ਤੇਜਵੰਤ ਸੋਚਦਾ ਕਿ ਜ਼ਿੰਦਗ਼ੀ ਵੀ ਵਹਿੰਦੇ ਪਾਣੀ ਵਾਂਗੂੰ ਹੀ ਲੈਣੀ ਚਾਹੀਦੀ ਹੈ। ਵਹਿੰਦੇ ਪਾਣੀ ਨਿਰਮਲ ਰਹਿੰਦੇ ਹਨ। ਖੜੋਤ ਗੰਧ ਪੈਦਾ ਕਰਦੀ ਹੈ। ਜ਼ਿੰਦਗੀ ਵਿਚ ਦੋਸਤੀਆਂ ਅਤੇ ਵਾਕਫੀਅਤਾਂ ਇਹਨੂੰ ਬਰਕਰਾਰ ਅਤੇ ਜ਼ਿੰਦਾ ਰਖਦੀਆਂ ਹਨ। ਕਈ ਦੋਸਤੀਆਂ ਚਿਰਜੀਵੀਆਂ ਹੁੰਦੀਆਂ ਹਨ ਤੇ ਸੁਆਸਾਂ ਨਾਲ ਨਿਭਦੀਆਂ ਹਨ। ਕਈ ਪੁਲ਼ਾਂ ਵਰਗੀਆਂ ਹੁੰਦੀਆਂ ਹਨ। ਉਤੋਂ ਦੀ ਲੰਘ ਲਿਆ ਤੇ ਅਗਲੇ ਪੁਲ ਤੀਕ ਅਪੜਨ ਤੀਕ ਯਾਦ ਰੱਖਿਆ ਤੇ ਫਿਰ ਭੁੱਲ ਭੁਲਾ ਗਏ। ਕਈ ਲੋਕ ਕਿਧਰੇ ਮਿਲਦੇ ਹਨ। ਮੁੜ ਮਿਲਣ ਦਾ ਵਾਅਦਾ ਕਰਦੇ ਹਨ ਪਰ ਇਹ ਕੌਲ ਪੁਗਾਉਂਦੇ ਨਹੀਂ-ਭੁੱਲ ਭੁਲਾ ਜਾਂਦੇ ਹਨ। ਕਈ ਲੋਕ ਦੋ ਚਾਰ ਵਾਰ ਮਿਲਦੇ ਹਨ। ਤਬਾਦਲਾ-ਏ-ਖ਼ਿਆਲ ਕਰਦੇ ਹਨ। ਫਿਰ ਨਹੀਂ ਮਿਲਦੇ ਕਦੇ। ਸਾਡੀਆਂ ਕਈ ਕਮਜ਼ੋਰੀਆਂ ਉਨ੍ਹਾਂ ਨੂੰ ਚੰਗੀਆਂ ਨਹੀਂਂ ਲਗਦੀਆਂ ਹੋਣਗੀਆਂ। ਕਈ ਸਾਨੂੰ ਉਨ੍ਹਾਂ ਦੀਆਂ ਨਹੀਂ ਭਾਉਂਦੀਆਂ ਹੁੰਦੀਆਂ। ਸੋ ਇਸੇ ਤਰ੍ਹਾਂ ਦਰਿਆ ਦੇ ਵਹਿੰਦੇ ਪਾਣੀ ਵਾਂਗ ਜ਼ਿੰਦਗ਼ੀ ਟੁਰਦੀ ਰਹਿੰਦੀ ਹੈ।
ਤੇਜਵੰਤ ਵੀ ਖ਼ਿਆਲ ਰਖ਼ਦਾ ਕਿ ਜ਼ਿੰਦਗ਼ੀ ਵਿਚ ਕਦੇ ਖੜੋਤ ਨਾ ਆਵੇ। ਉਹ ਮਿਲਣ ਸਾਰ ਸੀ। ਗਾਲੜੀ ਵੀ ਸੀ ਤੇ ਸਿਆਣੇ ਵਿਚਾਰ ਰਖਦਾ ਸੀ। ਓਪਰਿਆਂ ਨੂੰ ਇਕਦਮ ਆਪਣੇ ਵਲ ਖਿੱਚਣ ਦੀ ਸ਼ਕਤੀ ਸੀ ਉਸ ਵਿਚ। ਉਸ ਦੀ ਅੱਖ ਵਿਚ ਇਕ ਤਲਿੱਸਮੀ ਖਿੱਚ ਸੀ। ਉਹ ਗੱਲਾਂ ਦਾ ਤਾਂ ਬਾਦਸ਼ਾਹ ਹੀ ਦੇਖਣ ਪਰਖਣ ਨੂੰ ਵੀ ਵਾਹਵਾ ਸੀ। ਕੁੜੀਆਂ ਤੇ ਤੀਵੀਆਂ ਲਈ ਚੁੰਬਕ ਦੀ ਨਿਆਈਂ ਸੀ ਉਹ। ਉਸ ਦੀ ਬੀਵੀ ਨੂੰ ਕਈ ਜਣੀਆਂ ਕਹਿ ਵੀ ਦਿੰਦੀਆਂ," ਆਪਣੇ ਬੰਦੇ ਦਾ ਖ਼ਿਆਲ ਰੱਖਿਆ ਕਰ ਭੈਣੇ।" ਤੇਜਵੰਤ ਲਤੀਫਿਆਂ ਦਾ ਸ਼ਹਿਨਸ਼ਾਹ ਸੀ। ਦੋਸਤੀਆਂ ਗੰਢਣ ਅਤੇ ਵਾਕਫੀਅਤਾਂ ਪੈਦਾ ਕਰਨ ਵਿਚ ਮਾਹਰ। ਸਿਆਸਤ ਤੋਂ ਲੈਕੇ ਸਮਾਜਕ ਵਰਤਾਰਿਆਂ ਤੱਕ ਦਾ ਇਲਮ ਸੀ ਉਸ ਨੂੰ।
ਕੁਝ ਇਸੇ ਤਰ੍ਹਾਂ ਦੇ ਮਾਹੌਲ ਵਿਚ ਉਸ ਦੀ ਦੋਸਤੀ ਇਕ ਜੋੜੇ ਨਾਲ ਹੋ ਗਈ। ਇਹ ਲੰਡਨ ਦੀ ਇਕ ਪਾਰਟੀ ਵੇਲੇ ਹੋਇਆ। ਗੱਲਾਂ ਬਾਤਾਂ ਹੋਈਆਂ। ਗੱਪ ਛੱਪ ਚੱਲੀ। ਕਈਆਂ ਵਿਸ਼ਿਆਂ 'ਤੇ ਵਿਚਾਰ ਵਟਾਂਦਰਾ ਹੋਇਆ। ਕਈਆਂ ਦੋਸਤਾਂ ਦੇ ਉਹ ਵਾਕਫ ਨਿਕਲ ਆਏ। ਕੁਝ ਵਤਨ ਦੀਆਂ ਵਾਕਫੀਅਤਾਂ ਨਿਕਲ ਆਈਆਂ। ਕੁਝ ਐਥੋਂ ਦੀਆਂ ਗੱਲਾਂ ਸਾਂਝੀਆਂ ਹੋ ਗਈਆਂ। ਕੁਝ ਦਿਲਚਸਪੀਆਂ ਦੀ ਸਾਂਝ ਨਿਕਲ ਆਈ। ਉਹ ਚੰਗੇ ਦੋਸਤ ਬਣ ਗਏ। ਜਦੋਂ ਤੇਜਵੰਤ ਅਤੇ ਉਸਦੀ ਬੀਵੀ ਉਸ ਪਹਿਲੀ ਪਾਰਟੀ ਤੋਂ ਬਾਅਦ ਵਿੱਛੜੇ ਤਾਂ ਦੋਬਾਰਾ ਮਿਲਣ ਦਾ ਕੌਲ ਕਰਕੇ ਹੀ ਵਿਛੜੇ। ਇਕ ਦੋ ਵੇਰ ਉਨ੍ਹਾਂ ਦੇ ਬੱਚੇ ਤੇਜਵੰਤ ਹੁਰਾਂ ਦੇ ਘਰ ਆਏ। ਤੇ ਦੋ ਕੁ ਵੇਰ ਤੇਜਵੰਤ, ਉਸਦੀ ਬੀਵੀ ਅਤੇ ਬੱਚੇ ਵੀ ਉਨ੍ਹਾਂ ਦੇ ਘਰ ਗਏ। ਸ਼ਾਇਦ ਇਹ ਤੀਜੀ ਫੇਰੀ ਸੀ ਤੇਜਵੰਤ ਹੁਰਾਂ ਦੀ ਉਨ੍ਹਾਂ ਦੇ ਘਰ ਕਿ ਪਤਾ ਲੱਗਾ ਕਿ ਉਨ੍ਹਾਂ ਦੀ ਯੂਨੀਵਰਸਟੀ ਵਿਚ ਪੜ੍ਹਦੀ ਧੀ ਵੀ ਘਰ ਆਈ ਹੋਈ ਸੀ। ਪਿਓ ਨੇ ਧੀ ਦਾ ਤੁਆਰਫ ਕਰਾਇਆ," ਬੱਲੀ ਹੈ ਇਸ ਦਾ ਨਾਮ। ਹੈ ਤਾਂ ਬਲਜੀਤ ਪਰ ਅਸੀਂ ਈਹਨੂੰ ਬੱਲੀ ਕਹਿੰਦੇ ਹਾਂ। ਲਾਡਲੀ ਜੁ ਬਹੁਤ ਹੈ।" ਫਿਰ ਬਾਪ ਨੇ ਬੱਲੀ ਨੂੰ ਕਿਹਾ," ਇਹ ਵਾਲੇ ਅੰਕਲ ਸਾਡੇ ਨਵੇਂ ਨਵੇਂ ਹੀ ਦੋਸਤ ਬਣੇ ਹਨ। ਤੂੰ ਤਾਂ ਬਹੁਤੀ ਪੰਜਾਬੀ ਨਹੀਂ ਲਿਖ਼ਦੀ ਪੜ੍ਹਦੀ ਪਰ ਇਹ ਬਹੁਤ ਵੱਡੇ ਸ਼ਾਇਰ ਅਤੇ ਕਹਾਣੀਕਾਰ ਹਨ। ਇਨ੍ਹਾਂ ਦੇ ਬੜੇ ਪਾਠਕ ਹਨ। ਮੈ ਤੇ ਤੇਰੀ ਮੰਮੀ ਵੀ ਹਾਂ। ਬਹੁਤ ਵਧੀਆਂ ਲਿਖਦੇ ਨੇ। ਕੀæਲ ਲੈਂਦੇ ਨੇ ਪਾਠਕ ਨੂੰ। ਬੜੇ ਜ਼ਹੀਨ ਇਨਸਾਨ ਹਨ।"
ਪਿਓ ਨੇ ਧੀ ਬਾਰੇ ਹੋਰ ਦੱਸਿਆ," ਬੱਲੀ ਵੀ ਕਵਿਤਾਵਾਂ ਲਿਖ਼ਦੀ ਹੈ ਪਰ ਅੰਗਰੇਜ਼ੀ ਵਿਚ। ਡਾਂਸ ਵੀ ਬਹੁਤ ਸੋਹਣਾ ਕਰਦੀ ਹੈ ਪਰ ਅੰਗਰੇਜ਼ੀ ਡਾਂਸ। ਪਿਛਲੇ ਸਾਲ ਇਹ ਯੂਨੀਵਰਸਟੀ ਦੀ ਡਿਸਕੋ ਕੁਈਨ ਸੀ ਜੀ।"
