ਬਦਲਦੇ ਪੰਜਾਬੀ ਸਭਿਆਚਾਰ ਦੀ ਖੂਬਸੂਰਤ ਪੇਸ਼ਕਾਰੀ (ਪੁਸਤਕ ਪੜਚੋਲ )

ਗੁਰਮੀਤ ਸਿੰਘ ਫਾਜ਼ਿਲਕਾ   

Email: gurmeetsinghfazilka@gmail.com
Cell: +91 98148 56160
Address: 3/1751, ਕੈਲਾਸ਼ ਨਗਰ
ਫਾਜ਼ਿਲਕਾ India
ਗੁਰਮੀਤ ਸਿੰਘ ਫਾਜ਼ਿਲਕਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਪੁਸਤਕ -----ਗੁਆਚੇ ਹੱਥ ਦੀ ਤਲਾਸ਼ (ਮਿੰਨੀ ਕਹਾਣੀਆਂ)
ਲੇਖਕ------ ਡਾ: ਬਲਦੇਵ ਸਿੰਘ ਖਹਿਰਾ
ਪ੍ਰਕਾਸ਼ਕ ----ਤਰਲੋਚਨ ਪਬਲਿਸ਼ਰਜ਼ ਚੰਡੀਗੜ੍ਹ
ਪੰਨੇ ----104    ਮੁੱਲ ----200 ਰੁਪਏ


ਮਿੰਨੀ ਕਹਾਣੀ ਦੇ ਪ੍ਰਤਿਨਿਧ ਲੇਖਕ ਡਾ ਬਲਦੇਵ ਸਿੰਘ ਖਹਿਰਾ ਦੀ ਇਹ ਮਿੰਨੀ ਕਹਾਣੀਆਂ ਦੀ ਤੀਸਰੀ ਪੁਸਤਕ ਹੈ । ਜਿਸ ਵਿਚ ਬਿਹਤਰੀਨ 63 ਮਿੰਨੀ ਕਹਾਣੀਆਂ ਹਨ । ਇਸ ਤੋਂ ਪਹਿਲਾਂ ਲੇਖਕ ਦੀਆਂ  ਦੀਆ ਦੋ ਕਿਤਾਬਾਂ ਨੂੰ ਪਾਠਕ ਵਰਗ ਵਲੋਂ ਚੰਗਾ ਹੁੰਗਾਰਾ ਮਿਲਿਆ ਸੀ । ਉਂਨ੍ਹਾਂ ਵਿਚੋਂ ਪਹਿਲੀ ਕਿਤਾਬ ‘ਦੋ ਨੰਬਰ  ਬੂਟ ‘1996 ਵਿਚ ਤੇ ਦੂਸਰੀ ‘ਥੋਹਰਾਂ ਦੇ ਪ੍ਰਛਾਵੇਂ’ 2008 ਵਿਚ ਛਪ ਕੇ ਆਈਆਂ ਸੀ । ਹੁਣ ਦਸ ਸਾਲ ਬਾਅਦ ਡਾ: ਖਹਿਰਾ ਦੀ  ਇਸ ਕਿਤਾਬ ਦੇ ਦੀਦਾਰੇ  ਹੋ ਰਹੇ ਹਨ । ਜਿਸ ਨੂੰ ਪਬਲਿਸ਼ਰ ਨੇ ਵਧੀਆ ਗਲੇਜ਼ਡ ਪੇਪਰ ਤੇ ਰੀਝ ਨਾਲ ਪ੍ਰਕਾਸ਼ਿਤ ਕੀਤਾ ਹੈ । ਇਂਨ੍ਹਾਂ  ਸਾਲਾਂ ਵਿਚ ਲੇਖਕ ਦਾ  ਵਿਦੇਸ਼ਾਂ ਵਿਚ ਜਾਣ ਦਾ ਸਬਬ ਵੀ ਬਣਿਆ ਹੈ । ਤੇ ਵਿਦੇਸ਼ਾਂ ਵਿਚ ਵਸਦੇ ਪੰਜਾਬੀਆਂ ਦੀ ਜ਼ਿੰਦਗੀ ਨੂੰ ਨੀਝ ਨਾਲ ਵੇਖਣ ਦਾ ਮੌਕਾ ਲੇਖਕ ਨੂੰ ਮਿਲਿਆ ਹੈ । ਲਿਖਤ ਹਮੇਸ਼ਾਂ ਵੇਖੇ ਤੇ ਹੰਢਾਏ ਪਲਾਂ ਦਾ ਸ਼ੀਸਾ ਹੁੰਦੀ ਹੈ । ਇਂਨ੍ਹਾਂ ਕਹਾਣੀਆਂ ਵਿਚ ਜ਼ਿਆਦਾ ਦ੍ਰਿਸ਼ ਵੇਖੇ ਮਾਣੇ  ਲਗਦੇ ਹਨ  । ਪਰ ਸਮੇਂ ਦੇ ਅੰਤਰਾਲ ਕਾਰਨ ਵਿਦੇਸ਼ਾਂ ‘ਚ ਵਸਦੇ ਪੰਜਾਬੀਆਂ ਦੇ ਅਣਗਿਣਤ ਮਸਲਿਆਂ ਨੂੰ ਕਲਮ ਬਧ ਕਰਨਾ ਵੀ ਲੇਖਕ ਦੀ ਕਲਮ ਦਾ ਹੁਨਰ ਹੈ ।   ਸਿਰਜਨਾ ਦੇ ਪਲ ਸਦਾ ਹੀ ਲੇਖਕ ਦੀ ਮਾਨਸਿਕਤਾ ਦਾ ਅੰਗ ਬਣੇ ਹਨ ।
ਲੇਖਕ ਆਪਣੀਆਂ ਰਚਨਾਵਾਂ ਨੂੰ ਚੰਗੀ ਤਰਾ ਤਰਾਸ਼ ਕੇ ਸਹਿਜ ਨਾਲ ਕਿਤਾਬੀ ਰੂਪ ਦਿੰਦਾ ਹੈ ਜਿਸ ਕਰਕੇ ਉਸ ਦੀ ਮਿੰਨੀ ਕਹਾਣੀ ਵਿਚ ਪਰਪੱਕਤਾ ਦਾ ਜਲੌਅ ਹੈ । ਜਿਸ ਨੂੰ ਪਾਠਕ ਸਹਿਜ ਨਾਲ ਮਹਿਸੂਸ ਕਰਕੇ ਮਾਣਦਾ ਹੈ । ਇਸ ਸਹਿਜਮਈ ਸਿਰਜਨਾ ਕਰਕੇ ਪੁਸਤਕ ਦੀਆਂ ਲਿਖਤਾਂ ਵਿਚ ਕਾਹਲ ਦੀ ਥਾਂ ਸੁਭਾਵਿਕਤਾ ਮਹਿਸੂਸ ਕੀਤੀ ਗਈ ਹੈ । ਅਸਲ ਵਿਚ ਪਰਵਾਸੀ ਹੋਣਾ ਹੀ ਆਪਣੇ ਆਪ ਵਿਚ ਅਨੰਦਮਈ ਹੈ । ਹੁਣ ਜਦੋਂ ਕਿ ਪੰਜਾਬ ਵਿਚ ਬਹੁਤ ਪਰਿਵਾਰਾਂ ‘ਚ ਵਿਦੇਸ਼ ਜਾਣ ਦੀ ਹਨੇਰੀ ਚਲ ਰਹੀ ਹੈ । ਬਹੁਤ ਸਾਰੇ ਨੌਜਵਾਨ ਵਿਦੇਸ਼ਾਂ ‘ਚ ਧੜਾ ਧੜ ਜਾ ਰਹੇ ਹਨ । ਕਾਰਨ ਇਕ ਨਹੀਂ ਅਨੇਕਾਂ ਹਨ । ਜਿਨ੍ਹਾਂ ਦੀ ਚਰਚਾ ਅਕਸਰ ਮੀਡੀਆ ਵਿਚ ਹੋ ਰਹੀ ਹੈ । ਬੇਰੁਜ਼ਗਾਰੀ ਅਤੇ ਫੇਲ੍ਹ ਹੋ ਰਹੀ ਸਾਡੀ ਸਿਖਿਆ ਪ੍ਰਣਾਲੀ ਇਸ ਦੇ ਪ੍ਰਮੁਖ ਕਾਰਨ ਵੇਖੇ ਜਾ ਰਹੇ ਹਨ ।