ਆ ਗਿਆ ਵੀਹ ਸੌ ਉਨੀਂ ਤੇ ਮੁੱਕ ਗਿਆ ਅਠਾਰਾਂ ਜੀ
ਨਵੇਂ ਸਾਲ ਵਿੱਚ ਮਾਣੇ ਹਰ ਕੋਈ ਮੌਜ ਬਹਾਰਾਂ ਜੀ ,
ਲੱਖ-ਲੱਖ ਵਾਰ ਵਧਾਈ ਹਰ ਇੱਕ ਮਿੱਤਰ ਪਿਆਰੇ ਨੂੰ
ਨਵਾਂ ਸਾਲ ਜੀ ਲੈ ਕੇ ਆਵੈ ਭਾਈਚਾਰੇ ਨੂੰ ।।
ਵਿੱਚ ਅਠਾਰਾਂ ਲੋਕਾਂ ਨਾਲ ਜੋ ਭਾਵੀ ਬੀਤੀ ਹੈ
ਤੂੰ ਕਰੀ ਦੁਬਾਰਾ ਜਿਹੜੀ ਇਸਨੇ ਕੀਤੀ ਹੈ ,
ਇੱਕ ਵਾਰ ਦੀ ਕੀਤੀ ਮੁੜ ਨਾ ਕਰੀ ਦੁਬਾਰੇ ਨੂੰ
ਨਵਾਂ ਸਾਲ ਜੀ ਲੈ ਕੇ ਆਵੈ ਭਾਈਚਾਰੇ ਨੂੰ ।।
ਨਾ ਮੋਢਿਆਂ ਉੱਤੇ ਭਾਰ ਚੁਕਾਈ ਗੱਭਰੂ ਪੁੱਤਾਂ ਦੇ
ਖੋਹੀਂ ਨਾ ਸੁਹਾਗ ਕਿਸੇ ਦੇ ਵਿੱਚ ਜੋਬਨ ਰੁੱਤਾਂ ਦੇ ,
ਬਖਸ਼ੀ ਉਮਰਾਂ ਲੰਮੀਆਂ ਹਰ ਇੱਕ ਅੱਖ ਦੇ ਤਾਰੇ ਨੂੰ
ਨਵਾਂ ਸਾਲ ਜੀ ਲੈ ਕੇ ਆਵੈ ਭਾਈਚਾਰੇ ਨੂੰ ।।
ਜਾਨ ਕਿਸੇ ਦੀ ਜਾਵੇ ਨਾ ਜੀ ਬਿਨਾਂ ਇਲਾਜ ਦੇ
ਨਵੇਂ ਸਾਲ ਵਿੱਚ ਲਾਈਏ ਬੂਟੇ ਨਵੇਂ ਸਮਾਜ ਦੇ ,
ਮਿਲੇ ਸਹੁਲਤ ਚੰਗੀ ਹਰ ਇੱਕ ਦੁੱਖੀ ਬੇਚਾਰੇ ਨੂੰ
ਨਵਾਂ ਸਾਲ ਜੀ ਲੈ ਕੇ ਆਵੈ ਭਾਈਚਾਰੇ ਨੂੰ ।।
ਵਰਸੈ ਮੀਂਹ ਦੀ ਰਹਿਮਤ ਖੇਤ ਬਗੀਚੇ-ਬਾੜੀ ਜੀ
ਚੰਗੀਆਂ ਹੋਵਣ ਫਸਲਾਂ ਸਭ ਦੀ ਸਾਉਣੀ ਹਾੜੀ ਜੀ ,
ਦਿੰਦਾ ਰਹੀ ਤੂੰ ਅਗਨਿ ਹਰ ਇੱਕ ਚੁਲ੍ਹੇ-ਹਾਰੇ ਨੂੰ
ਨਵਾਂ ਸਾਲ ਜੀ ਲੈ ਕੇ ਆਵੈ ਭਾਈਚਾਰੇ ਨੂੰ ।।