ਵੈਰ੍ਹੀ ਨਾਈਸ," ਤੇਜਵੰਤ ਨੇ ਕਿਹਾ," ਮੈਨੂੰ ਹਮੇਸ਼ਾ ਬੜੀ ਖੁæਸ਼ੀ ਹੁੰਦੀ ਹੈ ਜਦੋਂ ਸਾਡੇ ਯੰਗਸਟਰ ਕੁਝ ਅਲਹਿਦਾ ਕਰਦੇ ਹਨ।" ਉਸ ਦੀ ਆਗਿਆਕਾਰ ਬੀਵੀ ਨੇ ਹਾਂ ਵਿਚ ਸਿਰ ਹਿਲਾਇਆ।
ਬੱਲੀ ਬੜੀ ਚੁਸਤ ਕੁੜੀ ਸੀ। ਲੰਮੀ ਝੰਮੀ, ਮਿਰਗ ਨੈਣੀ, ਗੁਲਾਬੀ ਜਿਹੇ ਰੰਗ ਵਾਲੀ, ਉਸ ਦੀਆਂ ਅੱਖਾਂ ਵਿਚ ਜਿਵੇ ਕੁਦਰਤੀ ਜਿਹੇ ਡੋਰੇ ਸਨ-ਨੱਚਦੀਆਂ, ਹੱਸਦੀਆਂ, ਲਿਸ਼ਕਦੀਆਂ,ਅਤੀ ਨਿਰਮਲ ਨੈਣਾਂ ਵਾਲੀ ਕੁੜੀ। ਉਸ ਦੀਆਂ ਚੁਸਤ ਜੀਨਜ਼ ਜਿਸਮ ਦੇ ਹਰ ਉਭਾਰ ਨੁੰ ਪ੍ਰਦਰਸ਼ਤ ਕਰ ਰਹੀਆਂ ਸਨ। ਤਕਰੀਬਨ ਪਾਰਦਰਸ਼ੀ ਬਲਾਊਜ਼ ਵੀ ਇੰਝ ਹੀ ਸੀ। ਉਸ ਦੇ ਘਣੇ ਵਾਲਾਂ ਦੀ ਪੋਨੀ ਟੇਲ ਵੀ ਜਿਵੇਂ ਟਿਕ ਕੇ ਨਹੀਂ ਸੀ ਬੈਠ ਰਹੀ। ਉਹ ਤੇਜ਼ ਤੇਜ਼ ਬੋਲਦੀ ਤੇ ਨਾਲ ਨਾਲ ਸਿਰ ਵੀ ਆਪਣਾ ਸਿਰ ਅਤੇ ਅੱਖਾਂ ਵੀ ਆਪਣੇ ਵਾਕਾਂ ਅਨੁਸਾਰ ਹਿਲਾਉਂਦੀ।
ਬੱਲੀ ਨੂੰ ਦੇਖਦਿਆਂ ਹੀ ਜਿਵੇਂ ਤੇਜਵੰਤ ਦੇ ਅੰਦਰੋਂ ਕੁਝ ਕੜੱਕ ਕਰਕੇ ਟੁੱਟ ਗਿਆ। ਉਸ ਦੇ ਅੰਦਰਲਾ ਚੈਨ ਯਕਦਮ ਹੀ ਜਿਵੇਂ ਖੇਰੂੰ ਖੇਰੂ ਹੋ ਗਿਆ। ਬੱਲੀ ਦੀਆਂ ਅੱਖਾਂ ਨੇ ਜਿਵੇ ਜਾਦੂ ਹੀ ਕਰ ਮਾਰਿਆ। ਕੁਝ ਲੋਕ ਹੁੰਦੇ ਨੇ ਕਿ ਜਿਨ੍ਹਾਂ ਦੀਆਂ ਅੱਖਾਂ ਵਿਚ ਅਗਰ ਸਿੱਧਾ ਤੱਕੋ ਤਾਂ ਉਹ ਮੋੜਵੀਂ ਤੌਰ 'ਤੇ ਸਿੱਧਾ ਨਹੀਂਂ ਤੱਕ ਸਕਦੇ ਹੁੰਦੇ। ਉਹ ਤੁਹਾਡੇ ਨਾਲ ਅੱਖ ਨਹੀਂ ਮਿਲਾ ਸਕਦੇ ਹੁੰਦੇ। ਪਰ ਬੱਲੀ ਦੀਆਂ ਅੱਖਾ ਤਾਂ ਤੇਜਵੰਤ ਦੇ ਚਿਹਰੇ ਉਤੇ ਇੰਝ ਵਿਛੀਆਂ ਹੋਈਆਂ ਸਨ ਜਿਵੇ ਉਸ ਉਤੇ ਕੋਈ ਰੋਮਾਂਟਿਕ ਨਜ਼ਮ ਲਿਖੀ ਹੋਈ ਹੋਵੇ। ਉਹ ਉਥੇ ਖੜ੍ਹੇ ਲੋਕਾਂ ਦੀ ਪਰਵਾਹ ਨਾ ਕਰਦਿਆਂ ਹੋਇਆਂ ਬੋਲੀ," ਹਾਓ ਇੰਟਰੈਸਟਿੰਗ! ਇਹ ਪਹਿਲਾ ਮੌਕਾ ਹੈ ਕਿ ਡੈਡੀ ਕਿਸੇ ਇੰਟਲੈਕੁਚੂਐਲ ਤੇ ਲੇਖ਼ਕ ਦੋਸਤ ਨੂੰ ਘਰ ਲਿਆਏ ਹਨ। ਜਿੰਨੇ ਵੀ ਅੰਕਲ ਇਥੇ ਆਉਂਦੇ ਹਨ, ਉਹ ਸੱਭੋ ਇੱਕੋ ਕਿਸਮ ਦੀਆਂ ਗੱਲਾਂ ਕਰਦੇ ਹਨ- ਜੌਬਾਂ ਦੀਆਂ, ਬਿਜ਼ਨੈਸ ਦੀਆਂ, ਪੌਂਡਾਂ ਦੀਆਂ, ਪਿੱਛੇ ਖਰੀਦੀਆਂ ਪਰੌਪਰਟੀਆਂ ਦੀਆਂ, ਇਥੇ ਦੇ ਰੰਗ ਭੇਦ ਦੀਆਂ। ਅੱਛਾ ਅੰਕਲ ਤੁਸੀਂ ਆਪਣੀ ਇਕ ਰਚਨਾ ਸੁਣਾਇਓ। ਚੰਗਾ ਹੋਵੇ ਜੇਕਰ ਇਕ ਪੋਇਮ ਹੋਵੇ।"
"ਨਹੀਂ ਬੱਲੀ। ਪਹਿਲਾਂ ਤੇਰੇ ਕੋਲੋਂ ਸੁਣਾਂਗੇ। ਡੋਂਟ ਵਰੀ। ਸਾਨੂੰ ਅੰਗਰੇਜ਼ੀ ਵੀ ਆਉਂਦੀ ਹੈ ਮਾੜੀ ਮੋਟੀ। ਸਮਝ ਹੀ ਲਵਾਂਗੇ।" ਤੇਜਵੰਤ ਨੇ ਕੁੜੀ ਦੇ ਸੁੰਦਰ ਚਿਹਰੇ ਉਤੇ ਨਜ਼ਰਾਂ ਵਿਛਾਉਂਦਿਆਂ ਕਿਹਾ। ਸਾਰੇ ਹੱਸ ਪਏ।
" ਅੰਕਲ ਆਈ ਕੈਨ ਸੀਅ ਯੁ ਆਰ ਵੈਰ੍ਹੀ ਕਲੈਵਰ। ਔਫ ਕੋਰਸ ਯੂ ਨੋਅ ਇੰਗਲਿਸ਼।" ਬੱਲੀ ਵੀ ਹੱਸੀ।
"ਨਾਲ਼ੇ ਬੱਲੀ ਤੇਰਾ ਡਾਂਸ ਵੀ ਦੇਖਾਂਗੇ।" ਤੇਜਵੰਤ ਦੀ ਪਤਨੀ ਨੇ ਕਿਹਾ।
ਕੁੜੀ ਝੱਟ ਆਪਣੀ ਕਵਿਤਾਵਾਂ ਵਾਲੀ ਕਾਪੀ ਚੁੱਕ ਲਿਆਈ। ਉਹ ਆਪਣੀ ਇਕ ਅੰਗਰੇਜ਼ੀ ਦੀ ਨਜ਼ਮ ਬਿਨਾਂ ਕਿਸੇ ਭੂਮਕਾ ਦੇ ਸੁਨਾਉਣ ਲੱਗੀ। ਇਸ ਵਿਚ ਕਿਸੇ ਓਸ ਕੁੜੀ ਦਾ ਜ਼ਿਕਰ ਸੀ ਜਿਹੜੀ ਆਪਣੀ ਜਜ਼ਬਾਤੀ ਸੰਪੂਰਨਤਾ ਲਈ ਕਦੇ ਕਿਸੇ ਇਕ, ਕਦੇ ਦੂਜੇ ਤੇ ਕਦੇ ਤੀਜੇ ਮੁੰਡੇ ਦੀ ਤਲਾਸ਼ ਵਿਚ ਰਹਿੰਦੀ ਸੀ ਪਰ ਉਸ ਦੇ ਮਨ ਦਾ ਖਿਲਾਅ ਸੀ ਕਿ ਭਰਨ ਵਿਚ ਹੀ ਨਹੀਂ ਸੀ ਆ ਰਿਹਾ। ਉਸ ਦੀ ਨਜ਼ਮ ਚੋਂ ਬੱਲੀ ਦੇ ਮਨ ਦੀ ਬੇਚੈਨੀ ਭਲੀਭਾਂਤ ਨਜ਼ਰੀਂ ਆ ਰਹੀ ਸੀ। ਸਭ ਨੇ ਤਾਲੀਆਂ ਮਾਰੀਆਂ ਤੇ ਕਵਿਤਾ ਦੀ ਤਾਰੀਫ ਕੀਤੀ।
ਤੇਜਵੰਤ ਨੇ ਵੀ ਆਪਣੀ ਇਕ ਨਜ਼ਮ ਅਤੇ ਇਕ ਗ਼ਜ਼ਲ ਸੁਣਾਈ। ਸਭ ਨੇ ਸਰਾਹਨਾ ਕੀਤੀ। ਬੱਲੀ ਦੀਆਂ ਚੌੜੀਆਂ ਅੱਖਾਂ ਬੜਾ ਕੁਝ ਕਹਿ ਰਹੀਆਂ ਸਨ। ਉਸ ਦੇ ਪਤਲੇ ਤੇ ਕੁਦਰਤੀ ਗੁਲਾਬੀ ਬੁੱਲ੍ਹ ਵੀ ਕਿੰਨਾ ਕੁਝ ਕਹਿ ਰਹੇ ਸਨ ਪਰ ਮੂਕ ਬੋਲੀ ਵਿਚ।
ਡਰਿੰਕਸ ਆ ਗਈਆਂ। ਬੱਲੀ ਨੇ ਮਿਊਜ਼ਕ ਸੈਂਟਰ ਉਤੇ ਇਕ ਡਿਸਕੋ ਸੌਂਗ ਵਾਲੀ ਸੀ ਡੀ ਲਗਾ ਦਿੱਤੀ। ਉਸ ਨੇ ਲੋਹੜੇ ਦਾ ਡਾਂਸ ਕੀਤਾ। ਉਸਦਾ ਅੰਗ ਅੰਗ ਗਰਮ ਤਵੇ ਉਤੇ ਡਿਗੇ ਪਾਣੀ ਦੇ ਤੁਪਕਿਆਂ ਵਾਂਗ ਤੜਫ ਰਿਹਾ ਸੀ। ਉਸਦੀ ਹਰ ਲਚਕ ਸ਼ੋਅਲਾ ਅਤੇ ਸ਼ਰਾਰਾ ਬਣ ਰਹੀ ਸੀ। ਉਸਦਾ ਜਿਸਮ ਏਨਾ ਲਚਕਦਾਰ ਸੀ ਕਿ ਉਹ ਰਬੜ ਦੀ ਗੁੱਡੀ ਵਾਂਗ ਦੂਹਰੀ ਤੀਹਰੀ ਹੋ ਸਕਦੀ ਸੀ।
ਤੇਜਵੰਤ ਤੋਂ ਵੀ ਅੰਗਰੇਜ਼ੀ ਡਾਂਸ ਕੋਈ ਗੁੱਝਾ ਨਹੀਂ ਸੀ। ਜਦੋਂ ਉਹ ਛੜਾ ਛੜਾਂਗ ਇਸ ਦੇਸ ਵਿਚ ਆਇਆ ਸੀ ਤਾਂ ਬਥੇਰੇ ਕਲੱਬਾਂ ਵਿਚ ਜਾਇਆ ਕਰਦਾ ਸੀ ਤੇ ਬਥੇਰੀਆਂ ਕੁੜੀਆਂ ਨਾਲ ਡਾਂਸ ਕਰ ਚੁੱਕਾ ਸੀ। ਉਸਨੇ ਤਾਂ ਅੰਗਰੇਜ਼ੀ ਡਾਂਸ ਦੀ ਟਰੇਨਿੰਗ ਵੀ ਲੈ ਰੱਖੀ ਸੀ। ਅੱਜ ਜਦੋਂ ਉਸ ਨੇ ਬੱਲੀ ਨਾਲ ਡਾਂਸ ਕੀਤਾ ਤਾਂ ਉਹ ਦੰਗ ਹੀ ਰਹਿ ਗਈ। ਇਹ ਕਿਹੋ ਜਿਹਾ ਅੰਕਲ ਹੈ ਜਿਹੜਾ ਜਵਾਨਾਂ ਵਾਂਗ ਨੱਚ ਸਕਦਾ ਹੈ। ਕਿੰਨਾ ਰਰੋਆ ਜਿਸਮ ਹੈ ਇਸਦਾ ਤੇ ਲਚਕਦਾਰ ਵੀ। ਇਹ ਅੰਕਲ ਤਾਂ ਗੱਲਾਂ ਵੀ ਕਿੰਨੀਆਂ ਦਿਲਚਸਪ ਅਤੇ ਜਵਾਨ ਲੋਕਾਂ ਵਰਗੀਆਂ ਕਰਦਾ ਹੈ।
ਉਸ ਰਾਤ ਸਾਰੇ ਹੀ ਬਹੁਤ ਨੱਚੇ। ਪਰ ਤੇਜਵੰਤ ਜੇਕਰ ਬੱਲੀ ਤੋਂ ਸਿਵਾ ਕਿਸੇ ਹੋਰ ਨਾਲ ਨੱਚਦਾ ਤਾਂ ਉਹਦਾ ਮਨ ਬੱਲੀ ਵੱਲ ਹੀ ਹੁੰਦਾ। ਉਹ ਉਹਦੀਆਂ ਸੁੰਦਰ ਅੱਖਾਂ, ਗੁਲਾਬੀ ਗੱਲ੍ਹਾਂ, ਭਰੀਆਂ ਛਾਤੀਆਂ, ਤੇ ਲੋਅ ਕੱਟ ਗਲ਼ਮੇ ਹੇਠਾਂ ਤੜਫਦੇ ਜੋਬਨ ਤੋਂ ਨਜ਼ਰਾਂ ਨਾ ਚੁੱਕ ਸਕਦਾ। ਉਹ ਉਸਦੇ ਤਕੜੇ ਅੰਗਾਂ ਅਤੇ ਸੈਂਸੁਅਸ ਬੁੱਲ੍ਹਾਂ ਉਤੇ ਆਸ਼ਕ ਹੋ ਗਿਆ ਸੀ। ਉਹ ਜਦੋਂ ਇਕੱਲੇ ਨੱਚਦੇ ਤਾਂ ਉਸ ਦਾ ਦਿਲ ਕਰਦਾ ਕਿ ਉਹ ਬੱਲੀ ਨੂੰ ਘੁੱਟ ਕੇ ਆਪਣੀ ਛਾਤੀ ਨਾਲ ਲਗਾ ਲਵੇ ਤੇ ਆਖੇ," ਆ ਪਿਆਰ ਕਰੀਏ।" ਪਰ ਉਹ ਇਹ ਨਹੀਂ ਸੀ ਕਰ ਸਕਦਾ। ਉਹ ਉਸ ਨਾਲ ਇਕੱਲਾ ਜੁ ਨਹੀਂ ਸੀ। ਉਂਝ ਵੀ ਉਹ ਉਸ ਨਾਲੋਂ ਉਮਰ ਵਿਚ ਬਹੁਤ ਵੱਡਾ ਸੀ। ਚਾਲ੍ਹੀਆਂ ਸਾਲਾਂ ਤੋਂ ਉਪਰ ਸੀ ਉਸਦੀ ਉਮਰ। ਤਕਰੀਬਨ ਬੱਲੀ ਦੇ ਪਿਓ ਦੇ ਹਾਣ ਦਾ ਹੀ ਸੀ ਉਹ। ਉਸਦੀ ਬੀਵੀ ਸੀ। ਦੋ ਧੀਆਂ ਦਾ ਬਾਪ ਸੀ ਉਹ। ਉਹ ਬੱਲੀ ਦਾ 'ਅੰਕਲ' ਸੀ। ਉਸਦੇ ਪਿਓ ਦਾ ਦੋਸਤ ਸੀ। ਉਤੋਂ ਇਹ ਵੀ ਤਾਂ ਪਤਾ ਨਹੀਂਂ ਸੀ ਤੇਜਵੰਤ ਨੂੰ ਕਿ ਆਖਰ ਬੱਲੀ ਕੀ ਸੋਚਦੀ ਸੀ ਉਸ ਬਾਰੇ?
ਫਿਰ ਤੇਜਵੰਤ ਡਾਂਸ ਕਰਦਿਆਂ ਸੋਚਦਾ ਹੈ। ਬੰਦਾ ਕਿੰਨਾ ਹਿੱਪੋਕਰੈਟ ਹੈ। ਕਿੰਨਾ ਦੋਗ੍ਹਲਾ ਹੈ। ਡੱਬਲ ਸਟੈਂਡਰਡ। ਦੋਸਤ ਦੀ ਧੀ ਉਸ ਦੀ ਆਪਣੀ ਧੀ ਵਰਗੀ ਹੋਣੀ ਚਾਹੀਦੀ ਹੈ। ਦੋਸਤ ਨੂੰ ਵਿਸ਼ਵਾਸ ਵੀ ਹੈ ਕਿ ਦਰਅਸਲ ਇੰਝ ਹੀ ਹੈ ਤੇ ਤੇਜਵੰਤ ਵੀ ਦੋਸਤ ਅਤੇ ਉਸ ਦੇ ਪਰਵਾਰ ਨੂੰ ਦਿਖਾ ਰਿਹਾ ਹੈ ਕਿ ਉਹ ਆਪਣੀ ਧੀਆਂ ਵਾਂਗ ਹੀ ਸਮਝ ਰਿਹਾ ਹੈ ਬੱਲੀ ਨੂੰ। ਪਤਨੀ ਨਾਲ ਵੀ ਡਬਲ ਸਟੈਂਡਰਡ ਵਰਤਿਆ ਜਾ ਰਿਹਾ ਹੈ। ਪਤਨੀ ਨੂੰ ਵੀ ਵਿਸ਼ਵਾਸ ਹੈ ਕਿ ਉਸਦਾ ਤੇਜਵੰਤ ਐਹੋ ਜਿਹਾ ਨਹੀਂ ਹੈ। ਉਹ ਸੋਚਦੀ ਹੈ ਕਿ ਉਹ ਡਬਲ ਸਟੈਂਡਰਡ ਹੋ ਹੀ ਨਹੀਂ ਸਕਦਾ। ਉਹ ਤਾਂ ਪੂਰੇ ਦਾ ਪੂਰੇ ਦੁੱਧ ਧੋਤਾ ਹੈ। ਤਜਵੰਤ ਦੀਆਂ ਟੀਨਏਜਰ ਧੀਆਂ ਵੀ ਡੇਡੀ ਨੂੰ ਕਿੰਨਾ ਪਵਿੱਤਰ ਸਮਝਦੀਆਂ ਹੋਣਗੀਆਂ। ਪਰ ਤੇਜਵੰਤ ਸੀ ਕਿ ਉਹ ਬੱਲੀ ਨੂੰ ਖਿਆਲਾਂ ਹੀ ਖ਼ਿਆਲਾਂ ਨਾਲ ਨਿਰਵਸਤਰ ਕਰ ਰਿਹਾ ਸੀ। ਉਸਦੇ ਤਿੱਖੇ ਭਰਪੂਰ ਅੰਗਾਂ ਨੂੰ ਪਲੋਸ ਰਿਹਾ ਸੀ ਤੇ ਉਸ ਦੇ ਬੁੱਲ੍ਹਾਂ ਨੂੰ…।
"ਮੈਨੂੰ ਥੋੜ੍ਹੀ ਥੋੜ੍ਹੀ ਪੰਜਾਬੀ ਪੜ੍ਹਨੀ ਆਉਂਦੀ ਹੈ।" ਬੱਲੀ ਨੇ ਪਾਰਟੀ ਦੇ ਸਿਖਰ ਉੱਤੇ ਉਸ ਨਾਲ ਡਾਂਸ ਕਰਦਿਆਂ ਕਿਹਾ," ਆਈ ਵੁੱਡ ਵੈਰ੍ਹੀ ਮੱਚ ਲਾਈਕ ਟੂ ਰੀਡ ਯੁਅਰ ਵਰਕਸ ਅੰਕਲ। ਤੁਸੀਂ ਮੈਨੂੰ ਆਪਣੀ ਇਕ ਅੱਧ ਕਿਤਾਬ ਦਿਓਗੇ ਪਲੀਜ਼?"
