ਮੇਰੀ ਪਹਿਲੀ ਰਚਨਾ
(ਪਿਛਲ ਝਾਤ )
“ਤੂੰ ਨਾ ਪੰਜਾਬੀ ਅਖਬਾਰ ਪੜ੍ਹਿਆ ਕਰ,ਅਗਾਂਹ ਤੇਰੇ ਪੰਜਵੀ ਦੇ ਪੇਪਰ ਹਨ।ਤੇਰੀ ਪੰਜਾਬੀ ਸੁਧਰ ਜਾਵੇਗੀ।ਪੜ੍ਹਨ ਦਾ ਵੀ ਅਭਿਆਸ ਹੋ ਜਾਵੇਗਾ।ਇਹ ਕਹਿ ਪਿਤਾ ਜੀ ਨੇ ਰੋਜ਼ਾਨਾ ਸਵੇਰੇ ਘਰ ਆਉਂਦਾ ਪੰਜਾਬੀ ਅਖਬਾਰ ਮੇਰੇ ਮੂਹਰੇ ਕਰ ਦਿੱਤਾ ਅਤੇ ਆਪ ਸਕੂਲ ਜਾਣ ਲਈ ਤਿਆਰ ਹੋਣ ਲੱਗੇ।ਅਧਿਆਪਕ ਵਜੋਂ ਉਹਨਾਂ ਦੀ ਇਹ ਸਲਾਹ ਮੇਰੇ ਖੂਬ ਕੰਮ ਆਈ। ਮੈਂ ਰੋਜ਼ ਸਵੇਰੇ ਅਖਬਾਰ ਦੀਆਂ ਸੁਰਖੀਆ ਪੜ੍ਹਨ ਲੱਗ ਪਿਆ ਔਖੇ ਸ਼ਬਦਾਂ ਨੂੰ ਜੋੜ ਜੋੜ ਪੜ੍ਹ ਲੈਣਾ।ਉਹਨਾਂ ਨੇ ਹੀ ਇਹ ਕਿਹਾ ਕਿ ਆਪਣੀ ਪੰਜਾਬੀ ਦੀ ਕਿਤਾਬ ਦੀਆਂ ਕਵਿਤਾਵਾਂ ਪੜ੍ਹਿਆ ਕਰ ਉਹਨ੍ਹਾਂ ਨੂੰ ਯਾਦ ਵੀ ਕਰ ਲਿਆ ਕਰ,ਉਹ ਆਪ ਵੀ ਮੈਨੂੰ ਆਪਣੀਆ ਹੀ ਬਣਾਈਆ ਨਿੱਕੀਆ ਨਿੱਕੀਆ ਬਾਲ ਕਵਿਤਾਵਾਂ ਸੁਣਾਇਆ ਕਰਦੇ ਸਨ।
ਇੰਜ਼ ਉਹਨਾਂ ਦੇ ਇਹ ਯਤਨ ਮੈਨੂੰ ਪੰਜਾਬੀ ਭਾਸ਼ਾ ਤੇ ਕਵਿਤਾਵਾਂ ਨਾਲ ਜੋੜਨ ਵਿੱਚ ਕਾਮਯਾਬ ਰਹੇ।ਅਖਬਾਰ ਦੇ ਨਾਲ ਨਾਲ ਘਰ ਵਿੱਚ ਸਾਹਿਤਕ ਕਿਤਾਬਾਂ,ਰਿਸਾਲੇ,ਬਾਲ ਪੁਸਤਕਾਂ ਜੋ ਉਸ ਵੇਲੇ ਹਿੰਦੀ ਵਿੱਚ ਸਨ ਜਿਵੇਂ ਚੰਪਕ,ਚੰਦਾਮਾਮਾ ਅਤੇ ਬਹੁਤ ਹੀ ਮਸ਼ਹੂਰ ਲੋਟਪੋਟ ਵੀ ਕਦੇ ਕਦੇ ਘਰ ਆਉਦੇ ਸਨ।ਮੈਂ ਬਾਲ ਕਿਤਾਬਾਂ ਵੀ ਬਹੁਤ ਸ਼ੌਕ ਨਾਲ ਪੜ੍ਹਦਾ ਸੀ।ਉਹਨਾਂ ਵਿਚਲੀਆ ਕਹਾਣੀਆ,ਕਵਿਤਾਵਾਂ ਮੈਂਨੂੰ ਬਹੁਤ ਰੌਚਕ ਤੇ ਵਧੀਆ ਲੱਗਦੀਆ।ਮੇਰੀ ਗਲੀ ਦੇ ਹੋਰ ਬੱਚੇ ਵੀ ਇੱਕ ਦੂਜੇ ਤੋਂ ਕਿਤਾਬਾਂ ਲੈ ਕੇ ਪੜ੍ਹਦੇ ਰਹਿੰਦੇ ਸਨ।ਉਹ ਸਮਾਂ ਪੁਸਤਕ ਸਭਿਆਚਾਰ ਦਾ ਇੱਕ ਤਰ੍ਹਾਂ ਦਾ ਸੁਨਿਹਰੀ ਦੌਰ ਸੀ।ਹਰ ਘਰ ਵਿੱਚ ਪੁਸਤਕਾਂ ਪੜ੍ਹਨ ਦੀ ਰੁਚੀ ਸੀ ।ਅਕਸਰ ਅਸੀਂ ਬੱਚੇ ਵੀ ਇੱਕ ਥਾਂ ਤੇ ਇੱਕਠੇ ਹੋ ਕੇ ਪੜ੍ਹੀਆ ਕਿਤਾਬਾਂ ਬਾਰੇ ਚਰਚਾ ਕਰਦੇ ਉਹਨਾਂ ਵਿੱਚ ਆਏ ਪਾਤਰਾਂ ਬਾਰੇ ਗੱਲਾ ਕਰਦੇ।
ਪਿਤਾ ਜੀ ਨੇ ਅੱਠਵੀ ਵਿੱਚ ਮੈਨੂੰ ਚਿੱਠੀ ਲਿਖਣੀ ਵੀ ਸਿਖਾ ਦਿੱਤੀ।ਜ਼ਦੋ ਵੀ ਕਿਸੇ ਰਿਸ਼ਤੇਦਾਰ ਦੀ ਚਿੱਠੀ ਆਉਣੀ ਉਸਨੂੰ ਪੜ੍ਹ ਉਸੇ ਵੇਲੇ ਪੀਲਾ ਕਾਰਡ ਜਾਂ ਨੀਲਾ ਲਿਫਾਫਾ ਮੰਗਵਾ ਕੇ ਮੈਨੂੰ ਫੜਾ ਦੇਣਾ ਤੇ ਕਹਿਣਾ ਜੋ ਮੈਂ ਬੋਲਾਂ ਲਿਖੀ ਜਾਵੀ।ਲਿਖ ਭਾਈ ਸਾਹਿਬ ਨਮਸਤੇ,ਅਸੀਂ ਏਥੇ ਰਾਜੀ ਖੁਸ਼ੀ ਹਾਂ ਅਤੇ ਆਪ ਜੀ ਦੀ ਰਾਜੀ ਖੁਸ਼ੀ ਪ੍ਰਮਾਤਮਾ ਤੋਂ ਸ਼ੁੱਭ ਚੁੰਹਦੇ ਹਾਂ।ਪਿਤਾ ਜੀ ਮੇਰੇ ਤੋਂ ਅਨੇਕਾਂ ਚਿੱਠੀਆ ਲਿਖਵਾਈਆ।ਅਖਬਾਰ ਪੜ੍ਹਨਾ,ਕਿਤਾਬਾਂ ਪੜ੍ਹਨੀਆ ਅਤੇ ਚਿੱਠੀ ਲਿਖਣੀ ਇੱਕ ਤਰ੍ਹਾਂ ਮੇਰੇ ਲਈ ਅਜਿਹਾ ਰਾਹ ਸੀ ਜਿਸ ਤੇ ਤੁਰ ਕੇ ਅਗਾਂਹ ਜਾ ਕੇ ਮੈਂ ਸਾਹਿਤ ਵੱਲ ਮੁੜ ਗਿਆ।
ਹੌਲੀ ਹੌਲੀ ਮੇਰੇ ਹੱਥ ਕਲਮ ਵੱਲ ਵੱਧਣ ਲੱਗੇ ਮੈਂ ਵੀ ਕਾਗਜ਼ ਤੇ ਤੁਕਬੰਦੀ ਕਰ ਰੁਮਾਂਟਿਕ ਰਚਨਾਵਾਂ ਹਿੰਦੀ ਪੰਜਾਬੀ ਵਿੱਚ ਲਿਖਣ ਲੱਗ ਪਿਆ।ਦਸਵੀਂ ਦੀ ਕਲਾਸ ਸੀ ਮੇਰੇ ਇੱਕ ਦੋ ਦੋਸਤਾਂ ਨੂੰ ਹੀ ਪਤਾ ਸੀ ਇਹ ਕੁ ੱਝ ਲਿਖਦਾ ਹੈ।ਕਿਉਂਕਿ ਸ਼ਰਮ ਦੇ ਮਾਰੇ ਮੈਂ ਆਪਣਾ ਲਿਖਿਆ ਕਦੇ ਕਿਸੇ ਨੂੰ ਵਿਖਾਇਆ ਨਾ,ਲਿਖ ਲੈਣਾ ਉਸਨੂੰ ਘਰ ਹੀ ਕਿਸੇ ਬਾਰੀ ਜਾਂ ਟਰੰਕ ਵਿੱਚ ਲੁਕਾ ਕੇ ਰੱਖ ਦੇਣਾ।ਸੁਭਾਅ ਜੀ ਅਜਿਹਾ ਸੀ ਕਿ ਮੈਂ ਖੁੱਲ ਕੇ ਆਪਣੇ ਆਪ ਨੂੰ ਪੇਸ਼ ਹੀ ਨਾ ਕਰ ਸਕਿਆ।ਸਕੂਲ ਤੋਂ ਬਾਦ ਕਾਲੇਜ ਵਿੱਚ ਵੀ ਇਹੋ ਸਿਲਸਿਲਾ ਚਲਦਾ ਰਿਹਾ।ਮੇਰੇ ਲਿਖਣ ਦਾ ਢੰਗ ਉਹੀ ਰੁਮਾਂਟਿਕ ਹੀ ਸੀ।ਕਾਰਨ ਇਹ ਕਿ ਉਸ ਵੇਲੇ ਮੇਰੇ ਤੇ ਹਿੰਦੀ ਫਿਲਮਾਂ ਦੇ ਗੀਤ ਸੰਗੀਤ ਦਾ ਬਹੁਤ ਅਸਰ ਸੀ।ਲਿਖਣ ਵੇਲੇ ਇਹੋ ਦਿਮਾਗ ਵਿੱਚ ਹੁੰਦਾ ਜਿਵੇਂ ਮੈਂ ਵੀ ਕੋਈ ਫਿਲਮੀ ਗੀਤਕਾਰ ਹੀ ਹਾਂ।ਮੇਰੇ ਗੀਤ ਵੀ ਫਿਲਮਾਂ ਵਿੱਚ ਆਉਣ ਲੱਗਣਗੇ।ਇੱਕ ਦੋ ਫਿਲਮੀ ਗੀਤਕਾਰਾਂ ਦਾ ਮੈਂ ਫੈਨ ਵੀ ਬਣ ਗਿਆ ਉਹਨਾਂ ਦਾ ਨਾਮ ਉਹਨਾਂ ਦੇ ਲਿਖੇ ਗੀਤ ਮੈਨੂੰ ਬਹੁਤ ਚੰਗੇ ਲੱਗਦੇ।
ਕਾਲੇਜ ਦਾ ਸਮਾਂ ਵੀ ਲੰਘ ਗਿਆ।ਏਸੇ ਦੌਰਾਨ ਸ਼ਹਿਰ ਦੇ ਹੀ ਇੱਕ ਦੋ ਦੋਸਤ ਸਨ ਜੋ ਖੁੱਲ ਕੇ ਲਿਖਦੇ ਤੇ ਅਖਬਾਰਾਂ ਵਿੱਚ ਵੀ ਉਹਨਾਂ ਦੀਆਂ ਰਚਨਾਵਾਂ ਛਪਦੀਆ ਸਨ ਨਾਲ ਸੰਪਰਕ ਹੋ ਗਿਆ।ਉਹਨਾਂ ਆਪਣੀਆਂ ਛਪੀਆ ਰਚਨਾਵਾਂ ਵਿਖਾਓਣੀਆ ਤਾਂ ਵੇਖ ਮਨ ਬਹੁਤ ਖੁਸ਼ ਹੋਣਾ ਕਿ ਇਹਨਾਂ ਦਾ ਨਾਮ ਅਖਬਾਰ ਵਿੱਚ ਆਉਂਦਾ ਹੈ ਇਹ ਤਾਂ ਬਹੁਤ ਮਸ਼ਹੂਰ ਹਨ।ਇਹਨਾਂ ਦੋਸਤਾਂ ਨਾਲ ਰਲ ਕੇ ਹੀ ਵਿਚਾਰ ਆਇਆ ਕਿ ਸ਼ਹਿਰ ਵਿੱਚ ਸਾਹਿਤ ਸਭਾ ਦਾ ਗਠਨ ਕੀਤਾ ਜਾਵੇ।ਇਹਨਾਂ ਦੋਸਤਾਂ ਦਾ ਆਸ ਪਾਸ ਦੇ ਇਲਾਕੇ ਦੀਆਂ ਸਾਹਿਤ ਸਭਾਵਾਂ ਨਾਲ ਸੰਪਰਕ ਸੀ ।ਮੇਰੇ ਸ਼ਹਿਰ ਵੀ ਸਭਾ ਦੀ ਸਥਾਪਨਾ ਹੋ ਗਈ।ਮੈਂ ਇਸਦੇ ਮੁਢੱਲੇ ਪ੍ਰਬੰਧਕੀ ਮੈਂਬਰਾਂ ਵਿੱਚ ਸ਼ਾਮਿਲ ਸੀ।ਸਭਾ ਦੀਆਂ ਮੀਟਿੰਗਾਂ ਹੋਣ ਲੱਗੀਆ ।ਦੂਜੇ ਸ਼ਹਿਰਾਂ ਤੋਂ ਸਾਹਿਤਕਾਰ ,ਕਵੀ ਆਓਣ ਲੱਗ ਪਏ ਸਾਹਿਤਕ ਚਰਚਾਵਾਂ ਹੋਣ ਲੱਗੀਆ ਜਿਸ ਤੋਂ ਮੈਨੂੰ ਸਾਹਿਤ ਦੀ ਸਮਝ ਆਉਣ ਲੱਗੀ।ਮੈਂ ਵੀ ਆਪਣੀ ਪੁਰਾਣੀ ਤੇ ਕਦੀ ਨਵੀ ਰਚਨਾ ਮੀਟਿੰਗਾਂ ਵਿੱਚ ਸੁਣਾ ਦੇਣੀ।ਹੋਰ ਮੈਂਬਰਾਂ ਦੀਆਂ ਰਚਨਾਵਾਂ ਅਖਬਾਰ ਵਿੱਚ ਛਪਦੀਆ ਵੇਖ ਮੈਂ ਵੀ ਆਪਣੀ ਕੋਈ ਨਾ ਕੋਈ ਰਚਨਾ ਅਖਬਾਰ ਨੂੰ ਭੇਜ ਦੇਣੀ।