ਇਨਸਾਨ ਪ੍ਰਮਾਤਮਾ ਦੀ ਵਡਮੁੱਲੀ ਦਾਤ ਹੈ ਅਤੇ ਮਰਿਆਦਾ ਮਨੁੱਖ ਦਾ ਗਹਿਣਾ।ਜੋ ਵਿਅਕਤੀ ਮਰਿਆਦਾ ਦਾ ਪਾਲਣ ਕਰਦਾ ਹੈ, ਉਹ ਸਭ ਤੋਂ ਸੁੰਦਰ ਤੇ ਸ੍ਰੇਸ਼ਠ ਹੈ।ਅੱਜ ਦੇ ਸਮਾਜ ਵਿਚ ਦਿਨੋਂ ਦਿਨ ਨੈਤਿਕਤਾ ਦਾ ਪਤਨ ਹੁੰਦਾ ਜਾ ਰਿਹਾ ਹੈ।ਇਸ ਦਾ ਕਾਰਨ ਹੈ ਮਨੁੱਖ ਦਾ ਗੈਰ-ਮਰਿਆਦਾ ਵਿਵਹਾਰ।ਇਸੇ ਕਰਕੇ ਸਾਡੇ ਸਮਾਜ ਵਿਚ ਤਰ੍ਹਾਂ-ਤਰ੍ਹਾਂ ਦੀਆਂ ਊਣਤਾਈਆਂ ਪੈਦਾ ਹੋ ਗਈਆਂ ਹਨ।ਮਨੁੱਖੀ ਜੀਵਨ ਦਾ ਇਕ ਮੰਤਵ ਦੂਜਿਆਂ ਦੇ ਕੰਮ ਆਉਣਾ ਵੀ ਹੈ ਪਰ ਬਹਤੇ ਲੋਕਾਂ ਨੇ ਇਸ ਨੂੰ ਭੁਲਾ ਦਿੱਤਾ ਹੈ।ਅੱਜ ਅਸੀਂ ਈਰਖਾ, ਨਫਰਤ ਦੇ ਮਾਹੌਲ ਵਿਚ ਜ਼ਿਆਦਾ ਸਮਾਂ ਰਹਿਣ ਕਰਕੇ ਆਪਣਾ ਬਹੁਤਾ ਸਮਾਂ ਦੂਜਿਆਂ ਬਾਰੇ ਗੱਲਾਂ ਕਰਨ 'ਚ ਹੀ ਬਤੀਤ ਕਰ ਦਿੰਦੇ ਹਾਂ ਜਿਸ ਕਾਰਨ ਸਾਡੇ ਪੈਰ ਗਲਤ ਰਾਹਾਂ 'ਤੇ ਤੁਰਨ ਲੱਗਦੇ ਹਨ ਤੇ ਵਿਅਕਤੀ ਇਕ ਅਜਿਹੀ ਵਾਵਰੋਲੇ ਵਿਚ ਫਸ ਜਾਂਦਾ ਹੈ ਜਿੱਥੋਂ ਨਿਕਲਣਾ ਔਖਾ ਹੋ ਜਾਂਦਾ ਹੈ।
ਕਈ ਵਾਰ ਅਸੀਂ ਆਪਣੇ ਕਿਸੇ ਪਿਆਰੇ ਦਾ ਦਿਲ ਜਿੱਤਣ ਲਈ ਆਪਣੀ ਹੈਸੀਅਤ ਤੋਂ ਵੱਧ ਖਰਚ ਕਰਦੇ ਹਾਂ ਪਰ ਸਾਡੀ ਔਕਾਤ ਓਨੀ ਨਹੀਂ ਹੁੰਦੀ।ਪੈਸਾ ਬੇਕਾਰ ਵਿਚ ਖਰਚ ਕਰਨ ਦੀਆਂ ਆਦਤਾਂ ਇਕ ਦਿਨ ਬੰਦੇ ਨੂੰ ਕਰਜ਼ਾਈ ਬਣਾ ਦਿੰਦੀਆਂ ਹਨ।ਕਰਜ਼ਾ ਵਿਅਕਤੀ ਦੀ ਨੀਂਦ ਹਰਾਮ ਕਰ ਦਿੰਦਾ ਹੈ ਤੇ ਉਸ ਨੂੰ ਚੈਨ ਨਾਲ ਸੌਣ ਵੀ ਨਹੀਂ ਦਿੰਦਾ।ਇਸ ਤਰ੍ਹਾਂ ਖਰਚ ਕਰਦੇ ਸਮੇਂ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਲੋੜੋਂ ਵੱਧ ਖਰਚ ਕਰਕੇ ਸਿਰਜੇ ਰਿਸ਼ਤਿਆਂ ਦੀ ਡੋਰ ਕੱਚੀ ਹੁੰਦੀ ਹੈ ਅਤੇ ਕਦੇ ਵੀ ਟੁੱਟ ਸਕਦੀ ਹੈ।ਕਈ ਵਿਅਕਤੀਆਂ ਖਾਸ ਕਰਕੇ ਔਰਤਾਂ ਦੀ ਆਦਤ ਹੁੰਦੀ ਹੈ ਕਿ ਉਹ ਜ਼ਿਆਦਾ ਤਵੱਜੋ ਦੂਜਿਆਂ ਨੂੰ ਦਿੰਦੇ ਹਨ ਪਰ ਆਪਣੀ ਪ੍ਰਵਾਹ ਨਹੀਂ ਕਰਦੇ।ਦਰੱਖਤਾਂ ਵਾਂਗ ਧੁੱਪ, ਝੱਖੜ, ਮੀਂਹ ਸਹਿ ਕੇ ਉਨ੍ਹਾਂ ਨੂੰ ਛਾਂ ਦਿੰਦੇ ਹਨ।ਉਨ੍ਹਾਂ ਦੇ ਤਪਦੇ ਰਾਹਾਂ 'ਤੇ ਪੱਤਿਆਂ ਵਾਂਗ ਵਿਛ ਜਾਂਦੇ ਹਨ ਤਾਂ ਕਿ ਉਨ੍ਹਾਂ ਨੂੰ ਤਪਸ਼ ਦਾ ਅਹਿਸਾਸ ਨਾ ਹੋਵੇ।ਆਪਣੇ-ਆਪ ਨਾਲ ਇਸ ਤਰ੍ਹਾਂ ਕੀਤੀ ਗਈ ਸਖਤਾਈ ਅਤੇ ਸਿਹਤ ਨੂੰ ਲੈ ਕੇ ਵਰਤੀ ਗਈ ਅਣਦੇਖੀ ਤੁਹਾਡੇ ਆਉਣ ਵਾਲੇ ਕੱਲ੍ਹ ਲਈ ਖਤਰਨਾਕ ਸਾਬਤ ਹੋ ਸਕਦੀ ਹੈ।ਬੁਢਾਪਾ ਛੇਤੀ ਆ ਜਾਂਦਾ ਹੈ ਤੇ ਖੂਬਸੂਰਤ ਚਿਹਰਾ ਜਲਦੀ ਹੀ ਝੁਰੜੀਆਂ ਨਾਲ ਭਰ ਜਾਂਦਾ ਹੈ।ਕੁਝ ਲੋਕ ਜ਼ਰੂਰਤ ਨਾਲੋਂ ਵੱਧ ਨਿਮਰ ਹੁੰਦੇ ਹਨ ਅਤੇ ਨਿੱਕੀਆਂ-ਨਿੱਕੀਆਂ ਗੱਲਾਂ 'ਤੇ ਦੂਜਿਆਂ ਤੋਂ ਮੁਆਫੀ ਮੰਗਦੇ ਰਹਿੰਦੇ ਹਨ।ਅਜਿਹਾ ਕਰਨਾ, ਉਨ੍ਹਾਂ ਦੀ ਸ਼ਕਤੀਹੀਣਤਾ ਨੂੰ ਦਰਸਾਉਂਦਾ ਹੈ।