ਪੁਲਿਸ ਅਫਸਰ ਤੇ ਕਵੀ
(ਵਿਅੰਗ )
ਕਈ ਲੋਕਾਂ ਨੂੰ ਕਹਾਣੀਆਂ, ਕਵਿਤਾਵਾਂ, ਗਜ਼ਲਾਂ ਲਿਖਣ ਦਾ ਸ਼ੌਕ ਹੁੰਦਾ ਹੈ। ਇਹ ਸ਼ੌਕ ਪੂਰਾ ਕਰਨ ਲਈ ਉਹ ਸ਼ਹਿਰ ਵਿੱਚ ਲਿਖਾਰੀਆਂ ਦੀਆਂ ਸੰਸਥਾਵਾਂ ਦੇ ਮੈਂਬਰ ਬਣ ਜਾਂਦੇ ਹਨ, ਜਿੱਥੇ ਉਨਾਂ੍ਹ ਨੂੰ ਆਪਣੀਆਂ ਰਚਨਾਵਾਂ ਸੁਨਾਉਣ ਦਾ ਮੌਕਾ ਮਿਲ ਜਾਂਦਾ ਹੈ।
ਕੁਝ ਲੋਕਾਂ ਦੀ ਆਦਤ ਹੁੰਦੀ ਹੈ ਕਿ ਉਹ ਆਪਣੀ ਰਚਨਾ ਪੜ੍ਹਕੇ ਘਰ ਚਲੇ ਜਾਂਦੇ ਹਨ । ਕਈ ਮੈਂਬਰ ਮੀਟਿੰਗ'ਚ ਦੇਰ ਨਾਲ ਪਹੁੰਚਦੇ, ਜਿਸ ਨਾਲ ਮੀਟਿੰਗ ਤੇ ਬਾਕੀ ਮੈਂਬਰਾ ਦਾ ਵਕਤ ਖਰਾਬ ਹੁੰਦਾ ਹੈ। ਵਕਤ ਦਾ ਪਬੰਧ ਹੋਣਾ ਜ਼ਰੂਰੀ ਹੈ ਵਰਨਾ ਪਿਛੋਂ ਆ ਕੇ ਪੜ੍ਹਣ ਦਾ ਹੱਕ ਜਮਾਣਾ ਵੀ ਠੀਕ ਨਹੀਂ।
ਲਉ ਜੀ ਇੱਕ ਸੱਜਣ ਸਾਡੀ ਸੰਸਥਾ ਦੇ ਪੁਰਾਣੇ ਮੈਂਬਰ ਹਨ। ਉਹ ਦੇਰ ਨਾਲ ਆਉਂਦੇ ਹਨ ਤੇ ਆਪਣੀ ਰਚਨਾ ਪੜ੍ਹਕੇ ਪਿਛਲੇ ਦਰਵਾਜ਼ੇ ਥਾਨੀ ਚਲੇ ਜਾਂਦੇ ਹਨ।
ਤੰਗ ਆਕੇ ਮੈ ਇੱਕ ਦਿਨ ਇਨਾਂ੍ਹ ਭਾਈ ਸਾਭ ਨੂੰ ਸਬਕ ਸਿਖਾਉਣਾ ਚਾਹਿਆ। ਇਹ ਸਾਭ ਅਗਲੇ ਦਰਵਾਜ਼ੇ ਥਾਣੀ ਆਏ, ਸੈਕਰੇਟੇਰੀ ਸਾਹਿਬ ਦੀਆਂ ਅੱਖਾਂ'ਚ ਅੱਖਾਂ ਪਾਕੇ ਇਸ਼ਾਰਾ ਕੀਤਾ, ਸੈਕਰੇਟਰੀ ਸਾਭ ਮੁਸਕਰਾਏ ਤੇ ਸਮਝ ਗਏ। ਉਹ ਸਾਭ ਬੜੀ ਅਦਾ ਨਾਲ ਮੁਸਕਰਾਉਂਦੇ ਹੋਏ ਪਿਛਲੀ ਸੀਟ ਤੇ ਜਾ ਬੈਠੇ ਤੇ ਆਪਣੀ ਵਾਰੀ ਜਿਹੜੀ ਸੈਕਰੇਟੇਰੀ ਸਾਭ ਦੀ ਮਿਹਰਬਾਨੀ ਕਰਕੇ ਜਲਦੀ ਹੀ ਆ ਜਾਣੀ ਸੀ, ਇੰਤਜ਼ਾਰ ਕਰਨ ਲੱਗੇ। ਫਿਰ ਕੀ ਸੀ, ਇੱਕ ਲਿਖਾਰੀ ਆਪਣੀ ਰਚਣਾ ਪੜ੍ਹ ਰਿਹਾ ਸੀ ਤੇ ਦੂਜੇ ਦਾ ਨਾਮ ਬੋਲਿਆ ਗਿਆ ਸੀ। ਜਿਉਂ ਹੀ ਦੋਨੋ ਪੜ੍ਹ ਚੁਕੇ ਤਾਂ ਇਨਾਂ੍ਹ ਦਾ ਨਾਮ ਬੋਲਿਆ ਗਿਆ। ਭਾਈ ਸਾਭ ਬੜੀ ਅਦਾ ਨਾਲ ਸਟੇਜ ਤੇ ਆਏ ਮਾਈਕ ਫੜਕੇ ਪਹਿਲਾਂ ਇੱਕ ਛੋਟਾ ਜਿਹਾ ਭਾਸ਼ਣ ਦਿੱਤਾ ਤੇ ਫਿਰ ਆਪਣੀ ਰਚਨਾ ਪੜ੍ਹਣ ਲਗੇ। ਰਚਨਾ ਸੀਗੀ ਤਾਂ ਕਵਿਤਾ ਪਰ ਲੰਬੀ ਬਹੁਤ ਸੀ। ਇਨਾਂ੍ਹ ਨੂੰ ਕੋਈ ਅੰਦਾਜ਼ਾ ਨਹੀਂ ਸੀ ਕਿ ਹੋਰ ਵੀ ਸਾਹਿਤ ਪ੍ਰੇਮੀ ਆਪਣਾ ਕੀਮਤੀ ਕੰਮ ਛੱਡਕੇ ਆਏ ਸੀ। ਜਿਉਂ ਹੀ ਕਵਿਤਾ ਖ਼ਤਮ ਹੋਈ ਤਾਂ ਸੈਕਰੇਟੇਰੀ ਸਾਭ ਦਾ ਸ਼ੁਕਰੀਆ ਕਰਕੇ ਪਿਛਲੀ ਸੀਟ ਤੇ ਜਾ ਬੈਠੇ। ਮੈਨੂੰ ਪਤਾ ਸੀ ਕਿ ਸਭ ਦੀਆਂ ਨਜ਼ਰਾਂ ਬਚਾਕੇ ਪਿਛਲੇ ਦਰਵਾਜ਼ੇ'ਚੋਂ ਉਹ ਤਿਤੱਰ ਬਿੱਤਰ ਹੌ ਜਾਣਗੇ। ਮੈਂ ਪਹਿਲਾਂ ਹੀ ਅਗਲੇ ਦਰਵਾਜ਼ੇ'ਚੋਂ ਬਾਹਰ ਆ ਗਈ ਸੀ। ਮੈੰ ਭਾਈ ਸਾਭ ਦਾ ਪਿੱਛਾ ਕਰਨ ਲੱਗੀ। ਸੜਕ ਪਾਰ ਕਰਦਿਆਂ ਹੀ ਉਨਾਂ੍ਹ ਦੀ ਚਾਲ ਤੇਜ਼ ਹੋ ਗਈ। ਮੈ ਵੀ ਤੇਜ਼ ਹੋ ਗਈ। ਇੱਕ ਹਿੰਦੁਸਤਾਨੀ ਪੁਲੀਸਮੈਨ ਮੇਰੇ ਪਿੱਛੇ ਆ ਕੇ ਪੁੱਛਣ ਲੱਗਾ, "ਬੀਬੀ, ਕੀ ਊਸ ਆਦਮੀ ਨੇ ਤੇਰਾ ਪਰਸ ਖੋਹ ਲਿਆ ਏ ਜਾਂ ਕੌਈ ਗੰਦੀ ਹਰਕਤ ਕੀਤੀ ਏ?"