ਹਰ ਹਫਤੇ ਅਖਬਾਰ ਦਾ ਐਤਵਾਰੀ ਅੰਕ ਬੜੇ ਚਾਅ ਨਾਲ ਵੇਖਣਾ ਕਿ ਮੇਰੀ ਰਚਨਾ ਵੀ ਲੱਗੀ ਹੋਊ,ਪਰ ਆਪਣੀ ਰਚਨਾ ਨਾ ਵੇਖ ਮਨ ਤੇ ਨਿਰਾਸ਼ਾ ਹੋਣੀ।ਸਾਰਾ ਸਾਰਾ ਦਿਨ ਦਿਲ ਦਿਮਾਗ ਤੇ ਉਦਾਸੀ ਛਾਈ ਰਹਿਣੀ।
ਫਿਰ ਮਨ ਨੂੰ ਸੰਭਾਲ ਨਵੀਂ ਕੋਈ ਰਚਨਾ ਜਾ ਡਾਕਖਾਨੇ ਦੇ ਲਾਲ ਡੱਬੇ ਵਿੱਚ ਪਾ ਆਓਣੀ ਕਿ ਬਈ ਇਹ ਜਰੂਰ ਲੱਗੂ,ਅਗਲੇ ਐਤਵਾਰ ਫਿਰ ਉਹੀ ਹਾਲ,ਸਾਰਾ ਅਖਬਾਰ ਛਾਣ ਮਾਰਨਾ ਕਿ ਕੀ ਪਤਾ ਲੱਗੀ ਹੀ ਹੋਵੇ ਕਿਸੇ ਪੰਨੇ ਤੇ, ਅਖਬਾਰ ਦੇ ਪੰਨੇ ਖਤਮ ਹੋ ਜਾਣੇ ਪਰ ਮੇਰੀ ਰਚਨਾ ਨਾ ਮਿਲਣੀ ਨਾ ਮੇਰਾ ਨਾਮ ਮਿਲਣਾ।ਮੈਂ ਫਿਰ ਅਖਬਾਰ ਵੇਖਣਾ ਕਿ ਕਿਤੇ ਮੇਰੇ ਤੋਂ ਕੋਈ ਪੰਨਾ ਵੇਖਣਾ ਹੀ ਨਾ ਰਹਿ ਗਿਆ ਹੋਵੇ।ਜੇ ਕੁੱਝ ਮੇਰਾ ਛਪਿਆ ਹੋਵੇ ਤੇ ਸਾਹਮਣੇ ਆਵੇ।ਨਿਰਾਸ਼ਾ ਚ ਫਿਰ ਅਖਬਾਰ ਪਾਸੇ ਰੱਖ ਦੇਣਾ।ਉਦਾਸੀ ਦਾ ਦੌਰ ਮੇਰੇ ਤੇ ਬਹੁਤ ਭਾਰੀ ਹੋ ਰਿਹਾ ਸੀ।
ਇੱਕ ਵਾਰ ਸਾਡੀ ਸਭਾ ਵਿੱਚ ਭਾਗ ਲੈਣ ਆਏ ਇੱਕ ਹੰਢੇ ਹੋਏ ਲੇਖਕ ਨੇ ਸੁਝਾਅ ਦਿੱਤਾ ਕਿ ਇਹ ਗੀਤ ਨਾ ਭੇਜ ਸਗੋਂ ਨਿੱਕੇ ਨਿੱਕੇ ਬਾਲ ਗੀਤ ਜਾਂ ਫਿਰ ਮਿੰਨੀ ਕਹਾਣੀ ਵਧੀਆ ਵਿਸ਼ੇ ਤੇ ਲਿਖ ਅਖਬਾਰ ਵਾਲੇ ਇਹ ਛਾਪ ਦਿੰਦੇ ਹਨ ।