ਅੱਜ ਪਿੰਡ ਵਿੱਚ ਇੱਕ ਧਾਰਮਿਕ ਅਸਥਾਨ ਤੇ ਛੱਤ ਦਾ ਲੈਂਟਰ ਪੈਣਾ ਸੀ ਜਿਸ ਕਰਕੇ ਤਕਰੀਬਨ ਸਾਰੇ ਪਿੰਡ ਦੀ ਸੰਗਤ ਸੇਵਾ ਲਈ ਉਥੇ ਇਕੱਠੀ ਹੋ ਚੁੱਕੀ ਸੀ , ਅਤੇ ਚਾਹ ਪਾਣੀ ਦੇ ਲੰਗਰ ਚੱਲ ਰਹੇ ਸਨ ਪ੍ਰਸ਼ਾਦੇ ਅਤੇ ਸਬਜੀਆਂ ਵਗੈਰਾ ਤਿਆਰ ਕੀਤੀਆਂ ਜਾ ਰਹੀਆਂ ਸਨ ੧੦-੧੧ ਵਜੇ ਤੱਕ ਲੈਂਟਰ ਪਾਉਣ ਵਾਲੀਆਂ ਮਸ਼ੀਨਾਂ ਵੀ ਕਾਰੀਗਰਾਂ ਨੇ ਬੀੜ ਲਈਆਂ ਸਨ ਪਰ ਫਿਰ ਵੀ ਲੈਂਟਰ ਪਾਉਣ ਦੀ ਸ਼ੁਰੂਆਤ ਨਹੀਂ ਹੋ ਰਹੀ ਸੀ ਬੱਸ ਆਪਸ ਵਿੱਚ ਘੁਸਰ ਮੁੱਸਰ ਜਿਹੀ ਚੱਲੀ ਜਾ ਰਹੀ ਸੀ । ਕੋਈ ਕਹਿ ਰਿਹਾ ਸੀ ਕਿ ਕਿਸੇ ਸੰਤ ਮਹਾਂਪੁਰਸ਼ ਦੇ ਆਉਣ ਦੀ ਉਡੀਕ ਕੀਤੀ ਜਾ ਰਹੀ ਹੈ ਜਾਂ ਕੋਈ ਮਹੂਰਤ ਦੇ ਟਾਈਮ ਵਗੈਰਾ ਦਾ ਚੱਕਰ ਹੈ।ਏਨੇ ਨੂੰ ਉਸ ਸੰਸਥਾ ਦੇ ਮੁਖੀ ਕੋਲ ਆ ਕੇ ਇੱਕ ਨੌਜਵਾਨ ਨੇ ਕਿਹਾ ਬਾਬਾ ਜੀ ਮਸ਼ੀਨਾਂ ਚਲਾਉ ਤਾਂ ਕਿ ਲੈਂਟਰ ਟਾਈਮ ਨਾਲ ਪੈ ਜਾਵੇ ।ਭਾਈ , ਸਾਡੇ ਵੱਲੋਂ ਤਾਂ ਕੋਈ ਦੇਰੀ ਨਹੀਂ ਤੁਸੀਂ ਕਾਰੀਗਰਾਂ ਨੂੰ ਕਹਿ ਕੇ ਕੰਮ ਸ਼ੁਰੂ ਕਰਵਾਉ ਤਦ ਹੀ ਇੱਕ ਹੋਰ ਸੇਵਾਦਾਰ ਇਹਨਾਂ ਕੋਲ ਆਂ ਕੇ ਕਹਿਣ ਲੱਗਾ ਕਿ ਬਾਬਾ ਜੀ ਸੇਵਾਦਾਰ ਅਤੇ ਮਿਸਤਰੀ ਉਹ ਪੁੜ੍ਹੇ ਵਾਲਾ ਪ੍ਰਸ਼ਾਦ ਵਰਤਾਉਣ ਨੂੰ ਕਹਿ ਰਹੇ ਹਨ ਜਿਹੜਾ ਕੱਲ ਚੌਂਕੀ ਵਾਲਾ ਮੁਨਸ਼ੀ ਦੇ ਕੇ ਗਿਆ ਸੀ ਅਤੇ ਤੁਸੀਂ ਕਿਹਾ ਸੀ ਕਿ ਲੈਂਟਰ ਤੇ ਵਰਤਾਵਾਂਗੇ।ਅੱਛਾ! ਬੱਸ ਏਨੀ ਗੱਲ ਸੀ ਕਹਿ ਕੇ ਬਾਬਾ ਜੀ ਕਮਰੇ ਅੰਦਰੋਂ ਭੁੱਕੀ ਦਾ ਪੁੜਾ (ਵੱਡਾ ਲਿਫਾਫਾ ) ਚੱਕ ਲਿਆਏ ਤੇ ਕਹਿੰਦੇ ਆ ਜੋ , ਆ ਜੋ ਕਹਿੰਦੇ ਸਾਰ ਹੀ ਸਾਰੇ ਮਿਸਤਰੀ ਅਤੇ ਸੇਵਾਦਾਰ ਬਾਬਾ ਜੀ ਦੇ ਦੁਆਲੇ ਇੱਕ ਝੁਰਮੁਟ ਜਿਹਾ ਮਾਰ ਕੇ ਬੈਠ ਗਏ।