ਰਿਸ਼ਤੇ (ਮਿੰਨੀ ਕਹਾਣੀਆਂ ) (ਪੁਸਤਕ ਪੜਚੋਲ )

ਗੁਰਮੀਤ ਸਿੰਘ ਫਾਜ਼ਿਲਕਾ   

Email: gurmeetsinghfazilka@gmail.com
Cell: +91 98148 56160
Address: 3/1751, ਕੈਲਾਸ਼ ਨਗਰ
ਫਾਜ਼ਿਲਕਾ India
ਗੁਰਮੀਤ ਸਿੰਘ ਫਾਜ਼ਿਲਕਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਪੁਸਤਕ  -------ਰਿਸ਼ਤੇ (ਮਿੰਨੀ ਕਹਾਣੀਆਂ )
ਲੇਖਕ -----ਦੇਵਿੰਦਰ ਖੇਤਰਪਾਲ
ਪ੍ਰਕਾਸ਼ਕ ----ਪ੍ਰੀਤ ਪਬਲੀਕੇਸ਼ਨਜ਼ ਨਾਭਾ
ਪੰਨੇ ----96    ਮੁੱਲ ----150  ਰੁਪਏ

ਦੇਵਿੰਦਰ ਖੇਤਰਪਾਲ ਪੰਜਾਬੀ ਸਾਹਿਤ ਖੇਤਰ ਵਿਚ ਉਘਾ ਨਾਮ ਹੈ । ਸਿਖਿਆ ਵਿਭਾਗ  ਵਿਚ ਸਾਇੰਸ ਅਧਿਆਪਕ  ਤੋਂ ਸਫਰ ਸ਼ੁਰੂ ਕਰਕੇ ਉਸ ਨੇ ਲੰਮਾ ਸਮਾਂ ਲੈਕਚਰਾਰ (ਡਾਈਟ ) ਵਜੋਂ ਕੰਮ ਕੀਤਾ । ਪੰਜਾਬੀ ਟ੍ਰਿਬਿਊਨ ਦੇ ਮੁਢਲੇ ਦਿਨਾਂ ਵਿਚ ਇਨ੍ਹਾਂ ਸਤਰਾਂ ਦੇ ਲੇਖਕ ਨਾਲ ਸੰਪਾਦਕ ਦੇ ਨਾਂਅ ਖਤਾਂ ਤੋਂ ਲਿਖਣਾ ਸ਼ੁਰੂ ਕਰਕੇ ਕਈ ਸਾਲ ਸਿਖਿਆ ਸੰਬੰਧੀ  ਰਚਨਾਵਾਂ ਪਾਠਕਾਂ ਨੂੰ ਦਿਤੀਆਂ। ਨਾਲ ਵਿਅੰਗ ਤੇ ਮਿੰਨੀ ਕਹਾਣੀ ਤੇ ਕਲਮ ਚਲਾਈ । ਇਹ ਉਸਦੀ ਦੂਸਰੀ ਪੁਸਤਕ ਹੈ ।ਇਸ ਤੋਂ ਪਹਿਲਾਂ ਵਿਅੰਗ ਕਰੇ ਸੰਵਾਦ ਛਪ ਚੁਕੀ ਹੈ ।ਜਿਸ ਨੂੰ ਪਾਠਕਾਂ ਵਲੋਂ ਚੰਗਾ ਹੁੰਗਾਰਾ ਮਿਲਿਆ ।