ਨਵੇਂ ਸਾਲ ਵਿੱਚ ਕਰੇ ਨਾ ਖੁਦਕੁਸ਼ੀ ਕਿਸਾਨ ਜੀ
ਮਿਲਜੇ ਮੁਕਤੀ ਕਰਜੇ ਤੋਂ ਦੇਵੇ ਨਾਂ ਜਾਨ ਜੀ ,
ਕਰ ਦੀ ਪਾਣੀ ਮਿੱਠਾ ਸਭ ਬੋਰਾਂ ਦੇ ਖਾਰੇ ਨੂੰ
ਨਵਾਂ ਸਾਲ ਜੀ ਲੈ ਕੇ ਆਵੈ ਭਾਈਚਾਰੇ ਨੂੰ ।।
ਚੰਗੀ ਹੋਵੇ ਸਿੱਖਿਆ ਚੰਗੇ ਹੋਣ ਵਿਚਾਰ ਜੀ
ਨਾਂ ਭੁੱਲੇ ਕੋਈ ਵਿਰਸਾ ਆਪਣਾ ਸਭਿਆਚਾਰ ਜੀ ,
ਜੜ੍ਹਾਂ ਵੱਢਣ ਤੋਂ ਰੋਕੀਂ ਚੱਲ ਪਏ ਪੱਛਮੀ ਆਰੇ ਨੂੰ
ਨਵਾਂ ਸਾਲ ਜੀ ਲੈ ਕੇ ਆਵੈ ਭਾਈਚਾਰੇ ਨੂੰ ।।
ਭਾਈਚਾਰਾ , ਕੌਮੀ ਏਕਤਾ ਬਣੀ ਰਹੇ ਸਭ ਦੀ
ਸਭ ਦੇ ਅੰਦਰ ਜਗਦੀ ਇੱਕੋ ਜੋਤਿ ਹੈ ਰੱਬ ਦੀ ,
ਇੱਕ ਅੱਖ ਨਾਲ ਵੇਖਣ ਮੰਦਰ-ਗੁਰੂਦੁਆਰੇ ਨੂੰ
ਨਵਾਂ ਸਾਲ ਜੀ ਲੈ ਕੇ ਆਵੈ ਭਾਈਚਾਰੇ ਨੂੰ ।।
ਨਵੇਂ ਸਾਲ ਵਿੱਚ ਆਪਾਂ ਨੇ ਅਗਿਆਨ ਮਿਟਾਉਣਾ ਹੈ
ਹਿੰਦੂ, ਮੋਮਨ, ਸਿੱਖ, ਇਸਾਈ ਇੱਕ ਦਾ ਪਾਠ ਪੜ੍ਹਾਉਣਾ ਹੈ ,
ਫੇਰ ਮਿਲੋਗੇ ਜਾ ਕੇ ਜਗ ਦੇ ਸਿਰਜਣ ਹਾਰੇ ਨੂੰ
ਨਵਾਂ ਸਾਲ ਜੀ ਲੈ ਕੇ ਆਵੈ ਭਾਈਚਾਰੇ ਨੂੰ ।।
ਏਸ ਸਾਲ ਵੀਂ ਦੇਈਂ ਖੁੱਲ੍ਹੇ ਸ਼ਬਦ ਭੰਡਾਰ ਜੀ
ਸ਼ਰਮਾ ਲਿਖ ਕਵਿਤਾਵਾਂ ਕਰਦੂ ਹਿਰਦੇ ਠੰਡੇ ਠਾਰ ਜੀ ,
ਪਰ ਨੱਥ ਰੱਖੀਂ ਤੂੰ ਪਾਕੇ ਐਸੇ ਬਲਦ ਹੰਕਾਰੇ ਨੂੰ
ਨਵਾਂ ਸਾਲ ਜੀ ਲੈ ਕੇ ਆਵੈ ਭਾਈਚਾਰੇ ਨੂੰ ।।