹੋਣ ਕਾਰਣ ਕਈ ਵਾਰੀ ਬਹੁਤੇ ਲਫਜ਼ ਇੰਗਲਸ਼ ਵਿਚ ਬੋਲ ਜਾਂਦੀ ਹੈ, ਪਰ ਮੈਂ ਉਸ ਦੀਆਂ ਇਹਨਾਂ ਚੰਗੀਆਂ ਗੱਲਾਂ ਤੋਂ ਪਰੇ ਰਹਿਣਾ ਚਾਹੁੰਦਾ ਹਾਂ ਕਿਉਕਿ ਇਹ ਹੀ ਮੇਰੇ ਸੀਨੇ ਵਿਚ ਵੜ ਕੇ ਮੈਂਨੂੰ ਹਰਨੀਤ ਬਾਰੇ ਸੋਚਣ ਲਈ ਮਜ਼ਬੂਰ ਕਰ ਦਿੰਦੀਆਂ ਨੇ। ਇਹਨਾਂ ਨੂੰ ਪਰੇ ਕਰਨ ਲਈ ਅਤੇ ਆਪਣਾ ਧਿਆਨ ਹੋਰ ਪਾਸੇ ਪਾਉਣ ਲਈ ਕਿਹਾ, " ਅੱਗੇ ਨਾਲੋ ਅੱਜ ਸੜਕ ਉੱਪਰ ਸੁੰਨ ਆ।ਕੋਈ ਕੋਈ ਕਾਰ ਹੀ ਆਉਂਦੀ ਜਾਂਦੀ ਦਿਸਦੀ ਆ।"
" ਅੱਜ ਛੁੱਟੀ ਹੋਣ ਕਾਰਨ ਲੋਕ ਅਜੇ ਘਰਾਂ ਵਿਚ ਹੀ ਸੁੱਤੇ ਹੋਣਗੇ।" ਉਸ ਨੇ ਦੱਸਿਆ, " ਛੁੱਟੀ ਇਨਜ਼ੁਆਏ ਕਰ ਰਿਹੇ ਨੇ।"
ਤਾਕੀ ਦੇ ਸ਼ੀਸ਼ੇ ਵਿਚੋਂ ਸਰੀ ਸ਼ਹਿਰ ਨੂੰ ਦੇਖਦਾ, ਉਸ ਦੀ ਤੁਲਣਾ ਆਪਣੇ ਪਿੰਡ ਨਾਲ ਕਰਦਾ ਫਿਰ ਉਸ ਘਰ ਵਿਚ ਆ ਗਿਆ, ਜਿਥੋਂ ਰਾਤੀ ਗਿਆ ਸਾਂ।
ਘਰ ਦੇ ਸਾਰੇ ਮੈਂਬਰ ਗੁਰਦੁਆਰੇ ਜਾਣ ਲਈ ਤਿਆਰ ਦਿੱਸੇ। ਹਰਨੀਤ ਦੀ ਛੋਟੀ ਭੈਣ ਸੋਣ ਵਾਲੇ ਕੱਪੜਿਆਂ ਵਿਚ ਸੋਫੇ ਤੇ ਬੈਠੀ ਟੀ.ਵੀ ਦੇਖਣ ਵਿਚ ਮਸਤ ਹੋਣ ਦੇ ਬਾਵਜ਼ੂਦ ਵੀ, ਮੈਨੂੰ ਦੇਖ ਕੇ ਖੁਸ਼ ਹੁੰਦੀ ਜੱਫੀ ਪਾ ਕੇ ਮਿਲਦੀ ਕਹਿਣ ਲੱਗੀ, " ਸੌਰੀ ਭਾਜੀ, ਕੱਲ ਮੈ ਆਪ ਨੂੰ ਏਅਰਪੋਰਟ 'ਤੇ ਲੈਣ ਨਹੀ ਜਾ ਸਕੀ, ਕਿਉਂਕਿ ਮੈ ਕੰਮ ਤੇ ਸੀ।"
" ਕੋਈ ਗੱਲ ਨਹੀ।" ਮੈਂ ਕਿਹਾ, " ਮਂੈਨੂੰ ਪਤਾ ਲੱਗ ਗਿਆ ਸੀ।"
" ਅਸੀ ਦੱਸ ਦਿੱਤਾ ਸੀ।" ਉਸ ਦੀ ਮੱਮੀ ਨੇ ਕਿਹਾ, " ਇਹਦੀ ਰਾਤ ਦੀ ਸ਼ਿਫਟ ਹੀ ਜ਼ਿਆਦਾ ਹੁੰਦੀ ਆ, ਉਦਾ ਵੀ ਇਸ ਵੇਲੇ ਤਾਂ ਇਹ ਸੁੱਤੀ ਹੁੰਦੀ ਹੈ,ਤਹਾਨੂੰ ਮਿਲਣ ਕਰਕੇ ਹੀ ਉੱਠੀ ਹੈ।"
" ਦੀਦੀ, ਤੁਸੀ ਕਿੰਨਾ ਸੋਹਣਾ ਸੂਟ ਪਾਇਆ।" ਲਵਲੀਨ ਨੇ ਹਰਨੀਤ ਨੂੰ ਪੁੱਛਿਆ, " ਇਹ ਕਦੋਂ ਲਿਆ।"
" ਇਹ ਲੈ ਕੇ ਆਏ ਨੇ।" ਹਰਨੀਤ ਨੇ ਦੱਸਿਆ, " ਬੇਜੀ ਨੇ ਭੇਜਿਆ , ਮੈ ਸੋਚਿਆ,ਗੁਰਦੁਆਰੇ ਜਾਣਾ ਹੈ, ਇਹ ਹੀ ਪਾ ਲੈਂਦੀ ਆ।"
ਪਤਾ ਹੋਣ ਵਾਬਜੂਦ ਵੀ ਲਵਲੀਨ ਦੇ ਕਹਿਣ ਤੇ ਮੈਂ ਹਰਨੀਤ ਵੱਲ ਦੁਬਾਰਾ ਦੇਖਿਆ ਤਾਂ ਸੂਟ ਮੈਨੂੰ ਹੋਰ ਵੀ ਬਹੁਤਾ ਸੋਹਣਾ ਲੱਗਾ। ਦਿਲ ਕੀਤਾ ਕਿ ਲਵਲੀਨ ਨੂੰ ਜ਼ਵਾਬ ਦੇਵਾਂ ਕਿ ਸੋਹਣਿਆ ਦੇ ਪਾਈ ਹਰ ਚੀਜ਼ ਹੀ ਸੋਹਣੀ ਲੱਗਦੀ ਹੈ, ਪਰ ਮੌਕੇ ਦੀ ਨਜ਼ਾਕਤ ਸਮਝ ਕੇ ਚੁੱਪ ਹੀ ਰਿਹਾ।
ਗੁਰਦੁਆਰੇ ਨੂੰ ਤੁਰਨ ਤੋਂ ਪਹਿਲਾਂ ਮੈ ਲਵਲੀਨ ਨੂੰ ਜ਼ਰੂਰ ਪੁੱਛਿਆ, " ਤੁਸੀ ਨਹੀ ਜਾਣਾ,ਗੁਰਦੁਆਰੇ ਨੂੰ?"
" ਨਹੀ ਭਾਜੀ, ਮੈ ਤਾਂ ਥੱਕੀ ਪਈ ਹਾਂ।" ਉਸ ਨੇ ਜ਼ਵਾਬ ਦਿੱਤਾ, " ਮੈ ਅਜੇ ਹੋਰ ਸੌਂਣਾ ਹੈ।"
" ਗਰਾਂਡ-ਮਾਂ, ਕਿੱਥੇ ਨੇ?" ਮੈ ਪੁੱਛਿਆ, " ਉਹਨਾ ਨੇ ਨਹੀ ਜਾਣਾ।"
" ਉਹਨਾਂ ਕੋਲੋ ਆਪਣੇ ਨਾਲ ਘੁੰਮ-ਫਿਰ ਨਹੀ ਹੋਣਾ।" ਡੈਡੀ ਨੇ ਜ਼ਵਾਬ ਦਿੱਤਾ, " ਪਰਸੋਂ ਸ਼ਾਮ ਨੂੰ ਮੈ ਉਹਨਾਂ ਦਾ ਮੱਥਾ ਟਿਕਾ ਲਿਆਇਆਂ ਸੀ।"
" ਕਿੱਥੇ ਨੇ ਮੈ ਉਹਨਾਂ ਨੂੰ ਮਿਲ ਆਵਾਂ?"
