ਸੁਪਨੇ ਵਿੱਚ ਇੱਕ ਫੁਲ ਤੇ ਲਿਖ ਬੈਠੇ ਰਾਤੀ ਨਾਮ ਅਸੀ
ਅਗਲੇ ਦਿਨ ਸ਼ਹਿਰ ਅੰਦਰ ਝੱਟ ਹੋ ਗਏ ਬਦਨਾਮ ਅਸੀਂ
ਕੂਲੀ ਪੱਟ ਉਮਰ ਦੀ ਚਾਦਰ , ਤੱਕਿਆ ਸ਼ੀਸ਼ਾ ਐਵੇਂ
ਤਦ ਦਿਲ ਝੱਲਾ ਹੋਇਆ, ਨਾ ਸੁਤੇ ਨਾਲ ਅਰਾਮ ਅਸੀਂ
ਕਿਸੇ ਦਰਗਾਹ ਦਾ ਦਰ ਨਾ ਮੂਲੋਂ ਦਿਲ ਨੂੰ ਭੋਰਾ ਭਾਇਆ
ਨਾਂ ਤੇਰੇ ਦਾ ਨਿੱਤ ਪੜ੍ਹਿਆ ਹਿਰਦੇ ਵਿੱਚ ਕਲਾਮ ਅਸੀਂ
ਕਈ ਵਾਰ ਹਵਾ ਦੇ ਬੁਲੇ ਫੁੱਲ ਛੂਹਣ ਦੀ ਕੋਸ਼ਿਸ ਕੀਤੀ
ਪੋਟੇ ਸਾੜ ਨਾ ਬੈਠੀਂ ਫੁੱਲ ਨਾ ਕੋਈ ਆਮ ਅਸੀਂ
ਸ਼ਹੁ ਦਰਿਆ ਵਿੱਚ ਗੋਤੇ ਖਾਂਦਾ ਪਿਆਰ ਵਫਾ ਖਾਤਰ ਹੈ ਦਿਲ
ਤਨ ਮਿਟੇ ਗਮ ਨਾ ਭੋਰਾ ਜੱਗ ਤੇ ਰਖਣਾ ਨਾਮ ਅਸੀਂ
ਸਮਝ ਨਹੀਂ ਕਿਸ ਨੂੰ ਪੁੱਛਾਂ, ਤੇਰੇ ਘਰ ਦਾ ਸਿਰਨਾਵਾਂ
ਕਿਸ ਹਵਾ ਦੇ ਹੱਥ ਤੇ ਲਿਖ , ਘਲੀਏ ਹੁਣ ਪੈਗਾਮ ਅਸੀਂ
ਪੱਥਰ ਤੇ ਪਾਣੀ ਪਾਇਆ ਭਿੱਝਾ ਨਾ ਭੋਰਾ ਭਰ ਵੀ
ਉਲਫਤ ਦੇ ਪੰਛੀ ਫੜਣ 'ਚ ਬਾਸੀ ਹੋਏ ਨਕਾਮ ਅਸੀਂ