ਜੇਕਰ ਕੋਈ ਗਲਤੀ ਹੋ ਗਈ ਹੋਵੇ ਤਾਂ ਉਸ ਨੂੰ ਸਵੀਕਾਰ ਕਰ ਲੈਣਾ ਚਾਹੀਦਾ ਹੈ ਪਰ ਕਿਸੇ ਨੂੰ ਵੀ ਆਪਣੇ ਆਤਮ-ਸਨਮਾਨ ਨੂੰ ਠੇਸ ਨਹੀਂ ਪਹੁੰਚਾਉਣ ਦੇਣੀ ਚਾਹੀਦੀ ਅਤੇ ਨਾ ਹੀ ਇਸ ਨੂੰ ਕਿਸੇ ਲਈ ਘੱਟ ਕਰੋ।ਖੁਦ ਦਾ ਅਪਮਾਨ ਕਰਵਾ ਕੇ ਜਿਊਣ ਨਾਲੋਂ ਤਾਂ ਮਰ ਜਾਣਾ ਹੀ ਚੰਗਾ ਹੈ ਕਿਉਂਕਿ ਅਪਮਾਨਿਤ ਹੋ ਕੇ ਜਿਊਂਦੇ ਰਹਿਣ ਨਾਲ ਸਾਰਾ ਜੀਵਨ ਦੁਖੀ ਹੀ ਰਹਿੰਦਾ ਹੈ।ਜਿਨ੍ਹਾਂ ਲੋਕਾਂ ਦੀ ਨਜ਼ਰ ਵਿੱਚ ਤੁਹਾਡੀ ਕੋਈ ਕੀਮਤ ਨਹੀਂ, ਉਨ੍ਹਾਂ ਲੋਕਾਂ ਵਿੱਚ ਬੈਠਣ ਨਾਲੋਂ ਇਕੱਲੇ ਚੱਲਣਾ ਹੀ ਚੰਗਾ ਹੈ।ਉਹ ਲੋਕ ਜੋ ਤੁਹਾਡੀ ਕਦਰ ਨਹੀਂ ਕਰਦੇ ਜਾਂ ਤੁਹਾਨੂੰ ਨਜ਼ਰਅੰਦਾਜ਼ ਕਰਦੇ ਹਨ, ਉਨ੍ਹਾਂ ਦਾ ਬੁਰਾ ਨਹੀਂ ਮਨਾਉਣਾ ਚਾਹੀਦਾ ਕਿਉਂਕਿ ਅਕਸਰ ਲੋਕ ਆਪਣੀ ਹੈਸੀਅਤ ਤੋਂ ਮਹਿੰਗੀ ਚੀਜ਼ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ।ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਤਾਂ ਜ਼ਰੂਰ ਕਰੋ ਪਰ ਜਜ਼ਬਾਤ ਦੇ ਸੌਦੇ ਕਦੇ ਨਾ ਕਰੋ।ਮਨ ਮਾਰ ਕੇ ਤੇ ਸਿਰ ਸੁੱਟ ਕੇ ਕਦੇ ਵੀ ਆਪਣੇ ਦਿਲ ਦੀ ਦਾਅਵੇਦਾਰੀ ਕਿਸੇ ਹੋਰ ਦੇ ਹੱਥਾਂ ਵਿਚ ਨਾ ਜਾਣ ਦਿਓ ਤੇ ਆਪਣੀ ਜ਼ਿੰਦਗੀ ਸਨਮਾਨ ਨਾਲ ਜੀਓ।ਕਿਸੇ ਦੀਆਂ ਮਿੰਨਤਾਂ ਕਰਨ ਨਾਲ ਨਾ ਤਾਂ ਇੱਜ਼ਤ ਮਿਲਦੀ ਹੈ ਅਤੇ ਨਾ ਹੀ ਸਨਮਾਨ।