" ਵਾਸ਼ਰੂਮ ਵਿਚ ਨੇ।" ਹਰਨੀਤ ਨੇ ਕਿਹਾ, " ਵਾਪਸ ਆ ਕੇ ਮਿਲ ਲੈਣਾ।"
ਟੋਨੀ ਵੀ ਮੈਨੂੰ ਨਾ ਦਿਸਿਆ ਤਾਂ ਮੈ ਕਿਹਾ, " ਟੋਨੀ ਨੇ ਨਹੀ ਜਾਣਾ।"
" ਉਹ ਵੀ ਸੁਤਾ ਹੀ ਪਿਆ ਹੈ।" ਉਸ ਦੇ ਡੈਡੀ ਨੇ ਦੱਸਿਆ, " ਉਹ ਤਾਂ ਠਹਿਰ ਕੇ ਉਠੇਗਾ।"
ਆਪਣੀ ਗੁੱਟ ਤੇ ਲਾਈ ਘੜੀ ਵੱਲ ਦੇਖ ਕੇ ਕਿਹਾ, " ਤਕਰਬੀਨ ਦਸ ਵਜ ਚਲੇ ਹਨ, ਅਜੇ ਉਠਿਆ ਹੀ ਨਹੀ।"
" ਛੁੱਟੀ ਵਾਲੇ ਦਿਨ ਤਾਂ ਇਧਰ ਸਾਰੇ ਹੀ ਲੇਟ ਉਠੱਦੇ ਆ।" ਹਰਨੀਤ ਨੇ ਵੈਨ ਵਿਚ ਬੈਠਦੇ ਕਿਹਾ, " ਇਹ ਪੰਜਾਬ ਨਹੀ ਕਿ ਤੜਕੇ ਹੀ ਸਾਰੇ ਉੱਠ ਜਾਣ।"
" ਮੈ ਤਾਂ ਵੈਸੇ ਹੀ ਪੁੱਛਿਆ ਸੀ।" ਮੈ ਹੌਲੀ ਜਿਹੀ ਕਿਹਾ, " ਸੌਰੀ ਜੇ ਤਹਾਨੂੰ ਬੁਰਾ ਲੱਗਿਆ ਆ।"
" ਨਹੀ ਨਹੀ ਗੁੱਸੇ ਵਾਲੀ ਤਾਂ ਕੋਈ ਗੱਲ ਨਹੀ।" ਉਸ ਦੇ ਡੈਡੀ ਨੇ ਵੈਨ ਸਟਾਰਟ ਕਰਦੇ ਕਿਹਾ, " ਹਰਨੀਤ ਦਾ ਸੁਭਾਅ ਹੀ ਹੈ ਕਈ ਵਾਰੀ ਐਂਵੇ ਹੀ ਗੱਲ ਕਰ ਜਾਂਦੀ ਏ।"
" ਕਿਹੜੇ ਗੁਰਦੁਆਰੇ ਜਾਣਾ ਹੈ।" ਐਵਸਫੋਰਡ ਵਾਲੀ ਭੂਆ ਜੀ ਬੋਲੀ, " ਨਹੀ ਤਾਂ ਇਦਾਂ ਕਰ ਲਉ, ਐਵਸਫੋਰਡ ਹੀ ਗੁਰਦੁਆਰੇ ਜਾ ਆਉ, ਨਾਲੇ ਮੈਨੂੰ ਛੱਡ ਦਿਉ।ਇਕ ਪੰਥ ਦੋ ਕਾਜ਼ ਹੋ ਜਾਣਗੇ।"
" ਭੂਆ ਜੀ, ਤੁਸੀ ਸ਼ਾਮ ਨੂੰ ਚਲੇ ਜਾਣਾ।" ਮੱਮੀ ਨੇ ਕਿਹਾ, " ਨਾਲੇ ਜਿੰਦਰ ਹੋਰੀ ਮਨਮੀਤ ਨੂੰ ਮਿਲ ਲੈਣਗੇ ਨਾਲੇ ਤੁਹਾਨੂੰ ਲੈ ਜਾਣਗੇ।"
" ਪਰ ਤੁਸੀ ਤਾਂ ਸ਼ਾਮ ਨੂੰ ਤਾਂ ਆਪਣੀ ਦਰਾਣੀ ਵੱਲ ਜਾਣਾ ਆ।" ਭੂਆ ਨੇ ਕਿਹਾ, " ਤੁਹਾਨੂੰ ਉਹਨਾਂ ਨੇ ਅੱਜ ਦੀ ਰੋਟੀ ਤੇ ਨਹੀ ਬੁਲਾਇਆ।"
