ਮੰਨ ਗੇ ਤੈਨੂੰ ਦਿਲਬਰਾ, ਤੂੰ ਹੈ ਬੜਾ ਚਲਾਕ |
ਹਰਦਮ ਨੀਤੀ ਕੂਟ ਦੀ, ਰੱਖਦੈਂ ਲਾ ਕੇ ਢਾਕ |
ਡਿਗ ਕੇ ਉੱਠ ਸੌ ਵਾਰ ਵੀ,ਨਜ਼ਰੋਂ ਨਾ ਡਿਗ ਹੇਠ,
ਸਮਝੇਂ ਐਨੀ ਗੱਲ ਨਾ, ਤੂੰ ਕੀ ਭਲਾ ਜਵਾਕ |
ਇਤਰ ਫੁਲੇਲਾਂ ਨਾਲ ਵੀ, ਮੁਸ਼ਕ ਨ ਹੋਵੇ ਦੂਰ,
ਬਾਹਰੋਂ ਬੇਸ਼ੱਕ ਸਾਫ ਹੈ,ਅੰਦਰੋਂ ਨਾ ਜੋ ਪਾਕ |
ਦੌਲਤ ਸ਼ੋਹਰਤ ਮਿਲਣ ਤੇ,ਬਦਲ ਲਵੀਂ ਨਾ ਤੋਰ,
ਜਿਹੜੇ ਛੱਡਦੇ ਪੈਰ ਹਨ, ਡਿੱਗਣ ਹੇਠ ਧੜਾਕ |
ਪੱਲੇ ਜਿਸਦੇ ਕਿਰਤ ਹੈ, ਉਸਨੂੰ ਕਾਹਦੀ ਤੋਟ,
ਹੋਣ ਨਿਕੰਮੇ ਸ਼ਖਸ ਜੋ, ਦਰ ਦਰ ਛਾਨਣ ਖਾਕ |
ਲੋਕ ਸਿਆਣੇ ਆਖਦੇ, ਸੋਲਾਂ ਆਨੇ ਸੱਚ,
ਥੱਪੜ ਤੋਂ ਵਧ ਬੋਲ ਦਾ, ਪੈਂਦਾ ਲਾਲ ਚਟਾਕ |
' ਬੋਪਾਰਾਏ ' ਨਾਲ ਜੇ, ਤੈਨੂੰ ਐਨੀ ਖਾਰ,
ਸਾਹਾਂ ਤੋਂ ਵੀ ਨੇੜ ਦਾ, ਕਾਹਦਾ ਤੇਰਾ ਸਾਕ |