ਆਪਣੀ ਅਣਖ ਨੂੰ ਜਿਂਦਾ ਰੱਖੋ।ਇਸ ਸੰਸਾਰ ਵਿੱਚ ਬਹੁਤਾ ਸ਼ਰੀਫ ਬਣਨ ਨਾਲ ਕੰਮ ਨਹੀਂ ਚੱਲਦਾ, ਜਿੰਨਾ ਦੱਬੋਗੇ, ਓਨਾ ਹੀ ਲੋਕ ਤੁਹਾਨੂੰ ਦਬਾਉਣਗੇ।ਜ਼ਰੂਰਤ ਤੋਂ ਜ਼ਿਆਦਾ ਚੰਗਾ ਹੋਣਾ ਵੀ ਜ਼ਰੂਰਤ ਤੋਂ ਜ਼ਿਆਦਾ ਜ਼ਲੀਲ ਕਰਵਾ ਦਿੰਦਾ ਹੈ।ਦੂਸਰਿਆਂ ਨੂੰ ਪ੍ਰਸੰਨ ਕਰਨ ਦੀ ਚਿੰਤਾ ਛੱਡੋ।ਤੁਸੀਂ ਚਾਹੇ ਉਨ੍ਹਾਂ ਦੇ ਨੌਕਰ ਲੱਗ ਜਾਓ ਤਾਂ ਵੀ ਉਹ ਤੁਹਾਡੇ ਤੋਂ ਖਫਾ ਹੋਣ ਦੇ ਕਾਰਨ ਲੱਭ ਹੀ ਲੈਣਗੇ।ਕਦੇ ਖੁਦ ਨਾਲ ਵੀ ਗੱਲ ਕਰੋ।ਖੁਦ ਦੀਆਂ ਨਜ਼ਰਾਂ ਵਿਚ ਖੁਦ ਨੂੰ ਤੋਲੋ।ਆਪਣੀ ਆਤਮਾ ਦੀ ਆਵਾਜ਼ ਨੂੰ ਸੁਣੋ।ਜੋ ਵੀ ਮਨ ਵਿਚ ਸੁੱਤਾ ਹੈ ਉਹ ਜਾਗ ਜਾਵੇਗਾ ਕਿਉਂਕਿ ਆਪਣੇ-ਆਪ ਨੂੰ ਜਾਣਨਾ ਵੀ ਜ਼ਰੂਰੀ ਹੈ।ਇਸ ਤਰਾਂ ਜੀਓ ਕਿ ਖੁਦ ਨੂੰ ਪਸੰਦ ਆ ਜਾਓ ਕਿਉਂਕਿ ਦੁਨੀਆਂ ਦੀ ਪਸੰਦ ਤਾਂ ਹਰ ਪਲ ਬਦਲਦੀ ਰਹਿੰਦੀ ਹੈ।ਕਿਸੇ ਸਿਆਣੇ ਨੇ ਕਿਹਾ ਹੈ ਕਿ:
" ਲੋਗੋਂ ਕੋ ਖੋਨੇ ਸੇ ਮੱਤ ਡਰੋ, ਡਰੋ ਇਸ ਬਾਤ ਸੇ ਕਿ ਕਹੀਂ ਲੋਗੋਂ ਕਾ ਦਿਲ ਰੱਖਤੇ-ਰੱਖਤੇ ਤੁਮ ਖੁਦ ਕੋ ਨਾ ਖੋਹ ਦੋ।ਤੁਮ ਪ੍ਰਵਾਹ ਕਰਨਾ ਛੋੜ ਦੋ ਵੋ ਤੁਮੇਂ ਦੁੱਖ ਦੇਣਾ ਛੋੜ ਦੇਂਗੇ"।
