ਬਦੇਸ਼ੀਂ ਤੁਰ ਗਏ ਸਾਰੇ , ਘਰਾਂ ਨੰੂ ਮਾਰ ਕੇ ਜਿੰਦੇ ।
ਫਿਰੇ ਜਿੰਦ ਭਾਲਦੀ ਮਿੱਤਰ,ਮਸ਼ੀਨਾ ਬਣ ਗਏ ਬੰਦੇ।
ਘਰਾਂ ਵਿੱਚ ਥਾਂ ਨਹੀਂ ਕੋਈ ਬਜੁਰਗਾਂ ਵਾਸਤੇ ਹੁਣ ਤਾਂ,
ਨਿਮੋਹੇ ਹੋ ਗਏ ਡਾਢੇ ਸਪੁੱਤਰ ਬਾਪ ਦੇ ਛਿੰਦੇ।
ਰੁਝੇਵੇ ਵਧ ਗਏ ਏਨੇ ਨਹੀ ਫੁਰਸਤ ਕਿਸੇ ਕੋਲੇ ,
ਪਿਆਰੇ ਰਿਸ਼ਤਿਆਂ ਨਾਲੋਂ ਪਿਆਰੇ ਹੋ ਗਏ ਧੰਦੇ ।
ਲਹੂ ਦੇ ਰਿਸ਼ਤਿਆਂ ਵਿੱਚੋਂ ਮਿਟੀ ਅਪਣੱਤ ਦੀ ਲਾਲੀ,
ਪਰਾਏ ਹੋ ਗਏ ਸੋਨਾ ਮਾਂ ਜਾਏ ਜਾਪਦੇ ਮੰਦੇ ।
ਵਜਾਵੇ ਬੰਸਰੀ ਹਾਕਮ ,ਉਡਾਵੇ ਐਸ਼ ਹੁਣ ਹਾਕਮ,
ਨੇ ਫ਼ਰਜੋਂ ਮੀਟੀਆਂ ਅੱਖਾਂ ਅਤੇ ਹਨ ਕੰਨ ਉਸ ਮੁੰਦੇ ।
ਸਿਵਾਏ ਚੀਸ ਗਹਿਰੀ ਦੇ ਤੇਰੇ ਹੱਥ ਕੁਝ ਨਹੀਂ ਆਉਣਾ,
ਸਿਵਾ ਨਾ ਫੋਲ ਯਾਦਾਂ ਦਾ ਮੇਰੇ ਦਿਲਬਰ ਮੇਰੀ ਜਿੰਦੇ ।
ਅਜੇਹਾ ਦੌਰ ਵੀ 'ਠਾਕਰ 'ਹੰਢਾਇਆ ਹੈ ਅਸੀ ਪਿੰਡੇ,
ਲਵਾਰਸ ਜਦ ਬਣੇ ਮੁਰਦੇ ਭਰਾਵਾਂ ਪੁੱਤਰਾਂ ਹੁੰਦੇ ।