ਸੁਪਨੇ ਦਾ ਕਮਾਲ (ਕਹਾਣੀ)

ਕੈਲਾਸ਼ ਚੰਦਰ ਸ਼ਰਮਾ   

Email: kailashchanderdss@gmail.com
Cell: +91 80540 16816
Address: 459,ਡੀ ਬਲਾਕ,ਰਣਜੀਤ ਐਵੀਨਿਊ,
ਅੰਮ੍ਰਿਤਸਰ India
ਕੈਲਾਸ਼ ਚੰਦਰ ਸ਼ਰਮਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਪਿੰਡ ਪਹੁੰਚਦਿਆਂ ਹੀ ਸਭ ਤੋਂ ਪਹਿਲਾਂ ਮੈਂ ਆਪਣੇ ਬਚਪਨ ਦੇ ਦੋਸਤ ਹਰੀਸ਼ ਨੂੰ ਮਿਲਣਾ ਚਾਹਿਆ। ਸਵੇਰੇ ਸਵੱਖਤੇ ਤਿਆਰ ਹੋ ਕੇ ਮੈਂ ਹਰੀਸ਼ ਦੇ ਘਰ ਵੱਲ ਨੂੰ ਚੱਲ ਪਿਆ। ਮੇਰੇ ਦਿਮਾਗ ਵਿੱਚ ਕਾਫੀ ਸਮਾਂ ਪਹਿਲਾਂ ਦੀ ਉਸ ਦੇ ਪਰਿਵਾਰ ਦੀ ਹਾਲਤ ਫਿਲਮੀ ਰੀਲ ਵਾਂਗ ਘੁੰਮ ਰਹੀ ਸੀ। ਸਿਹਤਮੰਦ ਹਰੀਸ਼ ਨੂੰ ਖੁਸ਼ੀ ਵਿੱਚ ਝੂਮਦੇ ਹੋਏ ਬੂਟਿਆਂ ਨੂੰ ਪਾਣੀ ਦਿੰਦੇ ਵੇਖ ਕੇ ਮੈਨੂੰ ਖੁਸ਼ੀ ਦੇ ਨਾਲ- ਨਾਲ ਹੈਰਾਨੀ ਵੀ ਹੋਈ। ਪੂਰੀ ਗਰਮਜੋਸ਼ੀ ਨਾਲ ਉਸ ਨੇ ਮੇਰਾ ਸਵਾਗਤ ਕੀਤਾ ਜਿਵੇਂ ਅੱਜ ਉਸ ਦਾ ਯਾਰ ਨਾ ਹੋ ਕੇ, ਮੈਂ ਕੋਈ ਫਰਿਸ਼ਤਾ ਹੋਵਾਂ। ਖੁਸ਼ੀ ਦੇ ਵਿੱਚ ਮੈਂ ਉਸ ਨੂੰ ਪੁੱਛ ਹੀ ਲਿਆ, "ਇਹ ਸਭ ਠਾਠ-ਬਾਠ ਕਿਸ ਤਰ੍ਹਾਂ"? "ਇਹ ਸਭ ਸੁਪਨੇ ਦਾ ਕਮਾਲ ਈ"। ਉਸ ਨੇ ਵੀ ਖੁਸ਼ ਹੁੰਦਿਆਂ ਜਵਾਬ ਦਿੱਤਾ।"ਸੁਪਨੇ ਦਾ ਕਮਾਲ"! ਮੈਂ ਹੈਰਾਨਗੀ ਨਾਲ ਪੁੱਛਿਆ।"