ਮੈਨੂੰ ਇਹ ਸੁਝਾਅ ਚੰਗਾ ਲੱਗਾ।ਪਿਤਾ ਜੀ ਵਲੋਂ ਸੁਣਾਈਆ ਬਾਲ ਕਵਿਤਾਵਾਂ ਦਿਮਾਗ ਵਿੱਚ ਘੁੰਮਣ ਲੱਗੀਆ।ਮੈਂ ਉਹੋ ਜਿਹੀਆ ਕਵਿਤਾਵਾਂ ਲਿਖਣ ਦਾ ਯਤਨ ਕਰਨ ਲੱਗਾ।ਇਧਰ ਉਧਰ ਤੋਂ ਸੁਣੀਆ ਘਟਨਾਵਾਂ ਮਨ ਚ ਕਰਵਟ ਲੈਣ ਲੱਗੀਆ ਉਹਨਾਂ ਨੂੰ ਮਨ ਵਿੱਚ ਦੁਹਰਾਓਦਾ ਰਹਿੰਦਾ ਜੇ ਕੋਈ ਘਟਨਾ ਮਨ ਨੂੰ ਟੁੰਬਦੀ ਉਸ ਉਪਰ ਆਪਣੀ ਕਲਪਨਾ ਦਾ ਲੇਪ ਲਾ ਸਾਹਿਤ ਦੀ ਚਾਸ਼ਨੀ ਪਾ ਮਿੰਨੀ ਕਹਾਣੀ ਦਾ ਰੂਪ ਦੇ ਦਿੰਦਾ।ਇਹ ਸਭ ਜ਼ਦ ਲਿਖਣਾ ਸ਼ੁਰੂ ਕੀਤਾ ਤਾਂ ਫਿਰ ਇੱਕ ਮਿੰਨੀ ਕਹਾਣੀ ਪਹਿਲਾਂ ਅਖਬਾਰ ਨੂੰ ਭੇਜੀ ਜੋ ਉਹਨਾਂ ਨੇ ਆਪਣੇ ਐਤਵਾਰੀ ਅੰਕ ਵਿੱਚ ਬਹੁਤ ਹੀ ਸੋਹਣੇ ਢੰਗ ਨਾਲ ਛਾਪ ਦਿੱਤੀ।ਬੱਸ ਇਹੋ ਰਚਨਾ ਮੇਰੀ ਪਹਿਲੀ ਰਚਨਾ ਸੀ ਜੋ ਮੇਰੇ ਲਈ ਚਾਨਣ ਮੁਨਾਰੇ ਵਾਂਗ ਬਣ ਗਈ।ਨਿਰਾਸ਼ਾ ਦੇ ਘੇਰੇ ਵਿੱਚ ਡਾਂਵਾ ਡੋਲ ਹੋ ਰਹੇ ਮੇਰੇ ਮਨ ਨੂੰ ਜਿਵੇਂ ਪ੍ਰਕਾਸ਼ ਦਾ ਵੱਡਾ ਸੋਮਾ ਮਿਲ ਗਿਆ ਹੋਵੇ ਜਿਸ ਦੀ ਰੋਸ਼ਨੀ ਨੇ ਮੈਨੂੰ ਅਗਾਂਹ ਤੁਰਨ ਦਾ ਹੌਂਸਲਾ ਦਿੱਤਾ।