ਆਪਣੇ ਅੰਦਰ ਦੀ ਕਮਜ਼ੋਰੀ ਨੂੰ ਕਬੂਲਣਾ ਚੰਗੀ ਗੱਲ ਹੈ ਪਰ ਇਹ ਵੀ ਧਿਆਨ 'ਚ ਰੱਖਣਾ ਚਾਹੀਦਾ ਹੈ ਕਿ ਹਰ ਵਿਅਕਤੀ ਵਿਚ ਕੋਈ ਨਾ ਕੋਈ ਕਮਜ਼ੋਰੀ ਜ਼ਰੂਰ ਹੁੰਦੀ ਹੈ।ਇਸ ਲਈ ਆਪਣੇ-ਆਪ ਨੂੰ ਇੰਨਾ ਵੀ ਮਾੜਾ ਨਹੀਂ ਸਮਝ ਲੈਣਾ ਚਾਹੀਦਾ।ਚੁੱਪਚਾਪ ਕਿਸੇ ਦਾ ਗੁੱਸਾ ਝੱਲ ਲੈਣਾ ਵੀ ਠੀਕ ਨਹੀਂ ਹੁੰਦਾ।ਇਸ ਨਾਲ ਤੁਸੀਂ 'ਸਾਫਟ ਟਾਰਗਟ' ਬਣ ਜਾਂਦੇ ਹੋ।ਉਨ੍ਹਾਂ ਚੀਜ਼ਾਂ ਦਾ ਰੋਣਾ ਛੱਡੋ ਜੋ ਤੁਹਾਡੇ ਵੱਸ ਵਿਚ ਨਹੀਂ ਹਨ।ਆਪਣੀ ਸਮਰੱਥਾ ਦੇ ਅਨੁਸਾਰ ਆਪਣੇ ਸਾਰੇ ਕੰਮ ਆਪ ਹੀ ਕਰੋ।ਦੂਜਿਆਂ 'ਤੇ ਨਿਰਭਰ ਰਹਿਣਾ ਛੱਡ ਦਿਓ।ਆਪਣੇ ਆਪ ਤੇ ਭਰੋਸਾ ਕਰਨ ਦਾ ਹੁਨਰ ਸਿੱਖ ਲਓ ਕਿਉਂਕਿ ਸਹਾਰੇ ਕਿੰਨੇ ਵੀ ਸੱਚੇ ਹੋਣ, ਇੱਕ ਦਿਨ ਸਾਥ ਛੱਡ ਹੀ ਜਾਂਦੇ ਹਨ ਜਾਂ ਸਾਰੀ ਉਮਰ ਮਿਹਣਿਆਂ ਦੀ ਚੱਕੀ ਪਿਸਵਾਉਂਦੇ ਹਨ।ਦੂਜਿਆਂ ਦੇ ਪਰਛਾਵੇਂ ਵਿੱਚ ਖੜੇ ਰਹਿ ਕੇ ਅਸੀਂ ਆਪਣਾ ਪਰਛਾਵਾਂ ਗੁਆ ਬੈਠਦੇ ਹਾਂ।ਆਪਣੇ ਪਰਛਾਵੇਂ ਲਈ ਖੁਦ ਧੁੱਪ ਵਿਚ ਖੜੇ ਰਹਿਣ ਦੀ ਆਦਤ ਪਾ ਲਵੋ।
ਬਹੁਤੇ ਲੋਕਾਂ ਨਾਲ ਸਬੰਧ ਰੱਖਣ ਦੀ ਥਾਂ ਕੇਵਲ ਉਨ੍ਹਾਂ ਕੁਝ ਲੋਕਾਂ ਦੀ ਤਾਲਾਸ਼ ਕਰੋ ਜੋ ਤੁਹਾਡੀ ਗੈਰਮੌਜ਼ੂਦਗੀ ਵਿੱਚ ਵੀ ਤੁਹਾਡੀ ਬੁਰਿਆਈ ਨਾ ਸੁਣਨ।ਨੇਕ ਲੋਕਾਂ ਦੀ ਸੰਗਤ ਕਰੋ।ਜਿਸ ਤਰ੍ਹਾਂ ਹਵਾ ਜਦੋਂ ਫੁੱਲਾਂ ਵਿੱਚੋਂ ਲੰਘਦੀ ਹੈ ਤਾਂ ਉਹ ਵੀ ਖੁਸ਼ਬੂਦਾਰ ਹੋ ਜਾਂਦੀ ਹੈ, ਉਸੇ ਤਰਾਂ ਨੇਕ ਲੋਕਾਂ ਦੀ ਸੰਗਤ ਨਾਲ ਤੁਹਾਨੂੰ ਭਲਾਈ ਹੀ ਮਿਲਦੀ ਹੈ।