ਸਭ ਕੁਝ ਦੱਸਦਾ ਹਾਂ, ਪਹਿਲਾਂ ਚਾਹ-ਪਾਣੀ ਤਾਂ ਪੀ ਲੈ", ਉਸ ਨੇ ਕਿਹਾ। ਇੰਨੇ ਚਿਰ ਨੂੰ ਉਸ ਦੀ ਪਤਨੀ ਚਾਹ ਲੈ ਆਈ। ਮੈਂ ਚਾਹ ਪੀਣ ਦੇ ਨਾਲ-ਨਾਲ ਉਸ ਦੀ ਪਤਨੀ ਨਾਲ ਗੱਲਾਂ ਵੀ ਕਰ ਰਿਹਾ ਸਾਂ ਪਰ ਸੁਪਨੇ ਵਾਲੀ ਗੱਲ ਮੇਰੇ ਦਿਮਾਗ ਵਿੱਚ ਚੱਲ ਰਹੀ ਸੀ ਤੇ ਉਹ ਜਾਣਨ ਲਈ ਮੇਰੀ ਉਤਸੁਕਤਾ ਵਧ ਰਹੀ ਸੀ। ਚਾਹ ਪੀ ਕੇ ਅਸੀਂ ਦੋਵੇਂ ਬਾਹਰ ਬਗੀਚੇ ਵਿੱਚ ਆ ਗਏ।
                              ਬਗੀਚੇ ਵਿੱਚ ਬੈਠਦਿਆਂ ਹੀ ਉਸ ਨੇ ਕਹਿਣਾ ਸ਼ੁਰੁ ਕੀਤਾ, "ਮੈਂ ਤੇ ਮੇਰੀ ਪਤਨੀ ਆਪਣੀ ਪੂਰੀ ਹਿੰਮਤ ਨਾਲ ਮਿਹਨਤ ਕਰਦੇ। ਘਰ ਦਾ ਗੁਜ਼ਾਰਾ ਵੀ ਠੀਕ ਚੱਲ ਰਿਹਾ ਸੀ। ਜੇਕਰ ਬਹੁਤੀ ਐਸ਼ੋ-ਆਰਾਮ ਵਾਲੀ ਜ਼ਿੰਦਗੀ ਨਹੀਂ ਸੀ ਤਾਂ ਕਮੀ ਵੀ ਕਿਸੇ ਗੱਲ ਦੀ ਨਹੀਂ ਸੀ। ਪਤਾ ਨਹੀਂ ਕਿਸਮਤ ਨੇ ਕੀ ਮੋੜ ਲਿਆ, ਮੇਰੀ  ਕੰਮ ਕਰਨ ਦੀ ਹਿੰਮਤ ਘਟਣੀ ਸ਼ੁਰੂ ਹੋ ਗਈ। ਮੇਰਾ ਸਰੀਰ ਹਰ ਵੇਲੇ ਦੁਖਦਾ ਰਹਿੰਦਾ। ਮੇਰੀ ਦੇਖ ਭਾਲ ਕਰਨ ਲਈ ਮੇਰੀ ਪਤਨੀ ਨੂੰ ਵੀ ਕਈ ਵਾਰ ਘਰ ਰਹਿਣਾ ਪੈਂਦਾ। ਇੱਥੋਂ ਸਾਡੇ ਮਾੜੇ ਦਿਨਾਂ ਦੀ ਸ਼ੁਰੂਆਤ ਹੋਈ ਤੇ ਅਸੀਂ ਪੈ ਗਏ ਡਾਕਟਰਾਂ ਦੇ ਵੱਸ। ਡਾਕਟਰਾਂ ਨੇ ਟੈਸਟ ਕਰਵਾਈ ਜਾਣੇ, ਦਵਾਈਆਂ ਬਦਲੀ ਜਾਣੀਆਂ, ਪਰ ਸਭ ਕੁਝ ਬੇਅਸਰ। ਉਨ੍ਹਾਂ ਦੇ ਅਨੁਸਾਰ ਮੈਨੂੰ ਕੋਈ ਬਿਮਾਰੀ ਨਹੀਂ ਸੀ, ਪਰ ਸੱਚ ਜਾਣੀ, ਹਿੰਮਤ ਮੇਰੇ ਵਿੱਚੋਂ ਖਤਮ ਹੋ ਗਈ ਸੀ। ਜਿਨ੍ਹਾਂ ਸੱਜਣਾਂ ਨੇ ਪਤਾ ਲੈਣ ਲਈ ਆਉਣਾ, ਨਵੀਂ ਤੋਂ ਨਵੀਂ ਸਲਾਹ ਦੇ ਜਾਣੀ। ਕਿਸੇ ਨੇ ਪੰਡਿਤਾਂ ਕੋਲ ਜਾਣ ਲਈ ਕਹਿ ਦੇਣਾ ਤੇ ਕਿਸੇ ਨੇ ਮੰਦਰਾਂ-ਗੁਰੂਦਵਾਰਿਆਂ ਵਿੱਚ। ਕਈਆਂ ਨੇ ਤਾਂ ਇੱਥੋਂ ਤੱਕ ਵੀ ਕਹਿ ਦਿੱਤਾ ਕਿ ਮੇਰੇ 'ਤੇ ਕਿਸੇ ਬਾਹਰੀ ਛਾਇਆ ਦਾ ਅਸਰ ਹੈ। ਤੈਨੂੰ ਪਤਾ ਹੈ ਕਿ ਮੈਂ ਇਨ੍ਹਾਂ ਸਭ ਗੱਲਾਂ 'ਚ ਵਿਸ਼ਵਾਸ ਨਹੀਂ ਸੀ ਕਰਦਾ, ਪਰ ਕਹਿੰਦੇ ਨੇ, ਮਰਦਾ ਕੀ ਨਾ ਕਰਦਾ। ਆਖਰਕਾਰ ਨਾ ਚਾਹੁੰਦੇ ਹੋਏ ਵੀ ਮੈਂ ਉਨ੍ਹਾਂ ਦੇ ਜਾਲ ਵਿੱਚ ਫਸ ਗਿਆ ਪਰ ਸਭ ਬੇਅਸਰ। ਜੋ ਥੋੜ੍ਹਾ ਬਹੁਤ ਬਚਿਆ ਸੀ ਉਹ ਵੀ ਸਭ ਖਤਮ ਹੋ ਗਿਆ।
                      ਸਾਰੇ ਪਾਸਿਆਂ ਤੋਂ ਹਾਰ-ਹੰਭ ਕੇ ਹੁਣ ਜਦੋਂ ਅਸੀਂ ਇਕੱਠੇ ਬੈਠਦੇ ਤਾਂ ਆਪਣੀ ਇਸ ਹਾਲਤ ਲਈ ਕਿਸਮਤ ਨੂੰ ਕੋਸਣ ਤੋਂ ਬਿਨਾਂ ਸਾਨੂੰ ਕੋਈ ਵੀ ਗੱਲ ਨਾ ਅਹੁੜਦੀ। ਕਈ ਵਾਰ ਤਾਂ ਰੱਬ ਨੂੰ ਵੀ ਦੋਸ਼ ਦਿੰਦੇ ਕਿ ਉਸ ਨੇ ਸਾਡੇ ਨਾਲ ਬੇਇਨਸਾਫੀ ਕਰ ਕੇ ਚੰਗਾ ਨਹੀਂ ਕੀਤਾ। ਤੈਨੂੰ ਪਤਾ ਹੀ ਹੈ ਕਿ ਅਸੀਂ ਕਦੇ ਵੀ ਨਾ ਤਾਂ ਕਿਸੇ ਦਾ ਮਾੜਾ ਸੋਚਿਆ ਤੇ ਨਾ ਹੀ ਮਾੜਾ ਕੀਤਾ। ਆਪਣੀ ਹਿੰਮਤ ਅਨੁਸਾਰ ਜਿੰਨੀ ਕਿਸੇ ਦੀ ਮਦਦ ਕਰ ਸਕਦੇ, ਜ਼ਰੁਰ ਕੀਤੀ।
