ਕਾਵਿ-ਨਾਟਕ 'ਤੇ ਵਿਸ਼ੇਸ਼ ਗੱਲ-ਬਾਤ (ਖ਼ਬਰਸਾਰ)


ਟਰਾਂਟੋ --  'ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ' ਦੀ ਨਵੰਬਰ ਮਹੀਨੇ ਦੀ ਮੀਟਿੰਗ ਬਰੈਂਪਟਨ ਦੀ ਸਪਰਿੰਗਡੇਲ ਲਾਇਬਰੇਰੀ ਵਿੱਚ ਸੰਚਾਲਕ ਕੁਲਵਿੰਦਰ ਖਹਿਰਾ, ਬ੍ਰਜਿੰਦਰ ਗੁਲਾਟੀ, ਅਤੇ ਪਰਮਜੀਤ ਦਿਓਲ ਦੀ ਨਿਗਰਾਨੀ ਹੇਠ ਸੰਪੂਰਨ ਹੋਈ। ਸਟੇਜ ਦੀ ਜ਼ਿੰਮੇਂਵਾਰੀ ਸੰਭਾਲ਼ਦਿਆਂ ਕੁਲਵਿੰਦਰ ਖਹਿਰਾ ਨੇ ਦੱਸਿਆ ਕਿ ਦਿਸੰਬਰ ਮਹੀਨੇ ਵਿੱਚ ਕਾਫ਼ਲੇ ਵੱਲੋਂ ਦੁਪਹਿਰ ਦੇ ਖਾਣੇ ਨਾਲ਼ ਇੱਕ ਖ਼ਾਸ ਸਮਾਗਮ ਦਾ ਪ੍ਰਬੰਧ ਕੀਤਾ ਜਾਵੇਗਾ ਜਿਸ ਵਿੱਚ ਕਵੀ ਦਰਬਾਰ ਸਮੇਤ ਵੱਖ ਵੱਖ ਆਈਟਮਾਂ ਨਾਲ਼ ਭਰਪੂਰ ਮਨੋਰੰਜ਼ਨ ਕੀਤਾ ਜਾਵੇਗਾ। ਖਹਿਰਾ ਨੇ ਕਿਹਾ ਕਿ 16 ਦਿਸੰਬਰ ਨੂੰ ਹੋਣ ਵਾਲ਼ੇ ਇਸ ਸਮਾਗਮ ਬਾਰੇ ਹੋਰ ਜਾਣਕਾਰੀ ਛੇਤੀ ਹੀ ਸਾਂਝੀ ਕੀਤੀ ਜਾਵੇਗੀ।


ਪਰਮਜੀਤ ਦਿਓਲ ਦੇ ਜਾਣ-ਪਛਾਣ ਕਰਵਾਏ ਜਾਣ ਤੋਂ ਬਾਅਦ ਕੈਨੇਡਾ ਫੇਰੀ 'ਤੇ ਆਈ ਪੰਜਾਬੀ ਕਵਿੱਤਰੀ ਡਾæ ਅਮਰਜੀਤ ਘੁੰਮਣ ਨੇ ਆਪਣੇ ਬਾਰੇ ਬੋਲਦਿਆਂ ਕਿਹਾ ਕਿ ਉਨ੍ਹਾਂ ਸਭ ਤੋਂ ਪਹਿਲਾਂ ਇਕਾਂਗੀ ਲਿਖੀ ਸੀ, ਭਗਤ ਸਿੰਘ ਬਾਰੇ। ਉਨ੍ਹਾਂ ਦੀ ਪਹਿਲੀ ਪੁਸਤਕ 1994 ਵਿੱਚ ਛਪੀ ਸੀ ਅਤੇ ਦੂਸਰੀ ਪੁਸਤਕ, 'ਨਦੀ ਨੂੰ ਵਹਿਣਾ ਪਿਆ', ਇੱਕ ਲੰਮੀ ਕਵਿਤਾ ਦੀ ਕਿਤਾਬ 2006 ਵਿੱਚ ਛਪੀ। ਫਿਰ 'ਪ੍ਰੀਤਲੜੀ' ਅਤੇ 'ਆਰਸੀ' ਮੈਗਜ਼ੀਨਾਂ ਵਿੱਚ ਛਪਣ ਉਪਰੰਤ ਉਨ੍ਹਾਂ ਨੂੰ ਉਤਸ਼ਾਹ ਮਿਲਿਆ। ਉਨ੍ਹਾਂ ਕਿਹਾ ਕਿ ਕੋਈ ਵੀ ਕਲਾਕਾਰ ਆਪਣੇ ਆਪ ਨੂੰ ਆਪਣੀ ਰਚਨਾ ਤੋਂ ਵੱਖ ਨਹੀਂ ਕਰ ਸਕਦਾ: ਆਪਣੀ ਸਿਰਜਣਾ ਰਾਹੀਂ ਕਲਾਕਾਰ ਆਪਣੇ ਆਪ ਨੂੰ 'ਐਕਸਪ੍ਰੈੱਸ' ਕਰਦਾ ਹੈ ਤੇ ਇਸ ਨਾਲ਼ ਆਲ਼ੇ ਦੁਆਲ਼ੇ ਦਾ ਹੋਰ ਬਹੁਤ ਜੁੜਿਆ ਹੁੰਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਸਮਾਜ (ਦੇ ਪ੍ਰਭਾਵ) ਤੋਂ ਮੁਨਕਰ ਨਹੀਂ ਹੋ ਸਕਦੇ।" ਉਨ੍ਹਾਂ ਨੇ ਸਮਾਜਿਕ ਅਤੇ ਕਿਸਾਨੀ ਮਸਲਿਆਂ ਬਾਰੇ ਆਪਣੀਆਂ ਕਵਿਤਾਵਾਂ ਵੀ ਸਾਂਝੀਆਂ ਕੀਤੀਆਂ।
ਤਰਕਸ਼ੀਲ ਸੋਸਾਇਟੀ ਨਾਲ਼ ਜੁੜੇ ਪ੍ਰਿੰਸੀਪਲ ਬਲਵਿੰਦਰ ਬਰਨਾਲ਼ਾ ਜੀ ਨੇ ਕੈਨੇਡੀਅਨ ਪੰਜਾਬੀ ਭਾਈਚਾਰੇ ਦੇ ਮਸਲਿਆਂ ਬਾਰੇ ਬੋਲਦਿਆਂ ਕਿਹਾ ਕਿ ਜਦੋਂ ਅਸੀਂ ਮਾਈਗਰੇਟ ਹੋ ਕੇ ਆਉਂਦੇ ਹਾਂ ਤਾਂ ਆਪਣਾ ਸੁਭਾਅ ਅਤੇ ਕਲਚਰ ਵੀ ਨਾਲ਼ ਹੀ ਲੈ ਆਉਂਦੇ ਹਾਂ ਅਤੇ ਜਦੋਂ ਇਸ ਸੁਭਾਅ ਅਤੇ ਕਲਚਰ ਦਾ ਕੈਨੇਡੀਅਨ ਕਲਚਰ ਨਾਲ਼ ਟਕਰਾਓ ਹੁੰਦਾ ਹੈ ਤਾਂ ਮੁਸ਼ਕਲਾਂ ਪੈਦਾ ਹੁੰਦੀਆਂ ਨੇ। ਕੈਨੇਡਾ ਵਿੱਚ ਆ ਰਹੇ ਵਿਦਿਆਰਥੀਆਂ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਏਨੀ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਦੇ ਆਉਣ ਦਾ ਇੱਕ ਕਾਰਨ ਪੰਜਾਬ ਵਿੱਚ ਵਧਿਆ ਚਿੱਟੇ ਦਾ ਰੁਝਾਨ ਵੀ ਹੈ ਜਿਸ ਕਰਕੇ ਹਰ ਮਾਪਾ ਚਾਹੁੰਦਾ ਹੈ ਕਿ ਉਸਦਾ ਪੁੱਤ ਬਾਹਰ ਨਿਕਲ਼ ਜਾਵੇ। ਉਨ੍ਹਾਂ ਕਿਹਾ ਕਿ ਇਹ ਰੁਝਾਨ ਆਪਣੇ ਆਪ ਨਹੀਂ ਵਧਿਆ ਸਗੋਂ ਯੋਜਨਾ-ਬੱਧ ਤਰੀਕੇ ਨਾਲ਼ ਕੀਤਾ ਗਿਆ ਹੈ ਕਿਉਂਕਿ ਪੰਜਾਬੀ ਹਮੇਸ਼ਾਂ ਆਪਣੇ ਹੱਕਾਂ ਲਈ ਲੜਦੇ ਰਹੇ ਨੇ। ਜਰਨੈਲ ਸਿੰਘ ਕਹਾਣੀਕਾਰ, ਪ੍ਰਿੰਸੀਪਲ ਸਰਵਣ ਸਿੰਘ ਅਤੇ ਡਾæ ਨਾਹਰ ਸਿੰਘ ਨੇ ਬਰਨਾਲ਼ਾ ਜੀ ਦੇ ਵਿਚਾਰਾਂ ਬਾਰੇ ਕਈ ਸਵਾਲ ਉਠਾਏ। 
ਕਾਵਿ-ਨਾਟਕ ਦੇ ਰੂਪ ਅਤੇ ਵਿਧਾ ਬਾਰੇ ਗੱਲ ਕਰਦਿਆਂ ਉਂਕਾਰਪ੍ਰੀਤ ਨੇ ਕਿਹਾ ਕਿ ਅੰਗ੍ਰੇਜ਼ੀ ਕਵੀ ਟੀ ਐੱਸ ਈਲੀਅਟ ਅਨੁਸਾਰ ਨਾਟਕ ਸਿਰਫ ਕਾਵਿ-ਨਾਟਕ ਹੀ ਹੋਣਾ ਚਾਹੀਦਾ ਹੈ ਕਿਉਂਕਿ ਇਹ ਸਕਰਿਪਟ ਅਤੇ ਅਦਾਕਾਰੀ ਪੱਖੋਂ ਆਮ ਨਾਟਕ ਨਾਲ਼ੋਂ ਕਿਤੇ ਵੱਧ ਅਹਿਮ ਹੈ ਕਿਉਂਕਿ ਕਾਵਿ-ਨਾਟਕ ਰਾਹੀਂ ਖਿਆਲ ਨੂੰ ਬਹ੍ਰਿਮੰਡੀ ਪੱਧਰ 'ਤੇ ਲਿਜਾਇਆ ਜਾ ਸਕਦਾ ਹੈ ਜਦਕਿ ਵਾਰਤਕ ਰੂਪ ਵਾਲ਼ੇ ਨਾਟਕ ਵਿੱਚ ਅਜਿਹਾ ਸੰਭਵ ਨਹੀਂ। ਕਾਵਿ ਨਾਟਕ ਦੀ ਸ਼ੁਰੂਆਤ ਨੂੰ ਗਰੀਕ ਦੁਖਾਂਤ ਨਾਟਕ (ਦੋ ਹਜ਼ਾਰ ਸਾਲ ਤੋਂ ਵੱਧ ਪਹਿਲਾਂ) ਨਾਲ਼  ਹੋਈ ਦੱਸਦਿਆਂ ਉਨ੍ਹਾਂ ਕਿਹਾ ਕਿ ਭਾਰਤ ਵਿੱਚ ਟੈਗੋਰ ਨੇ ਬੰਗਾਲੀ ਵਿੱਚ 1881 ਵਿੱਚ ਪਹਿਲਾ ਕਾਵਿ ਨਾਟਕ ਲਿਖਿਆ ਜਦਕਿ 1954 'ਚ ਕਰਤਾਰ ਸਿੰਘ ਦੁੱਗਲ਼ ਵੱਲੋਂ ਲਿਖੇ ਗਏ ਨਾਟਕ 'ਪੁਰਾਣੀਆਂ ਬੋਤਲਾਂ' ਨੂੰ ਪੰਜਾਬੀ ਦਾ ਪਹਿਲਾ ਕਾਵਿ ਨਾਟਕ ਮੰਨਿਆ ਜਾਂਦਾ ਹੈ। ਕਾਵਿ ਨਾਟਕ ਨੂੰ ਘੱਟ ਖੇਡੇ ਜਾਣ ਦੇ ਕਾਰਨਾਂ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਟਕਨੌਲੌਜੀ ਦੀ ਘਾਟ ਕਾਰਨ ਕਾਵਿ ਨਾਟਕਾਂ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ਼ ਮੰਚਨ ਕਰਨਾ ਸੰਭਵ ਨਹੀਂ ਸੀ ਜਦਕਿ ਹੁਣ ਮੌਜੂਦ ਟਕਨੌਲੌਜੀ ਨਾਲ਼ ਰੰਗ, ਰੌਸ਼ਨੀ, ਅਤੇ ਆਵਾਜ਼ ਦੇ ਸੁਮੇਲ ਰਾਹੀਂ ਕਾਵਿ ਨਾਟਕ ਨੂੰ ਬਿਹਤਰੀਨ ਰੂਪ ਵਿੱਚ ਪੇਸ਼ ਕੀਤੇ ਜਾਣ ਦੀਆਂ ਸੰਭਾਵਨਾਵਾਂ ਵਧੀਆਂ ਨੇ। ਉਨ੍ਹਾਂ ਇਹ ਵੀ ਕਿਹਾ ਕਿ ਵਿਦਾਨਾਂ ਦਾ ਮੱਤ ਹੈ ਕਿ ਆਮ ਵਾਰਤਾਲਾਪ ਵਾਲ਼ਾ ਨਾਟਕ ਲੋਕਾਂ ਕੋਲ਼ੋਂ ਪ੍ਰਸੰਸਾ ਅਤੇ ਤਾੜੀਆਂ ਤਾਂ ਹਾਸਲ ਕਰਵਾ ਸਕਦਾ ਹੈ ਪਰ ਉਹ ਦਰਸ਼ਕਾਂ ਦੇ ਗਿਆਨ ਵਿੱਚ ਵਾਧਾ ਨਹੀਂ ਕਰਦਾ ਕਿਉਂਕਿ ਉਹ ਉਹੀ ਗੱਲਾਂ ਕਰਦਾ ਹੈ ਜੋ ਦਰਸ਼ਕ ਨੂੰ ਪਹਿਲਾਂ ਹੀ ਪਤਾ ਹੁੰਦੀਆਂ ਨੇ ਜਾਂ ਜਿਨ੍ਹਾਂ ਨਾਲ਼ ਉਹ ਆਪਣੇ ਆਪ ਨੂੰ ਜੋੜ ਸਕਦਾ ਹੈ। ਇਸਦੇ ਮੁਕਾਬਲੇ ਕਾਵਿ ਨਾਟਕ ਬਹ੍ਰਿਮੰਡੀ ਪੱਧਰ ਦਾ ਖਿਆਲ ਪੈਦਾ ਕਰ ਸਕਦਾ ਹੈ। 
ਡਾæ ਨਾਹਰ ਸਿੰਘ ਜੀ ਨੇ ਟਿੱਪਣੀ ਕਰਦਿਆਂ ਕਿਹਾ ਕਿ ਸਾਰੀਆਂ ਵਿਧਾ ਹੀ ਵਧੀਆ ਹੁੰਦੀਆਂ ਨੇ, ਵੇਖਣਾ ਇਹ ਹੁੰਦਾ ਹੈ ਕਿ ਮਨੁੱਖੀ ਅਨੁਭਵ ਨੂੰ ਪੇਸ਼ ਕਿਵੇਂ ਕਰਨਾ ਹੈ। ਉਨ੍ਹਾਂ ਕਿਹਾ ਕਿ ਲਿਟਰੇਚਰ ਹਵਾ 'ਚੋਂ ਪੈਦਾ ਨਹੀਂ ਹੁੰਦਾ ਸਗੋਂ ਮੁਸ਼ਕਲਾਂ ਨਾਲ਼ ਜੂਝਣ ਨਾਲ਼ ਹੀ ਹੁੰਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕਿਸੇ ਕਿਤਾਬ ਦਾ ਵੱਧ ਪੜ੍ਹਿਆ ਜਾਣਾ ਜਾਂ ਵੱਧ 'ਬੱਲੇ ਬੱਲੇ' ਹੋਣੀ ਉਸ ਕਿਤਾਬ ਦੇ ਸਾਹਿਤਕ ਮਿਆਰ ਦਾ ਪਰਮਾਣ ਨਹੀਂ ਹੁੰਦਾ ਪਰ ਸਮਾਂ ਪੈਣ 'ਤੇ ਸਿਰਫ ਮਿਆਰੀ ਲਿਖਤਾਂ ਹੀ ਆਪਣੀ ਪਛਾਣ ਬਣਾਉਂਦੀਆਂ ਨੇ। ਇਸ ਸਮੇਂ ਰਵਿੰਦਰ ਰਵੀ ਦੀ ਕਿਤਾਬ 'ਦਰ ਦੀਵਾਰਾਂ ਅਤੇ ਸਿਆਸੀ ਦੰਦ-ਕਥਾ' ਵੀ ਰਲੀਜ਼ ਕੀਤੀ ਗਈ।