ਨਹੀ ਬੇਟਾ, ਗੰਦੀ ਹਰਕਤ ਕਰਦਾ ਤਾਂ ਇਸ ਪੰਜਾਬ ਦੀ ਜੱਟੀ ਤੋਂ ਨਾ ਬਚਦਾ। ਮਾਮਲਾ ਤਾਂ ਕੁਝ ਹੋਰ ਹੀ ਏ। ਪਹਿਲਾਂ ਤੂੰ ਉਸਨੂੰ ਪਕੜ ਕੇ ਮੇਰੇ ਰੂਬਰੂ ਕਰ ਫਿਰ ਮੈ ਗੱਲ ਕਰਾਂਗੀ।" ਪੁਲੀਸ ਆਫੀਸਰ ਝੱਟ ਭਾਈ ਸਾਭ ਨੂੰ ਫੜ ਕੇ ਲੈ ਆਇਆ। ਮੈ ਆਪਣਾ ਪਰਾਬਲਮ ਦਸਿਆ,
"ਪਰਾਬਲਮ ਇਹ ਹੈ ਕਿ ਇਹ ਸੱਜਣ ਇੱਕ ਵੱਡਾ ਕਵੀ ਏ। ਸਾਡੀ ਸਾਰਿਆਂ ਦੀ ਇੱਕ ਸੰਸਥਾ ਹੈ, ਜਿੱਥੇ ਸਾਰੇ ਲਿਖਾਰੀ ਹਰ ਮਹੀਨੇ ਆ ਕੇ ਆਪਣੀਆਂ ਰਚਨਾਵਾਂ ਪੜ੍ਹਦੇ ਤੇ ਸੁਣਦੇ ਹਨ। ਇਹ ਭਾਈ ਸਾਭ ਦੇਰ ਨਾਲ ਆਉਂਦੇ ਹਨ ਤੇ ਆਪਣੀ ਰਚਨਾ ਪੜ੍ਹ ਕੇ ਤੁਰਦੇ ਬਣਦੇ ਹਨ। ਅੱਜ ਮੈ ਇਨਾ੍ਹ ਨੂੰ ਵਾਪਸ ਸਭਾḔਚ 'ਲਿਜਾਉਣ ਲਈ ਪਿਛਾ ਕਰ ਰਹੀ ਸੀ ਤਾਂ ਕੇ ਇਹ ਦੂਜਿਆਂ ਲਿਖਾਰੀਆਂ ਦੀਆਂ ਰਚਨਾਵਾਂ ਵੀ ਸੁਣ ਸਕਣ, ਜਿਸ ਤਰਾਂ੍ਹ ਕਿ ਅਸੀਂ ਇਨਾਂ ਦੀਆਂ ਹਮੇਸ਼ਾਂ ਸੁਣਦੇ ਆਏ ਹਾਂ। ਅੱਗੋਂ ਤੁਸੀਂ ਟੱਕਰ ਗਏ। ਹੁਣ ਤੁਸੀਂ ਹੀ ਫੈਸਲਾ ਕਰੋ।"
"ਅੱਛਾ ਇਹ ਗੱਲ ਏ ਤਾਂ ਚਲੋ ਮੈ ਮੌਕਿਆ ਵਾਰਦਾਤ ਤੇ ਥੌਡੇ ਨਾਲ ਚੱਲਦਾ ਹਾਂ।
ਇਹ ਕਹਿਕੇ ਪੁਲੀਸ ਅਫਸਰ ਨੇ ਸਾਨੂੰ ਆਪਣੀ ਕਾਰ'ਚ ਬਿਠਾਇਆ ਤੇ ਮੀਟਿੰਗ ਹਾਲ'ਚ ਪਹੁੰਚਾ ਦਿੱਤਾ।