                             ਇੱਕ ਦਿਨ ਰਾਤ ਨੂੰ ਸੁੱਤੇ ਹੋਏ ਮੈਨੂੰ ਲੱਗਾ ਜਿਵੇਂ ਰੱਬ ਮੇਰੇ ਸਾਹਮਣੇ ਖੜਾ ਮੈਨੂੰ ਕਹਿ ਰਿਹਾ ਸੀ, "ਐਵੇਂ ਸਾਰਾ ਦਿਨ ਮੈਨੂੰ ਹੀ ਕੋਸਦੇ ਰਹਿੰਦੇ ਹੋ, ਮੈਂ ਤਾਂ ਤੁਹਾਨੂੰ ਦੂਸਰਿਆਂ ਵਾਂਗ ਸਭ ਕੁਝ ਦਿੱਤਾ ਹੈ"।"ਕੀ ਦਿੱਤਾ ਹੈ? ਚੰਗੇ ਭਲੇ ਜ਼ਿੰਦਗੀ ਜਿਊਣ ਡਹੇ ਸਾਂ, ਹੁਣ ਤਾਂ ਰੋਟੀ ਤੋਂ ਵੀ ਆਤਰ ਹੋ ਗਏ ਹਾਂ", ਮੈਂ ਜਵਾਬ ਦਿੱਤਾ।"ਜੇਕਰ ਅਜਿਹੀ ਗੱਲ ਹੈ ਤਾਂ ਚੱਲ ਉੱਠ, ਮੈਂ ਤੁਹਾਡੀ ਇਸ ਗੱਲ ਦਾ ਨਿਪਟਾਰਾ ਵੀ ਕਰ ਦਿੰਦਾ ਹਾਂ"। ਮੈਂ ਇੱਕਦਮ ਤਿਆਰ ਹੋ ਗਿਆ। ਰੱਬ ਨੇ ਇਕ ਸਾਦੇ ਆਦਮੀ ਦਾ ਭੇਸ ਧਾਰਨ ਕਰ ਲਿਆ। ਅਸੀਂ ਬਾਹਰ ਇੱਕ ਬਾਗ ਵਿੱਚ ਆ ਗਏ। ਅੱਸੀ ਕੁ ਸਾਲ ਦਾ ਬਜ਼ੁਰਗ ਜੋ ਸੈਰ ਕਰ ਰਿਹਾ ਸੀ ਨੂੰ ਰੱਬ ਨੇ ਕਿਹਾ, "ਰੱਬ ਨੇ ਤੁਹਾਡੇ ਨਾਲ ਚੰਗੀ ਨਹੀਂ ਕੀਤੀ, ਤੁਹਾਡੇ ਵਰਗੇ ਨੇਕ ਬੰਦੇ ਨੂੰ ਵੀ ਬਿਮਾਰੀਆਂ ਦੇ ਜਾਲ ਵਿੱਚ ਫਸਾ ਦਿੱਤਾ ਹੈ"। "ਇਸ ਵਿੱਚ ਰੱਬ ਦਾ ਤਾਂ ਕੋਈ ਦੋਸ਼ ਨਹੀਂ, ਮੈਂ ਤਾਂ ਆਪਣੇ ਕਰਮਾਂ ਦਾ ਫਲ ਭੋਗ ਰਿਹਾ ਹਾਂ। ਰੱਬ ਤਾਂ ਸਗੋਂ ਮੇਰੇ 'ਤੇ ਮਿਹਰਬਾਨ ਹੈ ਜਿਸ ਨੇ ਇਸ ਉਮਰ ਵਿੱਚ ਵੀ ਮੈਨੂੰ ਚੱਲਣ-ਫਿਰਣ ਦੀ ਹਿੰਮਤ ਦਿੱਤੀ ਹੈ", ਬਜ਼ੁਰਗ ਨੇ ਕਿਹਾ। ਰੱਬ ਨੇ  ਮੇਰੇ ਵੱਲ ਵੇਖਦਿਆਂ ਦੱਸਿਆ ਕਿ ਇਹ ਪਿਛਲੇ ਪੰਦਰਾਂ ਸਾਲਾਂ ਤੋਂ ਕੈਂਸਰ ਨਾਲ ਪੀੜਿਤ ਹੈ, ਫਿਰ ਵੀ ਆਪਣੀ ਹਿੰਮਤ ਤੇ ਦ੍ਰਿੜ੍ਹ ਇਰਾਦੇ ਨਾਲ ਜ਼ਿੰਦਗੀ ਗੁਜ਼ਾਰ ਰਿਹਾ ਹੈ, ਪਰ ਉਸ ਨੂੰ ਮੇਰੇ 'ਤੇ ਕੋਈ ਗਿਲ੍ਹਾ ਨਹੀਂ"। 
