ਅੰਧੇ ਕਾ ਨਾਉ ਪਾਰਖੂ (ਕਹਾਣੀ ਸੰਗ੍ਰਹਿ )
ਲੇਖਕ ---ਪ੍ਰੋ ਹਮਦਰਦਵੀਰ ਨੌਸ਼ਹਿਰਵੀ
ਪ੍ਰਕਾਸ਼ਕ ----ਤਰਲੋਚਨ ਪਬਲਿਸ਼ਰਜ਼ ਚੰਡੀਗੜ੍ਹ
ਪੰਨੇ ----108 ਮੁਲ ---- 200 ਰਪਏ
ਪ੍ਰੋ ਹਮਦਰਦਵੀਰ ਨੌਸ਼ਹਿਰਵੀ ਬੀਤੀ ਅੱਧੀ ਸਦੀ ਤੋਂ ਪੰਜਾਬੀ ਸਾਹਿਤ ਸਿਰਜਨਾ ਕਰਨ ਵਾਲਾ ਬਹੁਪਖੀ ਲੇਖਕ ਹੈ । ਪੰਜਾਬੀ ਪਾਠਕ ਨੌਸ਼ਹਿਰਵੀ ਦੀਆਂ ਲਿਖਤਾਂ ਤੋਂ ਭਲੀ ਭਾਂਤ ਵਾਕਫ ਹਨ । ਉਸ ਦੀਆਂ ਕਹਾਣੀਆਂ ਦੀਆਂ 13 ਕਿਤਾਬਾਂ ,7 ਕਾਵਿ ਸੰਗ੍ਰਹਿ ,3 ਵਾਰਤਕ ਪੁਸਤਕਾਂ ,ਹਿੰਦੀ ਤੋਂ ਅਨੁਵਾਦਤ ਕਹਾਣੀ ਸੰਗ੍ਰਹਿ ਮਾਂ ਦੇ ਬਰਾਬਰ ਕੌਣ (ਸੰਪਾਦਤ) ਸਵੈ ਜੀਵਨੀ ਕਾਲੇ ਲਿਖ ਨਾ ਲੇਖ ,ਮੇਰੀ ਸਰਦਲ ਦੇ ਦੀਵੇ ,ਬਹੁਚਰਚਿਤ ਪੁਸਤਕਾਂ ਹਨ । ਕਹਾਣੀ ਸਂਗ੍ਰਹਿ ਤੁਰਾਂ ਮੈਂ ਨਦੀ ਦੇ ਨਾਲ ,ਡਾਚੀ ਵਾਲਿਆ ਮੋੜ ਮੁਹਾਰ ,ਨੀਰੋ ਬੰਸਰੀ ਵਜਾ ਰਿਹਾ ਸੀ, ਸਲੀਬ ਤੇ ਟੰਗਿਆ ਮਨੁਖ ਤੇ ਧਰਤੀ ਭਰੇ ਹੁੰਗਾਰਾ. ਫੇਰ ਆਈ ਬਾਬਰਵਾਣੀ (ਕਵਿ ਸੰਗ੍ਰਹਿ ) ਨੂੰ ਪਾਠਕਾਂ ਵਲੋਂ ਬੇਤਹਾਸ਼ਾਂ ਹੁੰਗਾਰਾ ਮਿਲਿਆ ਹੈ । ਨੌਸ਼ਹਿਰਵੀ ਨਿਰੰਤਰ ਲਿਖਣ ਵਾਲਾ ਬੇਬਾਕ ਲੇਖਕ ਹੈ । ਉਸ ਕੋਲ ਜ਼ਿੰਦਗੀ ਦਾ ਲੰਮਾ ਤਜ਼ਰਬਾ ਹੈ । ਕਿਉਂ ਕਿ ਆਪਣੀ ਹਵਾਈ ਸੈਨਾ ਦੀ ਨੌਕਰੀ ਦੌਰਾਨ ਉਸ ਨੇ ਘਾਟ ਘਾਟ ਦਾ ਪਾਣੀ ਪੀਤਾ ਹੈ । ਤੇ ਵੰਨ ਸੁਵੰਨੇ ਲੋਕਾਂ ਨੂੰ ਨੇੜਿਓ ਮਿਲਿਆ ਹੈ । ਉਨ੍ਹਾਂ ਦੀ ਜ਼ਿੰਦਗੀ ਨੂੰ ਕਈ ਦਿਸ਼ਾਂਵਾ ਤੋਂ ਗਹਿਰਾਈ ਨਾਲ ਵੇਖਣ ਤੇ ਅਨੁਭਵ ਕਰਨ ਦਾ ਮੌਕਾ ਮਿਲਿਆ ਹੈ । ਫੋਜ ਦੀ ਨੌਕਰੀ ਪਿਛੋਂ ਨੌਸ਼ਹਿਰਵੀ ਨੇ ਕਾਲਜ ਵਿਚ ਰਾਜਨੀਤੀ ਸ਼ਾਸ਼ਤਰ ਦਾ ਵਿਸ਼ਾ ਲੰਮਾ ਸਮਾਂ ਪੜ੍ਹਾਇਆ ਹੈ । ਜਿਸ ਕਰਕੇ ਪ੍ਰੋ ਨੌਸ਼ਹਿਰਵੀ ਦੇ ਪੜ੍ਹਾਏ ਹਜ਼ਾਰਾਂ ਵਿਦਿਆਰਥੀ ਜ਼ਿੰਦਗੀ ਵਿਚ ਆਨੰਦ ਲੈ ਰਹੇ ਹਨ । ਪ੍ਰਾਈਵੇਟ ਕਾਲਜ ਤੋਂ ਸੇਵਾ ਮੁਕਤ ਹੋ ਕੇ ਉਹ ਆਪ ਪੈਨਸ਼ਨਹੀਣ ਜ਼ਿੰਦਗੀ ਬਿਤਾ ਰਿਹਾ ਹੈ । ਉਹ ਸਵੈਮਾਣ ਦਾ ਪੱਕਾ ਹੈ । ਇਹ ਸਵੈਮਾਣ ਤੇ ਅਣਖੀ ਜੀਵਨ ਦੀ ਨੁਹਾਰ ਉਸਦੀਆਂ ਅਖਬਾਰੀ ਲਿਖਤਾਂ ਵਿਚ ਤੇ ਕਹਾਣੀਆਂ ਵਿਚ ਆਮ ਮਹਿਸੂਸ ਕੀਤੀ ਜਾ ਸਕਦੀ ਹੈ । ਉਹ ਸਮਾਜਿਕ ਕੁਰੀਤੀਆਂ , ਰਾਜ ਪ੍ਰਬੰਧ ਦੀਆ ਕਮਜ਼ੋਰੀਆੰ ,ਇਸ ਸਮਾਜ ਵਿਚ ਆਮ ਬੰਦੇ ਦੀ ਅਧੋਗਤੀ ,ਰਹਿਣ ਸਹਿਣ ਦੀਆਂ ਮਾੜੀਆਂ ਸਥਿਤੀਆ ਧਰਮ ਦੇ ਨਾਮ ਤੇ ਚਲ ਰਹੀਆਂ ਦੁਕਾਨਦਾਰੀਆਂ, ਦਫਤਰੀ ਕਲਚਰ, ਸਰਕਾਰੀ ਯੋਜਨਾਵਾਂ ਦੀਆਂ ਚੋਰ ਮੋਰੀਆਂ , ਪੂੰਜੀਪਤੀ ਲੋਕਾਂ ਦੀ ਸਿਆਸਤ ਵਿਚ ਅਜਾਰੇਦਾਰੀ ਮਲਿਕ ਭਾਗੋ ਦੀ ਸੋਚ , ਤੇ ਹੋਰ ਕਈ ਤਰਾਂ ਦੀ ਬਨਾਵਟੀ ਬਣੀ ਜ਼ਿੰਦਗੀ ਨੂੰ ਚਿਤਰਣ ਵਿਚ ਸਾਹਿਤਕਾਰ ਨੌਸ਼ਹਿਰਵੀ ਨੂੰ ਮਾਨਸਿਕ ਸਕੂਨ ਮਿਲਦਾ ਹੈ । ਨੌਸ਼ਹਿਰਵੀ ਦਿਲੋਂ ਲਿਖਣ ਵਾਲਾ ਮੌਲਿਕ ਲੇਖਕ ਹੈ । ਉਸ ਦੀਆਂ ਕਹਾਣੀਆਂ ਦੀ ਸੁਰ ਲਾਊਡ ਹੈ । ਲਿਖਤਾਂ ਵਿਚ ਬੇਬਾਕੀ ਉਸ ਦਾ ਗਹਿਣਾ ਹੈ । ਉਸ ਨੂੰ ਭਾਈ ਲਾਲੋ ਜਿਹੇ ਕਿਰਤੀ ਵਰਗ ਨਾਲ ਪਿਆਰ ਹੈ ।ਉਹ ਸਮਾਜ ਦੇ ਲਿਤਾੜੇ ਲੋਕਾਂ ਦੀ ਭਰਵੀ ਆਵਾਜ਼ ਹੈ । ਉਸਦੀ ਕਲਮ ਵਿਚ ਜ਼ੋਰ ਹੈ ।ਉਹ ਹਿਕ ਦੇ ਜ਼ੋਰ ਨਾਲ ਲਿਖਦਾ ਹੈ ।ਇਸੇ ਲਈ ਉਸਦੇ ਪਾਠਕ ਉਸਨੂੰ ਦਿਲੋਂ ਪਿਆਰ ਕਰਦੇ ਹਨ ।
ਉਸਦਾਂ ਪਲ ਪਲ ਸਾਹਿਤਕ ਹੈ । ਉਸਦੇ ਆਪਣੇ ਰੈਣ ਬਸੇਰੇ ਦਾ ਨਾਂਅ ਵੀ ਸਾਹਿਤਕ ਹੈ –ਕਵਿਤਾ ਭਵਨ । ਜਿਥੇ ਰਹਿ ਕੇ ਉਹ ਸਾਹਿਤ ਰਚਨਾ ਕਰ ਰਿਹਾ ਹੈ । ਉਹ ਇਸ ਉਮਰ ਵਿਚ ਵੀ ਸਾਹਿਤਕ ਸੰਸਾਰ ਦੀਆਂ ਰੱਜ ਕੇ ਉਡਾਰੀਆਂ ਲਾ ਰਿਹਾ ਹੈ । ਉਸ ਦੀ ਹਰੇਕ ਸਾਹਿਤਕ ਉਡਾਣ ਵਿਚ ਨਿੱਤ ਨਵਾਂਪਣ ਹੈ । ਹਥਲੀ ਕਿਤਾਬ ਦੇ ਸਿਰਲੇਖ ਨੂੰ ਪੜ੍ਹ ਕੇ ਹੀ ਨਕਸ਼ਾਂ ਸਾਹਮਣੇ ਆ ਜਾਂਦਾ ਹੈ। ਟਾਈਟਲ ਉਪਰ ਕਾਲੀ ਹਨੇਰੀ ਰਾਤ ਵਿਚ ਗਿਆਨ ਦੀ ਲੰਮੀ ਲਕੀਰ ਆ ਰਹੀ ਹੈ । ਸਵੇਰਾ ਰੌਸ਼ਨ ਹੋ ਰਿਹਾ ਹੈ ।ਪਾਵਨ ਬਾਣੀ ਵਿਚੋਂ ਗੁਰੂ ਗ੍ਰੰਥ ਸਾਹਿਬ ਵਿਚ ਸੁਭਾਇਮਾਨ ਤੁਕਾਂ ---ਨਾਉ ਫਕੀਰੈ ਪਾਤਸ਼ਾਂਹ ਮੂਰਖ ਪੰਡਿਤ ਨਾਉ ।।