" ਸਾਨੂੰ ਕਿੱਥੇ ਬੁਲਾਉਣਾ ਸੀ।" ਮੱਮੀ ਨੇ ਜ਼ਵਾਬ ਦਿੱਤਾ, " ਉਹ ਤਾਂ ਮਨਮੀਤ ਆਇਆ ਕਰਕੇ, ਇਹਨਾਂ ਦੇ ਵਿਆਹ ਦੀ ਰੋਟੀ ਖਲਾਉਣੀ ਆ।"
" ਫਿਰ ਕੀ ਹੋ ਗਿਆ ਜੇ ਉਹਨਾਂ ਰੋਟੀ ਤੇ ਬੁਲਾਇਆ ਹੈ।" ਡੈਡੀ ਨੇ ਕਿਹਾ, " ਜੇ ਤੁਸੀ ਸਾਡੇ ਨਾਲ ਚਲੇ ਜਾਉਗੇ ਤਾਂ ਉਹ ਤਹਾਨੂੰ ਬਾਹਰ ਥੌੜ੍ਹੀ ਕੱਢਣ ਲੱਗੇ।"
" ਪਤਾ ਨਹੀ ਕੁੱਝ ਭਾਈ ਸੁਰਜੀਤ ਦਾ।" ਭੂਆ ਜੀ ਨੇ ਸਾਫ ਹੀ ਕਹਿ ਦਿੱਤਾ, " ਤੈਨੂੰ ਵੀ ਪਤਾ ਹੀ ਹੈ ਉਸ ਦੇ ਸੁਭਾਅ ਦਾ।"
" ਸਾਡਾ ਭਰਾ ਚੰਗਾ ਆ।" ਡੈਡੀ ਨੇ ਕਿਹਾ, "ਸੁਰਜੀਤ ਦੀ ਸਾਨੂੰ ਕੋਈ ਪਰਵਾਹ ਨਹੀ।"
"ਦੇਖ ਲਉ ਕਈ ਜ਼ਨਾਨੀਆਂ ਸਾਰੀ ਉਮਰ ਹੀ ਨਹੀ ਬਦਲ ਦੀਆਂ।" ਭੂਆ ਜੀ ਕਹਿਣ ਲੱਗੀ, " ਆਪਣੇ ਸੁਭਾਅ ਕਰਕੇ ਸਭ ਨੂੰ ਦੁਖੀ ਕਰਦੀਆਂ ਨੇਂ।"
" ਆਪ ਵੀ ਤਾਂ ਨਾਲ ਹੀ ਦੁਖੀ ਹੁੰਦੀਆ ਹਨ।" ਮੱਮੀ ਨੇ ਕਿਹਾ, " ਜਦੋਂ ਆਦਤ ਤੋਂ ਡਰਦਾ ਕੋਈ ਬੁਲਾਉਂਦਾ ਨਹੀ, ਫਿਰ ਪਿਟਦੀਆਂ ਨੇਂ ਸਾਨੂੰ ਕੋਈ ਪੁੱਛਦਾ ਨਹੀਂ।"
" ਚਲੋ ਛਡੋ ਉਸ ਦੀਆਂ ਗੱਲਾਂ।" ਡੈਡੀ ਨੇ ਕਿਹਾ, " ਸਭ ਦੇ ਵਖਰੋ-ਵਖਰੇ ਸੁਭਾਅ ਹੁੰਦੇ ਨੇਂ।"
" ਵੱਖਰੇ ਤਾਂ ਹੋਣ, ਪਰ ਹੋਣ ਤਾਂ ਸੋਹਣੇ।" ਭੂਆ ਜੀ ਨੇ ਕਿਹਾ, " ਮਾੜੇ ਸੁਭਾਅ ਵਾਲਾ ਬੰਦਾ ਗੱਲ ਕਰਕੇ ਸਾਰਾ ਮਹੌਲ ਹੀ ਖਰਾਬ ਕਰ ਦਿੰਦਾ ਆ।"