                          ਇਸ ਤੋਂ ਬਾਅਦ ਅਸੀਂ ਇੱਕ ਖੇਤ ਵਿੱਚ ਗਏ ਜਿੱਥੇ ਇੱਕ ਵਿਅਕਤੀ ਕੁਰਸੀ 'ਤੇ ਬੈਠਾ ਆਪਣੇ   ਸਾਥੀਆਂ ਨੂੰ ਕੰਮ ਸਮਝਾਉਂਦੇ ਹੋਏ, ਆਪਣੀ ਲਹਿਰਾਉਂਦੀ ਫਸਲ ਨੂੰ ਵੇਖ ਕੇ ਖੁਸ਼ ਹੋ ਰਿਹਾ ਸੀ। ਰੱਬ ਨੇ ਮੈਨੂੰ ਵਿਖਾਇਆ ਕਿ ਉਸ ਦੀਆਂ ਦੋਵੇਂ ਲੱਤਾਂ ਕੱਟੀਆਂ ਹੋਈਆਂ ਹਨ ਪਰ ਉਹ ਰੱਬ ਨਾਲ ਨਰਾਜ਼ ਨਹੀੰ ਹੈ।
                         ਫਿਰ ਅਸੀਂ ਇੱਕ ਬੈਂਕ 'ਚ ਗਏ ਜਿੱਥੇ ਇੱਕ ਵਿਅਕਤੀ ਜਿਸ ਦੇ ਦੋਵੇਂ ਹੱਥ ਕੱਟੇ ਹੋਏ ਸਨ ਪਰ                                                                                                            
ਉਹ ਹੱਥਾਂ ਤੋਂ ਬਿਨਾਂ ਬਾਹਵਾਂ ਵਿੱਚ ਪੈਨ ਨੂੰ ਅੜਾ ਕੇ ਕੰਮ ਕਰ ਰਿਹਾ ਸੀ। ਉਸ ਦੇ ਚਿਹਰੇ 'ਤੇ ਕਿਸੇ ਕਿਸਮ ਦੀ ਕੋਈ ਸ਼ਿਕਨ ਨਹੀਂ ਸੀ। 
                       ਅਸੀਂ ਇਕ ਘਰ ਦੇ ਅੱਗਿਓਂ ਦੀ ਲੰਘੇ। ਵਿਹੜੇ ਵਿੱਚ ਬੈਠੇ ਪਤੀ- ਪਤਨੀ ਆਪਸ ਵਿੱਚ ਮਜ਼ਾਕ ਕਰ ਕੇ ਖੁਸ਼ ਹੋ ਰਹੇ ਸਨ। ਰੱਬ ਨੇ ਦੱਸਿਆ ਕਿ ਆਦਮੀ ਦੇ ਦੋਵੇਂ ਗੁਰਦੇ ਕੰਮ ਕਰਨਾ ਬੰਦ ਕਰ ਗਏ ਸਨ। ਔਰਤ ਨੇ ਆਪਣਾ ਇੱਕ ਗੁਰਦਾ ਦੇ ਕੇ ਪਤੀ ਦੀ ਜ਼ਿੰਦਗੀ ਬਚਾਈ। ਦੋਵੇਂ ਖੁਸ਼ ਹਨ ਪਰ ਰੱਬ 'ਤੇ ਕਿਸੇ ਤਰ੍ਹਾਂ ਦਾ ਕੋਈ ਗਿਲ੍ਹਾ ਨਹੀਂ ਕਰਦੇ।