ਇਸ ਸੰਦਰਭ ਵਿਚ ਇਸ ਪੁਸਤਕ ਦਾ  ਸਮਾਜਿਕ ਮੁੱਲ ਆਪਣੇ ਆਪ ਹੀ ਵਧ ਜਾਂਦਾ ਹੈ । ਪੁਸਤਕ ਦੀਆਂ ਕਈ ਕਹਾਣੀਆਂ ਇਹ ਸੋਚਣ ਲਈ ਮਜ਼ਬੂਰ ਕਰਦੀਆਂ ਹਨ ਕਿ ਵਿਦੇਸ਼ਾਂ ‘ਚ ਜਾਣਾ ਠੀਕ ਹੈ ਕਿ ਗਲਤ ਹੈ । ਇਨ੍ਹਾਂ ਸਵਾਲਾਂ ਦੀ ਤਲਾਸ਼ ਕਰਨਾ ਹੀ ਇਸ ਪੁਸਤਕ ਦਾ ਮੰਤਵ ਹੈ । ਜਿਸ ਦੇ ਉੱਤਰ ਇਕ ਨਹੀਂ ਕਈ ਬਣਦੇ ਹਨ ।  ਪਰ ਢੁਕਵਾਂ ਤੇ ਸਾਰਥਿਕ ਜਵਾਬ ਕਿਹੜਾਂ ਹੈ । ਲੇਖਕ ਨੇ ਇਸ ਦਾ ਫੈਸਲਾ ਪਾਠਕਾਂ  ਤੇ ਛੱਡ ਦਿੱਤਾ ਹੈ ।
 ਸਾਹਿਤ ਦਾ ਮਨੋਰਥ ਵੀ ਇਹੋ ਹੈ ਕਿ ਇਸ ਨੇ ਸਮਾਜ ਵਿਚ ਵਾਪਰਦੇ ਵਰਤਾਰੇ ਦੀ ਝਲਕ ਪੇਸ਼  ਕਰਨੀ ਹੈ । ਪੁਸਤਕ ਦੇ ਆਰੰਭ ਵਿਚ ਹੀ ਸਿਰਮੌਰ ਸਾਹਿਤਕਾਰ ਤੇ ਪੰਜਾਬੀ ਮਿੰਨੀ ਕਹਾਣੀ ਦੇ ਉਘੇ ਲੇਖਕ ਡਾ: ਸ਼ਿਆਮ ਸੁੰਦਰ ਦੀਪਤੀ ਨੇ ਭੂਮਿਕਾ ਵਿਚ  ਸਪਸ਼ਟ ਕੀਤਾ ਹੈ ਕਿ ਪੁਸਤਕ ਦੀਆਂ ਕਹਾਣੀਆਂ  ਗਲੋਬਲੀ ਯਥਾਰਥ ਦੀ ਸਹਿਜ ਪੇਸ਼ਕਾਰੀ ਹਨ।  ਕਹਾਣੀਆਂ ਦਾ ਇਹ ਗਲੋਬਲੀ ਵਰਤਾਰਾ ਇਂਨ੍ਹਾਂ ਰਚਨਾਵਾਂ ਦੇ ਕੈਨਵਸ ਨੂੰ ਹੋਰ ਵੀ ਵੱਡਾ ਕਰਦਾ ਹੈ ਤੇ ਪੰਜਾਬੀਆਂ ਦੇ ਕਈ ਮਸਲਿਆਂ ਨੂੰ ਸੇਧ ਦੇਣ ਵਾਲਾ ਹੈ । ਸਥਾਂਨਅੰਤਰਣ ਅਥਵਾ ਪਰਵਾਸ ਨੇ ਸਭਿਆਚਾਰ ਨੂੰ ਤਾਂ ਮਨੋਵਿਗਿਆਨਕ ਤੌਰ ਤੇ ਪ੍ਰਭਾਵਿਤ ਕਰਨਾ ਹੀ ਹੁੰਦਾ ਹੈ ।  