ਹਥਲੀ ਪੁਸਤਕ ਵਿਚ 80  ਮਿਆਰੀ ਮਿੰਨੀ ਕਹਾਣੀਆਂ ਹਨ । ਸਾਰੀਆਂ ਮਿੰਨੀ ਕਹਾਣੀਆਂ ਵਿਚ ਸਮਾਜਿਕ ਰਿਸ਼ਤਿਆਂ ਦੀ ਤਿੜਕਣ ਅਜੋਕੇ ਸਮੇਂ ਵਿਚ ਟੁਟਦੀਆਂ ਤੰਦਾਂ, ਸਵਾਰਥ , ਮਨੁਖ ਦੇ ਦੋਗਲੇ ਕਿਰਦਾਰ ,ਅੰਧਵਿਸ਼ਵਾਸ਼ ,ਪਰਿਵਾਰਕ ਉਲਝਨਾਂ ,ਬਜ਼ੁਰਗਾਂ ਦੀ ਦੁਰਦਸ਼ਾਂ  ਵਰਤਮਾਨ  ਰਾਜਨੀਤੀ ਦਾ ਨਿਘਾਰ ,ਦੰਭੀ ਕਿਰਦਾਰ , ਤੇ ਹੋਰ ਕਈ ਸਮਾਜਿਕ ਮਸਲਿਆਂ ਨੂੰ ਕਥਾ ਰਸ ਵਿਚ ਰੂਪਮਾਨ ਕੀਤਾ ਹੈ ।ਜੋ ਕਿ ਮਿੰਨੀ ਕਹਾਣੀ ਦੀ ਪਹਿਲੀ ਸ਼ਰਤ ਹੈ । ਲੇਖਕ ਕਹਾਣੀ ਰਚਨਾ ਸਮੇਂ ਪਾਤਰਾਂ ਨੂੰ ਉਂਨ੍ਹਾਂ ਦੇ ਕੁਦਰਤੀ ਰੂਪ ਵਿਚ ਪੇਸ਼ ਕਰਦਾ ਹੈ ।ਰਚਨਾਵਾਂ ਵਿਚ ਲੇਖਕ ਸਾਹਮਣੇ ਨਹੀਂ ਹੁੰਦਾ ।ਸਗੋਂ ਆਪਣਾ ਮੰਤਵ ਪਾਤਰਾਂ ਦੇ ਕਿਰਦਾਰ ਵਿਚੋਂ ਉਘਾੜਦਾ ਹੈ । ਪ੍ਰਿੰਸੀਪਲ ਰਾਜਿੰਦਰ ਖੇਤਰਪਾਲ ਨੇ ਟਾਈਟਲ ਪੰਨੇ ਤੇ ਲੇਖਕ ਤੇ ਰਚਨਾਵਾਂ ਬਾਰੇ ਸਾਰਥਿਕ ਵਿਚਾਰ ਲਿਖੇ ਹਨ ।
ਮਿੰਨੀ ਕਹਾਣੀ ਤ੍ਰੈਮਾਸਿਕ ਛਿਣ (ਪਟਿਆਲਾ )ਦੇ ਸੰਪਾਦਕ ਤੇ ਉਘੇ ਕਹਾਣੀਕਾਰ ਦਵਿੰਦਰ ਪਟਿਆਲਵੀ ਨੇ ਪੁਸਤਕ ਬਾਰੇ ਭਾਵਪੂਰਤ ਵਿਚਾਰ ਲਿਖੇ ਹਨ ।ਨਿਘਰ ਰਹੀਆਂ ਸਮਾਜਿਕ ਕਦਰਟਾਂ ਕੀਮਤਾਂ ਨੂੰ  ਪ੍ਰਤ ਖ ਰੂਪ ਵਿਚ ਪੇਸ਼ ਕੀਤਾ ਹੈ । ਕਾਹਲ ਦੇ ਇਸ  ਯੁਗ ਵਿਚ ਬਦਲਦੇ ਪੰਜਾਬੀ ਸਭਿਆਚਾਰ ਤੇ ਨੌਜਵਾਨ ਪੀੜ੍ਹੀ ਵਿਚ ਆਪਣੇ ਹੀ ਮਾਪਿਆਂ ਤੋਂ ਵਧ ਰਹੀ ਦੂਰੀ ਨੂੰ ਲੇਖਕ ਨੇ ਕੁਝ ਕਹਾਣੀਆਂ ਵਿਚ ਲਿਆ ਹੈ । ਪਤੀ ਪਤਨੀ ਦਾ ਰਿਸ਼ਤਾ ,ਭਰਾ ਭਰਾ ਦਾ ਰਿਸ਼ਤਾ ,ਭਰਾ ਭੈਣ ਦਾ ਰਿਸ਼ਤਾ ਕਿਸੇ ਅਦਾਰੇ ਦੇ ਮੁਖੀ ਦਾ ਆਪਣੇ ਅਧੀਨ ਕੰਮ ਕਰਦੇ ਕਰਮਚਾਰੀਆਂ ਨਾਲ ਸਵਾਰਥੀ ਰਿਸ਼ਤਾ ,ਇਕ ਗਰੀਬ ਰਿਕਸ਼ਾਂ ਚਾਲਕ ਦਾ ਪੈਸਿਆਂ ਪਿਛੇ ਸਵਾਰੀ ਨਾਲ ਬਣਦਾ ਟੁਟਦਾ ਰਿਸ਼ਤਾ , ਪਰਦੇਸਾਂ ੜੀਚ ਬੈਠੈ ਪੁਤ ਦਾ ਮਾਂ ਨਾਲ ਬਦਲਦਾ ਰਿਸ਼ਤਾ ਇਸ ਤਰਾਂ ਦੇ ਹੋਰ ਸਾਰੇ ਸਮਾਜਿਕ ਰਿਸ਼ਤਿਆਂ ਨੂੰ ਸ਼ਬਦਾਂ ਦਾ ਰੂਪ ਲੇਖਕ ਨੇ ਮਿੰਨੀ ਕਹਾਣੀਆਂ ਵਿਚ ਦਿਤਾ ਹੈ । ਵਖ ਵਖ ਕਹਾਣੀਆ ਦੀ ਮੁਖ ਸੁਰ ਰਿਸ਼ਤਿਆਂ ਦੇ ਦੁਆਲੇ ਹੀ ਘੁੰਮਦੀ ਹੈ ।ਪ੍ਰਸਿਧ ਆਲੋਚਕ ਨਿਰੰਜਨ ਬੋਹਾ ਨੇ ਲਿਖਿਆ ਹੈ ਕਿ ਇਂਨ੍ਹਾਂ ਸ਼ਮਾਜਿਕ ਰਿਸ਼ਤਿਆਂ ਨੂੰ ਪੁਨਰ ਉਸਾਰੀ ਦੀ ਲੋੜ ਹੈ ।ਪੁਸਤਕ ਇਸ ਮਹਤਵਪੂਰਨ ਲੋੜ ਨੂੰ ਉਭਾਰਦੀ ਹੈ ।, ਸੰਗ੍ਰਹਿ ਦੀਆਂ ਕਹਾਣੀਆਂ ਸਮਾਜ ਦੀ ਦਸ਼ਾ ਤੇ ਦਿਸ਼ਾ ਨੂੰ ਰੂਪਮਾਨ ਕਰਦੀਆਂ ਹਨ । ਸਿਰਲੇਖ ਵਾਲੀ ਕਹਾਣੀ ਵਿਚ ਪਤਨੀ ਨੂੰ ਚਿੰਤਾ ਹੈ ਕਿ ਉਸਦੇ ਕੋਲ ਭੈਣ ਦਾ ਮੁੰਡਾ ਕੁਝ ਦਿਨਾਂ ਲਈ ਰਹਿਣ ਆਰਿਹਾ ਹੈ ਘਰ ਵਿਚ ਜਵਾਨ ਧੀ ਹੈ ।ਪਤੀ ਨੂੰ ਪੀ ਜੀ ਲੈਕੇ ਦੇਣ ਦਾ ਕਹਿੰਦੀ ਹੈ । ਸੁਪਨੇ ਤੇ ਵਕਤ ਕਹਾਣੀਆਂ ਵਿਚ ਬੇਰੁਜ਼ਗਾਰੀ ਦਾ ਸ਼ੰਤਾਪ ਹੈ । ਸਰਕਾਰੀ ਇਮਾਰਤ ਦੀ ਛਤ ਡਿਗਣ ਤੇ ਕੁਝ ਬੰਦੇ ਫਟੜ ਹੋ ਜਾਂਦੇ ਹਨ । ਫਟੜਾਂ ਨੂੰ ਸ਼ਰਕਾਰ ਨੇ ਇਕ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ {ਇਕ ਬੰਦਾ ਛਤ ਡਿਗਣ ਵੇਲੇ ਬਾਹਰ ਸਿਗਰਟ ਪੀਣ ਚਲਾ ਗਿਆ । ਉਹ ਬਚ ਗਿਆ । ਪਰ ਪਤਨੀ ਨੂੰ ਝੋਰਾ ਹੈ ਕਿ ਉਸਦੇ ਲਖ ਰੁਪਏ ਮਾਰੇ ਗਏ । ਕਿਥੇ ਗਿਆ ਪਤੀ ਲਈ ਪਤਨੀ ਦਾ ਪਿਆਰ ?।