                       ਇਸ ਤੋਂ ਬਾਅਦ ਅਸੀਂ ਇੱਕ ਸਕੂਲ ਵਿੱਚ ਗਏ। ਇੱਕ ਲੜਕਾ ਜਿਸ ਦੀਆਂ ਦੋਵੇਂ ਬਾਹਵਾਂ ਕੱਟੀਆਂ ਹੋਈਆਂ ਸਨ, ਆਪਣੇ ਪੈਰਾਂ ਨਾਲ ਲਿਖਣ ਦੀ ਕੋਸ਼ਿਸ਼ ਕਰ ਰਿਹਾ ਸੀ। ਵਾਪਸ ਆਉਂਦਿਆਂ ਰੱਬ ਨੇ ਮੈਨੂੰ ਕਿਹਾ, "ਜਿੰਨੇ ਵੀ ਆਦਮੀ ਤੂੰ ਵੇਖੇ ਹਨ, ਸਾਰੇ ਆਪਣੇ ਪਿਛਲੇ ਕਰਮਾਂ ਦਾ ਫਲ਼ ਭੋਗ ਰਹੇ ਹਨ। ਇੰਨ੍ਹਾਂ ਨੂੰ ਇਸ ਤੋਂ ਮੁਕਤ ਕਰਨਾ ਕਿਸੇ ਦੇ ਵੀ ਵੱਸ ਨਹੀਂ। ਇਸ ਦੇ ਬਾਵਜੂਦ ਕੋਈ ਵੀ ਰੱਬ ਨੂੰ ਨਹੀਂ ਕੋਸਦਾ। ਸਾਰੇ ਖੁਸ਼ੀ- ਖੁਸ਼ੀ ਆਪਣਾ ਕਰਮ ਕਰ ਰਹੇ ਹਨ। ਤੇਰੇ ਤਾਂ ਸਰੀਰ ਦੇ ਸਾਰੇ ਅੰਗ ਰਿਸ਼ਟ-ਪੁਸ਼ਟ ਹਨ। ਛੋਟੀ ਜਿਹੀ ਮੁਸ਼ਕਲ ਕੀ ਆ ਗਈ, ਡਰਪੋਕਾਂ ਵਾਂਗ ਉਸ ਦਾ ਮੁਕਾਬਲਾ ਕਰਨ ਦੀ ਥਾਂ ਤੂੰ ਹਾਰ ਮੰਨ ਕੇ ਮੈਨੂੰ ਹੀ ਕੋਸਣ ਲੱਗ ਪਿਆ। ਮੈਂ ਕੇਵਲ ਉਨ੍ਹਾਂ ਲੋਕਾਂ ਦੀ ਮੁਸੀਬਤ ਵਿੱਚ ਮਦਦ ਕਰਦਾ ਹਾਂ ਜੋ ਆਪ ਵੀ ਹਿੰਮਤ ਕਰਦੇ ਹਨ, ਦੂਸਰਿਆਂ ਦੀ ਨਹੀਂ। ਇਹ ਕਹਿੰਦਿਆਂ ਹੀ ਉਹ ਅਲੋਪ ਹੋ ਗਏ।