ਅੰਧੇ ਕਾ ਨਾਓ ਪਾਰਖੂ ਏਵੈ ਕਰੇ ਗੁਆਉ ।ਇਲਤਿ ਕਾ ਨਾਉ ਚਉਧਰੀ ਕੂੜੀ ਪੂਰੇ ਥਾਓ ।।ਨਾਨਕ ਗੁਰਮੁਖ ਜਾਣੀਐ ਕਲਿ ਕਾ ਏਹੁ ਨਿਆਉ ,(ਅੰਗ 1288 ਮਲ੍ਹਾਂਰ ਰਾਗ ਮਹਲਾ ਦੂਜਾ ) ਇਸ ਸਮਾਜਿਕ ਸਥਿਤੀ ਨੂੰ ਗੁਰੂ ਅੰਗਦ ਦੇਵ ਜੀ ਨੇ ਇਂਨ੍ਹਾਂ ਸਤਰਾਂ ਵਿਚ ਲਿਖਿਆ ਹੈ । ਇਸ ਵੇਲੇ ਘੋਰ ਕਲਿਜੁਗ ਵਾਲੀ ਹਾਲਤ ਹੈ । ਗ਼ਿਆਨ ਵਿਹੂਣੇ ਲੋਕ ਸ਼ਮਾਜ ਦੇ ਆਗੂ ਹਨ । ਪੁਸਤਕ ਦੀਆਂ ਕਹਾਣੀਆਂ ਦੇ ਪਾਤਰ ਤੇ ਪੂਰੀ ਫਿਜ਼ਾ ਇਸ ਕਿਸਮ ਦੇ ਸਮਾਜ ਦੀ ਤਸਵੀਰ ਹੈ । ਜੋ ਗੁਰੂ ਸਾਹਿਬ ਨੇ ਅਜ ਤੋਂ ਪੰਜ ਸੌ ਸਾਲ ਪਹਿਲਾਂ ਲਿਖੀ ਹੈ । ਉਸ ਸਮੇਂ ਦੇਸ਼ ਮੁਗਲਾਂ ਦਾ ਗੁਲਾਮ ਸੀ । ਅਜ ਦੇਸ਼ ਆਜ਼ਾਦ ਹੈ । ਕੀ ਫਰਕ ਹੈ ਸਿਰਫ ਇਕ ਨਾਜ਼ਾਮ ਬਦਲਿਆ ਹੈ । ਵਰਤਾਰਾ ਜਿਉਂ ਦਾ ਤਿਉਂ ਹੈ । ਉਸ ਸਮੇਂ ਇਕ ਮਲਕ ਭਾਗੋ ਸੀ ਜਿਸ ਨੂੰ ਬਾਬਾ ਨਾਨਕ ਨੇ ਲਹੂ ਦੀਆ ਧਾਂਰਾਂ ਵਿਖਾ ਕੇ ਹਰਾਮ ਦੀ ਕਮਾਈ ਦਾ ਅਹਿਸਾਸ ਕਰਾਇਆ ਅਜ ਥਾਂ ਥਾਂ ਤੇ ਮਲਿਕ ਭਾਗੋ ਹਨ । ਸਮੁਚਾ ਰਾਜ ਪ੍ਰਬੰਧ ਅਮੀਰ ਤੇ ਪੂਜੀਪਤੀ ਵਰਗ ਦੇ ਹਕ ਵਿਚ ਭੁਗਤ ਰਿਹਾ ਹੈ । ਪੁਸਤਕ ਦੀ ਕਹਾਣੀ ਘੱਟਾ ਵਿਚ ਸਥਿਤੀ ਵੇਖੋ ---