( ਕਹਾਣੀ ਸੋਚ ) ਪੈਸਾ ਹੀ ਸਭ ਕੁਝ ਹੋ ਗਿਆ । ਸਕੂਲ ਦਾ ਨਿਰੀਖਣ  ਹੋਣਾ  ਹੈ ।ਨਿਰੀਖਣ ਪਾਰਟੀ ਦੀ ਖਾਣ ਪੀਣ ਦੀ ਚੰਗੀ ਸ਼ੇਵਾ ਦਾ ਖਰਚਾ ਮਿਡ ਡੇਅ ਮੀਲ ਗਰਾਂਟ  ਵਿਚ ਪਾਉਣ ਲਈ ਮੁਖੀ ਤਜ਼ਵੀਜ਼ ਪੇਸ਼ ਕਰ ਰਿਹਾ ਹੈ ।(ਕਹਾਣੀ ਮਿਡ ਡੇਅ ਮੀਲ )
 ਰਿਮੋਟ ਕੰਟਰੋਲ ਕਹਾਣੀ ਵਿਚ ਧੀ ਵਿਆਹ ਪਿਛੋਂ ਅਜੇ ਸਹੁਰੇ ਵੀ ਨਹੀਂ ਪਹੁੰਚੀ ਹੁੰਦੀ ।  ਰਸਤੇ ਵਿਚ ਹੀ ਮਾਂ ਦੇ ਫੋਨ ਆ ਰਹੇ ਹਨ ।  ਸੰਗ੍ਰਹਿ ਦੀਆਂ 80 ਕਹਾਣੀਆਂ ਵਿਚੋਂ 68 ਰਚਨਾਵਾਂ ਦੇ ਨਾਂਅ ਇਕ ਸ਼ਬਦੀ ਹਨ ।  ਜੁੱਤਾ ਟੈਕਸ ਕਹਾਣੀ ਵਿਚ ਸਿਆਸਤਦਾਨਾਂ ਦੇ ਆਪਣੇ ਭੱਤੇ ਤੇ ਤਨਖਾਹਾਂ ਵਧਾ ਲਈਆਂ ਗਈਆਂ ਹਨ ।  ਰੋਣਾ ਖਾਲੀ ਖਜਾਨੇ ਦਾ ਹੈ । ਲੋਕ ਸਹੂਲਤਾਂ ਨੂੰ ਤਰਸ ਰਹੇ ਹਨ । ਇਕ ਜਣਾ ਸੁਝਾਅ ਦਿੰਦਾ ਹੈ ਹੁਣ ਬਾਕੀ ਟੈਕਸ ਤਾਂ ਲਗ ਗਏ ਨੇ ਇਕ ਸੜਕਾਂ ਤੇ ਪੈਦਲ ਚਲਣ ਵਾਲਿਆਂ ਤੇ ਜੁੱਤਾ ਟੈਕਸ ਲਾ ਦਿਤਾ ਜਾਵੇ ।ਇਹ ਪੈਦਲ ਤੁਰਦੇ ਲੋਕ ਟਰੈਫਿਕ ਵਿਚ ਰੋੜਾ ਹਨ ।  ਵਾਹ ਨੀ ਸਰਕਾਰੇ ! ਲੇਖਕ ਦੀ ਬੜੀ ਸਾਰਥਿਕ ਪਹੁੰਚ ਹੈ । ਸੰਗ੍ਰਹਿ ਦੀਆਂ ਰਚਨਾਵਾਂ ਸਟੇਟਸ ,ਛਾਂਪਾ ,ਸ਼ਿਕਾਰ, ਅਹਿਸਾਨ , ਪੱਖਾ , ਰਾਵਣ , ਛੁੱਟੀਆਂ  ਤਿੱਖੇ ਸਮਾਜਿਕ ਸਰੋਕਾਰਾਂ ਦੀ ਵਿਅੰਗਮਈ  ਤਰਜਮਾਨੀ ਕਰਦੀਆਂ ਹਨ । ਪੁਸਤਕ ਮਿੰਨੀ ਕਹਾਣੀ ਦੇ ਇਤਿਹਾਸ ਤੇ ਵਿਕਾਸ ਵਿਚ ਮੁੱਲਵਾਨ ਵਾਧਾ ਕਰਦੀ ਹੈ । ਭਰਪੂਰ ਸਵਾਗਤ ਹੈ ।