ਉੜਾ - ਆੜਾ (ਕਵਿਤਾ)

ਪ੍ਰਵੀਨ ਸ਼ਰਮਾ   

Email: er.parveen2008@gmail.com
Cell: +91 94161 68044
Address: ਰਾਉਕੇ ਕਲਾਂ, ਏਲਨਾਬਾਦ
ਸਿਰਸਾ India
ਪ੍ਰਵੀਨ ਸ਼ਰਮਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ

ਅੱਜ ਝੋਲੇ ਚੋਂ ਪੁਰਾਣੀ ਇੱਕ ਫੋਟੋ ਹੈ ਥਿਆਈ
ਫੋਟੋ ਵੇਖ ਬਚਪਨ ਦੀ ਹੈ ਮਿੱਠੀ ਯਾਦ ਆਈ ,
ਉਹ ਵੇਲਾ ਚੰਗਾ ਸੀ ਨਾ ਅੱਜ ਵਾਗੂੰ ਮਾੜਾ ਸੀ 
ਜਦੋਂ ਫੱਟੀ ਤੇ ਲਿਖਾਉਂਦੇ ਹੁੰਦੇ ਉੜਾ-ਆੜਾ ਸੀ ।

ਘਰੋਂ ਬੋਰੀ ਦਾ ਬਣਾ ਕੇ ਬੇਬੇ ਦੇਣਾ ਝੋਲਾ ਜੀ 
ਉਦੋਂ ਹੁੰਦਾ ਸੀ ਹਰੇਕ ਹੀ ਨਿਆਣਾ ਭੋਲਾ ਜੀ ,
ਨਹੀਂ ਕਰਦੇ  ਜਵਾਕ  ਪੈਸੇ ਦਾ  ਉਜਾੜਾ ਸੀ 
ਜਦੋਂ ਫੱਟੀ ਤੇ ਲਿਖਾਉਂਦੇ ਹੁੰਦੇ ਉੜਾ-ਆੜਾ ਸੀ ।

ਜਾਣਾਂ ਤੁਰ ਕੇ  ਸਕੂਲੇ ਰੱਲ ਸਾਰੇ ਆੜੀਆਂ 
ਦੋ ਪੋਣੇ ਚ ਪਰੌਂਠੇ ਆਚਾਰ ਦੀਆਂ ਫਾੜੀਆਂ ,
ਨਾ ਲੱਗਦਾ ਸਕੂਲੀ ਵੈਨਾਂ ਦੀ ਹੀ ਭਾੜਾ ਸੀ 
ਜਦੋਂ ਫੱਟੀ ਤੇ ਲਿਖਾਉਂਦੇ ਹੁੰਦੇ ਉੜਾ-ਆੜਾ ਸੀ ।

ਪੰਜੀਂ ਦੱਸੀਆਂ ਦਾ ਦੌਰ ਭਰ ਦਿੰਦਾ ਝੋਲੀਆਂ
ਖਾਣੇ ਰੱਜਕੇ  ਮਰੁੰਡੇ  ਨਾਲੇ ਅੰਡਾ ਗੋਲੀਆਂ , 
ਨਾ ਸਾਰਾ ਦਿਨ ਰਹਿੰਦਾ ਚੱਲਦਾ ਜਬਾੜਾ ਸੀ 
ਜਦੋਂ ਫੱਟੀ ਤੇ ਲਿਖਾਉਂਦੇ ਹੁੰਦੇ ਉੜਾ-ਆੜਾ ਸੀ ।

ਟਾਟ, ਦਰੀਆਂ  ਤੇ  ਬੈਠਣਾ ਅਨੋਖੀ ਬਾਤ ਸੀ 
ਨਿੰਮ, ਟਾਹਲੀਆਂ ਦੇ ਹੇਠਾਂ ਲੱਗਦੀ ਜਮਾਤ ਸੀ ,
ਹੇਕਾਂ ਲਾ-ਲਾ ਗਾਉਂਦੇ ਦੂਣੀ ਦਾ ਪਹਾੜਾ ਸੀ 
ਜਦੋਂ ਫੱਟੀ ਤੇ ਲਿਖਾਉਂਦੇ ਹੁੰਦੇ ਉੜਾ-ਆੜਾ ਸੀ ।

ਪੂਰਾ ਜੋਰ ਲਾਕੇ ਸੋਹਣਾ ਕਾਨਿਆਂ ਨੂੰ ਕੱਢਣਾ
ਕਾਇਦੇਆਂ ਚੋ'  ਉੱਚੀ - ਉੱਚੀ  ਬੋਲ ਪੜ੍ਹਨਾ , 
ਨਾ ਯਾਦ ਕਰਨੇ ਤੇ ਪਾਠ ਫੇਰ ਪੈਂਦਾ ਤਾੜਾ ਸੀ 
ਜਦੋਂ ਫੱਟੀ ਤੇ ਲਿਖਾਉਂਦੇ ਹੁੰਦੇ ਉੜਾ-ਆੜਾ ਸੀ ।