ਜਦੋਂ ਅੰਦਰ ਆਏ ਤਾਂ ਪੁਲੀਸ ਆਫੀਸਰ ਨੇ ਸਾਰਾ ਵਾਕਿਆ ਦੱਸਿਆ ਤੇ ਸਿਰ ਹਿਲਾ ਕੇ ਕਿਹਾ ਕਿ, ਤੁਸੀਂ ਸਾਰੇ ਸਾਹਿਤਕਾਰ ਵਕਤ ਤੇ ਆਉ ਆਪਣੀ ਰਚਨਾ ਸੁਣਾਉ, ਦੂਸਰਿਆਂ ਦੀਆਂ ਸੁਣੋ ਤੇ ਅਨੰਦ ਉਠਾਉ। ਇਸ ਬੀਬੀ ਦੀ ਸ਼ਿਕਾਇਤ ਵਾਜਿਬ ਸੀ, ਇਸ ਵਿੱਚ ਸਾਰਿਆਂ ਦਾ ਕੀਮਤੀ ਵਕਤ ਵੀ ਬੱਚ ਜਾਂਦਾ ਹੈ। ਹਾਲ ਤਾਲੀਆਂ ਨਾਲ ਗੂੰਜ ਉੇਠਿਆ।
ਜਾਣ ਤੋਂ ਪਹਿਲਾਂ ਪੁਲੀਸ ਅਫਸਰ ਕਹਿਣ ਲੱਗਾ ਕਿ ਉਸਨੂੰ ਵੀ ਕਵਿਤਾਵਾਂ ਅਤੇ ਗਜ਼ਲਾਂ ਲਿਖਣ ਤੇ ਸੁਨਾਉਣ ਦਾ ਸ਼ੌਕ ਹੈ, ਜੇ ਸੈਕਰੇਟੇਰੀ ਸਾਭ ਨੂੰ ਇਤਰਾਜ਼ ਨਾ ਹੋਵੇ ਤਾਂ ਉਹ ਵੀ ਸਭਾ ਦਾ ਮੈਂਬਰ ਬਣ ਜਾਵੇਗਾ
ਸੈਕਰੇਟੇਰੀ ਸਾਭ ਬੇਹੱਦ ਖੁਸ਼ ਹੋਕੇ ਬੋਲੇ, " ਕਿਉਂ ਨਹੀਂ, ਇਹ ਤਾਂ ਸਾਡੀ ਖੁਸ਼ ਕਿਸਮਤੀ ਏ, ਜਨਾਬ।"
ਆਫੀਸਰ ਨੇ ਧਨਵਾਦ ਕੀਤਾ ਤਾਂ ਕਹਿਣ ਲੱਗਾ। "ਸਰਕਾਰ ਇੱਕ ਪਰਾਬਲਮ ਹੈ ਕਿ ਪੁਲੀਸ ਅਫਸਰ ਹੋਣ ਕਰਕੇ ਮੈ ਜ਼ਿਆਦਾ ਤਰ ਲੇਟ ਹੀ ਆਵਾਂਗਾ ਤੇ ਆਪਣੀ ਰਚਨਾ ਪੜ੍ਹ ਕੇ ਅਕਸਰ ਚਲਾ ਜਾਇਆ ਕਰਾਂਗਾ। ਕਿਉਂਕਿ ਮੇਰੀ ਵੀ ਡਿਉਟੀ ਦਾ ਸੁਆਲ ਏ।"
ਸੈਕਰੇਟੇਰੀ ਸਾਂਭ ਝੱਟ ਬੋਲੇ, " ਕੋਈ ਗੱਲ ਨਹੀਂ, ਜਨਾਬ। ਆਪ ਆਉ। ਜਦੋਂ ਮਰਜ਼ੀ ਆਉ ਤੇ ਜਦੋਂ ਮਰਜ਼ੀ ਜਾਉ। ਥੌਨੂੰ ਕਉਣ ਰੋਕ ਸਕਦਾ ਏ। ਤੁਸੀਂ ਮਾਲਿਕ ਹੋ, ਤੁਸੀਂ ਸਾਡੇ ਸਿਰ ਮੱਥੇ ਤੇ।"
ਸੈਕਰੇਟੇਰੀ ਸਾਭ ਦਾ ਜੁਆਬ ਸੁਣ ਕੇ ਮੈ ਬੇਹੋਸ਼ ਹੋਕੇ ਡਿੱਗਣ ਹੀ ਲੱਗੀ ਸੀ ਕਿ ਮੇਰੇ ਪਤੀ ਨੇ ਮੈਨੂੰ ਝੱਟ ਸੰਭਾਲ ਲਿਆ।"