ਆਸੇ ਪਾਸੇ ਗ਼ਮ ਹੀ ਗ਼ਮ ਨੇ, ਹੰਝੂ ਚਾਰ ਚੁਫੇਰ।
ਮਨ ਦੀ ਨੁੱਕਰੇ ਮੋਈਆਂ ਸੱਧਰਾਂ, ਦਾ ਲੱਗਾ ਹੈ ਢੇਰ।
ਚਾਰੇ ਖੂੰਜੇ ਰੌਸ਼ਨ ਕੀਤੇ, ਆਪਣੇ ਆਪਣੇ ਘਰ ਦੇ,
ਮਨ ਮਸਤਕ ਨਾ ਦੀਵਾ ਧਰਿਆ, ਅੰਦਰ ਘੁੱਪ ਹਨ੍ਹੇਰ।
ਮੇਰਾ ਦੋਸਤ ਮੇਰੇ ਨਾਲੋਂ, ਕਦਮ ਕੁ ਅੱਗੇ ਹੋਇਆ,
ਅੰਦਰ ਮੇਰਾ ਸੜ ਬਲ਼ ਉਠਿਆ, ਮੈਂਨੂੰ ਆਈ ਘੁੰਮੇਰ।
ਚਾਨਣ ਵੰਡਦਾ ਲੋਕਾਂ ਨੂੰ ਉਹ, ਥਾਂ ਥਾਂ ਤੇ ਹੈ ਫਿਰਦਾ,
ਦੀਵੇ ਥੱਲੇ ਘੁੱਪ ਹਨ੍ਹੇਰਾ, ਰਹਿੰਦਾ ਹੈ ਹਰ ਵੇਰ।
ਡੁੱਬਦਾ ਸੂਰਜ ਕਿਹੜੀ ਗੱਲੋਂ, ਤੈਨੂੰ ਨਹੀਉਂ ਭਾਉਂਦਾ?
ਏਸੇ ਨੇ ਹੀ ਲੱਭ ਲਿਆਉਣੀ, ਮੁੜ ਕੇ ਫੇਰ ਸਵੇਰ।
ਬਿਖੜੇ ਪੈਂਡੇ ਤੁਰਨਾ ਪੈਣਾ, ਆਉਣੇ ਟੋਏ ਟਿੱਬੇ,
ਜੇ ਸੱਚ ਦੇ ਰਾਹ ਤੇ ਹੈ ਚਲਣਾ, ਹੋ ਜਾ ਖੂਬ ਦਲੇਰ।
ਕੌੜੇ ਕੌੜੇ ਤਲਖ ਤਜਰਬੇ, ਰਹਿਣ ਸਦਾ ਸਮਝਾਉਂਦੇ,
ਸੰਭਲ ਜਾ ਤੂੰ ਹੁਣ ਵੀ ਸੱਜਣਾ, ਹੋ ਨਾ ਜਾਏ ਦੇਰ।
'ਦੀਸ਼' ਸਦਾ ਜੇ ਫੁੱਲਾਂ ਵਾਗੂੰ, ਮਹਿਕ ਖਿੰਡਾਉਣੀ ਚਾਹੇਂ,
ਕੰਡਿਆਂ ਸੰਗ ਵੀ ਰਹਿਣਾ, ਸਿੱਖਣਾ ਪੈਣਾ ਦੇਰ- ਸਵੇਰ।