"ਹਾਂ ਹਾਂ ਜ਼ਰੂਰ- ਵਿਦ ਪਲੱਈਯਰ।" ਤੇਜਵੰਤ ਨੇ ਖ਼ੁਸ਼ ਹੋਕੇ ਕਿਹਾ," ਐਜ਼ ਏ ਮੈਟਰ ਔਫ ਫੈਕਟ ਮੇਰੀ ਇਕ ਕਿਤਾਬ ਮੇਰੀ ਕਾਰ ਵਿਚ ਪਈ ਹੈ। ਹੁਣੇ ਲਿਆਕੇ ਦਿੰਦਾ ਹਾਂ। ਮਤੇ ਭੁੱਲ ਹੀ ਜਾਵਾਂ। ਜਵਾਨ ਨਹੀਂ ਨਾ ਹੁਣ ਮੈਂ।"
" ਨੋ ਅੰਕਲ। ਯੂ ਆਰ ਸਟਿੱਲ ਯੰਗ।" ਬੱਲੀ ਨੇ ਹੱਸ ਕੇ ਕਿਹਾ।
ਕੁੜੀ ਦੇ ਲਫਜ਼ ਸੁਣ ਕੇ ਖੀਵਾ ਹੋਇਆ ਹੋਇਆ ਤੇਜਵੰਤ ਬੱਲੀ ਹੁਰਾਂ ਦੇ ਡਰਾਈਵ ਵੇਅ ਵਿਚ ਖੜੋਤੀ ਆਪਣੀ ਕਾਰ ਚੋਂ ਆਪਣੀਆਂ ਕਹਾਣੀਆਂ ਦੀ ਇਕ ਕਿਤਾਬ ਲੈਣ ਚਲਾ ਗਿਆ।
ਬਾਹਰ ਰਾਤ ਚਾਨਣੀ ਵਿਚ ਨਹਾਤੀ ਹੋਈ ਸੀ। ਮਈ ਦਾ ਮਹੀਨਾ ਆਪਣੀਆਂ ਸਿਖਰਾਂ ਉਤੇ ਸੀ। ਇੰਗਲੈਂਡ ਵਿਚ ਇਹ ਅਤੀ ਰੁਮਾਂਟਿਕ ਮਹੀਨਾ ਸਮਝਿਆ ਜਾਂਦਾ ਹੈ ਕਿਉਂਕਿ ਸਰਦੀਆਂ ਦਾ ਕਹਿਰ ਕੁਝ ਹਫਤੇ ਪਹਿਲਾਂ ਹੀ ਤਾਂ ਹਟਿਆ ਹੁੰਦਾ ਹੈ। ਲੋਕਾਂ ਦੇ ਬਗੀਚਿਆਂ ਚੋਂ ਫੁੱਲਾਂ ਦੀ ਮਹਿਕ ਆ ਰਹੀ ਸੀ। ਬੱਲੀ ਹੁਰਾਂ ਦਾ ਫਰੰਟ ਗਾਰਡਨ ਵੀ ਮਹਿਕਿਆ ਪਿਆ ਸੀ। ਉਨ੍ਹਾਂ ਦੇ ਘਰ ਦੇ ਜਾਲੀਦਾਰ ਪਰਦਿਆਂ ਚੋਂ ਛਣ ਛਣ ਕੇ ਆਉਂਦੀ ਰੋਸ਼ਨੀ ਨੇ ਬਾਹਰ ਦੀ ਰੋਸ਼ਨੀ ਨੂੰ ਹੋਰ ਵੀ ਚਾਰ ਚੰਨ ਲਗਾਏ ਹੋਏ ਸਨ। ਤੇਜਵੰਤ ਦਾ ਦਿਲ ਛੇਤੀਂ ਛੇਤੀਂ ਧੜਕ ਰਿਹਾ ਸੀ। ਉਹ ਬਹੁਤ ਖ਼ੁਸ਼ ਸੀ ਕਿ ਕੁੜੀ ਨੇ ਉਸ ਦੀ ਕਿਤਾਬ ਮੰਗੀ ਸੀ। ਉਸਨੇ ਪਹਿਲਾਂ ਇਹ ਬਥੇਰੇ ਲੋਕਾਂ ਨੂੰ ਦਿਤੀ ਸੀ ਪਰ ਇਹ ਪਹਿਲਾ ਮੌਕਾ ਸੀ ਕਿ ਉਹਨੂੰ ਅੱਜ ਕਿਸੇ ਨੂੰ ਕਿਤਾਬ ਦਿੰਦਿਆਂ ਇਕ ਖਾਸ ਕਿਸਮ ਦੀ ਖ਼ੁਸ਼ੀ ਮਹਿਸੂਸ ਹੋ ਰਹੀ ਸੀ।
ਉਹ ਆਪਣੇ ਧਿਆਨ ਚੰਨ ਚਾਨਣੀ ਵਿਚ ਕਾਰ ਦੇ ਬੌਨਟ 'ਤੇ ਝੁਕ ਕੇ ਕਿਤਾਬ ਦੇ ਪਹਿਲੇ ਸਫੇ ਉਤੇ ਲਿਖ ਰਿਹਾ ਸੀ," ਟੂ ਬੱਲੀ- ਵਿਦ ਅਫੈਕਸ਼ਨ"। ਜਦੋਂ ਉਸ ਨੇ ਟੂ ਬੱਲੀ ਲਿਖਿਆ ਸੀ ਤਾਂ ਕਿੱਡੀ ਦੇਰ ਸੋਚਦਾ ਰਿਹਾ ਸੀ ਕਿ ਉਹ ਅੱਗੇ ਕੀ ਲਿਖੇ? ਦਰਅਸਲ ਉਹ ਲਿਖਣਾ ਚਾਹੁੰਦਾ ਸੀ," ਟੂ ਬੱਲੀ- ਵਿਦ ਲਵ।" ਪਰ ਉਹ ਅਜਿਹਾ ਨਹੀਂ ਕਰ ਸਕਿਆ।
ਉਹ ਕਿਤਾਬ ਬੰਦ ਹੀ ਕਰਨ ਲੱਗਾ ਸੀ ਕਿ ਬੱਲੀ ਦੇ ਗਰਮ ਗਰਮ ਸਾਹ ਉਸਦੇ ਬਿਲਕੁਲ ਨੇੜੇ ਆ ਗਏ ਸਨ। ਤੇਜਵੰਤ ਨੂੰ ਪਤਾ ਹੀ ਨਾ ਲੱਗਾ ਕਿ ਬੱਲੀ ਕਦੋਂ ਉਸਦੇ ਮਗਰ ਹੀ ਬਾਹਰ ਆ ਗਈ ਸੀ। ਕੁੜੀ ਨੇ ਤੇਜਵੰਤ ਦੇ ਹੱਥੋਂ ਕਿਤਾਬ ਲੈਦਿਆਂ ਕਿਹਾ," ਥੈਂਕ ਯੂ।" ਪਰ ਇਸ ਵੇਰ ਉਸਨੇ ਉਸ ਨੂੰ 'ਅੰਕਲ' ਨਹੀਂ ਕਿਹਾ।
ਕੁੜੀ ਨੇ ਕਿਤਾਬ ਦੇ ਸੁੰਦਰ ਟਾਈਟਲ 'ਤੇ ਨਿਗਾਹ ਮਾਰੀ। ਕਿਤਾਬ ਨੂੰ ਪਲੋਸਦਿਆਂ ਉਹ ਇਸ ਦੇ ਪਹਿਲੇ ਸਫੇ ਉਤੇ ਲਿਖਿਆ ਪੜ੍ਹਨ ਲੱਗੀ," ਟੂ ਬੱਲੀ ਵਿਦ ਅਫੈਕਸ਼ਨ।"
"ਓ ਹਾਓ ਸਵੀਟ।" ਫਿਰ ਬੱਲੀ ਨੇ ਤੇਜਵੰਤ ਵਲ ਇੰਝ ਦੇਖਿਆ ਜਿਵੇਂ ਉਹ ਉਸਦਾ ਚੁੰਮਣ ਲੈਣਾ ਚਾਹ ਰਹੀ ਹੋਵੇ। ਤੇਜਵੰਤ ਨੂੰ ਵੀ ਇਸ ਗੱਲ ਦਾ ਅਹਿਸਾਸ ਹੋ ਗਿਆ ਸੀ ਪਰ ਉਹ ਅੱਧਖੁੱਲ੍ਹੇ ਬੂਹੇ ਵਲ ਦੇਖ ਕੇ ਬੱਲੀ ਮਗਰ ਹੋ ਟੁਰਿਆ। ਅੰਦਰ ਆਉਣ ਤੀਕ ਉਹ ਹੋਰ ਵੀ ਪਸੀਨੋ ਪਸੀਨੀ ਹੋ ਗਿਆ ਸੀ। ਬਿਨਾਂ ਕਿਸੇ ਦੇ ਪੁੱਛਣ ਦੇ ਹੀ ਕਿ ਉਹ ਕਿੱਥੇ ਗਿਆ ਸੀ? ਆਪੇ ਹੀ ਦੱਸਣ ਲੱਗ ਪਿਆ," ਮੈਂ ਬੱਲੀ ਲਈ ਕਿਤਾਬ ਲੈਣ ਗਿਆ ਸਾਂ। ਮੈਂ ਸੋਚਿਆ ਕਿ ਖਬਰੇ ਇਹ ਇੰਝ ਹੀ ਪੰਜਾਬੀ ਪੜ੍ਹਨੀ ਸਿੱਖ ਲਵੇ।"
"ਅੰਕਲ ਨੂੰ ਥੈਂਕ ਯੂ ਵੀ ਕਿਹਾ ਸੀ?" ਮਾਂ ਨੇ ਧੀ ਨੂੰ ਪੁੱਛਿਆ।
"ਔਫ ਕੋਰਸ ਮੰਮੀ।" ਕੁੜੀ ਨੇ ਮਾਂ ਨਾਲ ਰਤਾ ਕੁ ਖ਼ਫਾ ਹੁੰਦਿਆਂ ਕਿਹਾ।
ਤੇਜਵੰਤ ਨੇ ਉਸ ਰਾਤ ਘਰ ਆਕੇ ਆਪਣੀ ਪਤਨੀ ਨੂੰ ਬੜੇ ਜੋਸ਼ ਨਾਲ ਪਿਆਰ ਕੀਤਾ। ਕਿੱਡੀ ਤੇਰ ਤੀਕ ਪਤਨੀ ਵੀ ਦੇਰ ਰਾਤ ਤੀਕ ਹੈਰਾਨ ਹੋਈ ਹੋਈ ਸੋਚਦੀ ਰਹੀ,'ਕੀ ਇਹ ਬੰਦਾ ਮੈਨੂੰ ਏਡਾ ਹੀ ਪਿਆਰ ਕਰਦਾ ਹੈ? ਵਿਆਹ ਤੋਂ ਏਨੇ ਵਰ੍ਹੇ ਬਾਅਦ ਵੀ?' ਫਿਰ ਉਹ ਘੁਕ ਸੌਂ ਗਈ।
ਉਸ ਰਾਤ ਤੇਜਵੰਤ ਦਿਨ ਦੇ ਚੜ੍ਹਾਅ ਤੀਕ ਆਪਣੇ ਬਿਸਤਰੇ ਵਿਚ ਇੰਝ ਜਾਗਦਾ ਪਿਆ ਰਿਹਾ ਜਿਵੇਂ ਕਿ ਉਸਦਾ ਵਜੂਦ ਹੀ ਉਥੇ ਸੀ ਤੇ ਬਾਕੀ ਤਾਂ ਸਭ ਕੁਝ ਬੱਲੀ ਕੋਲ ਹੀ ਰਹਿ ਗਿਆ ਸੀ। ਉਹ ਮੂਕ ਬੋਲੀ ਵਿਚ ਦਾਗ ਦਾ ਇਹ ਸ਼ੇਅਰ ਕਈ ਵੇਰ ਯਾਦ ਕਰ ਚੁੱਕਿਆ ਸੀ: 'ਹੋਸ਼ੋ ਹਵਾਸ ਤਾਬੋ ਤਵਾਂ ਜਾ ਚੁਕੇ ਹੈਂ ਦਾਗ। ਅੱਬ ਹਮ ਭੀ ਜਾਨੇ ਵਾਲੇ ਹੈਂ ਸਾਮਾਂ ਤੋ ਗਯਾ।' ਨਾਲ ਪਈ ਘੁਕ ਸੁੱਤੀ ਪਈ ਪਤਨੀ ਨੂੰ ਤੇਜਵੰਤ ਦੇ ਉੱਸਲਵੱਟੇ ਬੇਆਰਾਮ ਨਾ ਕਰ ਸਕੇ। ਉਹ ਸੋਚਦਾ ਕਿੱਡੀ ਨਿਸਚਿੰਤ ਹੈ। ਸ਼ਾਇਦ ਕਿੱਡੀ ਖੁਸ਼ ਹੈ ਤੇ ਜ਼ਿੰਦਗ਼ੀ ਤੋਂ ਬੇਪਰਵਾਹ ਵੀ। ਏਡੀ ਗੂੜ੍ਹੀ ਨੀਂਦਰ ਤਾਂ ਹਰ ਤਰ੍ਹਾਂ ਨਾਲ ਨਿਸਚਿੰਤ ਅਤੇ ਬੇਪਰਵਾਹ ਬੰਦਿਆਂ ਨੂੰ ਹੀ ਆਉਂਦੀ ਹੈ। ਉਹ ਸੋਚਦਾ ਕਿ ਸਾਇੰਸ ਜੇ ਕਿਧਰੇ ਅਜਿਹਾ ਕੈਮਰਾ ਈਜਾਦ ਕਰ ਲਵੇ ਜਿਸ ਰਾਹੀਂ ਮਨ ਵਿਚ ਉਠਦੀਆਂ ਸੋਚਾਂ ਦੀ ਫੋਟੋਗਰਾਫੀ ਹੋ ਸਕੇ ਤਾਂ ਕਦੇ ਕੋਈ ਬੰਦਾ ਚੈਨ ਨਾਲ ਨਾ ਸੌਂ ਸਕੇ। ਬੰਦਾ ਮਨ ਵਿਚ ਕਿੰਨਾ ਕੁਝ ਸਮੇਟੀ ਬੈਠਾ ਹੈ। ਜੇਕਰ ਅੱਜ ਉਸਦੇ ਮਨ ਦੀ ਤਸਵੀਰ ਉਸਦੀ ਪਤਨੀ ਦੇਖ ਸਕਦੀ ਹੁੰਦੀ ਤਾਂ ਉਹ ਕੀ ਸੋਚਦੀ? ਅੱਜ ਵਾਂਗੂੰ ਘੂਕ ਤਾਂ ਉਹ ਉੱਕਾ ਹੀ ਨਾ ਸੌਂ ਸਕਦੀ। ਆਖ਼ਦੀ," ਤੁਹਾਨੂੰ ਸ਼ਰਮ ਨਹੀਂ ਆਉਂਦੀ ਲਗਭਗ ਆਪਣੀਆਂ ਧੀਆਂ ਜਿੱਡੀ ਕੁੜੀ ਬਾਰੇ ਇੰਝ ਸੋਚਦਿਆਂ? ਕਾਮ ਦੇ ਕੇਹੇ ਅੱਥਰੇ ਘੋੜੇ ਹੋ ਜਿਹੜੇ ਮੈਥੋਂ ਵੀ ਕਾਬੂ ਵਿਚ ਨਹੀਂ ਆ ਸਕੇ? ਮਰਦ ਕਿੰਨਾ ਬੇਵਫਾ ਹੁੰਦਾ ਹੈ। ਪਤਨੀ ਨਾਲ ਲੇਟਿਆ ਹੋਇਆ ਹੈ ਅਤੇ ਉਹਨੁੰ ਪਿਆਰ ਕਰਦਾ ਹੋਇਆ ਵੀ ਕਿਸੇ ਹੋਰ ਨੂੰ ਭੋਗ ਰਿਹਾ ਹੁੰਦਾ ਹੈ। ਕਿਸੇ ਹੋਰ ਨੁੰ ਮਾਣ ਰਿਹਾ ਹੁੰਦਾ ਹੈ। ਇਹ ਕੇਹਾ ਰਿਸ਼ਤਾ ਹੈ? ਇਹ ਕੇਹਾ ਸਾਥ ਹੈ? ਇਹ ਕੇਹਾ ਢੌਂਗ ਹੈ?"
ਪਰ ਅੱਜ ਤੇਜਵੰਤ ਕੋਈ ਦਲੀਲ ਸੁਨਣ ਲਈ ਤਿਆਰ ਨਹੀਂ ਸੀ। ਉਹ ਆਪਣੇ ਆਪ ਲਈ ਆਪੇ ਵਕਾਲਤ ਕਰਨ ਲੱਗਾ," ਕੀ ਆਫਤ ਆ ਚੱਲੀ ਹੈ ਜੇਕਰ ਰਤਾ ਕੁ ਦਿਲ ਲਗੀ ਕਰ ਲਈ ਤਾਂ? ਆਖ਼ਰ ਹਾਂ ਤਾਂ ਮੈਂ ਇਕ ਪਤੀ ਅਤੇ ਪਿਤਾ ਹੀ। ਇਹ ਹਕੀਕਤ ਥੋੜ੍ਹਾ ਕਿਧਰੇ ਜਾਣ ਲੱਗੀ ਹੈ। ਨਾਲ਼ੇ ਇਹ ਕੋਈ ਪਰਮਾਨੈਂਟ ਗੱਲ ਥੋੜ੍ਹੋ ਹੀ ਹੋਵੇਗੀ। ਕੁੜੀ ਜਵਾਨ ਹੈ। ਸੂਨਰ ਔਰ ਲੇਟਰ ਇਸ ਨੇ ਕਿਸੇ ਹਾਣ ਦੇ ਨਾਲ ਇਨਵੌਲਵ ਹੋ ਜਾਣਾ ਹੈ। ਇਹ ਤਾਂ ਮੇਰੇ ਅੰਦਰ ਇਕ ਅੱਗ ਜਿਹੀ ਐ ਜਿਹੜੀ ਕਿਸੇ ਜਵਾਨ ਅਤੇ ਲੈਰੇ ਜਿਸਮ ਦੇ ਸੰਗ ਲਈ ਤਤਪਰ ਹੈ।" ਫਿਰ ਉਹ ਆਪਣੇ ਆਪ ਨੁੰ ਕਹਿੰਦਾ," ਕਿਉਂ ਸ਼ੇਖ਼ ਚਿੱਲੀਆਂ ਵਾਲੀਆਂ ਗੱਲਾਂ ਕਰ ਰਿਹੈਂ ਤੇਜਵੰਤ ਪਿਆਰੇ? ਬੱਲੀ ਅੱਵਲ ਤਾਂ ਤੇਰੇ ਵਲ ਆਕਰਸ਼ਤ ਹੈ ਹੀ ਨਹੀਂ ਜੇ ਹੋਵੇ ਵੀ ਤਾਂ ਪਹਿਲ ਤਾਂ ਮਰਦ ਨੂੰ ਹੀ ਕਰਨੀ ਪੈਂਦੀ ਹੈ। ਪਰ ਮੈਂ ਪਹਿਲ ਕਰਾਂਗਾ ਕੀਕੂੰ? ਕਿਵੇਂ ਉਸ ਨੂੰ ਬਾਹਰ ਮਿਲਾਂਗਾ ਤੇ ਕਿੱਥੇ? ਜੇ ਕਿਸੇ ਨੇ ਵੇਖ਼ ਲਿਆ ਤਾਂ? ਅਤੇ…ਤੇ ਪਤਾ ਨਹੀਂਂ ਕਿਹੜੇ ਵੇਲੇ ਉਹ ਫੇਰ ਸੌਂ ਗਿਆ। ਜਾਗ ਉਸਨੂੰ ਉਦੋਂ ਹੀ ਆਈ ਜਦੋਂ ਉਹਦੀ ਪਤਨੀ ਨੇ ਉਸ ਦੇ ਬੁੱਲ੍ਹਾਂ ਉਤੇ ਬੁਲ੍ਹ ਰਖ਼ਦਿਆਂ ਆਖਿਆ," ਮਾਈ ਡਾਰਲਿੰਗ ਇਟਸ ਟਾਈਮ ਟੂ ਗੈੱਟ ਅੱਪ।"
ਤੇਜਵੰਤ ਨੇ ਅੱਖਾਂ ਖੋਲ੍ਹੀਆਂ ਤਾਂ ਪਤਨੀ ਨੇ ਹੋਰ ਵੀ ਪਿਆਰ ਨਾਲ ਕਿਹਾ," ਡੂ ਯੂ ਨੋਅ ਸਮਥਿੰਗ? ਜਦੋਂ ਤੁਸੀਂ ਸੁੱਤੇ ਹੋਏ ਹੁੰਦੇ ਤਾਂ ਹੋਰ ਵੀ ਪਿਆਰੇ ਲਗਦੇ ਹੋ।"
ਤੇਜਵੰਤ ਅੱਗੋਂ ਕੁਝ ਨਾ ਬੋਲਿਆ। ਘੜੀ ਵਲ ਤੱਕਦਾ ਹੋਇਆ ਬਾਥਰੂਮ ਵਿਚ ਜਾ ਵੜਿਆ। ਉਹ ਮਲ਼ ਮਲ਼æ ਨ੍ਹਾਤਾ। ਆਪਣੇ ਜਿਸਮ ਦੀ ਮੈਲ਼ ਵਾਂਗ ਉਹ ਆਪਣੇ ਅੰਦਰਲੀ ਮੈਲ਼ ਵੀ ਧੋ ਦੇਣਾ ਚਾਹੁੰਦਾ ਸੀ।
ਤੇਜਵੰਤ ਦਫਤਰ ਪਹੁੰਚ ਕੇ ਵੀ ਗੁਆਚਿਆ ਗੁਆਚਿਆ ਜਿਹਾ ਰਿਹਾ। ਬੱਲੀ ਦੀਆਂ ਕਾਮੁਕ ਅੱਖਾਂ ਉਸ ਵੱਲ ਤੱਕਦੀਆਂ ਹੋਈਆਂ ਉਸਦੀ ਸੋਚ ਤੋਂ ਪਾਸੇ ਨਹੀਂ ਸਨ ਜਾ ਰਹੀਆਂ। "ਯਾ ਖੁਦਾਇਆ ਕਿਆ ਸਥਿੱਤੀ ਹੈ।" ਉਹ ਹਉਕੇ ਲਈ ਜਾਂਦਾ।
ਲੰਚ ਟਾਈਮ ਹੋਇਆ ਤਾਂ ਤੇਜਵੰਤ ਦਫਤਰ ਦੀ ਕੈਂਟੀਨ ਵਿਚ ਖਾਣਾ ਖਾਣ ਦੀ ਥਾਂ ਹਾਈ ਸਟਰੀਟ ਵਾਲੇ 'ਡੀਅਰ ਹੰਟਰ' ਪੱਬ ਵਲ ਟੁਰ ਪਿਆ। ਉਹ ਉਥੇ ਉਸੇ ਦਿਨ ਜਾਂਦਾ ਹੁੰਦਾ ਸੀ ਜਦੋਂ ਜਾਂ ਤਾਂ ਉਹ ਬਹੁਤ ਉਦਾਸ ਜਾਂ ਕਿਸੇ ਗੱਲੇ ਅੱਪਸੈਟ ਹੁੰਦਾ ਸੀ ਜਾਂ ਕੋਈ ਕਵਿਤਾ ਜਾਂ ਕਹਾਣੀ ਸੋਚ ਰਿਹਾ ਹੁੰਦਾ ਸੀ। ਉਂਝ ਵੀ 'ਡੀਅਰ ਹੰਟਰ' ਪੱਬ ਅਜਿਹੇ ਥਾਂ ਵਾਕਿਆ ਸੀ ਕਿ ਉਥੇ ਉਹਨੂੰ ਕੋਈ ਵਾਕਫਕਾਰ ਡਿਸਟਰਬ ਨਹੀਂ ਸੀ ਕਰ ਸਕਦਾ। ਉਹ ਇਹ ਸਮਾਂ ਇਕੱਲਿਆਂ ਹੀ ਬਿਤਾਉਣਾ ਚਾਹੁੰਦਾ ਹੁੰਦਾ ਸੀ। ਉਹ ਆਪਣੀ ਹੀ ਦੁਨੀਆਂ ਵਿਚ ਪ੍ਰਵੇਸ਼ ਕਰਨਾ ਚਾਹੁੰਦਾ ਹੂੰਦਾ ਸੀ। ਉਂਝ ਤਾਂ ਵੈਸੇ ਉਹ ਉਨ੍ਹਾਂ ਲੋਕਾਂ ਵਿਚੋਂ ਸੀ ਜਿਹੜੇ ਕਿਸੇ ਭੀੜ ਚੋਂ ਵੀ ਆਪਣੇ ਆਪ ਨੁੰ ਇਕੱਲਿਆਂ ਕਰ ਸਕਦੇ ਹੁੰਦੇ ਹਨ। ਪਰ ਪੱਬ ਵਿਚ ਬੀਅਰ ਦਾ ਗਲਾਸ ਲੈਕੇ ਬੈਠਣਾ ਉਸ ਲਈ ਵਧੇਰੇ ਇਕਾਗਰ ਹੋਕੇ ਬੈਠਣ ਵਾਲਾ ਕਰਤੱਵ ਸੀ। ਅੱਜ ਵੀ ਉਹ ਇਸੇ ਆਸ਼ੇ ਨਾਲ ਉਥੇ ਜਾ ਰਿਹਾ ਸੀ ਤਾਂ ਜੁ ਉਹ ਉਥੇ ਇਕੱਲਾ ਬੈਠ ਕੇ ਆਪਣੇ ਖਿਆਲਾਂ ਦੀ ਤਾਣੀ ਨੂੰ ਸੁਲਝਾ ਸਕੇ।
ਉਹ ਪੱਬ ਦੇ ਸੁਰਖ ਬੂਹੇ ਨੂੰ ਖੋਲ੍ਹਣ ਹੀ ਲੱਗਾ ਸੀ ਕਿ ਉਹਨੂੰ ਬੱਲੀ ਆਪਣੇ ਵੱਲ ਆਉਂਦੀ ਹੋਈ ਹੱਥ ਹਿਲਾਉਂਦੀ ਹੋਈ ਦਿਸੀ। ਉਹ ਮੁਸਕਰਾਅ ਰਹੀ ਸੀ ਤੇ ਉਸ ਦੀਆਂ ਅੱਖਾ ਵਿਚ ਰਾਤ ਵਾਲੇ ਟਟਹਿਣੇ ਹੀ ਨੱਚ ਰਹੇ ਸਨ। ਉਸਨੇ ਸਫੈਦ ਬਲਾਊਜ਼ ਪਾਇਆ ਹੋਇਆ ਸੀ ਜਿਸ ਦੇ ਹੇਠੋਂ ਉਸਦਾ ਅੰਗ ਅੰਗ ਉਮ੍ਹਲ ਰਿਹਾ ਸੀ। ਉਸ ਨੇ ਸਕਿੱਨ ਟਾਈਟ ਜੀਨਜ਼ ਪਹਿਨੀਆਂ ਹਈਆਂ ਸਨ ਤੇ ਆਪਣੇ ਲੰਮਿਆਂ ਵਾਲਾਂ ਦਾ ਜੂੜਾ ਕੀਤਾ ਹੋਇਆ ਸੀ। ਉਸ ਦੇ ਇਕ ਹੱਥ ਵਿਚ ਮਾਰਕਸ ਐਂਡ ਸਪੈਂਸਰ ਦਾ ਖਰੀਦਾਰੀ ਨਾਲ ਭਰਿਆ ਹੋਇਆ ਬੈਗ ਸੀ ਤੇ ਦੂਜੇ ਵਿਚ ਮਹਿੰਗੀ ਬਰਾਂਡ ਦਾ ਹੈਂਡ ਬੈਗ ਸੀ। ਉਹ ਡਾਢੀ ਸ਼ੌਕੀਨ ਕੁੜੀ ਲਗਦੀ ਸੀ।
ਤੇਜਵੰਤ ਵੀ ਉਸ ਵਲ ਟੁਰਨ ਲੱਗਾ। ਉਹ ਇਕ ਦੂਜੇ ਦੇ ਬਹੁਤ ਨੇੜੇ ਆ ਗਏ-ਬਹੁਤ ਹੀ ਨੇੜੇ। ਕੁੜੀ ਨੇ ਉਸ ਦੀਆਂ ਅੱਖਾ ਵਿਚ ਡੂੰਘਾ ਤੱਕਿਆ। ਤੇਜਵੰਤ ਨੇ ਵੀ। ਇਹ ਰਾਤ ਵਾਲ਼ੀ ਹੀ ਤੱਕਣੀ ਸੀ ਪਰ ਇਕ ਦੂਜੇ ਦਾ ਚੁੰਮਣ ਅੱਜ ਫਿਰ ਵੀ ਨਾ ਲੈਣ ਹੋਇਆ। ਖ਼ਬਰੇ ਕਿਹੜੀ ਦੈਵੀ ਸ਼ਕਤੀ ਤੇਜਵੰਤ ਨੁੰ ਰੋਕ ਗਈ। ਕੁੜੀ ਵਿਚ ਤਾਂ ਕੋਈ ਝਿਜਕ ਨਹੀਂ ਸੀ ਲਗਦੀ। ਫਰ ਪਹਿਲ ਉਸਨੇ ਵੀ ਨਾ ਕੀਤੀ। ਸੋਚਦੀ ਹੋਵੇਗੀ ਕਿ ਮਰਦ ਹੀ ਪਹਿਲ ਕਰੇ।