ਸਕਾਰਾਤਮਕ ਵਿਚਾਰ ਤੁਹਾਡੇ ਅੰਦਰ ਆਪਣਾ ਡੇਰਾ ਲਗਾਉਣ ਲੱਗਦੇ ਹਨ।ਇਸ ਨਾਲ ਤੁਹਾਡੀ ਊਰਜਾ ਦਾ ਪੱਧਰ ਵਧਦਾ ਹੈ।ਤੁਹਾਡੀ ਸੋਚ ਵਿੱਚ ਦਮ ਤੇ ਚਮਕ ਆ ਜਾਂਦੀ ਹੈ।ਛੋਟਾ ਜਾਂ ਵੱਡਾ ਹੋਣ ਨਾਲ ਕੋਈ ਫਰਕ ਨਹੀਂ ਪੈਂਦਾ ਪਰ ਸੋਚ ਦਮਦਾਰ ਹੋਣੀ ਚਾਹੀਦੀ ਹੈ।ਕਿਸੇ ਦੀਆਂ ਗਲਤੀਆਂ 'ਤੇ ਉਸ ਨੂੰ ਮੁਆਫ ਕਰ ਦੇਣਾ ਚੰਗੀ ਗੱਲ ਹੈ ਪਰ ਵਾਰ-ਵਾਰ ਤੁਹਾਡੇ ਨਾਲ ਵਿਸ਼ਵਾਸਘਾਤ ਕਰਨ ਵਾਲਿਆਂ ਅਤੇ ਮਾੜਾ ਸਲੂਕ ਕਰਨ ਵਾਲਿਆਂ ਨੂੰ ਦੁਬਾਰਾ ਕਦੇ ਮੁਆਫ ਨਾ ਕਰੋ।ਅਜਿਹੇ ਲੋਕਾਂ ਨੂੰ ਆਪਣੇ ਜੀਵਨ ਵਿਚੋਂ ਬਾਹਰ ਦਾ ਰਸਤਾ ਵਿਖਾ ਦਿਓ ਪਰ ਚੰਗੇ ਲੋਕਾਂ ਨਾਲ ਨੇੜਤਾ ਵਧਾਉਣ ਦੀ ਕੋਸ਼ਿਸ਼ ਕਰੋ ਜੋ ਤੁਹਾਡੇ ਜੀਵਨ ਨੂੰ ਪ੍ਰਸੰਨ ਵੇਖਣਾ ਚਾਹੁੰਦੇ ਹਨ।ਦੂਜਿਆਂ ਦੇ ਚੰਗੇ ਕੰਮਾਂ ਦੀ ਤਾਂ ਅਸੀਂ ਅਕਸਰ ਹੀ ਤਾਰੀਫ ਕਰਦੇ ਹਾਂ, ਕਦੇ-ਕਦੇ ਆਪਣੀਆਂ ਪ੍ਰਾਪਤੀਆਂ ਦੀ ਤਾਰੀਫ ਖੁਦ ਵੀ ਕਰੋ।ਨਿੱਕੀ ਤੋਂ ਨਿੱਕੀ ਚੀਜ਼ ਨੂੰ ਹਾਸਲ ਕਰਨ ਲਈ ਸਾਨੂੰ ਸਵੈ-ਸ਼ਲਾਘਾ ਕਰਨੀ ਚਾਹੀਦੀ ਹੈ।ਇਸ ਤਰ੍ਹਾਂ ਸਾਡੇ ਵਿਚਾਰਾਂ 'ਤੇ ਸਕਾਰਾਤਮਕ ਅਸਰ ਪਵੇਗਾ, ਸਾਡਾ ਉਤਸ਼ਾਹ ਤੇ ਸਾਡੀ ਖੁਸ਼ੀ ਵਿੱਚ ਵਾਧਾ ਹੋਵੇਗਾ।ਸਾਨੂੰ ਇਹ ਸਮਝਣਾ ਪਵੇਗਾ ਕਿ ਜੇ ਆਪਣੀ ਖੁਸ਼ੀ ਲਈ ਦੂਜਿਆਂ ਦੀ ਪ੍ਰਵਾਹ ਨਹੀਂ ਕਰਾਂਗੇ ਤਾਂ ਹੀ ਅਸੀਂ ਮਜ਼ਬੂਤ ਬਣ ਕੇ ਆਪਣੀਆਂ ਮੁਸ਼ਕਲਾਂ ਨੂੰ ਦੂਰ ਕਰਨ ਲਈ ਇਕੱਲੇ ਲੜਨ ਦੇ ਸਮਰੱਥ ਹੋ ਸਕਾਂਗੇ।
ਦੁੱਖ ਦੇ ਸਮੇਂ ਇਕਾਂਤ 'ਚ ਬੈਠ ਕੇ ਸ਼ਾਂਤ ਮਨ ਨਾਲ ਆਪਣੇ ਅੰਦਰ ਝਾਤੀ ਮਾਰੋ।ਆਪਣੀ ਆਤਮਾ ਦੀ ਆਵਾਜ਼ ਸੁਣੋ।ਆਤਮਾ ਦੀ ਸਲਾਹ ਹਮੇਸ਼ਾਂ ਨੇਕ ਹੁੰਦੀ ਹੈ। ਵਿਅਕਤੀ ਨੂੰ ਕੁਰਾਹੇ ਪੈਣ ਤੋਂ ਰੋਕਦੀ ਹੈ ਤੇ ਆਪਣੀ ਤਾਕਤ ਦੀ ਵੱਧ ਤੋਂ ਵੱਧ ਵਰਤੋਂ ਕਰਨਾ ਸਿਖਾਉਂਦੀ ਹੈ।ਆਪਣੀਆਂ ਕਮਜ਼ੋਰੀਆਂ ਨੂੰ ਤੁਸੀਂ ਖੁਦ ਹੀ ਖਤਮ ਕਰ ਸਕਦੇ ਹੋ, ਕੋਈ ਹੋਰ ਨਹੀਂ।
ਨਮਕ ਦੀ ਤਰ੍ਹਾਂ ਹੈ ਇਹ ਜ਼ਿੰਦਗੀ, ਲੋਕ ਸਵਾਦ ਅਨੁਸਾਰ ਇਸਤੇਮਾਲ ਕਰ ਲੈਂਦੇ ਹਨ ਪਰ ਕਿਸੇ ਨੂੰ ਵੀ ਤੁਹਾਡੇ ਨਾਲ ਕੋਈ ਲਗਾਵ ਨਹੀਂ ਹੁੰਦਾ।ਕਦੇ ਵੀ ਕਿਸੇ ਵਿਅਕਤੀ ਨੂੰ ਆਪਣੀ ਆਦਤ ਨਾ ਬਣਾਓ ਕਿਉਂਕਿ ਜਦੋਂ ਉਹ ਛੱਡ ਕੇ ਜਾਂਦਾ ਹੈ ਤਾਂ ਉਸ ਨਾਲੋਂ ਜ਼ਿਆਦਾ ਆਪਣੇ-ਆਪ 'ਤੇ ਗੁੱਸਾ ਆਉਂਦਾ ਹੈ।ਕਿਸੇ ਨੇ ਸੱਚ ਹੀ ਕਿਹਾ ਹੈ:
" ਜਿੰਦਗੀ ਕੇ ਸਫਰ ਮੇਂ ਕਭੀ ਇਸ ਕਾ ਦਿਲ ਰਖਾ ਕਭੀ ਉਸ ਕਾ ਦਿਲ ਰਖਾ, ਇਸੀ ਕਾਮ ਮੇਂ ਮੈਂ ਭੂਲ਼ ਗਿਆ ਕਿ ਮੈਨੇਂ ਅਪਣਾ ਦਿਲ ਕਹਾਂ ਰਖਾ"।
ਇਸ ਲਈ ਜ਼ਰਾ ਸੰਭਲ ਕੇ ਕਰੋ ਜੀਵਨ ਦੀ ਇਸ ਯਾਤਰਾ ਨੂੰ।