ਮੀਟਿੰਗ ਦੇ ਦੂਜੇ ਭਾਗ ਵਿੱਚ ਸ਼ਿਵਰਾਜ ਸਨੀ ਨੇ ਸਿਮਰਨ ਮਾਨ ਦੀ ਖ਼ੂਬਸੂਰਤ ਗ਼ਜ਼ਲ ਨਾਲ਼ ਕਵੀ ਦਰਬਾਰ ਦਾ ਅਰੰਭ ਕੀਤਾ। ਡਾ ਜਗਦੀਸ਼ ਚੋਪੜਾ, ਚੈਟੀ ਕਾਲੀਆ, ਜਗੀਰ ਸਿੰਘ ਕਾਹਲ਼ੋਂ, ਪਰਮਜੀਤ ਦਿਓਲ, ਅਵਤਾਰ ਸਿੰਘ ਅਰਸ਼ੀ, ਕਮਲਜੀਤ ਨੱਤ, ਅਤੇ ਉਂਕਾਰਪ੍ਰੀਤ ਨੇ ਆਪੋ-ਆਪਣਾ ਕਲਾਮ ਸਾਂਝਾ ਕੀਤਾ। ਡਾ ਵਰਿਆਮ ਸਿੰਘ ਸੰਧੂ ਜੀ ਨੇ ਬੜੇ ਹੀ ਵਧੀਆ ਤਰੀਕੇ ਨਾਲ਼ ਸ਼ਬਦ ਉਚਾਰਨ ਦੀਆਂ ਤਰੁੱਟੀਆਂ ਅਤੇ ਪੰਜਾਬੀ ਲਿਖਤਾਂ ਵਿੱਚ ਦੂਸਰੀਆਂ ਭਾਸ਼ਾਵਾਂ ਦੇ ਭਾਰੇ ਅਤੇ ਓਪਰੇ ਸ਼ਬਦ ਵਰਤਣ ਤੋਂ ਗੁਰੇਜ਼ ਕਰਨ ਦੀ ਗੱਲ ਕੀਤੀ। ਹੋਰਨਾਂ ਤੋਂ ਇਲਾਵਾ ਮੀਟਿੰਗ ਵਿੱਚ ਮਿੰਨੀ ਗਰੇਵਾਲ, ਜਸਵਿੰਦਰ ਸੰਧੂ, ਸੁਰਿੰਦਰ ਖਹਿਰਾ, ਗੁਰਦੇਵ ਸਿੰਘ ਮਾਨ, ਪੂਰਨ ਸਿੰਘ ਪਾਂਧੀ, ਸੁੱਚਾ ਸਿੰਘ ਮਾਂਗਟ, ਮਨਮੋਹਨ ਸਿੰਘ ਗੁਲਾਟੀ, ਸ਼ਮੀਲ, ਸੁਰਜੀਤ ਸਰਾਂ, ਭਗਤ ਸਿੰਘ ਦਿਓਲ, ਪਰਸ਼ਿੰਦਰ ਧਾਲੀਵਾਲ, ਸਤਨਾਮ ਸੰਧੂ, ਅਤੇ ਖ਼ਬਰਨਾਮਾ ਅਖ਼ਬਾਰ ਤੋਂ ਬਲਰਾਜ ਦਿਓਲ ਦੇ ਨਾਮ ਜ਼ਿਕਰਯੋਗ ਸਨ। ਮਨਮੋਹਨ ਗੁਲਾਟੀ ਅਤੇ ਬ੍ਰਜਿੰਦਰ ਗੁਲਾਟੀ ਜੀ ਵੱਲੋਂ ਮੀਟਿੰਗ ਦੇ ਸਾਰੇ ਪ੍ਰਬੰਧ ਨੂੰ ਬਾਖੂਬੀ ਨਿਭਾਇਆ ਗਿਆ। 

ਪਰਮਜੀਤ ਦਿਓਲ
ਪਰਮਜੀਤ ਦਿਓਲਪਰਮਜੀਤ ਦਿਓਲ