                       ਮੈਂ ਹਿੰਮਤ ਕਰ ਕੇ aੁੱਠਣ ਦੀ ਕੋਸ਼ਿਸ਼ ਕਰਨ ਲੱਗਾ ਕਿ ਮੰਜੇ ਤੋਂ ਹੇਠਾਂ ਡਿੱਗ ਪਿਆ। ਮੇਰੀ ਚੀਕ ਨਿਕਲ ਗਈ। ਮੇਰੀ ਪਤਨੀ ਇੱਕਦਮ ਉੱਠ ਕੇ ਬੈਠ ਗਈ ਤੇ ਮੈਨੂੰ ਡਿੱਗਿਆ ਵੇਖ ਕੇ ਘਬਰਾ ਗਈ। ਮੈਂ ਮੰਜੇ 'ਤੇ ਬੈਠਦਿਆਂ ਹੀ ਉਸ ਨੂੰ ਸੁਪਨਾ ਸੁਣਾ ਦਿੱਤਾ। ਮੈਨੂੰ ਮਹਿਸੂਸ ਹੋ ਰਿਹਾ ਸੀ ਜਿਵੇਂ ਮੇਰੇ ਵਿੱਚ ਕੁਝ ਤਾਕਤ ਆ ਗਈ ਹੋਵੇ। ਮੈਂ aੁੱਠਿਆ ਤੇ ਸੈਰ ਜਾਣ ਲਈ ਤਿਆਰ ਹੋ ਗਿਆ। ਵਾਪਸ ਆਉਂਦਿਆਂ ਮੈਨੂੰ ਲੱਗਾ ਜਿਵੇਂ ਮੈਂ ਠੀਕ ਹੋ ਗਿਆ ਹੋਵਾਂ। ਤਿਆਰ ਹੋ ਕੇ ਮੈਂ ਕੰਮ 'ਤੇ ਚਲਾ ਗਿਆ। ਬੱਸ, ਹੌਲ਼ੀ-ਹੌਲੀ ਇਹ ਸਭ ਠਾਠ-ਬਾਠ ਉਸੇ ਸੁਪਨੇ ਦਾ ਹੀ ਕਮਾਲ ਹੈ"। ਇੰਨੇ ਚਿਰ ਨੂੰ ਉਸ ਦੀ ਪਤਨੀ ਨੇ ਨਾਸ਼ਤੇ ਲਈ ਆਵਾਜ਼ ਮਾਰ ਲਈ।
                        ਨਾਸ਼ਤੇ ਤੋਂ ਬਾਅਦ ਮੈਂ ਘਰ ਲਈ ਚੱਲ ਪਿਆ। ਰਸਤੇ ਵਿੱਚ ਆਉਂਦਾ ਮੈਂ ਸੋਚ ਰਿਹਾ ਸੀ ਕਿ ਮਨੁੱਖ ਵੀ ਕਿੰਨਾ ਖੁਦਗਰਜ਼ ਹੈ ਕਿ ਉਲਟ ਹਾਲਾਤਾਂ ਵਿੱਚ ਦਲੇਰੀ ਨਾਲ ਮੁਕਾਬਲਾ ਕਰਨ ਦੀ ਥਾਂ ਉਸੇ ਨੂੰ ਹੀ ਦੋਸ਼ੀ ਠਹਿਰਾਉਣ ਲੱਗ ਪੈਂਦਾ ਹੈ ਜਿਸ ਨੇ ਇੰਨੀਆਂ ਨੇਹਮਤਾਂ ਬਖਸ਼ੀਆਂ ਹਨ। ਜੇਕਰ ਅਸੀਂ ਮੁਸ਼ਕਲ ਹਾਲਾਤਾਂ ਵਿੱਚ ਦਲੇਰੀ ਅਤੇ ਦ੍ਰਿੜ੍ਹਤਾ ਨਾਲ ਮੁਕਾਬਲਾ ਕਰਦੇ ਹੋਏ ਜ਼ਿੰਦਗੀ ਹੰਢਾਉਣ ਦੀ ਕੋਸ਼ਿਸ਼ ਕਰੀਏ ਤਾਂ ਅਸੀਂ ਫੁੱਲਾਂ ਵਾਂਗ ਮਹਿਕਾਂ ਵੰਡਦੀ ਜ਼ਿੰਦਗੀ ਦਾ ਮਜ਼ਾ ਲੈ ਸਕਦੇ ਹਾਂ।