ਬਸ ਓਹੀ ਜ਼ਿੰਦਗੀ ਸਨ, ਬਸ ਓਹੀ ਪਿਆਰੀਆਂ ਸੀ।
ਤੇਰੇ ਹੀ ਨਾਲ ਜਿੰਨੀਆਂ, ਘੜੀਆਂ ਗੁਜ਼ਾਰੀਆਂ ਸੀ।
ਜੇ ਮੇਰਾ ਖੁੱਲ੍ਹ ਕੇ ਹੱਸਣਾ, ਲੁਟ ਲੈਂਦਾ ਸੀ ਤੇਰਾ ਦਿਲ,
ਮੁਸਕਾਨ ਤੇਰੀ ਵਿਚ ਵੀ, ਕਿੰਨੀਆਂ ਸ਼ਰਾਰੀਆਂ ਸੀ?
ਜਦ ਸ਼ਿਅਰ ਮੇਰੇ ਖੁਬਦੇ ਸਨ ਤੀਰ ਬਣ ਕੇ ਦਿਲ ਵਿਚ,
ਓਦੋਂ ਤਾਂ ਤੇਰੀਆਂ ਵੀ, ਨਜ਼ਰਾਂ ਕਟਾਰੀਆਂ ਸੀ।
ਉਹ ਲਟਕ-ਲਟਕ ਤੁਰਨਾ, ਉਹ ਸਿਮਟ-ਸਿਮਟ ਜਾਣਾ,
ਤੇਰੀਆਂ ਅਦਾਵਾਂ ਓਦੋਂ, ਕਿਸ ਨੇ ਸਹਾਰੀਆਂ ਸੀ!
ਜੇ ਵੇਖ ਤੈਨੂੰ ਮੈਂ ਸੀ, ਪਗੜੀ ਦੇ ਪੇਚ ਟੋਹੇ,
ਮੈਨੂੰ ਵੀ ਵੇਖ ਕੇ ਤੂੰ, ਜ਼ੁਲਫ਼ਾਂ ਸਵਾਰੀਆਂ ਸੀ।
ਇਕ ਦਿਨ ਤੇਰੇ ਤੇ ਮੇਰੇ, ਸਭ ਸੁਪਨੇ ਚੂਰ ਹੋ ਗਏ,
ਕੀ ਹੋ ਗਿਆ ਓ ਦਿਲਬਰ! ਕੀ ਦਿਲ 'ਚ ਧਾਰੀਆਂ ਸੀ!
ਰੋ-ਰੋ ਗੁਜ਼ਾਰ ਦਿੱਤੀ, ਤੂੰ ਰਾਤ ਸਾਰੀ ਉਸ ਦਿਨ,
ਜਿਸ ਦਿਨ ਸਫ਼ਰ ਦੀਆਂ ਮੈਂ, ਕਰਦਾ ਤਿਆਰੀਆਂ ਸੀ।
ਇਕਵੰਜਾ ਸਾਲ ਹੋ ਗਏ, ਹਾਲਤ ਸਵਾਰਦੇ ਨੂੰ,
ਇਕਵੰਜਾ ਸਾਲ ਹੋ ਗਏ, ਜ਼ੁਲਫ਼ਾਂ ਸਵਾਰੀਆਂ ਸੀ।
ਘੁੱਗੀਆਂ ਦਾ ਜੋੜਾ ਦਿਸਦੇ, ਹੱਥ ਨਾੜ-ਨਾੜ ਹੋ ਗਏ,
ਤਦ ਇਹ ਸੰਭਾਵਨਾਵਾਂ, ਕਿਸ ਨੇ ਵਿਚਾਰੀਆਂ ਸੀ!
ਦੁੱਖ, ਦਰਦ, ਗ਼ਮ, ਬੁਢਾਪਾ, ਸਭ ਨੇ ਨਿਰੋਲ ਮੇਰੇ,
ਜਜ਼ਬੇ, ਜਵਾਨੀ, ਖ਼ੁਸ਼ੀਆਂ, ਉਹ ਤਾਂ ਹੁਦਾਰੀਆਂ ਸੀ।
ਬੇਬਾਕ ਇਸ਼ਕ, ਗ਼ੈਰਤ, ਕਵਿਤਾ ਤੇ ਚਿਤਰਕਾਰੀ,
ਉਸ ਮਰ-ਗਏ ਨੂੰ ਲੱਗੀਆਂ, ਕਿੰਨੀਆਂ ਬਿਮਾਰੀਆਂ ਸੀ!
ਮਰ ਕੇ ਵੀ 'ਸੰਧੂ' ਤੈਨੂੰ, ਕਿੱਦਾਂ ਵਿਸਾਰ ਦੇਵੇ,
ਦਸ, ਮੇਰੀਆਂ ਚਾਹਾਂ, ਖ਼ਾਹਿਸ਼ਾਂ, ਤੂੰ ਕਦ ਵਿਸਾਰੀਆਂ ਸੀ।