ਤੇਜਵੰਤ ਨੇ ਹੱਥ ਵਧਾਇਆ। ਬੱਲੀ ਨੇ ਵੀ। ਹੱਥਾਂ ਦੀ ਕੰਘੀ ਮਜ਼ਬੂਤ ਹੋਈ। ਇਸ ਹੱਥ ਘੁਟਣੀ ਵਿਚ ਉਮਰ ਦੇ ਵੀਹ ਬਾਈ ਵਰ੍ਹਿਆਂ ਦੇ ਫਰਕ ਵਾਲੀ ਕੋਈ ਗੱਲ ਨਹੀਂ ਸੀ। ਏਸ ਪਕੜ ਵਿਚ ਇਕੋ ਜਿਹੀ ਪਕਿਆਈ ਅਤੇ ਤਪਸ਼ ਸੀ। ਤੇਜਵੰਤ ਬੱਲੀ ਨੂੰ ਪੱਬ ਵਲ ਲਿਜਾਂਦਾ ਹੋਇਆ ਬੋਲਿਆ," ਵੱਟ ਏ ਪਲੈਜ਼ੈਂਟ ਸਰਪਰਾਈਜ਼! ਆ ਕੁਝ ਪੀਵੀਏ। ਸੈਂਡਵਿਚ ਬਗੈਰਾ ਵੀ ਖਾ ਲੈਦੇ ਹਾਂ। ਆਈ ਐਮ ਔਨ ਮਾਈ ਲੰਚ ਬਰੇਕ। ਐਕਸਟੈਂਡ ਵੀ ਕਰ ਸਕਦਾ ਹਾਂ।"
ਕੁੜੀ ਜਿੰਨ ਐਂਡ ਟੌਨਿਕ ਪੀ ਰਹੀ ਸੀ ਤੇ ਤੇਜਵੰਤ ਠੰਡੀ ਠਾਰ ਲਾਗਰ ਬੀਅਰ ਜਿਹੜੀ ਉਸ ਦੀਆਂ ਰਗਾਂ ਵਿਚ ਠੰਡਕ ਪੁਹੰਚਾ ਰਹੀ ਸੀ। ਪਰ ਉਸ ਦੀ ਤਿਸ਼ਨਗੀ ਇਸ ਕਦਰ ਸੀ ਕਿ ਉਹ ਬੀਅਰ ਦੇ ਗਲਾਸਾਂ ਨਾਲ ਬੁਝਣ ਵਾਲੀ ਨਹੀਂਂ ਸੀ। ਉਸ ਨੂੰ ਲਗਦਾ ਸੀ ਕਿ ਉਸਦਾ ਜਿਸਮ ਭੱਠੀ ਵਾਂਗ ਤਪ ਰਿਹਾ ਸੀ।
"ਮੈਂ ਰਾਤੀਂ ਤੁਹਾਡੀ ਕਿਤਾਬ ਦੀ ਪਹਿਲੀ ਸ਼ੌਰਟ ਸਟੋਰੀ ਪੜ੍ਹਕੇ ਹੀ ਸੁੱਤੀ। ਮੇਰੀ ਪੰਜਾਬੀ ਪੜ੍ਹਨ ਦੀ ਸਪੀਡ ਬਹੁਤ ਸਲੋਅ ਹੈ। ਟਾਈਮ ਲੱਗਾ ਪਰ ਚੰਗਾ ਹੋਇਆ ਮੈਂ ਪੜ੍ਹ ਲਈ।" ਬੱਲੀ ਨੇ ਤੇਜਵੰਤ ਦੀਆਂ ਅੱਖਾਂ ਵਿਚ ਡੂੰਘਾ ਤੱਕਦਿਆਂ ਹੱਸ ਕੇ ਕਿਹਾ," ਇਹ ਹੁੰਦੀ ਹੈ ਡੈਡੀਕੇਸ਼ਨ।"
"ਬਈ ਖ਼ੂਬ। ਫਿਰ ਬੋਰ ਹੋਈ ਕਿ ਨਾ?"
"ਬਹੁਤ" ਉਹ ਖਚਰਾ ਜਿਹਾ ਮੁਸਕਰਾਈ ਤੇ ਫਿਰ ਬਿਨਾ ਤੇਜਵੰਤ ਦਾ ਉੱਤਰ ਉਡੀਕਿਆਂ ਬੋਲੀ," ਨੋ ਨੋ ਕੁਆਈਟ ਔਨੈਸਟਲੀ ਇਟ ਵਾਜ਼ ਫੈਂਟਾਸਟਿਕ। ਚੰਗਾ ਹੋਇਆ ਤੁਸੀਂ ਅਚਾਨਕ ਮਿਲ ਪਏ ਵਰਨਾ ਮੈਂ ਫੋਨ ਕਰਕੇ ਤੁਹਾਡੀ ਤਾਰੀਫ ਕਰਨੀ ਸੀ।"
"ਐਵੇਂ ਬਟਰਿੰਗ ਨਾ ਕਰ।" ਤੇਜਵੰਤ ਨੇ ਕਿਹਾ ਭਾਵੇਂ ਕਿ ਉਹ ਮਨੋਂ ਬਹੁਤ ਖ਼ੁਸ਼ ਸੀ ਕਿ ਕੁੜੀ ਨੇ ਉਸਦੀ ਕਹਾਣੀ ਪੜ੍ਹੀ ਤੇ ਪਸੰਦ ਕੀਤੀ ਸੀ। ਉਸ ਨੂੰ ਲੱਗਾ ਜਿਵੇ ਕੁੜੀ ਨੇ ਨਿਰੀ ਉਸਦੀ ਕਹਾਣੀ ਹੀ ਪਸੰਦ ਨਾ ਕੀਤੀ ਹੋਵੇ, ਉਸ ਨੂੰ ਵੀ ਪਸੰਦ ਕਰ ਲਿਆ ਹੋਵੇ।
"ਨਹੀਂ ਬਟਰਿੰਗ ਨਹੀਂ ਕਰਦੀ। ਸੱਚ ਕਹਿੰਦੀ ਹਾਂ। ਮੈਂ ਤਾਂ ਬੜੀ ਮੂੰਹ ਜ਼ੋਰ ਹਾਂ। ਸੱਚੀ ਗੱਲ ਆਖਣੋਂ ਨਹੀਂ ਝਕਦੀ।" ਬੱਲੀ ਨੇ ਕਿਹਾ।
"ਫਿਰ ਤਾਂ ਠੀਕ ਹੈ। ਥੈਂਕ ਯੂ।" ਤੇਜਵੰਤ ਨੇ ਹਥਲੇ ਗਲਾਸ ਚੋਂ ਢੇਰ ਸਾਰੀ ਬੀਅਰ ਪੀਕੇ ਕਿਹਾ," ਤੇਰੀ ਪੰਜਾਬੀ ਤਾਂ ਬੜੀ ਵਧੀਆ ਹੈ। ਫਿਰ ਤੂੰ ਪੜ੍ਹ ਵੀ ਲੈਨੀ ਏਂ। ਤੇਰੀ ਬੋਲਣ ਵਾਲੀ ਪੰਜਾਬੀ ਵੀ ਵਾਹਵਾ ਹੈ। ਮੂੰਹ ਜ਼ੋਰ ਸ਼ਬਦ ਪੰਜਾਬੀ ਦਾ ਬੜਾ ਠੇਠ ਸ਼ਬਦ ਹੈ।"
"ਠੇਠ ਦਾ ਮਤਲਬ ਕੀ ਹੋਇਆ ਭਲਾ?"
"ਸ਼ਾਇਦ ਉਰਿਜਨਲ," ਤੇਜਵੰਤ ਨੇ ਪਹਿਲੀ ਵੇਰ ਸੋਚਿਆ ਕਿ ਆਖਰ ਠੇਠ ਦੀ ਕੀ ਅੰਗਰੇਜ਼ੀ ਹੋਵੇਗੀ? ਫਿਰ ਉਸ ਨੇ ਮੁੜ ਫੇਰ ਕਹਾਣੀ ਵਲ ਆਉਂਦਿਆਂ ਕਿਹਾ," ਕਿਹੜੀ ਗੱਲ ਨੇ ਤੈਨੂੰ ਵਧੇਰੇ ਟੁੰਬਿਆ ਉਸ ਕਹਾਣੀ ਵਿਚ?"
ਕੁੜੀ ਨੇ ਸੰਜੀਦਾ ਹੁੰਦਿਆਂ ਆਪਣੀ ਗੋਰੀ ਠੋਡੀ ਉਤੇ ਹੱਥ ਰੱਖ ਕੇ ਕਿਹਾ," ਊੰਂ…। ਡਬਲ ਸਟਂੈਂਡਰਡ ਜੀਉਣ ਵਾਲੀ ਗੱਲ ਤੁਸੀਂ ਵਾਹਵਾ ਆਖੀ ਹੈ। ਜ਼ਿੰਦਗ਼ੀ ਦੀ ਹਰ ਗੱਲ ਜਿਵੇਂ ਇਸੇ ਆਧਾਰ ਉਤੇ ਹੀ ਖੜੋਤੀ ਹੋਵੇ। ਇਹ ਹੈ ਵੀ ਸੱਚੀ ਗੱਲ। ਸ਼ੌਪ ਦਾ ਸੇਲਜ਼ਮੈਨ ਤੁਹਾਨੂੰ ਸਰ ਜਾਂ ਮੈਡਮ ਆਖੇਗਾ ਪਰ ਅੰਦਰੋਂ ਭਾਵੇਂ ਕਹਿ ਰਿਹਾ ਹੋਵੇ'ਬਲੱਡੀ ਪਾਕੀ ਬਾਸਟਰਡ।' ਘਰ ਵਿਚ ਵੀ ਅਸੀਂ ਇੰਝ ਹੀ ਕਰਦੇ ਹਾਂ। ਮਾਂ ਬਾਪ ਕੁਝ ਵੀ ਕਹੀ ਜਾਣ, ਅਸੀਂ ਬੱਚੇ ਆਦਰ ਨਾਲ ਸੁਣਦੇ ਰਹਿੰਦੇ ਹਾਂ ਪਰ ਅੰਦਰੋਂ ਸ਼ਾਇਦ ਕਹਿ ਰਹੇ ਹੋਈਏ, ਇਨ੍ਹਾਂ ਬੰਦਿਆਂ ਨੇ ਬੋਲੀ ਹੀ ਜਾਣਾ ਹੈ।" ਬੱਲੀ ਖੁੱਲ੍ਹ ਕੇ ਹੱਸੀ। ਤੇਜਵੰਤ ਵੀ ਉਸ ਨੁੰ ਖ਼ੁਸ਼ ਕਰਨ ਲਈ ਹੱਸ ਪਿਆ ਵਰਨਾ ਉਸਦੀ ਇਹ ਗੱਲ ਉਸਨੂੰ ਪਸੰਦ ਨਹੀਂ ਸੀ ਆਈ। ਆਖ਼ਰ ਤਾਂ ਉਹ ਵੀ ਇਕ ਪੇਅਰੈਂਟ ਸੀ।
"ਹੁਣ ਤੁਸੀਂ ਰਾਤ ਵਾਲੀ ਪਾਰਟੀ ਦੀ ਗੱਲ ਹੀ ਲੈ ਲਓ," ਕੁੜੀ ਬੋਲੀ ਗਈ," ਸੱਚ ਦੱਸਿਓ। ਟਰੂਥ ਬੱਟ ਨਥਿੰਗ ਬੱਟ ਦਾ ਟਰੂਥ। ਜਦੋਂ ਤੁਸੀਂ ਮੇਰੇ ਨਾਲ ਡਾਂਸ ਕਰਦੇ ਸੀ ਜਾਂ ਵੈਸੇ ਹੀ ਮੇਰੇ ਸਾਥ ਵਿਚ ਸਉ ਤਾਂ ਤੁਸੀਂ ਕੀ ਸੋਚਦੇ ਸੀ?"
"ਵੰਨਜ਼ ਥੌਟਸ ਆਰ ਆਲਵੇਜ਼ ਪਰਾਈਵੇਟ। ਬੰਦੇ ਦੀ ਸੋਚ ਪ੍ਰਾਈਵੇਟ ਹੁੰਦੀ ਹੈ ਤੇ ਕੌਨਫੀਡੈਂਸ਼ੀਅਲ ਵੀ।"
ਂ"ਨੋ ਨੋ ਕੰਮ ਔਨ।" ਬੱਲੀ ਨੇ ਸ਼ਰਾਰਤ ਨਾਲ ਕਿਹਾ।
"ਤੇਰੇ ਬਾਰੇ।" ਤੇਜਵੰਤ ਨੇ ਸੱਚ ਦੱਸ ਦਿਤਾ।
" ਮੈਨੂੰ ਹੋਲਡ ਕਰਨਾ ਚਾਹੁੰਦੇ ਸੀ ਨਾ? ਜਾਨੀ ਜੱਫੀ ਵਿਚ ਲੈਣਾ ਚਾਹੁੰਦੇ ਸੀ ਨਾ?" ਕੁੜੀ ਦੀਆਂ ਅੱਖਾਂ ਵਿਚ ਟਟਹਿਣੇ ਨੱਚ ਰਹੇ ਸਨ।
ਤੇਜਵੰਤ ਇਕ ਦਮ ਮੁੜ੍ਹਕੋ ਮੁੜ੍ਹਕੀ ਹੋ ਗਿਆ। ਉਸਨੂੰ ਕੁਝ ਨਹੀਂ ਸੀ ਸੁੱਝ ਰਿਹਾ। ਉਹ ਚਾਹੁੰਦਾ ਸੀ ਕਿ ਉਹ ਬੀਅਰ ਮੁਕਾ ਕੇ ਟੁਰਦਾ ਬਣੇ ਪਰ ਧੁਰ ਅੰਦਰੋਂ ਉਹਦਾ ਬੱਲੀ ਦਾ ਸਾਥ ਛੱਡਣ ਨੂੰ ਵੀ ਦਿਲ ਨਹੀਂ ਸੀ ਕਰਦਾ।
"ਹੁਣ ਮੈਂ ਚਲਦੀ ਹਾਂ। ਬਹੁਤ ਸ਼ੌਪਿੰਗ ਕਰਨੀ ਹੈ। ਥੈਂਕਸ ਫਾਰ ਦਾ ਡਰਿੰਕ ਐਂਡ ਦਾ ਸੈਂਡਇਚ।"
"ਕੱਲ੍ਹ ਇਸੇ ਥਾਂ?" ਤੇਜਵੰਤ ਨੇ ਪੁੱਛ ਹੀ ਲਿਆ।
"ਵਾਈ੍ਹ ਨੌਟ?" ਕੁੜੀ ਨੇ ਲਾਪਰਵਾਹੀ ਨਾਲ ਕਿਹਾ।
ਦੂਸਰੇ ਦਿਨ ਉਹ ਫੇਰ ਮਿਲੇ। ਫੇਰ ਲੰਚ ਹੋਇਆ। ਫੇਰ ਛੋਟੀਆਂ ਛੋਟੀਆਂ ਸੂਖ਼ਮ ਸੂਖ਼ਮ ਗੱਲਾਂ ਹੋਈਆਂ। ਫੇਰ ਇਕ ਦੂਜੇ ਵਲ ਖਿੱਚੇ ਜਾਣ ਦਾ ਯਕੀਨ ਹੋਇਆ। ਵਿਛੜਨ ਲੱਗੇ ਤਾਂ ਤੇਜਵੰਤ ਨੇ ਹਿੰਮਤ ਕਰਕੇ ਕਿਹਾ," ਕਿਤੇ ਮਿਲ਼ੀਏ। ਤੂੰ ਤੇ ਮੈਂ ਤੇ ਜਾਂ ਫਿਰ ਕਮਰੇ ਦੀਆਂ ਕੰਧਾਂ।"
"ਓ ਕੇ। ਲੈੱਟ ਮੀ ਨੋਅ ਵੈੱਨ? ਦੱਸਿਓ ਕਦੋਂ ਅਤੇ ਕਿੱਥੇ?" ਬੱਲੀ ਨੇ ਅੱਖ ਨਾਲ ਅੱਖ ਮਿਲਾਕੇ ਕਿਹਾ," ਦਾ ਬਾਲ ਇਜ਼ ਇਨ ਯੁਅਰ ਕੋਰਟ। ਹੁਣ ਸਭ ਤੁਹਾਡੇ ਹੱਥ ਹੈ।" ਤੇ ਉਹ ਖਿੜ ਖਿੜ ਹੱਸਦੀ ਹੋਈ ਚਲੀ ਗਈ।
ਤੇਜਵੰਤ ਦੰਗ ਰਹਿ ਗਿਆ। ਜਿੱਤੇ ਹੋਣ ਦੇ ਬਾਵਜੂਦ ਵੀ ਉਹ ਆਪਣੇ ਆਪ ਨੂੰ ਹਾਰ ਗਿਆ ਸਮਝਣ ਲੱਗਾ। ਉਸ ਨੁੰ ਲੱਗਾ ਜਿਵੇਂ ਸ਼ਿਕਾਰ ਪਿੱਛੇ ਭੱਜਣ ਦਾ ਹੋਰ ਹੀ ਮਜ਼ਾ ਹੁੰਦਾ ਹੈ। ਮਰਦ ਕਹੇ ਕਿ ਬਾਲ ਇਜ਼ ਇਨ ਯੁਅਰ ਕੋਰਟ ਤਾਂ ਮੰਨ ਲਿਆ ਜਾਂਦਾ ਹੈ ਪਰ ਔਰਤ ਕਹੇ ਤਾਂ ਉਸ ਬਾਰੇ ਹੋਰ ਕਿਸਮ ਦੇ ਕਿਆਫੇ ਲਗਾਏ ਜਾਂਦੇ ਹਨ। ਤੇਜਵੰਤ ਨੇ ਵੀ ਸੋਚਿਆਂ 'ਕੁੜੀ ਚਾਲੂ ਹੈ।'
ਕੁੜੀ ਦੀ 'ਹਾਂਹ' ਸੁਣਕੇ ਤੇਜਵੰਤ ਦਾ ਦਿਲ ਜ਼ੋਰ ਜ਼ੋਰ ਦੀ ਧੜਕਣ ਲੱਗਾ। ਦਫਤਰ ਪੁੱਜਾ ਤਾਂ ਉਸਦਾ ਫਾਈਲਾਂ ਖੋਲ੍ਹਣ ਨੂੰ ਜੀਅ ਨਾ ਕਰੇ। ਕੰਪਿਊੁਟਰ ਦੇ ਕੀ ਬੋਰਡ ਉਤੇ ਉਹ ਗ਼ਲਤ ਸਪੈਲਿੰਗ ਅਤੇ ਗਲਤ ਫਿਕਰੇ ਟਾਈਪ ਕਰੀ ਜਾ ਰਿਹਾ ਸੀ। ਬੱਲੀ ਦਾ ਸ਼ਰਾਰਤੀ ਚਿਹਰਾ ਅਤੇ ਬਲੌਰੀ ਹਾਸਾ ਉਸ ਦੀ ਸੋਚ ਤੋਂ ਪਰ੍ਹਾਂ ਨਹੀਂ ਸੀ ਜਾ ਰਿਹਾ। Ḕਬਾਲ ਇਜ਼ ਇਨ ਯੁਅਰ ਕੋਰਟ' ਵਾਲੇ ਅਲਫਾਜ਼ ਉਸਦੇ ਸਿਰ ਵਿਚ ਹਥੌੜੇ ਵਾਂਗ ਵੱਜ ਰਹੇ ਸਨ।
ਉਹ ਮਸਾਂ ਘਰ ਪੁੱਜਾ। ਉਸ ਦੀਆਂ ਧੀਆਂ ਉਸ ਨਾਲ ਰੋਜ਼ ਵਾਂਗ ਹੱਸਣਾ ਖੇਡਣਾ ਚਾਹ ਰਹੀਆਂ ਸਨ। ਪਰ ਉਹ ਸੀ ਕਿ ਸਿਰ ਦੁਖਦਾ ਕਹਿਕੇ ਟੈਲੀਵੀਯਨ ਤੋਂ ਪਰ੍ਹਾਂ ਬਹਿ ਗਿਆ। ਪਤਨੀ ਨੇ ਵੀ ਕੋਈ ਬਹੁਤੀ ਗੱਲ ਨਾ ਗੌਲ਼ੀ। 'ਥੱਕ ਗਿਆ ਹੋਵੇਗਾ ਦਫਤਰ ਦੇ ਕੰਮਾਂ ਕਾਰਾਂ ਵਿਚ।'
ਤੇਜਵੰਤ ਸੋਚੀ ਜਾ ਰਿਹਾ ਸੀ ਕਿ ਆਖ਼ਰ ਇਕ ਇੰਡੀਅਨ ਕੁੜੀ ਏਨੀ ਡੇਅਰਿੰਗ ਕਿਵੇਂ ਹੋ ਸਕਦੀ ਹੈ? ਕੋਈ ਗੋਰੀ ਕੁੜੀ ਹੋਵੇ ਤਾਂ ਮੰਨ ਲਿਆ ਜਾ ਸਕਦਾ ਹੈ ਕਿਉਂਕਿ ਅਕਸਰ ਹੀ ਆਪਾਂ ਇਨ੍ਹਾਂ ਗੋਰੀਆਂ ਬਾਰੇ ਇਹੋ ਜਿਹੇ ਵਿਚਾਰ ਹੀ ਤਾਂ ਰਖਦੇ ਹਾਂ। ਪਰ ਇਕ ਏਸ਼ੀਅਨ ਕੁੜੀ? ਤੇ ਉਹ ਵੀ ਪੰਜਾਬਣ ਤੇ ਉਹ ਵੀ ਉਸਦੇ ਦੋਸਤ ਦੀ ਧੀ? ਤੋਬਾ ਤੋਬਾ? ਕੀ ਹੋ ਗਿਆ ਹੈ ਸਾਡੀਆਂ ਕੁੜੀਆਂ ਨੂੰ? ਝਟ ਪਲ ਲਈ ਉਸਨੂੰ ਆਪਣੀਆਂ ਧੀਆਂ ਦਾ ਖਿਆਲ ਆਇਆ। ਉਹ ਵੀ ਤਾਂ ਜਵਾਨੀ ਦੀ ਦਹਿਲੀਜ਼ ਉਤੇ ਪੈਰ ਧਰ ਹੀ ਰਹੀਆਂ ਸਨ। ਉਹ ਵੀ ਤਾਂ ਛੇਤੀਂ ਹੀ ਯੁਨਵਿਰਸਟੀ ਦੀ ਜ਼ਿੰਦਗ਼ੀ ਗ਼ੁਜ਼ਾਰਨਗੀਆਂ। ਉਹ ਵੀ ਤਾਂ ਆਜ਼ਾਦ ਹੋਣਗੀਆਂ।