ਪਰ ਵੇਖਣ ਵਾਲੀ ਗੱਲ ਇਹ ਹੈ ਕਿ ਇਸ ਨਾਲ ਸਾਡੇ ਪੰਜਾਬੀ ਵਿਰਸੇ ਨੂੰ ਠੇਸ ਕਿਸ ਹੱਦ ਤਕ ਪਹੁੰਚਦੀ ਹੈ ।     ਪੰਜਾਬ  ਵਿਚ ਇਸ ਵੇਲੇ ਮੁੱਖ 
ਮੁੱਦਾ ਬੰਦੇ ਦੀ ਆਰਥਿਕਤਾ ਦਾ ਹੈ । ਰੋਟੀ ਰੋਜ਼ੀ ਦੇ ਜੁਗਾੜ ਵਿਚ  ਭਾਸ਼ਾ ਦਾ ਤਾਂ  ਕੋਈ  ਮਸਲਾ ਰਹਿ ਹੀ ਨਹੀਂ ਗਿਆ।  ਸਂਗ੍ਰਹਿ ਦੀਆਂ  ਕਹਾਣੀਆਂ  ਆਰਥਿਕਤਾ ਦੇ ਇਸ ਦਵੰਦ ਨੂੰ ਪੇਸ਼ ਕਰਦੀਆਂ ਹਨ ॥। ਜਿਸ  ਨੇ ਮਨੁਖ ਦੀ ਘਰ ਪਰਿਵਾਰਾਂ ਦੀ ਸਥਿਤੀ ਨੂੰ ਪ੍ਰਭਾਵਿਤ ਕੀਤਾ ਹੈ । ਮਾਵਾਂ  ਪੁਤਰਾਂ ਦੇ ਤਿੜਕਦੇ  ਇਸ਼ਤਿਆਂ ਨੂੰ ਇਹ ਕਹਾਣੀਆਂ ਪੇਸ਼ ਕਰਦੀਆਂ ਹਨ । ਲੇਖਕ ਨੇ ਪੁਸਤਕ ਦਾ ਮੁਖ ਥੀਮ ਹੀ ਇਹ ਰਖਿਆ ਹੈ ਜਿਸ ਕਰਕੇ ਪੁਸਤਕ ਸਮਰਪਿਨ ਹੀ ਉਂਨ੍ਹਾਂ ਮਾਵਾਂ ਨੂੰ ਕੀਤੀ ਹੈ ਜਿਨ੍ਹਾਂ ਦੇ ਪੁਤਰ ਪਰਵਾਸ ਕਰਕੇ ਵਿਦੇਸ਼ਾਂ ਵਿਚ ਜਾ ਵੱਸੇ ਹਨ । ਮਾਵਾਂ, ਪੁਤਰਾਂ ਦੇ ਉਨ੍ਹਾਂ ਹਥਾਂ ਦੀ ਉਡੀਕ ਕਰ ਰਹੀਆਂ ਹਨ ਕਿ ਪੁੱਤਰ ਇਧਰ ਮਾਵਾਂ ਕੋਲ ਆਕੇ ਉਨ੍ਹਾਂ ਦੇ ਬੁਢਾਪੇ ਦੀ ਡੰਗੋਰੀ ਬਨਣਗੇ । ਪਰ ਇਹ ਹੋ ਨਹੀਂ ਰਿਹਾ । ਜਿਸ ਕਰਕੇ  ਪਰਿਵਾਰਾਂ ਦਾ ਸੰਤੁਲਨ ਵਿਗੜਦਾ ਜਾ ਰਿਹਾ ਹੈ ।  ਪੁਸਤਕ ਦੀਆਂ ਰਵਨਾਵਾਂ ਇਸ ਚਿੰਤਾ ਦਾ ਪ੍ਰਗਟਾਵਾ ਹਨ ।
ਵਿਦੇਸ਼ਾਂ ਵਿਚ ਮਸ਼ੀਨ ਬਣੇ ਮਨੁੱਖ ਕੋਲ ਤਾਂ ਇਹ ਰਿਸ਼ਤੇ ਸ਼ੰਭਾਲਣ ਦੀ ਵਿਹਲ ਹੀ ਨਹੀਂ ਰਹਿ ਗਈ । ਡਾਲਰਾਂ ਦਾ ਮੋਹ ਹੀ ਇਸ ਕਦਰ ਵਧ ਗਿਆ ਹੈ ਕਿ ਪਰਿਵਾਰਕ ਉਲਝਣਾਂ ‘ਚ ਜ਼ਿੰਦਗੀ ਉਲ੍ਝ ਕੇ ਮਸ਼ੀਨ ਬਣ ਕੇ ਰਹਿ ਗਈ ਹੈ । ਇਕ ਕਹਾਣੀ ਹੈ ‘ਪੌੜੀ’ ।ਮਾਪੇ ਧੀ ਨੂੰ ਵਿਦੇਸ਼ ਵਿਆਹ  ਦਿੰਦੇ ਹਨ ਕਿ ਸ਼ਾਇਦ ਉਨ੍ਹਾਂ ਨੂੰ ਵੀ ਜਹਾਜ਼ ਦੇ ਝੂਟੇ ਲੈਣ ਦਾ ਮੌਕਾ ਮਿਲ ਜਾਵੇ ਪਰ  ਇਕ ਦਿਨ ਧੀ ਦਾ ਫੋਨ ਆਉਂਦਾ ਹੈ ---ਭਾਪਾ ਗਿੰਦਰ ਨੂੰ ਕੰਮ ਨਹੀਂ ਮਿਲਦਾ ਅੰਗਰੇਜ਼ੀ ਤਾਂ ਉਹਨੂੰ ਆਉਂਦੀ ਨਹੀਂ ਮੈਨੂੰ ਵੀ ਕਦੇ ਛੌਟਾ ਮੋਟਾ ਕੰਮ ਮਿਲਦੈ--- ਸਾਡੇ ਤੋਂ ਕਿਰਾਇਆ ਵੀ ਨਹੀਂ ਭਰ ਹੁੰਦਾ। ਸਮੁੰਦਰੋਂ ਪਾਰ ਭਿਜੀ ਭਿਜੀ ਆਵਾਜ਼ ਆ ਰਹੀ ਸੀ ।(ਪੰਨਾ 18)
ਪੁਸਤਕ ਦੀ ਕਹਾਣੀ  ‘ਮੰਮੀ ਦਾ ਡੇਅ ਕੇਅਰ ਸੈਂਟਰ’ ਵਿਚ ਇਧਰੋਂ ਗਈ ਬਜ਼ੁਰਗ ਔਰਤ   ਨੂੰ ਘਰ ਦਾ ਕੰਮ ਸਾਰਾ ਆਪ ਕਰਨਾ ਪੈਂਦਾ ਹੈ ।  ਨੂੰਹ ਕਹਿੰਦੀ ਹੈ ---ਡੌਲੀ ਨੂੰ ਸ਼ਾਂਭਣਾ ਤਾਂ  ਤੁਹਾਡੀ ਡਿਊਟੀ ਹੈ । ਅਗੋਂ ਪੁਤਰ ਕਹਿੰਦਾ ਹੈ ਮਾਂ ਜੀ ਨੂੰ ਘਰ ਵਿਚ ਡੇਅ ਕੇਅਰ ਸੈਂਟਰ ਖੋਲ੍ਹ ਦਿੰਦੇ  ਹਾਂ ।(ਪੰਨਾ 21)।  ਸਿਰੋ ਲਹਿੰਦੀ ਪੰਡ ,ਲੁਕੀ ਹੋਈ ਗੱਲ ,ਮਾਂ ਦਿਵਸ ,ਗੁਆਚੇ ਹੱਥ ਦੀ ਤਲਾਸ਼ ,ਹੈਲਮਟ ,ਲਾਚਾਰੀਆਂ ,ਲਵ ਯੂ ਡੈਡ,ਟੇਢਾ ਹਲ ,ਬੇੜੀਆਂ, ਲੈਂਡਲਾਈਂਨ ,ਦਿਸ਼ਾਂਹੀਣ ,ਮੋਹ ਦੀ ਸਜ਼ਾ ,ਬਿਸ਼ਨੀਏਂ ਫੇਰ ਆਊਂ ,ਯੁਅਰ ਪ੍ਰਾਬਲਮ ਮਾਂ ਦਾ ਦਿਲ,ਰਾਹ ਦੇ ਰੋੜੇ ,ਜ਼ਲਾਲਤ ,ਬਾਪੂ ਤੇਰੇ ਦੇਸ਼ ਵਿਚ   ਆਦਿ ਕਹਾਣੀਆਂ ਵਿਚ ਪੰਜਾਬੀ ਪਰਿਵਾਰਾਂ ਦੇ ਇਸ ਕਿਸਮ ਦੇ ਸੰਕਟਾਂ ਦੀ ਤਸਵੀਰ ਹੈ ।