" ਸੁਰਜੀਤ ਤਾਂ ਜਾਣ ਕੇ ਖਰਾਬ ਗੱਲ ਕਰਦੀ ਆ।" ਹਰਨੀਤ ਦੀ ਮੱਮੀ ਨੇ ਫਿਰ ਕਿਹਾ, " ਜੈਲਸ ਝੱਟ ਕਰਨ ਲੱਗ ਜਾਂਦੀ ਆ।"
" ਰਾਤੀ ਵੀ ਮਨਮੀਤ ਨੂੰ ਦੇਖ ਹੀ ਸੜੀ ।" ਭੂਆ ਨੇ ਕਿਹਾ, " ਹੋਰ ਤਾਂ ਕੋਈ ਗੱਲ ਹੀ ਨਹੀ ਹੋਈ।"
ਹਰਨੀਤ ਦਾ ਡੈਡੀ ਨਹੀ ਸੀ ਚਾਹੁੰਦਾ ਕਿ ਮੇਰੇ ਸਾਹਮਣੇ ਉਹ ਇਸ ਤਰਾਂ ਦੀਆਂ ਗੱਲਾਂ ਕਰਨ। ਉਸ ਨੇ ਹੌਲੀ ਜਿਹੀ ਮੈਨੂੰ ਹੱਸ ਕੇ ਕਿਹਾ, " ਦੇਖਿਉ, ਅੱਜ ਸਾਰਾ ਦਿਨ ਸੁਰਜੀਤ 'ਤੇ ਹੀ ਤਵਾ ਚਲੂ।"
" ਚਲੋ, ਚਲ ਲੈਣ ਦਿਉ।" ਮਂੈ ਹੱਸ ਕੇ ਕਿਹਾ, "ਜ਼ਨਾਨੀਆਂ ਇਸ ਤਰਾਂ ਹੀ ਕਰਦੀਆਂ ਨੇਂ।"
" ਤੁਹਾਡੀਆਂ ਇਨਾਂ ਗੱਲਾਂ 'ਤੇ ਮਂੈ ਬਹੁਤ ਹੀ ਖੁਸ਼ ਹਾਂ।" ਡੈਡੀ ਨੇ ਸਾਫ ਹੀ ਕਿਹਾ, " ਤੁਸੀ ਹਰ ਗੱਲ ਨੂੰ ਬਹੁਤ ਛੇਤੀ ਸਮਝ ਲੈਂਦੇ ਹੋ।"
" ਤੁਸੀ ਤਾਂ ਖੁਸ਼ ਹੋ। ਠੀਕ ਹੈ।" ਮੈ ਵੀ ਸਾਫ ਹੀ ਕਿਹਾ, " ਹਰਨੀਤ ਵੀ ਖੁਸ਼ ਹੋਵੇ ਇਹ ਜ਼ਰੂਰੀ ਆ।"
" ਹਰਨੀਤ ਵੀ ਤਾਂ ਖੁਸ਼ ਹੀ ਹੈ।" ਡੈਡੀ ਨੇ ਪਿੱਛੇ ਬੈਠੀ ਹਰਨੀਤ ਨੂੰ ਕਿਹਾ, " ਕਿਉਂ ਪੁੱਤਰ ਤੂੰ ਵੀ ਖੁਸ਼ ਹੀ ਆ।"
" ਤੁਸੀ ਕੀ ਕਹਿੰਦੇ ਹੋ, ਮੈਨੂੰ ਸੁਣਿਆ ਨਹੀ।" ਹਰਨੀਤ ਨੇ ਉੱਚੀ ਅਵਾਜ਼ ਵਿਚ ਕਿਹਾ, " ਮੱਮੀ ਤਾਂ ਭੂਆ ਜੀ ਆਪਣੀਆ ਹੀ ਗੱਲਾਂ ਕਰੀ ਜਾਂਦੀਆਂ ਨੇਂ, ਕੁੱਝ ਸੁਣਦਾ ਹੀ ਨਹੀ।"
" ਕੋਈ ਬਹੁਤੀ ਜ਼ਰੂਰੀ ਗੱਲ ਵੀ ਨਹੀ।" ਮੈ ਪਿੱਛੇ ਨੂੰ ਮੂੰਹ ਕਰਕੇ ਹਰਨੀਤ ਨੂੰ ਕਿਹਾ, " ਅਸੀ ਵੀ ਆਪਣੀਆਂ ਹੀ ਗੱਲਾਂ ਕਰਦੇ ਹਾਂ।"
...ਚਲਦਾ...