ਧਰੂ ਤਾਰੇ ਵਾਂਗ ਚਮਕਦਾ ਰਹੇਗਾ ਸਾਥੀ ਲੁਧਿਆਣਵੀ (ਲੇਖ )

ਬਲਵਿੰਦਰ ਸਿੰਘ ਚਾਹਲ    

Email: chahal_italy@yahoo.com
Phone: +39 320 217 6490
Address:
Italy
ਬਲਵਿੰਦਰ ਸਿੰਘ ਚਾਹਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਸਾਥੀ ਲੁਧਿਆਣਵੀ ਦਾ ਨਾਂ ਇੱਕ ਅਜਿਹਾ ਨਾਂ ਹੈ ਜਿਸ ਨੇ ਸੱਤ ਸਮੁੰਦਰੋਂ ਪਾਰ ਸੱਠ ਵਾਲੇ ਦਹਾਕੇ ਵਿੱਚ ਪੰਜਾਬੀ ਬੋਲੀ ਦਾ ਦੀਵਾ ਬਾਲਿਆ। ਜੋ ਸਾਥੀ ਜੀ ਦੇ ਇਸ ਸੰਸਾਰ ਤੋਂ ਤੁਰ ਜਾਣ ਦੇ ਬਾਅਦ ਵੀ ਜਿਉਂ ਦਾ ਤਿਉਂ ਜਗ ਰਿਹਾ ਹੈ ਅਤੇ ਸਦਾ ਜਗਦਾ ਰਹੇਗਾ। ਸਾਥੀ ਲੁਧਿਆਣਵੀ ਜਿਸਦਾ ਪੂਰਾ ਨਾਂ ਮੋਹਣ ਸਿੰਘ ਸੀ, ਭਰ ਜਵਾਨੀ ਵਿੱਚ ਇੰਗਲੈਂਡ ਦੀ ਧਰਤੀ ਉੱਪਰ ਆ ਵਸਿਆ। ਸਾਥੀ ਅੰਗਰੇਜਾਂ ਦੀ ਮਤਲਬਖੋਰੀ ਤੇ ਮਸ਼ੀਨਾਂ ਵਾਂਗ ਕੰਮ ਕਰਨ ਵਾਲੇ ਲੋਕਾਂ ਦੀ ਦੁਨੀਆਂ ਰਹਿਣ ਜਰੂਰ ਲੱਗ ਪਿਆ। ਪਰ ਉਸ ਵਿੱਚੋਂ ਇੱਕ ਪੰਜਾਬੀ ਕਦੇ ਵੀ ਮਨਫੀ ਨਾ ਹੋ ਸਕਿਆ। ਜਿੱਥੇ ਉਹ ਕੰਮ ਕਾਰ ਵਿੱਚ ਬੜੀ ਮਸਰੂਫੀਅਤ ਨਾਲ ਖੁਭਿਆ ਹੋਇਆ ਸੀ। ਉੱਥੇ ਉਹ ਪੰਜਾਬੀ ਬੋਲੀ ਦਾ ਪਹਿਰਦਾਰ ਬਣ ਕੇ ਦੁੱਗਣੀ ਮਿਹਨਤ ਨਾਲ ਕੰਮ ਕਰਨ ਲੱਗਾ। ਸਾਥੀ ਨੇ ਭਲਿਆ ਵੇਲਿਆਂ ਵਿੱਚ ਪੰਜਾਬੀ ਦੇ ਮਸ਼ਹੂਰ ਰਸਾਲੇ "ਪ੍ਰੀਤਲੜੀ" ਵਿੱਚ "ਸਮੁੰਦਰੋਂ ਪਾਰ" ਕਾਲਮ ਸ਼ੁਰੂ ਕਰਕੇ ਪੰਜਾਬ ਦੇ ਲੋਕਾਂ ਨੂੰ ਵਲੈਤ ਦੀ ਜ਼ਿੰਦਗੀ ਬਾਰੇ ਜਾਣੂ ਕਰਵਾਇਆ। ਸਾਥੀ ਪੰਜਾਬੀ ਦਾ ਪਹਿਲਾ ਲੇਖਕ ਹੈ ਜਿਸਨੇ ਵਿਦੇਸ਼ ਦੀ ਦੁਨੀਆ ਬਾਰੇ ਲਗਾਤਾਰ ਕਈ ਸਾਲ ਲਿਖਿਆ ਅਤੇ ਜੋ ਲੋਕਾਂ ਵੱਲੋਂ ਸਰਾਹਿਆ ਵੀ ਬਹੁਤ ਗਿਆ। ਸਾਥੀ ਦੇ ਲੇਖ ਪੜਨ ਦਾ ਲੋਕਾਂ ਨੂੰ ਇੱਕ ਚਸਕਾ ਜਿਹਾ ਲੱਗ ਗਿਆ ਸੀ ਅਤੇ ਲੋਕ ਉਸ ਦੇ ਲੇਖਾਂ ਦੀ ਉਡੀਕ ਕਰਿਆ ਕਰਦੇ ਸਨ। ਸਾਥੀ ਬਾਰੇ ਇੱਕ ਕਹਾਵਤ ਮਸ਼ਹੂਰ ਸੀ ਕਿ ਸਾਥੀ ਲੁਧਿਆਣਵੀ ਦੇ ਲੇਖਾਂ ਨੂੰ ਪੜ ਪੜ ਕੇ ਲੋਕਾਂ ਨੇ ਵਲੈਤ ਜਾਣ ਲਈ ਆਪਣੀਆਂ ਜਮੀਨਾਂ ਤੱਕ ਵੇਚ ਦਿੱਤੀਆਂ।

                     ਸਾਥੀ ਬੜੀ ਛੋਟੀ ਉਮਰੇ ਸਾਹਿਤ ਲਿਖਣ ਲੱਗਾ ਸੀ। ਉਸ ਨੇ ਆਪਣੀ ਉਮਰ ਦੇ ਲੱਗਭੱਗ ਅੱਠ ਦਹਾਕਿਆਂ ਵਿੱਚੋਂ ਸਾਢੇ ਛੇ ਦਹਾਕੇ ਸਾਹਿਤ ਲਿਖਦਿਆਂ ਲੰਘਾਈ। ਪੰਜਾਬੀ ਦੇ ਨਾਮਵਰ ਅਖਬਾਰਾਂ, ਰਸਾਲਿਆਂ ਵਿੱਚ ਸਾਥੀ ਲੁਧਿਆਣਵੀ ਨਿਰੰਤਰ ਛਪਣ ਵਾਲਾ ਮਕਬੂਲ ਲੇਖਕ ਬਣਿਆ ਤਾਂ ਸਾਥੀ ਨੇ ਸਮੇਂ ਦੀ ਤੋਰ ਨਾਲ ਤੁਰਦੇ ਹੋਏ ਲਿਖਣ ਤੋਂ ਅੱਗੇ ਕਦਮ ਵਧਾਉਂਦੇ ਹੋਏ ਸਨਰਾਈਜ਼ ਰੇਡੀਉ ਉੱਪਰ ਬਤੌਰ ਪੇਸ਼ਕਾਰ ਕਈ ਸਾਲ ਲਗਾਤਾਰ ਕੰਮ ਕੀਤਾ। ਇਸੇ ਰੇਡੀਉ ਉੱਪਰ ਸਾਥੀ ਨੇ ਪੰਜਾਬੀ ਦੇ ਮਸ਼ਹੂਰ ਲੇਖਕਾਂ, ਕਵੀਆਂ, ਬੁੱਧੀਜੀਵੀਆਂ ਤੇ ਹੋਰ ਅਨੇਕਾਂ ਸ਼ਖਸ਼ੀਅਤਾਂ ਨੂੰ ਇੰਟਰਵਿਊ। ਸਾਥੀ ਦੇ ਫੇਸਬੁਕ ਪ੍ਰੋਫਾਈਲ ਵਿੱਚ ਸ਼ਿਵ ਕੁਮਾਰ ਬਟਾਲਵੀ, ਦੀਦਾਰ ਸਿੰਘ ਪ੍ਰਦੇਸੀ, ਚਿੱਤਰਕਾਰ ਸੋਭਾ ਸਿੰਘ ਤੇ ਬਹੁਤ ਸਾਰੀਆਂ ਮਕਬੂæਲ ਸ਼ਖਸ਼ੀਅਤਾਂ ਨੂੰ ਸਾਥੀ ਨਾਲ ਦੇਖਿਆ ਜਾ ਸਕਦਾ ਹੈ। ਸਾਥੀ ਇਸ ਸਮੇਂ ਐਮ ਏ ਟੀਵੀ ਤੇ ਕਈ ਸਾਲਾਂ ਤੋਂ "ਸਾਥੀ ਕੇ ਸੰਗ" ਪ੍ਰੋਗਰਾਮ ਪੇਸ਼ ਹੀ ਨਹੀਂ ਕਰਦਾ ਸੀ, ਸਗੋਂ ਬਹੁਭਾਸ਼ਾਈ ਸਿਆਸੀ ਚਰਚਾਵਾਂ ਦੀ ਮੇਜ਼ਬਾਨੀ ਵੀ ਕਰਦਾ ਆ ਰਿਹਾ ਸੀ। ਜਿਸ ਵਿੱਚ ਸਾਥੀ ਨੇ ਮੌਜੂਦਾ ਦੇ ਸਮੇਂ ਅਨੇਕਾਂ ਲੋਕਾਂ ਨੂੰ ਪੇਸ਼ ਕੀਤਾ। ਮੈਨੂੰ ਵੀ ਸਾਥੀ ਨੇ ਕਈ ਵਾਰ ਫੋਨ ਕੀਤਾ ਕਿ ਚਾਹਲ ਸਾਬ੍ਹ ਕਦੋਂ ਆ ਰਹੇ ਹੋ ਮੇਰੇ ਪ੍ਰੋਗਰਾਮ ਦਾ ਹਿੱਸਾ ਬਣਨ ਲਈ।  ਮੈਂ ਸਮੇਂ ਦੀ ਘਾਟ ਕਾਰਨ "ਸਾਥੀ ਕੇ ਸੰਗ" ਪ੍ਰੋਗਰਾਮ ਦਾ ਹਿੱਸਾ ਨਾ ਬਣ ਸਕਿਆ ਜੋ ਹੁਣ ਕਦੇ ਵੀ ਸੰਭਵ ਨਹੀਂ ਹੈ। ਮੈਨੂੰ ਇਸ ਗੱਲ ਦਾ ਸਦਾ ਲਈ ਦਿਲੀ ਦੁੱਖ ਰਹੇਗਾ ਕਿ ਮੈਂ ਸਾਥੀ ਜੀ ਵਾਰ ਵਾਰ ਕਹਿਣ ਉੱਪਰ ਉਹਨਾਂ ਵੱਲੋਂ ਪੇਸ਼ ਕੀਤੇ ਜਾਂਦੇ ਪ੍ਰੋਗਰਾਮ ਵਿੱਚ ਸ਼ਾਮਲ ਨਹੀਂ ਹੋ ਸਕਿਆ।
                     ਸਾਥੀ ਲੁਧਿਆਣਵੀ ਦੀ ਇੱਕ ਗੱਲ ਮੈਨੂੰ ਸਦਾ ਬਹੁਤ ਟੁੰਬਦੀ ਸੀ ਕਿ ਉਹ ਨਵੇਂ  ਤੇ Aੁੱਭਰਦੇ ਚਿਹਰਿਆਂ ਨੂੰ ਲੋਕਾਂ ਸਾਹਮਣੇ ਲਿਆਉਣ ਲਈ ਯਤਨਸ਼ੀਲ ਰਹਿੰਦੇ ਸਨ। ਜਿੱਥੇ ਉਹ ਪੰਜਾਬੀ ਬੋਲੀ ਲਈ ਕੁਝ ਵੱਖਰਾ ਤੇ ਨਿਵੇਕਲਾ ਕਰਨ ਲਈ ਤੱਤਪਰ ਰਹਿੰਦੇ ਸਨ ਉੱਥੇ ਉਹਨਾਂ ਲੋਕਾਂ ਨੂੰ ਕੋਸਣੋ ਨਾ ਹੱਟਦੇ ਜੋ ਸਿਰਫ਼ ਦਾਅਵਿਆਂ ਦੀ ਰਾਜਨੀਤੀ  ਕਰਦੇ ਹਨ। ਸਾਥੀ ਕੁਝ ਕਰਨ ਵਿੱਚ ਵਿਸ਼ਵਾਸ਼ ਰੱਖਣ ਵਾਲਾ ਉਹ ਨਾਂ ਸੀ ਜੋ ਕਦੇ ਵੀ ਨਾ ਅੱਕਣ ਤੇ ਥੱਕਣ ਵਾਲਾ ਪੰਜਾਬੀ ਬੋਲੀ ਦਾ ਅਸਲੀ ਯੋਧਾ ਸੀ। ਸਾਥੀ ਦੀ ਕਲਮ, ਸਾਥੀ ਦੀ ਜ਼ੁਬਾਨ, ਸਾਥੀ ਦਾ ਦਿਲ, ਦਿਮਾਗ, ਗੱਲ ਕੀ ਸਾਥੀ ਦੇ ਸਰੀਰ ਦਾ ਇੱਕ ਇੱਕ ਜ਼ਰਰਾ ਪੰਜਾਬੀ ਬੋਲੀ ਦਾ ਕਾਇਲ ਸੀ। ਸਾਥੀ ਇੱਕੋ ਸਮੇਂ ਕਈ ਸਭਾਵਾਂ ਦਾ ਕਰਤਾ ਧਰਤਾ ਸੀ। ਉਹ ਪੰਜਾਬੀ ਸਾਹਿਤ ਕਲਾ ਕੇਂਦਰ ਸਾਊਥਾਲ ਦਾ ਮੌਜੂਦਾ ਪ੍ਰਧਾਨ ਤੇ ਯੂਕੇ ਕੇਂਦਰੀ ਪੰਜਾਬੀ ਸਾਹਿਤ ਸਭਾ ਦਾ ਚੈਅਰਮੈਨ ਸੀ। ਇਸਦੇ ਨਾਲ ਨਾਲ ਉਹ ਗਲੋਬਲ ਪੰਜਾਬੀ ਸਰਕਲ ਯੂਕੇ ਦਾ ਵਿਸ਼ੇਸ਼ ਸਲਾਹਕਾਰ ਤੇ ਵਰਲਡ ਪੰਜਾਬੀ ਆਰਗੇਨਾਈਜ਼ੇਸ਼ਨ ਲੰਡਨ ਦਾ ਕਨਵੀਨਰ ਅਤੇ ਪੰਜਾਬੀ ਸਾਹਿਤ ਸੰਗਮ ਦਾ ਸਹਾਇਕ ਜਨਰਲ ਸਕੱਤਰ ਸੀ। ਇੰਨੇ ਸਾਰੇ ਅਹੁਦਿਆਂ ਦੇ ਹੁੰਦੇ ਹੋਏ ਵੀ ਸਾਥੀ ਲੁਧਿਆਣਵੀ ਆਪਣੇ ਕੰਮਾਂ ਅਤੇ ਜਿੰæਮੇਵਾਰੀਆਂ ਪ੍ਰਤੀ ਪੂਰਾ ਸੁਹਿਰਦ ਸੀ। ਸਾਥੀ ਦੀਆਂ ਹੁਣੇ ਹੁਣੇ ਦੋ ਕਿਤਾਬਾਂ ਛਪ ਕੇ ਆਈਆਂ ਜਿਹਨਾਂ ਵਿੱਚ ਉਸਦਾ ਨਾਵਲ "ਸਾਹਿਲ" ਅਜੇ ਤੱਕ ਰਿਲੀਜ਼ ਵੀ ਨਹੀਂ ਹੋ ਸਕਿਆ ਸੀ ਕਿ ਸਾਥੀ ਜੀ ਪਹਿਲਾਂ ਹੀ ਜਹਾਨੋਂ ਕੂਚ ਕਰ ਗਏ।
