ਗੁਰੂ ਨਾਨਕ ਸਾਹਿਬ ਨੇ ਪਰਮਾਤਮਾ ਦਾ ਸੰਦੇਸ਼ ਦੇਣ ਲਈ ਦੇਸ਼-ਦੁਨੀਆ ਦੀਆਂ ਯਾਤਰਾਵਾਂ ਕੀਤੀਆਂ ਜਿਨ੍ਹਾਂ ਨੂੰ ਉਦਾਸੀਆਂ ਕਿਹਾ ਜਾਂਦਾ ਹੈ। ਗੁਰੂ ਜੀ ਦੀਆਂ ਉਦਾਸੀਆਂ ਨਾਲ ਸੰਬੰਧਿਤ ਜਨਮਸਾਖੀਆਂ ਮੌਜੂਦ ਹਨ ਜਿਹੜੀਆਂ ਗੁਰੂ ਜੀ ਦੀ ਸਿੱਖਿਆ, ਸਫ਼ਰ ਅਤੇ ਸਿਧਾਂਤ ਸੰਬੰਧੀ ਜਾਣਕਾਰੀ ਪ੍ਰਦਾਨ ਕਰਦੀਆਂ ਹਨ। ਇਹਨਾਂ ਜਨਮਸਾਖੀਆਂ ਤੋਂ ਪਤਾ ਲੱਗਦਾ ਹੈ ਕਿ ਗੁਰੂ ਜੀ ਹਰ ਧਰਮ ਦੇ ਸ਼ਰਧਾਲੂ ਨੂੰ ਪਰਮਾਤਮਾ ਦਾ ਨਾਮ ਸਿਮਰਨ ਅਤੇ ਸ਼ੁਭ ਕਾਰਜ ਕਰਨ 'ਤੇ ਜ਼ੋਰ ਦਿੰਦੇ ਸਨ। ਗੁਰੂ ਜੀ ਜਬਰੀ ਧਰਮ ਪਰਿਵਰਨ ਦੇ ਖ਼ਿਲਾਫ਼ ਸਨ ਅਤੇ ਉਹ ਦਰਸ਼ਨ ਕਰਨ ਲਈ ਆਉਣ ਵਾਲੀ ਸੰਗਤ ਨੂੰ ਉਸ ਦੇ ਆਪਣੇ ਧਰਮ ਗ੍ਰੰਥ ਦੀਆਂ ਸਦਾਚਾਰਕ ਸਿੱਖਿਆਵਾਂ ਧਾਰਨ ਕਰਨ 'ਤੇ ਜ਼ੋਰ ਦਿੰਦੇ ਸਨ। ਉਹ ਮੁਸਲਮਾਨ ਨੂੰ ਚੰਗਾ ਮੁਸਲਮਾਨ ਅਤੇ ਹਿੰਦੂ ਨੂੰ ਚੰਗਾ ਹਿੰਦੂ ਬਣਨ ਦੀ ਸਿੱਖਿਆ ਦਿੰਦੇ। ਗੁਰੂ ਜੀ ਦੀਆਂ ਸਿੱਖਿਆਵਾਂ ਤੋਂ ਪ੍ਰਭਾਵਿਤ ਹੋ ਕੇ ਵਿਭਿੰਨ ਧਰਮਾਂ ਦੇ ਲੋਕ ਉਹਨਾਂ ਦੇ ਸ਼ਰਧਾਲੂ ਬਣਦੇ ਜਾ ਰਹੇ ਸਨ।
ਗੁਰੂ ਨਾਨਕ ਸਾਹਿਬ ਨੇ ਜਿਹੜੇ ਅਸਥਾਨਾਂ ਦੀ ਯਾਤਰਾ ਕੀਤੀ, ਉਥੇ ਗੁਰਧਾਮ ਕਾਇਮ ਹਨ। ਗੁਰੂ ਨਾਨਕ ਨਾਮ-ਲੇਵਾ ਸੰਗਤ ਇਹਨਾਂ ਦੀ ਸੇਵਾ-ਸੰਭਾਲ ਕਰਦੀ ਹੈ। ਇਹਨਾਂ ਅਸਥਾਨਾਂ ਦੀ ਯਾਤਰਾ ਕਰਨਾ ਸਿੱਖ ਆਪਣਾ ਧਾਰਮਿਕ ਫ਼ਰਜ਼ ਸਮਝਦੇ ਹਨ। ਜਿਹੜੇ ਗੁਰਧਾਮਾਂ ਦੀ ਸੇਵਾ-ਸੰਭਾਲ ਵਿਚ ਸਰਹੱਦਾਂ ਰੋੜਾ ਬਣ ਗਈਆਂ ਹਨ, ਉਹਨਾਂ ਦੇ ਖੁੱਲ੍ਹੇ ਦਰਸ਼ਨ-ਦੀਦਾਰ ਕਰਨ ਲਈ ਸਿੱਖ ਰੋਜ਼ਾਨਾ ਅਰਦਾਸ ਕਰਦੇ ਹਨ। ਬਹੁਤੇ ਗੁਰਧਾਮ ਮੌਜੂਦਾ ਪਾਕਿਸਤਾਨ ਵਿਚ ਸਥਿਤ ਹਨ ਜਿਥੇ ਜਾਣ ਲਈ ਵੀਜ਼ਾ ਲੈਣਾ ਪੈਂਦਾ ਹੈ ਅਤੇ ਕਈ ਵਾਰੀ ਬੇਲੋੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਹੜੇ ਗੁਰਧਾਮ ਪਾਕਿਸਤਾਨ ਤੋਂ ਅੱਗੇ ਅਰਬ ਦੇਸ਼ਾਂ ਵਿਚ ਮੌਜੂਦ ਹਨ, ਉਥੇ ਜਾਣਾ ਹੋਰ ਵਧੇਰੇ ਮੁਸ਼ਕਿਲ ਹੋ ਜਾਂਦਾ ਹੈ। ਮੱਕਾ-ਮਦੀਨਾ ਤੱਕ ਗੁਰੂ ਜੀ ਦੀ ਚਰਨ-ਛੋਹ ਪ੍ਰਾਪਤ ਅਸਥਾਨ ਹੋਣ ਦੇ ਅਕੱਟ ਸਬੂਤ ਮੌਜੂਦ ਹਨ ਜਿਨ੍ਹਾਂ ਦੀ ਸੇਵਾ-ਸੰਭਾਲ ਸਥਾਨਕ ਸ਼ਰਧਾਲੂਆਂ ਦੁਆਰਾ ਕੀਤੀ ਜਾਂਦੀ ਹੈ। ਇਸ ਲਈ ਜਦੋਂ ਕਿਤੇ ਇਹਨਾਂ ਦੇਸ਼ਾਂ ਵਿਚ ਮੌਜੂਦ ਗੁਰੂ ਜੀ ਦੀਆਂ ਨਿਸ਼ਾਨੀਆਂ ਸੰਬੰਧੀ ਕੋਈ ਜਾਣਕਾਰੀ ਸਾਹਮਣੇ ਆਉਂਦੀ ਹੈ ਤਾਂ ਸਿੱਖਾਂ ਦਾ ਧਿਆਨ ਆਪਣੇ ਵੱਲ ਖਿਚਦੀ ਹੈ। ਗੁਰੂ ਨਾਨਕ ਸਾਹਿਬ ਦੀ ਅਰਬ ਦੇਸ਼ਾਂ ਦੀ ਯਾਤਰਾ ਨਾਲ ਸੰਬੰਧਿਤ ਇਕ ਦਸਤਾਵੇਜ਼ ਡਾ. ਜਸਬੀਰ ਸਿੰਘ ਸਰਨਾ ਰਾਹੀਂ ਸਾਹਮਣੇ ਆਇਆ ਹੈ। ਇਸ ਦਸਤਾਵੇਜ਼ ਦੀ ਸਮੱਗਰੀ ਸਈਦ ਪ੍ਰਿਥੀਪਾਲ ਸਿੰਘ ਨੇ ਆਪਣੇ ਭਾਸ਼ਣਾਂ ਰਾਹੀਂ ਪ੍ਰਦਾਨ ਕੀਤੀ ਸੀ।
੧੯੦੨ ਵਿਚ ਕਸ਼ਮੀਰ ਵਿਖੇ ਮੁਜ਼ਫ਼ਰ ਹੁਸੈਨ ਸ਼ਾਹ ਦੇ ਘਰ ਪੈਦਾ ਹੋਏ ਇਕ ਬੱਚੇ ਦਾ ਨਾਂ ਸਈਦ ਮੁਸ਼ਤਾਕ ਹੁਸੈਨ ਰੱਖਿਆ ਗਿਆ। ਪਿੰਡ ਤੋਂ ਮੁੱਢਲੀ ਸਿੱਖਿਆ ਗ੍ਰਹਿਣ ਕਰਨ ਉਪਰੰਤ ਉੱਚ ਵਿੱਦਿਆ ਗ੍ਰਹਿਣ ਕਰਨ ਲਈ ਮੱਕੇ ਮਦੀਨੇ ਗਿਆ ਅਤੇ ਵਾਪਸ ਆ ਕੇ ਗੁਰੂ-ਘਰ ਨਾਲ ਜੁੜ ਗਿਆ। ੧੯੩੫ ਵਿਚ ਪਰਿਵਾਰ ਸਮੇਤ ਸਿੰਘ ਸੱਜ ਗਿਆ। ਸਿੱਖੀ ਧਾਰਨ ਕਰਨ ਉਪਰੰਤ ਇਸ ਦਾ ਨਾਂ ਸਈਦ ਮੁਸ਼ਤਾਕ ਹੁਸੈਨ ਤੋਂ ਸਈਦ ਪ੍ਰਿਥੀਪਾਲ ਸਿੰਘ, ਇਸ ਦੀ ਪਤਨੀ ਦਾ ਨਾਂ ਗੁਲਜ਼ਾਰ ਬੇਗ਼ਮ ਤੋਂ ਇੰਦਰਜੀਤ ਕੌਰ, ਅਤੇ ਪੁੱਤਰ ਦਾ ਨਾਂ ਮਹਿਮੂਦ ਨਜ਼ੀਰ ਤੋਂ ਭਗਤ ਸਿੰਘ ਰੱਖਿਆ ਗਿਆ ਜਿਸ ਨੂੰ ਬਾਅਦ ਵਿਚ ਸੰਤ ਪ੍ਰਿਥੀਪਾਲ ਸਿੰਘ (ਸਈਦ) ਵੀ ਕਿਹਾ ਜਾਣ ਲੱਗਿਆ। ਦੇਸ਼-ਵਿਦੇਸ਼ ਦੇ ਵਿਭਿੰਨ ਨਗਰਾਂ ਵਿਚ ਇਹਨਾਂ ਨੇ ਬਹੁਤ ਹੀ ਭਾਵਪੂਰਤ ਭਾਸ਼ਣ ਦਿੱਤੇ ਜਿਨ੍ਹਾਂ ਨੂੰ ਸੁਣਨ ਲਈ ਸਿੱਖ ਦੂਰੋਂ-ਨੇੜਿਉਂ ਆ ਜੁੜਦੇ ਸਨ। ਇਹਨਾਂ ਦੁਆਰਾ ਦਿੱਤੇ ਗਏ ਭਾਸ਼ਣਾਂ ਨੂੰ ਇਕ ਸਿੱਖ ਸ਼ਰਧਾਲੂ ਨੇ ਲਿਖ ਲਿਆ ਅਤੇ ਇਹ ਇਕ ਦਸਤਾਵੇਜ਼ ਦੇ ਰੂਪ ਵਿਚ ਸੰਭਾਲ ਲਏ ਗਏ। ਭਾਵੇਂ ਕਿ ਮੌਖਿਕ ਇਤਿਹਾਸ ਦੀਆਂ ਆਪਣੀਆਂ ਸੀਮਾਵਾਂ ਹੁੰਦੀਆਂ ਹਨ ਪਰ ਇਹ ਬਹੁਤ ਹੀ ਰੌਚਿਕ ਅਤੇ ਭਾਵਪੂਰਤ ਹੁੰਦੀਆਂ ਹਨ ਜਿਹੜੀਆਂ ਕਿ ਪੜ੍ਹਨ-ਸੁਣਨ ਵਾਲਿਆਂ ਨੂੰ ਆਕਰਸ਼ਿਤ ਕਰਦੀਆਂ ਹਨ। ਦਸਤਾਵੇਜ਼ੀ ਇਤਿਹਾਸ ਦਾ ਮੁੱਢ ਵੀ ਕਈ ਵਾਰੀ ਮੌਖਿਕ ਇਤਿਹਾਸ ਰਾਹੀਂ ਹੀ ਬੱਝਦਾ ਹੈ। ਮੌਖਿਕ ਇਤਿਹਾਸ 'ਤੇ ਅਧਾਰਿਤ ਇਸ ਦਸਤਾਵੇਜ਼ ਵਿਚ ਅਨੇਕਾਂ ਨਾਵਾਂ, ਥਾਵਾਂ, ਨਗਰਾਂ, ਪਸ਼ੂ-ਪੰਛੀਆਂ, ਮਾਰਗਾਂ ਅਤੇ ਸ਼ਖ਼ਸੀਅਤਾਂ ਦਾ ਜ਼ਿਕਰ ਮਿਲਦਾ ਹੈ ਜਿਨ੍ਹਾਂ ਤੋਂ ਜਿਥੇ ਵਿਦਿਆਰਥੀ ਅਤੇ ਖੋਜਾਰਥੀ ਲਾਹਾ ਲੈ ਸਕਦੇ ਹਨ ਉਥੇ ਇਹ ਜਨ-ਸਧਾਰਨ ਦੀ ਜਾਣਕਾਰੀ ਵਿਚ ਵੀ ਲਾਹੇਵੰਦ ਵਾਧਾ ਕਰਦਾ ਹੈ। ਮੱਕਾ ਮੁਸਲਮਾਨਾਂ ਦਾ ਸਭ ਤੋਂ ਪ੍ਰਸਿੱਧ ਧਾਰਮਿਕ ਅਸਥਾਨ ਹੈ ਜਿਥੇ ਕਿਸੇ ਵੀ ਗ਼ੈਰ-ਮੁਸਲਮਾਨ ਦੇ ਜਾਣ ਦੀ ਮਨਾਹੀ ਹੈ। ਗੁਰੂ ਜੀ ਨੇ ਇਸ ਅਸਥਾਨ ਦੀ ਯਾਤਰਾ ਹੀ ਨਹੀਂ ਕੀਤੀ ਬਲਕਿ ਇਥੋਂ ਦੀ ਧਾਰਮਿਕ ਸ਼੍ਰੇਣੀ ਨੂੰ ਮਹੱਤਵਪੂਰਨ ਸੰਦੇਸ਼ ਵੀ ਦਿੱਤਾ ਸੀ ਜਿਸ ਦਾ ਵਿਸਤਾਰ ਪੂਰਵਕ ਵਰਨਨ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿਚ ਵੀ ਕੀਤਾ ਹੈ:
ਪੁਛਨਿ ਫੋਲਿ ਕਿਤਾਬ ਨੋ ਹਿੰਦੂ ਵਡਾ ਕਿ ਮੁਸਲਮਾਨੋਈ?
ਬਾਬਾ ਆਖੇ ਹਾਜੀਆ ਸੁਭਿ ਅਮਲਾ ਬਾਝਹੁ ਦੋਨੋ ਰੋਈ। ਵਾਰ ੧, ਪਉੜੀ ੩੩
ਗੁਰੂ ਜੀ ਦੀ ਅਰਬ ਦੇਸ਼ਾਂ ਦੀ ਯਾਤਰਾ ਸੰਬੰਧੀ ਉਕਤ ਦਸਤਾਵੇਜ਼ ਵਿਚ ਦੋ ਕਿਤਾਬਾਂ ਦਾ ਜ਼ਿਕਰ ਵਿਸ਼ੇਸ਼ ਤੌਰ 'ਤੇ ਦੇਖਣ ਨੂੰ ਮਿਲਦਾ ਹੈ। ਇਹਨਾਂ ਵਿਚ ਇਕ ਹੈ 'ਸਿਯਾਹਤੋ ਬਾਬਾ ਨਾਨਕ ਫ਼ਕੀਰ' ਭਾਵ ਸਫ਼ਰਨਾਮਾ ਬਾਬਾ ਨਾਨਕ ਫ਼ਕੀਰ ਅਤੇ ਦੂਜਾ ਹੈ 'ਤਵਾਰੀਖ਼ ਅਰਬ'। ਸਈਦ ਦੱਸਦਾ ਹੈ ਕਿ ਇਹਨਾਂ ਵਿਚੋਂ ਪਹਿਲੀ ਕਿਤਾਬ ਤਾਜਦੀਨ ਦੀ ਅਤੇ ਦੂਜੀ ਖ਼ਵਾਜ਼ਾ ਜੈਨਲਉਬਦੀਨ ਦੀ ਲਿਖੀ ਹੋਈ ਹੈ। ਇਹਨਾਂ ਦੋਵੇਂ ਕਿਤਾਬਾਂ ਵਿਚ ਗੁਰੂ ਨਾਨਕ ਸਾਹਿਬ ਦਾ ਜ਼ਿਕਰ ਹੈ ਜਿਸ ਤੋਂ ਉਹਨਾਂ ਦੀ ਅਰਬ ਯਾਤਰਾ ਸੰਬੰਧੀ ਜਾਣਕਾਰੀ ਪ੍ਰਾਪਤ ਹੁੰਦੀ ਹੈ। ਤਾਜਦੀਨ ਦਾ ਕਰਤਾ ਦੱਸਦਾ ਹੈ ਕਿ ਉਸ ਨੇ ਗੁਰੂ ਨਾਨਕ ਸਾਹਿਬ ਨਾਲ ਅਰਬ ਦੇਸ਼ਾਂ ਦੀ ਯਾਤਰਾ ਕੀਤੀ ਅਤੇ ਜਿਹੜੀਆਂ ਕਰਾਮਾਤਾਂ ਅਤੇ ਘਟਨਾਵਾਂ ਦੇ ਦਰਸ਼ਨ ਕੀਤੇ ਉਹਨਾਂ ਨੂੰ ਕਲਮਬੰਦ ਕਰਕੇ ਇਕ ਕਿਤਾਬ ਦਾ ਰੂਪ ਦਿੱਤਾ ਜਿਸ ਦੀ ਇਕ ਕਾਪੀ ਮਦੀਨੇ ਦੀ ਲਾਇਬਰੇਰੀ ਨੂੰ ਸੌਂਪ ਦਿੱਤੀ ਸੀ।
ਖ਼ਵਾਜ਼ਾ ਜੈਨਲਉਬਦੀਨ ਮੱਕੇ ਦਾ ਵਸਨੀਕ ਸੀ ਅਤੇ ਇਹ ਕਾਜ਼ੀ ਰੁਕਨਦੀਨ ਦੇ ਨਾਲ ਉਸ ਸਮੇਂ ਕਾਅਬੇ ਵਿਖੇ ਪੁੱਜਾ ਸੀ ਜਦੋਂ ਸ਼ਹਿਰ ਵਿਚ ਇਹ ਰੌਲਾ ਪੈ ਗਿਆ ਕਿ ਗੁਰੂ ਨਾਨਕ ਸਾਹਿਬ ਨੇ ਕਾਅਬਾ ਘੁਮਾ ਦਿੱਤਾ ਹੈ। ਇਹ ਲਿਖਦਾ ਹੈ ਕਿ ਕਾਅਬਾ ਵਿਖੇ ਕਾਜ਼ੀ ਰੁਕਨਦੀਨ ਨੇ ਬਾਬਾ ਜੀ ਨੂੰ ਤਿੰਨ ਸਵਾਲ ਕੀਤੇ ਜਿਹੜੇ ਸੰਗੀਤ, ਕੇਸਾਂ ਅਤੇ ਖ਼ਾਨਾ ਕਾਅਬਾ ਨਾਲ ਸੰਬੰਧਿਤ ਸਨ। ਕੁਰਾਨ ਦੇ ਹਵਾਲੇ ਨਾਲ ਅਰਬੀ ਭਾਸ਼ਾ ਵਿਚ ਗੁਰੂ ਜੀ ਦੇ ਉਤਰ ਸੁਣ ਕੇ ਕਾਜ਼ੀ ਦੇ ਮਨ ਵਿਚ ਗੁਰੂ ਜੀ ਪ੍ਰਤੀ ਸ਼ਰਧਾ ਪੈਦਾ ਹੋ ਗਈ ਅਤੇ ਬਾਅਦ ਵਿਚ ਇਹ ਗੁਰੂ ਜੀ ਦਾ ਮੁਰੀਦ ਬਣ ਗਿਆ। ਗੁਰੂ ਜੀ ਦੇ ਮੱਕੇ ਤੋਂ ਮਦੀਨੇ ਜਾਣ ਸਮੇਂ ਇਸ ਨੇ ਉਹਨਾਂ ਨੂੰ ਇਕ ਰੇਸ਼ਮੀ ਚੋਗਾ (ਚੋਲਾ) ਪੇਸ਼ ਕੀਤਾ ਜਿਸ 'ਤੇ ਕੁਰਾਨ ਸ਼ਰੀਫ਼ ਦੀਆਂ ਕੁੱਝ ਆਇਤਾਂ ਅਤੇ ਗੁਰੂ ਜੀ ਦੀ ਸਿਫ਼ਤ-ਸਲਾਹ ਲਿਖੀ ਹੋਈ ਸੀ। ਗੁਰੂ ਜੀ ਆਪਣਾ ਆਸਾ (ਸੋਟਾ) ਅਤੇ ਇਕ ਖੜਾਂਵ ਇਸ ਨੂੰ ਨਿਸ਼ਾਨੀ ਵੱਜੋਂ ਦੇ ਗਏ ਸਨ। ਗੁਰੂ ਜੀ ਦੇ ਜਾਣ ਪਿੱਛੋਂ ਕਾਜ਼ੀ ਰੁਕਨਦੀਨ ਨੂੰ ਕਾਫ਼ਰ ਹੋਣ ਦਾ ਫ਼ਤਵਾ ਲਾਇਆ ਗਿਆ ਅਤੇ ਜੂਨ ਮਹੀਨੇ ੨੨ ਦਿਨ ਤਸੀਹੇ ਦਿੱਤੇ ਗਏ ਅਤੇ ਆਖ਼ਰੀ ਦਿਨ ਗੁਰੂ ਜੀ ਦਾ ਸੰਦੇਸ਼ ਦਿੰਦਾ ਹੋਇਆ ਇਹ ਇਸ ਦੁਨੀਆ ਤੋਂ ਕੂਚ ਕਰ ਗਿਆ। ਖ਼ਵਾਜ਼ਾ ਜੈਨਲਉਬਦੀਨ ਦੱਸਦਾ ਹੈ ਕਿ ਮੱਕੇ ਫੇਰੀ ਦੌਰਾਨ ਕਾਜ਼ੀ ਨੇ ਗੁਰੂ ਜੀ ਨੂੰ ੩੬੦ ਸਵਾਲ ਕੀਤੇ ਅਤੇ ਗੁਰੂ ਜੀ ਨੇ ਸਭਨਾਂ ਦਾ ਤਸੱਲੀਬਖ਼ਸ਼ ਉੱਤਰ ਦਿਤਾ ਸੀ। ਇਹ ਸਵਾਲ-ਜਵਾਬ ਇਸ ਦੀ ਕਿਤਾਬ ਵਿਚ ਦਰਜ ਦੱਸੇ ਜਾਂਦੇ ਹਨ।
