ਕਵਿਤਾ ਹੈ ਇਕ ਨੇਹਮਤ, ਕਵਿਤਾ ਕਵੀਆਂ ਨੂੰ ਵਰਦਾਨ।
ਕਵਿਤਾ ਕਵੀ ਦੇ ਮਨ ਦੀ ਹੁੰਦੀ ਅੰਬਰਾਂ ਤੀਕ ਉਡਾਨ।
ਕਵਿਤਾ ਮਨ ਦੇ ਸਾਗਰ ਵਿਚੋਂ ਕੱਢਿਆ ਹੀਰਾ ਮੋਤੀ,
ਕਵਿਤਾ ਦੁਰਲੱਭ ਵਸਤਾਂ ਨਾਲੋਂ ਬਹੁਤ ਕਿਤੇ ਧੰਨਵਾਨ।
ਕਵਿਤਾ ਰੱਬ ਦੀ ਬੰਦਗ਼ੀ ਵਿਚ ਹੈ, ਕਵਿਤਾ ਬਾਂਦੀ ਰੱਬ ਦੀ,
ਕਵਿਤਾ ਵਿਚ ਹੀ ਲਿੱਖੇ ਗਏ ਨੇ ਵੇਦ, ਗਰੰਥ, ਕੁਰਾਨ।
ਕੁੱਲ-ਸ੍ਰਿਸ਼ਟੀ ਵਿਚ ਕਵਿਤਾ ਵਸਦੀ, ਕਵਿਤਾ ਰੁਣ ਝੁਣ ਲਾਵੇ,
ਕਵਿਤਾ ਵਸਦੀ ਜੰਗਲ਼, ਬੇਲੇ, ਪਰਬਤ, ਬੀਆਬਾਨ।
ਰੱਬ ਨੇ ਕਵਿਤਾ ਨਾਲ ਸਿਰਜਿਆ ਬ੍ਰਹਿਮੰਡ ਤਾਰਾ ਮੰਡਲ,
ਨਦੀਆਂ, ਨਾਲ਼ੇ, ਧਰਤੀ, ਸੂਰਜ, ਸਾਗਰ ਤੇ ਅਸਮਾਨ।
ਕਵਿਤਾ ਫੁੱਲ ਪੱਤੀਆਂ ਵਿਚ ਵਸਦੀ ਤੇ ਪੌਣਾਂ ਵਿਚ ਮਹਿਕੇ,
ਕਵਿਤਾ ਸੂਖ਼ਮ, ਕਵਿਤਾ ਅਨੂਪਮ, ਕਵਿਤਾ ਹੈ ਗੁਣਵਾਨ।
ਕਵਿਤਾ ਕਣੀਆਂ ਦੀ ਹੈ ਕਿਣ ਮਿਣ, ਚਸ਼ਮੇ ਦੀ ਹੈ ਕਲ੍ਹ ਕਲ੍ਹ,
ਕਵਿਤਾ ਕੰਜ ਕੁਆਰੀ ਦਾ ਹੈ ਅਣਛੋਹਿਆ ਅਰਮਾਨ।
ਕਵਿਤਾ ਸ਼ਾਮ ਦੀ ਮੁਰਲੀ ਵਿਚ ਹੈ, ਮੀਰਾ ਦੀ ਕਰੁਣਾ ਵਿਚ,
ਕਵਿਤਾ ਸੁੰਦਰਮ, ਸੱਤਿਅਮ, ਸ਼ਿਵਮ, ਕਵਿਤਾ ਬ੍ਰਹਮ ਗਿਆਨ।
ਕਵਿਤਾ ਨਾਨਕ ਦੇ ਸ਼ਬਦਾਂ ਵਿਚ, ਵਾਰਿਸ ਦੇ ਬੋਲਾਂ ਵਿਚ,
ਕਵਿਤਾ ਸ਼ਿਵ ਦਾ ਦਰਦ ਤੇ ਕਵਿਤਾ ਗ਼ਾਲਿਬ ਦਾ ਦੀਵਾਨ।
ਕਵਿਤਾ ਇਕ ਬੱਚੇ ਦਾ ਹਾਸਾ, ਉਸ ਦੀ ਇਕ ਕਿੱਲਕਾਰੀ,
ਕਵਿਤਾ ਉਸ ਦੇ ਬੁੱਲ੍ਹੀਂ ਆਈ ਨਿਰਛੱਲ ਜਿਹੀ ਮੁਸਕਾਨ।
ਇਸ਼ਕ 'ਚ ਭਿੱਜਿਆਂ ਦੀ ਹੁੰਦੀ ਹੈ ਕਵਿਤਾ ਇਕ ਸ਼ਨਾਖ਼ਤ,
ਕਵਿਤਾ ਹੁੰਦੀ ਯਾਰ ਦੇ ਦਿਲ ਦੀ ਪਾਕੀਜ਼ਾ ਪਹਿਚਾਣ।
ਕਵਿਤਾ ਯਾਰ ਦਾ ਪਹਿਲਾ ਚੁੰਮਣ, ਪਹਿਲਾ ਉਸ ਦਾ ਸੰਗਣਾਂ,
ਸੱਜਰੇ ਇਸ਼ਕ ਦੀ ਕਵਿਤਾ ਹੁੰਦੀ, ਮਹਿਕਾਂ ਭਰੀ ਜੁæਬਾਨ।
ਕਵਿਤਾ ਤੋਂ ਵੱਧ ਕੋਈ ਨਾ ਹੁੰਦਾ ਦਰਦ ਬਿਆਨਣ ਵਾਲਾ,
ਮਨ ਦੀ ਪੀੜ ਨੂੰ ਕਵਿਤਾ ਤੋਂ ਵੱਧ ਕੋਈ ਨਾ ਕਰੇ ਬਿਆਨ।
ਕਵਿਤਾ ਤੋਂ ਵੱਧ ਕਿਸੇ ਨਾ ਕਰਨਾ ਖ਼ੁਸ਼ੀਆਂ ਦਾ ਇਜ਼ਹਾਰ,
ਕਵਿਤਾ ਰੋਂਦੇ ਨੈਣਾਂ ਦੇ ਵਿਚ ਲੈ ਆਉਂਦੀ ਮੁਸਕਾਨ।
ਕਵਿਤਾ ਹੈ ਇਕ ਕਰਮ ਮੁਸੱਲਸਲ, ਕਵਿਤਾ ਮੁਕਤ ਸਮੇਂ ਤੋਂ,
ਕਵਿਤਾ ਵੇਲੇ ਸ਼ਾਇਰ ਹੁੰਦਾ ਪੂਰਾ ਅੰਤਰ-ਧਿਆਨ।
ਕਵਿਤਾ ਹੈ "ਸਾਥੀ" ਦੀ ਮਹਿਰਮ, ਉਸ ਦੇ ਮਨ ਦੀ ਮਲਿਕਾ
ਕਵਿਤਾ ਉਸਦੇ ਸਾਹੀਂ ਵਸਦੀ, ਕਵਿਤਾ ਯਾਰ ਸਮਾਨ।