ਵਿਆਹ ਦਾ ਕੰਮ ਪੂਰੇ ਜ਼ੋਰਾਂ ਨਾਲ ਚੱਲ ਰਿਹਾ ਸੀ। ਹੁਣੇ ਹੀ ਪਰਿਵਾਰ ਵਾਲੇ ਅਨੰਦ ਕਾਰਜ ਦੀ ਰਸਮ ਅਦਾ ਕਰਕੇ ਗੁਰੂਦੁਆਰਾ ਸਾਹਿਬ ਤੋਂ ਮੈਰਿਜ ਪੈਲੇਸ ਵਿੱਚ ਪਰਤੇ ਸਨ। ਸਟੇਜ ਤੇ ਸੱਭਿਆਚਾਰਕ ਪ੍ਰੋਗਰਾਮ ਸ਼ੁਰੂ ਹੋ ਗਿਆ ਸੀ ਜਿਸਦਾ ਤਕਰੀਬਨ ਹਰ ਨੂੰ ਇੰਤਜ਼ਾਰ ਸੀ। ਸਟੇਜ ਤੇ ਚਰਖਾ, ਮੰਜਾ, ਘੜੇ ਆਦਿ ਪਏ ਸਨ ਜਿਹੜੇ ਪੰਜਾਬੀ ਸੱਭਿਆਚਾਰ ਦੀ ਝਲਕ ਪੇਸ਼ ਕਰ ਰਹੇ ਸਨ। ਸ਼ੁਰੂਆਤ ਇੱਕ ਧਾਰਮਿਕ ਗਾਉਣ ਤੋਂ ਹੋਈ, ਫਿਰ ਦੋ-ਚਾਰ ਭੰਗੜੇ ਤੇ ਗਿੱਧੇ ਵਾਲੇ ਗਾਣੇ ਚਲਾਏ ਗਏ। ਫਿ਼ਰ ਉਨ੍ਹਾਂ ਆਪਣੇ ਰੰਗ ਵਿਖਾਉਣੇ ਸ਼ੁਰੂ ਕਰ ਦਿੱਤੇ। ਛੋਟੇ-ਛੋਟੇ ਕੱਪੜੇ ਪਾਈਂ ਕਿਸੇ ਮਜਬੂਰੀ ਤੋਂ ਮਜਬੂਰ ਸਟੇਜ਼ ਤੇ ਨੱਚ ਰਹੀਆਂ ਕੁੜੀਆਂ ਨੂੰ ਸ਼ਰਾਬੀਆਂ `ਤੇ ਮੁੰਡਿਆ ਵੱਲੋਂ ਗੰਦੇ ਇਸ਼ਾਰੇ ਕਰਕੇ ਜ਼ਲੀਲ ਕੀਤਾ ਜਾ ਰਿਹਾ ਸੀ, ਜਿਨ੍ਹਾਂ ਨੂੰ ਇਸ ਨਕਲੀ ਸੱਭਿਆਚਾਰ ਦੀ ਆੜ ਵਿੱਚ ਆਪਣੇ ਸਰੀਰ ਦੀ ਨੁਮਾਇਸ਼ ਕਰਨ ਲਈ ਮਜਬੂਰ ਕੀਤਾ ਗਿਆ ਸੀ। ਅਜੋਕੇ ਪੰਜਾਬੀਆਂ ਦਾ ਇਹ ਵਿਆਹ ਕਿਸੇ ਨੱਚਣ ਵਾਲੀਆਂ ਦੇ ਕੋਠੇ ਤੋਂ ਘੱਟ ਨਹੀਂ ਸੀ ਜਾਪ ਰਿਹਾ।