ਫਿਰ ਹੋਰ ਵੀ ਮੇਰੇ ਬਾਲ ਗੀਤ ਤੇ ਮਿੰਨੀ ਕਹਾਣੀਆ ਵੱਖ ਵੱਖ ਅਖਬਾਰਾਂ ਵਿੱਚ ਛਪਣ ਲੱਗ ਪਏ ਜਿਨ੍ਹਾਂ ਨੇ ਮੈਂਨੂੰ ਇੱਕ ਪੱਕੀ ਪਹਿਚਾਨ ਦਿੱਤੀ।ਦਿਨੋਂ ਦਿਨ ਮੇਰੀ ਖੁਸ਼ੀ ਤੇ ਹੌਂਸਲਾ ਪ੍ਰਫੱਲਤ ਹੁੰਦਾ ਗਿਆ।ਇਸ ਦੌਰਾਨ ਕਈ ਲੇਖ ਤੇ ਚਲੰਤ ਮਾਮਲਿਆਂ ਤੇ ਅਨੇਕਾਂ ਚਿੱਠੀਆ ਅਖਬਾਰਾਂ ਵਿੱਚ ਸੰਪਾਦਕੀ ਡਾਕ ਵਿੱਚ ਲੱਗੀਆ।ਅੱਖਰਾ ਦੇ ਅੰਗ ਸੰਗ ਤੁਰਨ ਸਦਕੇ ਮੈਂ ਸਾਹਿਤ ਦੀ ਝੋਲੀ ਦੋ ਬਾਲ ਕਵਿਤਾਵਾਂ ਦੀਆਂ ਪੁਸਤਕਾਂ ਤੇ ਦੋ ਮਿੰਨੀ ਕਹਾਣੀ ਸੰਗ੍ਰਿਹ ਪਾਏ।ਫਿਰ ਵੀ ਜੋ ਪ੍ਰਸੰਨਤਾ ਮੈਨੂੰ ਮੇਰੀ ਪਹਿਲੀ ਰਚਨਾ ਛਪਣ ਤੇ ਮਿਲੀ ਉਸਦੀ ਸ਼ਹਿਦ ਵਰਗੀ ਮਿਠਾਸ ਹੁਣ ਵੀ ਮੇਰੇ ਮਨ ਵਿੱਚ ਏਨਾ ਅਰਸਾ ਹੋ ਜਾਣ ਤੇ ਵੀ ਉਸੇ ਤਰ੍ਹਾਂ ਹੈ।ਮੈਨੂੰ ਤਾਂ ਲੱਗਦਾ ਚਾਹੇ ਮੈਂ ਹੋਰ ਵੀ ਕਈ ਸਾਹਿਤਕ ਪ੍ਰਾਪਤੀਆ ਹਾਸਿਲ ਕਰ ਲਵਾਂ ਜੋ ਖੁਸ਼ੀ ਮੈਨੂੰ ਉਸ ਵਕਤ ਹੋਈ ਸੀ ਉਸਦਾ ਪ੍ਰਭਾਵ ਕਦੇ ਫਿੱਕਾ ਨਹੀ ਪਵੇਗਾ।ਸਗੋਂ ਦਿਨੋਂ ਦਿਨ ਹੋਰ ਗੂੜ੍ਹਾ ਹੀ ਹੋ ਰਿਹਾ ਹੈ।ਕਿਉਂਕਿ ਉਸ ਪਲੇਠੀ ਰਚਨਾ ਨੇ ਮੈਨੂੰ ਘੋਰ ਨਿਰਾਸ਼ਾ ਦੇ ਘੇਰੇ ਵਿੱਚੋਂ ਕੱਢਿਆ ਅਤੇ ਸਾਹਿਤ ਨਾਲ ਮੇਰਾ ਹੋਰ ਵੀ ਪਕੇਰਾ ਗੱਠਜੋੜ ਕਰਵਾ ਦਿੱਤਾ।ਸਾਹਿਤ ਦਾ ਅਸਲ ਮਨੋਰਥ ਲੋਕ ਕਲਿਆਣ ਅਤੇ ਸਮਾਜ ਨੂੰ ਸੇਧ ਦੇਣਾ ਹੈ ਇਸ ਲਈ ਮੈਂ ਇਸ ਮਨੋਰਥ ਲਈ ਸਦਾ ਸਮਰਪਿਤ ਰਹਾਂਗਾ।