,’ਆਪਣੀ ਮਾਂ ਬੋਲੀ’ ਵਿਚ ਮਸਲਾ ਮਾਂ ਬੋਲੀ ਦਾ ਹੈ ---- ਜਿਹੜਾ ਬੱਚਾ ਆਪਣੀ ਮਾਂ ਬੋਲੀ ਵਿਚ ਵਿਚਾਰ ਸਹਿਜੇ ਹੀ ਪੇਸ਼ ਕਰਦਾ ਹੈ ਉਸ ਨੂੰ ਇਨਾਮ ਮਿਲਦਾ ਹੈ। ਦੂਸਰਾ ਬੱਚਾ ਪਿਛੇ ਰਹਿ ਜਾਂਦਾ ਹੈ ਜਿਸ ਦੀ ਮਾਂ ਨੇ ਉਸ ਨੂੰ ਅੰਗਰੇਜ਼ੀ ਵਿਚ ਰੱਟਾ ਲਵਾ ਕੇ ਮੁਕਾਬਲੇ ਲਈ ਭੇਜਿਆ ਹੁੰਦਾ ਹੈ । ਇਹ ਕਹਾਣੀ ਹੁਣ ਦੇ ਅੰਗਰੇਜ਼ੀ ਪ੍ਰੇਮੀਆਂ ਨੂੰ ਸਹੀ ਸੇਧ ਦਿੰਦੀ ਹੈ  ਜੋ ਪੰਜਾਬੀ ਤੋਂ ਦੂਰ ਹੁੰਦੇ ਜਾ ਰਹੇ ਹਨ । ਪੁਸਤਕ ਦੀਆ ਸਾਰੀਆਂ ਕਹਾਣੀਆਂ ਦੇ ਵਿਸ਼ੇ ਗਲੋਬਲੀ ਪਧਰ ਦੇ ਹਨ ।ਇਂਨ੍ਹਾਂ ਵਿਚ ਪਾਤਰਾਂ ਦੇ ਤਿੱਖੇ ਸੰਵਾਦ ,ਮਨੋਵਿਗਿਆਨਕ ਚਿਤਰਣ ,ਫੋਨ ਵਾਰਤਾ , ਸ਼ਰੀਕੇ ਬਾਜ਼ੀ,  ਜਾਇਦਾਦਾਂ ਦੇ ਝਗੜੇ ,ਮੋਬਾਈਲ ਦੀ ਦੁਰਵਰਤੋਂ ਦਾ ਬੱਚਿਆਂ ਤੇ ਪ੍ਰਭਾਵ ਤੇ ਭਰਪੂਰ ਕਥਾ ਰਸ ਹੈ । ਕਹਾਣੀਆਂ ਦੇ ਸੀਮਤ ਅਕਾਰ ਵਿਚ ਬਾਕਮਾਲ ਸਿਰਜਨਾ ਕੀਤੀ ਗਈ ਹੈ । ਟਾਈਟਲ ਤੇ  ਸਿਰਮੌਰ ਕਹਾਣੀਕਾਰ ਸੁਰਿੰਦਰ ਕੈਲੇ ਤੇ ਜਗਦੀਸ਼ ਰਾਏ ਕੁਲਰੀਆ ਨੇ ਪੁਸਤਕ ਲੇਖਕ ਦੀ ਮਿੰਨੀ ਕਹਾਣੀਆਂ ਲਈ ਪ੍ਰਤੀਬਧਤਾ ਦੀ ਭਰਵੀਂ ਸ਼ਲਾਘਾ ਕੀਤੀ ਹੈ । ਪੰਜਾਬੀ ਮਿੰਨੀ ਕਹਾਣੀ ਦੇ ਵਿਕਾਸ ਵਿਚ ਸੰਗ੍ਰਹਿ ਦਾ ਇਤਿਹਾਸਕ ਮਹੱਤਵ ਹੈ । ਭਰਪੂਰ ਸਵਾਗਤ ਹੈ ।