ਕਿਸੇ ਦਿਨ ਤੇਜਵੰਤ ਰੁਮਾਂਟਕ ਮੂਡ ਵਿਚ ਹੁੰਦਾ ਤਾਂ ਆæਲ਼ੇ ਦੁਆਲ਼ੇ ਦੇ ਹੋਟਲਾਂ ਬਾਰੇ ਸੋਚਣ ਲੱਗਦਾ। ਆਹ ਪ੍ਰੀਮੀਅਰ ਇੰਨ ਤਾਂ ਨੇੜੇ ਹੀ ਹੈ। ਪਰ ਏਨਾ ਨੇੜੇ ਵੀ ਤਾਂ ਨਹੀਂ ਹੋਣਾ ਚਾਹੀਦਾ ਵਰਨਾ ਕੋਈ ਦੇਖ ਲਵੇਗਾ। ਫਿਰ ਉਸ ਨੇ ਏਅਰਪੋਰਟ ਲਾਗੇ 'ਹੌਲੀਡੇ ਇੰਨ' ਹੋਟਲ ਬਾਰੇ ਸੋਚਿਆ। ਮਹਿੰਗਾ ਹੋਵੇਗਾ ਪਰ ਕੁੜੀ ਨੂੰ ਪ੍ਰਭਾਵਤ ਕਰਨ ਲਈ ਮਹਿੰਗਾਈ ਬਾਰੇ ਤਾਂ ਸੋਚਣਾ ਵੀ ਨਹੀਂ ਚਾਹੀਦਾ। ਉਸ ਨੇ ਆਪਣੇ ਆਪ ਨੂੰ ਫਿਟਕਾਰ ਪਾਈ। ਫਿਰ ਉਹ ਸੋਚਦਾ ਅਗਰ ਇਸ ਸਭ ਕੁਝ ਬਾਰੇ ਉਸ ਦੀਆਂ ਧੀਆਂ ਨੂੰ ਪਤਾ ਲੱਗ ਗਿਆ ਜਾਂ ਉਸ ਦੀ ਪਤਨੀ ਨੂੰ ਪਤਾ ਲੱਗ ਗਿਆ ਤਾਂ ਉਹ ਕੀ ਸੋਚਣਗੀਆਂ? ਭਾਈਚਾਰੇ ਤੱਕ ਵੀ ਗੱਲ ਪੁੱਜ ਸਕਦੀ ਹੈ। ਬਾਤ ਦਾ ਬਤੰਗੜ ਵੀ ਬਣ ਸਕਦਾ ਹੈ। ਧੀਆਂ ਹਨ ਉਸ ਦੀਆਂ। ਕੱਲ ਨੂੰ ਵਿਆਹੁਣੀਆਂ ਵੀ ਹਨ।
ਇਸੇ ਤਰ੍ਹਾਂ ਉਧੇੜ ਬੁਣ ਅਤੇ ਅੱਜ ਨਹੀਂ ਕੱਲ ਬਾਰੇ ਸੋਚਦਿਆਂ ਕਈ ਦਿਨ, ਹਫਤੇ ਅਤੇ ਮਹੀਨੇ ਬੀਤਦੇ ਗਏ। ਤੇਜਵੰਤ ਰੋਜ਼ ਅਤੇ ਹਰ ਪਲ ਹੀ ਚੱਕੀ ਦੇ ਪੁੜਾਂ ਵਿਚ ਪਿਸਦਾ ਰਿਹਾ। ਭਾਵੇਂ ਬੱਲੀ ਵਾਪਸ ਯੂਨੀਵਰਸਟੀ ਚਲੀ ਗਈ ਹੋਵੇਗੀ ਪਰ ਉਹ ਜਵਾਬ ਤਾਂ ਉਸਦਾ ਜ਼ਰੂਰ ਉਡੀਕ ਰਹੀ ਹੋਵੇਗੀ। ਤੇਜਵੰਤ ਮੂਡੀ ਜਿਹਾ ਹੋ ਗਿਆ। ਗੱਲ ਗੱਲ 'ਤੇ ਪਤਨੀ ਨਾਲ ਖਹਿਬੜਨ ਲੱਗ ਪੈਂਦਾ। ਫਿਰ ਆਪ ਹੀ ਮੁਆਫੀ ਮੰਗਣ ਲੱਗ ਪੈਂਦਾ। ਧੀਆਂ ਅਤੇ ਪਤਨੀ ਹੈਰਾਨ ਸਨ ਕਿ ਇਸ ਚੰਗੇ ਭਲੇ ਬੰਦੇ ਨੂੰ ਆਖਰ ਕੀ ਹੋ ਗਿਆ ਹੈ?
ਗਰਮੀਆਂ ਦੀਆਂ ਛੁੱਟੀਆਂ ਚੱਲ ਰਹੀਆਂ ਸਨ। ਤੇਜਵੰਤ ਨੁੰ ਪਤਾ ਚੱਲ ਗਿਆ ਕਿ ਬੱਲੀ ਯੁਨੀਵਰਸਟੀ ਤੋਂ ਆਈ ਹੋਈ ਸੀ। ਪਤਨੀ ਕਹੀ ਜਾ ਰਹੀ ਸੀ ਕਿ ਉਸ ਦੇ ਸਾਰੇ ਪਰਵਾਰ ਨੂੰ ਖਾਣੇ ਉਤੇ ਬੁਲਾਉਣਾ ਚਾਹੀਦਾ ਹੈ। ਪਰ ਤੇਜਵੰਤ ਵਿਚ ਜਿਵੇਂ ਸਾਹਸ ਹੀ ਨਹੀਂ ਸੀ ਕਿ ਉਹ ਬੱਲੀ ਦਾ ਸਾਹਮਣਾ ਕਰ ਸਕੇ। ਜਦ ਉਸ ਨੇ ਕਹਿ ਹੀ ਦਿੱਤਾ ਹੋਇਆ ਸੀ ਕਿ 'ਬਾਲ ਇਜ਼ ਇਨ ਯੁਅਰ ਕੋਰਟ' ਤਾਂ ਬਾਕੀ ਕਸਰ ਕੀ ਰਹਿ ਗਈ ਸੀ? ਇਨ੍ਹਾਂ ਹੀ ਖਿਆਲਾਂ ਵਿਚ ਉਲਝਿਆ ਹੋਇਆ ਉਹ ਇਕ ਦਿਨ ਲੰਚ ਬਰੇਕ ਵੇਲੇ 'ਡੀਅਰ ਹੰਟਰ' ਪੱਬ ਗਿਆ। ਬਾਰਮੈਨ ਨੂੰ ਡਬਲ ਵਿਸਕੀ ਦਾ ਔਰਡਰ ਦਿੱਤਾ ਤੇ ਆਲੇ ਦੁਆਲੇ ਦੇਖਣ ਲੱਗਾ। ਅਚਾਨਕ ਉਸ ਦੀ ਨਿਗਾਹ ਉਸੇ ਕੋਨੇ ਦੇ ਟੇਬਲ ਉਤੇ ਪਈ ਜਿਥੇ ਉਹ ਤੇ ਬੱਲੀ ਪਹਿਲਾਂ ਦੋ ਵੇਰ ਇਕੱਠੇ ਡਰਿੰਕ ਲੈ ਚੁੱਕੇ ਸਨ। ਉਸ ਨੂੰ ਹੇਰਾਨੀ ਹੋਈ ਕਿ ਬੱਲੀ ਅੱਜ ਕਿਸੇ ਹਾਣ ਦੇ ਮੁੰਡੇ ਨਾਲ ਹੱਸ ਹੱਸ ਕੇ ਗੱਲਾਂ ਕਰ ਰਹੀ ਸੀ। ਇਹ ਮੁੰਡਾ ਏਸ਼ੀਅਨ ਨਹੀਂ ਸਗੋਂ ਇਕ ਗੋਰਾ ਸੀ। ਉਸ ਨੇ ਸਮਾਰਟ ਜੀਨਜ਼ ਅਤੇ ਟਾਈਟ ਕਿਸਮ ਦੀ ਨਾਈਕ ਦੀ ਟੀ ਸ਼ਰਟ ਪਾਈ ਹੋਈ ਸੀ। ਕੱਕੇ ਵਾਲਾਂ ਵਾਲਾ ਇਹ ਮੁੰਡਾ ਵਾਹਵਾ ਸੋਹਣਾ, ਸਿਹਤਮੰਦ ਅਤੇ ਲੰਮਾ ਝੰਮਾ ਨੌਜਵਾਨ ਸੀ। ਤੇਜਵੰਤ ਨੂੰ ਘੜੀ ਪਲ ਲਈ ਹਿਰਖ ਜਿਹਾ ਹੋਇਆ। 'ਈਹਨੂੰ ਕੋਈ ਆਪਣਾ ਨਾ ਲੱਭਾ?' ਤੇਜਵੰਤ ਨੇ ਦੂਸਰੀ ਕੌਮ ਬਾਰੇ ਮਨ ਹੀ ਮਨ ਵਿਚ ਕਿੰਤੂ ਪ੍ਰੰਤੂ ਕੀਤਾ।
ਫਿਰ ਤੇਜਵੰਤ ਨੇ ਆਪਣੇ ਆਪ ਨੁੰ ਲਾਹਨਤ ਪਾਈ। 'ਇਹ ਤਾਂ ਮੇਰੀਆਂ ਬਾਹਵਾਂ ਵਿਚ ਆਉਣ ਲਈ ਤਿਆਰ ਸੀ ਪਰ ਮੈਂ…?'
ਉਹ ਇਹੋ ਜਿਹੇ ਖਿਆਲਾਂ ਵਿਚ ਹੀ ਉਲਝਿਆ ਹੋਇਆ ਸੀ ਤੇ ਬਾਰਮੈਨ ਨੂੰ ਡਰਿੰਕ ਦੇ ਪੈਸੇ ਦੇਣ ਵਿਚ ਮਸਰੂਫ ਸੀ ਕਿ ਬੱਲੀ ਪਤਾ ਨਹੀਂਂ ਕਿਹੜੇ ਵੇਲੇ ਉਸ ਕੋਲ ਆਕੇ ਕਹਿ ਰਹੀ ਸੀ," ਹੈਲੋ ਅੰਕਲ। ਪਲੀਜ਼ ਮੀਟ ਮਾਈ ਬੁਆਏ ਫਰੈਂਡ ਟੌਮ ਕੈਂਪ।" ਫਿਰ ਉਸ ਨੇ ਟੌਮ ਨੂੰ ਮੁਖ਼ਾਤਵ ਹੋਕੇ ਕਿਹਾ," ਟੌਮ ਦਿਸ ਇਜ਼ ਮਾਈ ਅੰਕਲ ਮਿਸਟਰ ਤੇਜਵੰਤ ਸਿੰਘ। ਹੀ ੁਇਜ਼ ਏ ਵੈਰ੍ਹੀ ਗੁੱਡ ਫੈਮਲੀ ਫਰੈਂਡ। ਹੀ ਇਜ਼ ਆਲਸੋ ਏ ਪੋਇਟ।" ਟੌਮ ਹੱਥ ਮਿਲਾਕੇ ਬਾਹਰ ਜਾਣ ਲਈ ਬੂਹੇ ਵੱਲ ਚਲਾ ਗਿਆ।
ਬੱਲੀ ਨੇ ਟੌਮ ਮਗਰ ਜਾਣ ਤੋਂ ਪਹਿਲਾਂ ਤੇਜਵੰਤ ਦੇ ਕੰਨ ਵਿਚ ਕਿਹਾ," ਲੂਜ਼ਰ-ਹਾਰਿਆ ਹੋਇਆ ਮਨੁੱਖ।" ਤੇ ਉਹ ਖਿੜ ਖਿੜ ਕਰਦੀ ਹੋਈ ਬੂਹਿਓਂ ਬਾਹਰ ਚਲੀ ਗਈ।
ਤੇਜਵੰਤ ਨੇ ਨੀਟ ਵਿਸਕੀ ਦਾ ਗਲਾਸ ਇਕੋ ਵੇਰ ਅੱਦਰ ਸੁੱਟ ਲਿਆ। ਇਸ ਵੇਰ ਉਸ ਨੂੰ ਇਹ ਕੌੜੀ ਨਹੀਂ ਸੀ ਲੱਗੀ।