ਸਾਹਿਬ ਹਾਲੀ ਆਏ ਨਹੀਂ ਗਿਆਰਾਂ ਵਜਣ ਵਾਲੇ ਨੇ ----ਦੂਰੋਂ ਪੈਂਡਾ ਮਾਰ ਕੇ ਬੰਦਾ ਦਫਤਰ ਵਿਚ ਆਪਣੇ ਕੰਮ ਲਈ ਆਇਆ ਹੈ।–ਕਰਸੀ ਖਾਲੀ ਹੈ ਉਤੇ ਘੱਟਾ ਹੈ । ਸਾਹਿਬ ਸਵੇਰੇ ਆਉਣਗੇ ਬੈਠਣਗੇ ਘੱਟਾ ਆਪੇ ਸਾਫ ਹੋ ਜਾਵੇਗਾ ।ਕਿਸਾਨ ਖਾਲੀ ਕੁਰਸੀ ਵਲ ਘੂਰਦਾ ਹੈ ।(ਪੰਨਾ 79) ਅਫਸਰਸ਼ਾਂਹੀ ਭਾਰੂ ਹੈ । ਸਾਡੇ ਆਗੂ ਅੰਨ੍ਹੈ ਹਨ । ਸੋਚ ਵਿਚ ਪਾਸਕੂ ਹੈ{ਇਨਸਾਫ ਦੀ ਤਕੜੀ ਵਿਚ ਪਾਸਕੂ ਹੈ । ਲੇਖਕ ਦੀ ਕਲਮੀ ਕਰਾਮਾਤ ਹੈ ਕਿ ਉਹ ਇਹੋ ਜਿਹੇ ਅਨੇਕਾਂ ਦ੍ਰਿਸ਼ਾਂ ਨੂੰ ਬੇਬਾਕੀ ਨਾਲ ਸਪਸ਼ਟ ਤੌਰ ਤੇ ਉਘਾੜਦਾ ਹੈ । ਗੁਨਾਹਗਾਰ ਤੇ ਉਂਗਲ ਰਖਦਾ ਹੈ । ਲਿਹਾਜ਼ ਨਹੀਂ ਕਰਦਾ । ਸ਼ਬਦਾਂ ਤੇ ਪਾਤਰੀ ਸੰਵਾਦ ਪਾਰਦਰਸ਼ੀ ਹਨ । ਪੁਸਤਕ ਸਿਰਲੇਖ ਵਾਲੀ ਕਹਾਣੀ ਵਿਚ ਤਰਲੋਕ ਸਿੰਘ ਦਾ ਸ਼ਰਧਾਂਜਲੀ ਸ਼ਮਾਗਮ ਹੈ । ਲੇਖਕ ਆਪਣੀ ਵਾਰੀ ਤੇ ਢੁਕਵੇਂ ਸ਼ਬਦ ਕਹਿੰਦਾ ਹੈ ।ਪਰ ਮੰਚ ਸਕਤਰ ਉਸਦਾ ਪਹੁੰਚਾ ਖਿਚ ਕੇ ਬਿਠਾਂ ਦਿੰਦਾ ਹੈ । ਉਸਦਾ ਸਾਰਾ ਧਿਆਨ ਪੰਡਾਲ ਵਿਚ ਆਏ ਸਿਆਸੀ ਨੇਤਾ ਦੀ ਖੁਸ਼ਾਂਮਦ ਕਰਨ ਵਲ ਹੈ । ਨੇਤਾ ਜੀ ਨੂੰ ਇਹ ਵੀ ਨਹੀਂ ਪਤਾ ਕਿ ਸ਼ਰਧਾਂਜਲੀ ਸਮਾਗਮ ਕੀਹਦਾ ਹੈ । ਉਹ ਆਪਣੀ ਪਾਰਟੀ ਲਈ ਵੋਟਾਂ ਦੀ ਗਲ ਕਰਦਾ ਔਹ ਜਾਂਦਾ ਹੈ । ਹੈ ਨਾ ਅੰਧੇ ਕਾ ਨਾਉ ਪਾਰਖੂ । ਇਹੋ ਜਿਹੇ ਅਨਪੜ੍ਹ ਤੇ ਅਖੌਤੀ ਆਗੂ ਸਾਡੀ ਰਾਜਨੀਤੀ ਦੇ ਰਹਿਬਰ ਹਨ । ਤੌਬਾ ਤੌਬਾ ਰੱਬ ਬਚਾਏ -----। ਕਹਾਣੀਆਂ ਵਿਚ ਸੰਖੇਪਤਾ ਹੈ । ਨਵੀਂ ਤਕਨੀਕ ਹੈ । ਕਰਜਾ ਮੁਕਤ ਕਹਾਣੀ ਦਾ ਪਾਤਰ ਮਿਠਾ ਸਿੰਘ ਕਰਜਾਈ ਹੈ । ਪਰ ਉਸਨੇ ਆੜ੍ਹਤੀਏ ਦਾ ਕਰਜਾ ਦੇਣਾ ਹੈ । ਦੁਖੀ ਹੋ ਕੇ ਖੁਦਕਸ਼ੀ ਕਰ ਜਾਂਦਾ ਹੈ । ਪਰ ਉਹ ਵਿਚਾਰਾ ਮਰ ਕੇ ਵੀ ਸਰਕਾਰ ਵਲੋਂ ਖੁਦਕਸ਼ੀ ਕਰਨ ਵਾਲੇ ਦੇ ਪਰਿਵਾਰ ਨੂੰ ਮਿਲਣ ਵਾਲੀ ਆਰਥਿਕ ਸਹਾਇਤਾ ਦਾ ਪਾਤਰ ਨਹੀਂ ਬਣਦਾ ਕਿਉਂਕਿ ਉਸਦੀ ਖੁਦਕਸ਼ੀ ਸਰਕਾਰੀ ਸਹਾਇਤਾ ਦੇ ਦਾਇਰੇ ਵਿਚ ਨਹੀਂ ਆਉਂਦੀ । ਹੈ ਨਾ ਹਨੇਰ------ !
ਕਹਾਣੀ ‘ਅਸਮਾਨ ਹੇਠ ਥੰਮੀ’ ਬਹੁਤ ਦਰਦਨਾਕ ਕਹਾਣੀ ਹੈ । ਇਕ ਸ਼ਰੀਫ ਮਾਸਟਰ ਹਾਦਸੇ ਵਿਚ ਮਾਰਿਆ ਜਾਂਦਾ ਹੈ । ਉਸਨੇ ਕਦੇ ਸ਼ਰਾਬ ਨਹੀਂ ਪੀਤੀ । ਪਰ ਡਾਕਟਰ ਉਸਦੇ ਸ਼ਰਾਬੀ ਹੋਕੇ ਗਡੀ ਚਲਾਉਣ ਦੀ ਝੂਠੀ ਰਿਪੋਰਟ ਕਰਦਾ ਹੈ । ਪਤਨੀ ਤਰਲੇ ਕਰਦੀ ਹੈ ਕਿ ਉਸ ਦੇ ਪਤੀ ਨੇ ਕਦੇ ਸ਼ਰਾਬ ਨਹੀਂ ਪੀਤੀ ।ਰਿਪੋਰਟ ਗਲਤ ਹੈ । ਪਰ ਉਸ ਵਿਚਾਰੀ ਦੀ ਕੋਈ ਸੁਣਵਾਈ ਨਹੀਂ ਹੁੰਦੀ । ਕਹਾਣੀ ਦਾ ਸਾਰਾ ਦ੍ਰਿਸ਼ ਭਾਵਕ ਹੈ ਜਦੋਂ ਮ੍ਰਿਤਕ ਦਾ ਨਿਕਾ ਜਿਹਾ ਪੁਤਰ ਲਾਸ਼ ਤੋਂ ਚਾਦਰ ਚੁਕਦਾ ਹੈ । ਤੋਤਲੀ ਜਿਹੀ ਆਵਾਜ਼ ਵਿਚ ਮਰ ਚੁਕੇ ਬਾਪ ਨੂੰ ਕਹਿੰਦਾ ਹੈ –ਪਾਪਾ ਤੁਸੀਂ ਬੋਲਦੇ ਕਿਉਂ ਨਹੀਂ । ਪੜ੍ਹ ਕੇ ਪਾਠਕ ਦੀ ਰੂਹ ਸੁੰਨ ਹੋ ਜਾਂਦੀ ਹੈ। (ਪੰਨਾ 86 ) ਕਿੰਨਾ ਅਨਰਥ ਹੈ -----! ।