                  ਸਾਥੀ ਲੁਧਿਆਣਵੀ ਸਦਾ ਚੁਸਤ ਫੁਰਤ ਦਿਖਣ ਵਾਲੀ ਸ਼ਖਸ਼ੀਅਤ ਸੀ ਜੋ ਕੱਪੜੇ ਵੀ ਬੜੇ ਸਲੀਕੇ ਨਾਲ ਪਹਿਨਦਾ ਸੀ। ਉਸ ਨੂੰ ਵਧੀਆ ਕੋਟ ਪੈਂਟ, ਟਾਈ ਅਤੇ ਵਧੀਆ ਜੁੱਤੀ ਪਾਉਣ ਦਾ ਇੱਕ ਚਾਅ ਜਿਹਾ ਹੁੰਦਾ ਸੀ। ਉਹ ਕਿਸੇ ਵੀ ਮਹਿਫ਼ਲ, ਸਭਾ, ਮੀਟਿੰਗ ਜਾਂ ਰਸਮੀ ਤੌਰ ਉੱਪਰ ਬਣ ਠਣ ਕੇ ਪਹੁੰਚਦਾ ਸੀ। ਉੱਚਾ ਸਾਰਾ ਠਹਾਕਾ ਮਾਰ ਕੇ ਹੱਸਣਾ ਸਾਥੀ ਦੀ ਆਦਤ ਦਾ ਮੁੱਖ ਹਿੱਸਾ ਸੀ। ਸਾਥੀ ਦਿਲ ਦਾ ਦਰਿਆ ਇਨਸਾਨ ਸੀ, ਉਸਦੇ ਘਰ ਨੂੰ ਬਹੁਤ ਸਾਰੇ ਸਾਹਿਤਕਾਰ ਲੰਡਨ ਵਿੱਚ ਪੰਜਾਬੀ ਬੋਲੀ ਦਾ ਮੱਕਾ ਆਖਦੇ ਸਨ। ਉਹ ਮਹਿਮਾਨ ਨਿਵਾਜ਼ੀ ਵਿੱਚ ਸਭ ਹੱਦਾਂ ਪਾਰ ਕਰ ਜਾਂਦਾ, ਆਏ ਮਹਿਮਾਨਾਂ ਦਾ ਹੱਦੋਂ ਵੱਧ ਸਤਿਕਾਰ ਹੀ ਨਹੀਂ ਕਰਦਾ ਸੀ ਸਗੋਂ ਪੂਰੀ ਆਉ ਭਗਤ ਕਰਨੀ ਆਪਣਾ ਫਰਜ਼ ਸਮਝਦਾ ਸੀ। ਦਿਲ ਦੇ ਕੋਨੇ ਵਿੱਚ ਕਈ ਦਰਦਾਂ ਨੂੰ ਛੁਪਾ ਕੇ ਰੱਖਣ ਵਾਲਾ ਸਾਥੀ ਲੁਧਿਆਣਵੀ ਯਾਰਾਂ ਦਾ ਯਾਰ ਸੀ ਤਾਂ ਬਾਕੀ ਰਿਸ਼ਤਿਆਂ ਨੂੰ ਵੀ ਬੜੀ ਸ਼ਿਦਤ ਨਾਲ ਨਿਭਾਉਂਦਾ ਸੀ।
                   ਸਾਥੀ ਲੁਧਿਆਣਵੀ ਦਾ ਪੰਜਾਬੀ ਲੇਖਕ ਹੋਣਾ ਸਾਡੇ ਲਈ ਮਾਣ ਵਾਲੀ ਗੱਲ ਹੈ। ਪਰ ਉਸ ਦਾ ਬੇਵਕਤੀ ਤੁਰ ਜਾਣਾ ਬਹੁਤ ਵੱਡਾ ਘਾਟਾ ਹੈ। ਸਾਥੀ ਜਿੱਥੇ ਪੰਜਾਬੀ ਬੋਲੀ ਉੱਪਰ ਪੂਰੀ ਪਕੜ ਰੱਖਣ ਵਾਲਾ ਲੇਖਕ ਸੀ, ਉੱਥੇ ਉਸਦੀ ਅੰਗਰੇਜੀ ਬੋਲੀ ਉੱਪਰ ਵੀ ਪੂਰੀ ਪਕੜ ਸੀ। ਜੇਕਰ ਉਹ ਚਾਹੁੰਦਾ ਤਾਂ ਅੰਗਰੇਜੀ ਦਾ  ਇੱਕ ਵੱਡਾ ਲੇਖਕ ਕਹਾ ਸਕਦਾ ਸੀ। ਪਰ ਸਾਥੀ ਨੇ ਆਪਣੀ ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਹੋ ਕੇ ਸਾਰੀ ਉਮਰ ਇਸ ਬੋਲੀ ਦੇ ਲੇਖੇ ਲਗਾ ਦਿੱਤੀ। ਸਾਥੀ ਬੇਸ਼ੱਕ ਇਸ ਦੁਨੀਆਂ ਤੋਂ ਰੁਖਸਤ ਹੋ ਚੁੱਕਿਆ ਹੈ। ਪਰ ਉਸਦੇ ਲਿਖੇ ਹੋਏ ਸ਼ਬਦ, ਉਸਦੇ ਬੋਲੇ ਹੋਏ ਬੋਲ ਸਦਾ ਸਾਥੀ ਲੁਧਿਆਣਵੀ ਦੀ ਯਾਦ ਨੂੰ ਤਾਜ਼ਾ ਕਰਵਾਉਂਦੇ ਰਹਿਣਗੇ। ਸਾਥੀ ਜਿਹਾ ਸਮਰਪਿਤ ਪੰਜਾਬੀ ਸਾਹਿਤਕਾਰ, ਪੇਸ਼ਕਰਤਾ ਅਤੇ ਕਈ ਹੋਰ ਗੁਣਾਂ ਦਾ ਧਾਰਨੀ ਕਦੇ ਕਦੇ ਹੀ ਇਸ ਦੁਨੀਆਂ ਨੂੰ ਨਸੀਬ ਹੁੰਦਾ ਹੈ। ਸਾਥੀ ਦੀ ਕਮੀ ਇੰਗਲੈਂਡ ਹੀ ਨਹੀਂ ਸਗੋਂ ਦੁਨੀਆ ਭਰ ਦੀਆਂ ਪੰਜਾਬੀ ਮਹਿਫਲਾਂ, ਸਭਾਵਾਂ ਤੇ ਸਮਾਗਮਾਂ ਵਿੱਚ ਸਦਾ ਰੜਕਦੀ ਰਹੇਗੀ। ਅਖੀਰ ਵਿੱਚ ਮੈਂ ਸਾਥੀ ਲੁਧਿਆਣਵੀ ਦੀਆਂ ਇਹਨਾਂ ਸਤਰਾਂ ਨਾਲ ਮੈਂ ਉਹਨਾਂ ਨੂੰ ਆਪਣੇ ਸ਼ਰਧਾ ਦੇ ਫੁੱਲ ਭੇਂਟ ਕਰਦਾ ਹਾਂ।

ਹੱਸਦੇ-ਹੱਸਦੇ ਇੱਕ ਦਿਨ ਡੰਡੀਉਂ ਟੁੱਟਜਾਂਗੇ,
ਜਿਸ ਮਿੱਟੀ 'ਚੋਂ ਜਨਮੇਂ ਉਸ ਵਿੱਚ ਮੁੱਕਜਾਂਗੇ।
ਅਸੀਂ  ਤਾਂ  ਚਾਨਣ  ਵੰਡਦੇ ਫਿਰਦੇ ਤਾਰੇ ਆਂ,
ਚਾਨਣ  ਵੰਡਦੇ  ਵੰਡਦੇ  ਗਗਨੋਂ  ਟੁੱਟਜਾਂਗੇ।