ਸਾਨੂੰ ਸਾਇੰਸ ਸੀ ਪੜ੍ਹਾਉਂਦੇ ਹੁੰਦੇ ਸਿੰਘ ਮੇਵਾ ਜੀ
ਦੁੱਧ ,  ਲੱਸੀਆਂ ਦੇ ਨਾਲ  ਕਰਵਾਉਂਦੇ ਸੇਵਾ ਜੀ ,
ਏ ਕਈਆਂ ਲਈ ਤਾਂ ਪਾਸ ਹੋਣ ਦਾ ਜੁਗਾੜਾ ਸੀ 
ਜਦੋਂ ਫੱਟੀ ਤੇ ਲਿਖਾਉਂਦੇ ਹੁੰਦੇ ਉੜਾ-ਆੜਾ ਸੀ ।

ਮੇਰੀ ਸੁੰਦਰ ਲਿਖਾਈ ਇਉਂ ਅੱਖਰ ਛਾਪਦਾ
ਕੱਲ੍ਹਾ-ਕੱਲ੍ਹਾ ਸੀ ਅੱਖਰ ਵਾਂਗ ਮੋਤੀ ਜਾਪਦਾ ,
ਮੇਰੀ ਸਿਆਹੀ ਦਾ ਕਲਰ ਹੁੰਦਾ ਪੂਰਾ ਗਾੜ੍ਹਾ ਸੀ 
ਜਦੋਂ ਫੱਟੀ ਤੇ ਲਿਖਾਉਂਦੇ ਹੁੰਦੇ ਉੜਾ-ਆੜਾ ਸੀ ।

ਪੂਰੀ ਛੁੱਟੀ ਹੋਣ ਤੇ ਨਾ ਸਿੱਧਾ ਘਰੇ ਆਉਂਦੇ ਸੀ
ਜਾ ਕੇ  ਟੋਭੇ ਉੱਤੇ ਪੋਚ  ਫੱਟੀ ਨੂੰ ਸੁਕਾਉਂਦੇ ਸੀ ,
ਏਸੇ 'ਸ਼ਰਮੇ' ਦਾ ਚੰਗਾ ਲੰਘਦਾ ਦਿਹਾੜਾ ਸੀ 
ਜਦੋਂ ਫੱਟੀ ਤੇ ਲਿਖਾਉਂਦੇ ਹੁੰਦੇ ਉੜਾ-ਆੜਾ ਸੀ ।

ਜੋ ਖੁਸ਼ ਹੋ ਕੇ ਜਾਂਦਾ ਉਹਨੂੰ ਹੀ ਸਕੂਲੇ ਘੱਲ ਦੇ
ਜਿਹਨੇ ਪੜ੍ਹਨਾ ਨੀ  ਉਹਨੂੰ ਖੇਤਾਂ  ਨੂੰ ਦਬੱਲਦੇ ,
ਨਾ ਕੱਢਦੇ  ਸੀ ਮਾਪੇ  ਉਦੋਂ  ਬਹੁਤਾ ਹਾੜਾ ਸੀ 
ਜਦੋਂ ਫੱਟੀ ਤੇ ਲਿਖਾਉਂਦੇ ਹੁੰਦੇ ਉੜਾ-ਆੜਾ ਸੀ ।

ਹੁਣ ਬਸਤੇ ਨੇ ਭਾਰੇ ਔਖੀਆਂ ਪੜ੍ਹਾਇਆ ਨੇ 
ਲੱਗੀ ਮੈਰਿਟ ਦੀ ਜੰਗ ਲੜਦੇ ਲੜਾਈਆਂ ਨੇ ,
ਨਾ ਕਿਸੇ  ਦੀ ਪੁਜੀਸ਼ਨ  ਦਾ ਹੁੰਦਾ ਸਾੜਾ ਸੀ 
ਜਦੋਂ ਫੱਟੀ ਤੇ ਲਿਖਾਉਂਦੇ ਹੁੰਦੇ ਉੜਾ ਆੜਾ ਸੀ ।

ਬਣੋ  ਚੰਗੇ ਇਨਸਾਨ ਲੈਕੇ ਚੰਗੀ  ਸਿੱਖਿਆ 
ਚੇਤੇ  ਰੱਖਿਓ  "ਲੱਕੜਹਾਰੇ"  ਦੀ  ਪ੍ਰੀਖਿਆ , 
ਸੱਚ ਬੋਲ ਲੈ ਗਿਆ ਤਿੰਨੇ ਲੋਹੇ ਦਾ ਕੁਹਾੜਾ ਸੀ 
ਜਦੋਂ ਫੱਟੀ ਤੇ ਲਿਖਾਉਂਦੇ ਹੁੰਦੇ ਉੜਾ-ਆੜਾ ਸੀ ।।