ਪੁਸਤਕ ਦੀਆਂ ਕਹਾਣੀਆਂ ਸ਼ਾਦੀ ਵਪਾਰ ਹੈ ,ਕਾਲਾ ਅਸਮਾਨ ,ਨਿਮਖ ਨਿਮਖ ਸਰੀਰ ਕਟਾਵੈ ,ਕਾਜੂਆਂ ਵਾਲੇ ਸਾਧ ,ਲਹੂ ਦਾ ਰੰਗ ਚਿੱਟਾ , ਮੰਗਤੇ ,ਮੈਂ ਕਾਹਨੂੰ ਪੀ ਸੀ ਓ ਲਾਇਆ , ਖਲਾਅ ਦੀਆਂ ਅਵਾਜ਼ਾਂ ,ਪਥਰ ਯੁਗ ਤੋਂ ਪਹਿਲਾਂ ਤੁਰਿਆ ਆਦਮੀ ,ਮਨਫੀ ਹੋ ਰਹੇ ਬਾਪ ,ਕੰਮ ਦੇ ਬੰਦੇ, ਨਿਕੇ ਨਿਕੇ ਮਹਾਂਦੀਪ ,ਸ਼ਗਨ ਕਿਤਾਬ , ਵਰ ਦੀ ਲੋੜ , ਕਰਤੂਤ ਪਸ਼ੂ ਕੀ, ਉਠ ਭੈਣ ਚਲੀਏ ,ਢਾਈ + ਢਾਈ ਦਰਿਆ , ਮਹਿਮਾਂ ਸਾਧ ਕੀ ਸੰਗ੍ਰਹਿ ਦੀਆਂ ਬਿਹਤਰੀਨ ਕਹਾਣੀਆਂ ਹਨ ਤੇ ਵਿਸ਼ਵ ਪਧਰ ਦੀ ਕਹਾਣੀ ਦੇ ਹਾਣ ਦੀਆਂ ਹਨ । । ਉਘੇ ਸਾਹਿਤਕਾਰ ਡਾਕਟਰ ਸ਼ਿਆਮ ਸੁੰਦਰ ਦੀਪਤੀ ਨੇ ਟਾਈਟਲ ਤੇ ਪੁਸਤਕ ਤੇ ਲੇਖਕ ਬਾਰੇ ਭਾਵਪੂਰਤ ਵਿਚਾਰ ਲਿਖੇ ਹਨ । ਕਹਾਣੀਆਂ ਸਮਕਾਲੀ ਸਮਾਜ ਦੀਆਂ ਮਨਫੀ ਹੋ ਰਹੀਆ ਮਨੁਖੀ ਕਦਰਾਂ ਕੀਮਤਾਂ ਦਾ ਰੁਦਨ ਪੇਸ਼ ਕਰਦੀਆਂ ਹਨ । ਪ੍ਰਕਾਸ਼ਕ ਨੇ ਪੁਸਤਕ ਰੀਝ ਨਾਲ ਛਾਪੀ ਹੈ । ਕਹਾਣੀਆਂ ਦੀ ਨਵੀਂ ਤਕਨੀਕ ਤੇ ਆਮ ਬੰਦੇ ਦੀ ਪੀੜਾ ਨੂੰ ਮਨੋਵਿਗਿਆਨਕ ਸ਼ੈਲੀ ਵਿਚ ਪੇਸ਼ ਕਰਦੀ ਪੁਸਤਕ ਸਮਕਾਲੀ ਸਮਾਜ ਦੇ ਦੁਖਾਂ ਦਰਦਾਂ ਦੀ ਮਹਤਵਪੂਰਨ ਦਸਤਾਵੇਜ਼ ਹੈ ।