ਗੁਰੂ ਨਾਨਕ ਸਾਹਿਬ ਦੀਆਂ ਯਾਤਰਾਵਾਂ ਦਾ ਕੇਵਲ ਇਕੋ ਉਦੇਸ਼ ਸੀ ਕਿ ਲੋਕਾਈ ਨੂੰ ਪ੍ਰਭੂ-ਮਾਰਗ ਅਨੁਸਾਰ ਸਦਾਚਾਰਕ ਜੀਵਨ ਬਸਰ ਕਰਨ ਦੀ ਪ੍ਰੇਰਨਾ ਕਰਨਾ। ਜਦੋਂ ਗੁਰੂ ਜੀ ਨੂੰ ਕੋਈ ਪੀਰ ਇਹ ਕਹਿੰਦਾ ਹੈ ਕਿ ਕਿਸੇ ਧਨਾਢ ਜਾਂ ਹੰਕਾਰੀ ਨੂੰ ਸਿੱਧੇ ਰਾਹ ਪਾਉ ਤਾਂ ਗੁਰੂ ਜੀ ਕਹਿੰਦੇ ਹਨ, 'ਮੈਂ ਆਇਆ ਹੀ ਇਸੇ ਲਈ ਹਾਂ। ਖੁਦਾ ਭਲਾ ਕਰੇਗਾ।' ਅਨੇਕਾਂ ਘਟਨਾਵਾਂ ਇਸ ਦਸਤਾਵੇਜ ਵਿਚ ਦਰਜ ਹਨ ਜਦੋਂ ਗੁਰੂ ਜੀ ਹੰਕਾਰੀਆਂ ਦਾ ਨਾਸ਼, ਕ੍ਰੋਧੀਆਂ ਨੂੰ ਸ਼ਾਂਤ ਅਤੇ ਧਾਰਮਿਕ ਆਗੂਆਂ ਨੂੰ ਸਿੱਧੇ ਰਾਹ ਪਾਉਂਦੇ ਹਨ। ਸਮੁੱਚੇ ਅਰਬ ਦੇ ਪ੍ਰਮੁੱਖ ਨਗਰਾਂ ਦੀ ਯਾਤਰਾ ਕਰਨ ਦੇ ਪ੍ਰਮਾਣ ਇਸ ਵਿਚੋਂ ਮਿਲਦੇ ਹਨ। ਜਿਹੜੇ ਨਗਰਾਂ ਦਾ ਜ਼ਿਕਰ ਇਸ ਦਸਤਾਵੇਜ਼ ਵਿਚ ਆਇਆ ਹੈ ਉਹਨਾਂ ਦੇ ਨਾਂ ਇਹ ਹਨ - ਉੱਮਰਾ, ਅਦਨ, ਇਨੂਲਸ (ਇਰਾਨ ਦਾ ਸ਼ਹਿਰ), ਸਖੋਰ ਸ਼ਹਿਰ, ਕਰਾਚੀ, ਕੂਫ਼ਾ (ਕਰਬਲਾ), ਕੈ ਕੈ (ਮਿਸਰ ਦਾ ਸ਼ਹਿਰ), ਜੱਦਾ, ਡੇਰਾ ਇਸਮਾਇਲ ਖ਼ਾਨ, ਪਠਾਨਵਲੀ, ਬਹਿਤੁਲ ਮਕੂਸ, ਬਗ਼ਦਾਦ, ਮਠਨਕੋਟ, ਮਦੀਨਾ, ਮੱਕਾ, ਲਾਹੌਰ ਆਦਿ।
ਇਹਨਾਂ ਨਗਰਾਂ ਦੀ ਯਾਤਰਾ ਦੌਰਾਨ ਜਿਹੜੇ ਪ੍ਰਮੁੱਖ ਅਸਥਾਨਾਂ 'ਤੇ ਗੁਰੂ ਜੀ ਨੇ ਡੇਰਾ ਲਾਇਆ ਸੀ ਜਾਂ ਜਿਥੇ ਗੁਰੂ ਜੀ ਦੀ ਯਾਦ ਵਿਚ ਨਿਸ਼ਾਨੀਆਂ ਮੌਜੂਦ ਹਨ, ਉਹਨਾਂ ਦੇ ਨਾਂ ਹਨ - ਅਕਾਲ ਬੁੰਗਾ (ਕਰਾਚੀ ਬੰਦਰਗਾਹ ਨੇੜੇ), ਅਦਨ ਦਾ ਕਿਬਲਾ, ਅੰਮ੍ਰਿਤਸਰ, ਸਾਧੂ ਬੇਲਾ, ਹੁਜਰਾ ਨਾਨਕ ਸ਼ਾਹ ਕਲੰਦਰ (ਬਹਿਤੁਲ ਮਕੂਸ), ਹੁਜਰਾ ਬਾਬਾ ਨਾਨਕ ਫ਼ਕੀਰ (ਮੱਕੇ ਦੇ ਪੱਛਮ ਵੱਲ), ਨਾਨਕ ਸ਼ਾਹ ਕਲੰਦਰ (ਜੱਦਾ ਸ਼ਰੀਫ਼), ਵਲੀ-ਹਿੰਦ ਮਸੀਤ (ਉੱਮਰਾ), ਨਾਨਕ ਵਲੀ ਹਿੰਦ (ਕੂਫ਼ਾ ਦੇ ਕਬਰਸਤਾਨ ਵਿਖੇ), ਮਠਨਕੋਟ, ਵਲੀ ਹਿੰਦ ਚਸ਼ਮਾ (ਬਗ਼ਦਾਦ) ਆਦਿ।
ਅਰਬ ਦੇਸ਼ਾਂ ਦੇ ਸਫ਼ਰ ਦੌਰਾਨ ਲਗਪਗ ਹਰ ਵਰਗ ਦੇ ਲੋਕ ਗੁਰੂ ਜੀ ਨੂੰ ਮਿਲਣ ਅਤੇ ਉਹਨਾਂ ਨਾਲ ਵਿਚਾਰ-ਚਰਚਾ ਕਰਨ ਲਈ ਆਉਂਦੇ ਸਨ। ਕਈ ਥਾਵਾਂ 'ਤੇ ਗੁਰੂ ਜੀ ਨੂੰ ਕਾਫ਼ਰ ਕਹਿ ਕੇ ਮਾਰਨ ਦਾ ਯਤਨ ਕੀਤਾ ਗਿਆ ਪਰ ਜਦੋਂ ਕ੍ਰੋਧ ਦੇ ਭਰੇ-ਪੀਤੇ ਲੋਕ ਗੁਰੂ ਜੀ ਦੇ ਦਰਸ਼ਨ ਕਰਦੇ ਤਾਂ ਉਹਨਾਂ ਦਾ ਮਨ ਸ਼ਾਂਤ ਹੋ ਜਾਂਦਾ। ਗੁਰੂ ਜੀ ਦੇ ਕੌਤਕ ਦੇਖ ਕੇ ਕਈ ਮੰਨੇ-ਪ੍ਰਮੰਨੇ ਪੀਰ ਉਹਨਾਂ ਨੂੰ ਨਬੀ ਦਾ ਦਰਜਾ ਦਿੰਦੇ ਹਨ। ਉਹਨਾਂ ਦੀਆਂ ਅਧਿਆਤਮਕ ਅਤੇ ਅਲੌਕਿਕ ਸ਼ਕਤੀਆਂ ਨੂੰ ਦੇਖ ਕੇ ਕਿਹਾ ਗਿਆ ਕਿ 'ਖੁਦਾਵੰਦ ਕਰੀਮ ਆਲਮਗੀਰ ਜਾਮਾ ਪਹਿਨ ਕੇ ਦੁਨੀਆ ਦਾ ਸਫ਼ਰ ਕਰ ਰਹੇ ਹਨ'। ਜਿਹੜੇ ਉਹਨਾਂ ਦਾ ਦਰਸ਼ਨ ਕਰ ਲੈਂਦੇ ਹਨ ਉਹ ਬਖ਼ਸ਼ੇ ਜਾਂਦੇ ਹਨ, ਦੋਜ਼ਖ਼ ਦੀ ਅੱਗ ਤੋਂ ਬੱਚ ਜਾਂਦੇ ਹਨ ਅਤੇ ਉਹਨਾਂ ਨੂੰ ਜੰਨਤ ਨਸੀਬ ਹੁੰਦੀ ਹੈ। ਇਸ ਸਫ਼ਰਨਾਮੇ ਵਿਚ ਜਿਹੜੀਆਂ ਸ਼ਖ਼ਸੀਅਤਾਂ ਦਾ ਜ਼ਿਕਰ ਆਇਆ ਹੈ ਉਹ ਹਨ - ਅਹਿਮਦ ਸਾਦਿਕ, ਅਬਦੁਲ ਰਹਿਮਾਨ ਦਸਤਗੀਰ (ਬਗ਼ਦਾਦ ਦਾ ਪੀਰ), ਅਮਰ ਰਜ਼ਾ (ਬਹਿਲੋਲ ਪੀਰ ਦਾ ਮੁਰੀਦ), ਅਲੀ (ਹਜ਼ਰਤ), ਆਇਸ਼ਾ, ਅੱਛਰ ਸਿੰਘ ਜਥੇਦਾਰ (ਲਾਹੌਰ ਦੇ ਗੁਰਦੁਆਰੇ ਦਾ ਪ੍ਰਧਾਨ), ਇਬਨੇ ਅਸਵੁੱਧ, ਇਬਨੇ ਵਲਿਦ ਕਾਜ਼ੀ (ਸਈਦ), ਇਬਨੇ ਵਾਹਿਦ (ਸੂਫ਼ੀ), ਇਬਰਾਹੀਮ (ਹਜ਼ਰਤ), ਇਮਾਮ ਦੀਨ ਸ਼ਾਹ (ਸਈਦ ਪ੍ਰਿਥੀਪਾਲ ਸਿੰਘ ਦਾ ਸ਼ਗਿਰਦ), ਈਸਾ (ਹਜ਼ਰਤ), ਸਲੀਮਾ, ਸ਼ਾਹ ਸ਼ਰਫ਼ (ਹੱਜ ਕਰਨ ਵਾਲੇ ਇਕ ਕਬੀਲੇ ਦਾ ਸਰਦਾਰ), ਹਾਜ਼ੀ ਗ਼ੁਲਾਮ ਅਹਿਮਦ (ਕੁਰੈਸ਼ ਕਬੀਲੇ ਦਾ ਸਰਦਾਰ), ਹੁਸੈਨ, ਕਾਰੂੰ ਹਮੀਦ (ਮਿਸਰ ਦਾ ਬਾਦਸ਼ਾਹ), ਗੁਰਮੁਖ ਸਿੰਘ ਮੁਸਾਫ਼ਿਰ, ਗ਼ੁਲਾਮ ਕਾਦਰ (ਇਮਾਮ), ਗ਼ੁਲਾਮ ਯਹੀਆ ਖ਼ਾਨ (ਸਲੀਮਾ ਦਾ ਪਤੀ ਅਤੇ ਕੂਫ਼ਾ ਦਾ ਸੌਦਾਗਰ), ਜੀਵਣ (ਮੱਕੇ ਦੀ ਮਸਜਿਦ ਦਾ ਸੇਵਾਦਾਰ), ਜੈਨਲਉਬਦੀਨ (ਖਵਾਜ਼ਾ, ਲਿਖਾਰੀ), ਜ਼ਫ਼ਰ (ਇਮਾਮ), ਤਾਜਦੀਨ (ਲਿਖਾਰੀ), ਦਾਊਦ (ਹਜ਼ਰਤ), ਪਾਸ਼ਾਹਾਲੀ (ਕਾਜ਼ੀ), ਪੀਰ ਜਲਾਲ (ਮਿਸਰ ਦੇ ਬਾਦਸ਼ਾਹ ਦਾ ਮੁਰਸ਼ਦ), ਬਹਿਲੋਲ (ਬਗ਼ਦਾਦ ਦੇ ਬਾਹਰ ਦਜ਼ਲਾ ਦਰਿਆ ਕੰਢੇ ਰਹਿਣ ਵਾਲਾ ਫ਼ਕੀਰ), ਬਾਬਾ ਨੋਕੰਠੀ ਦਾਸ (ਉਦਾਸੀ ਸਾਧੂ), ਮਹਿਬੂਬ ਰਹਿਮਾਨ (ਖ਼ਵਾਜ਼ਾ ਜੈਨਲਉਬਦੀਨ ਦੇ ਖ਼ਾਨਦਾਨ ਵਿਚੋਂ), ਮਜੀਦ (ਮਿਸਰ ਦਾ ਵਸਨੀਕ), ਮੁਹੰਮਦ ਸਾਹਿਬ (ਹਜ਼ਰਤ), ਮੂਸਾ (ਹਜ਼ਰਤ), ਮੋਹਨ ਸਿੰਘ ਜਥੇਦਾਰ, ਯਾਕੂਬ ਇਬਨੇ ਸਹਿਲੱਬ, ਰੁਕਨਦੀਨ (ਕਾਜ਼ੀ),
ਅਰਬ ਦੇ ਪਹਾੜਾਂ, ਦਰਿਆਵਾਂ ਅਤੇ ਰੇਗਿਸਤਾਨੀ ਇਲਾਕਿਆਂ ਵਿਚੋਂ ਲੰਘਦੇ ਗੁਰੂ ਜੀ ਆਪਣੇ ਮਿਸ਼ਨ ਦਾ ਪ੍ਰਚਾਰ ਕਰਦੇ ਰਹੇ। ਉਹ ਸਭ ਨੂੰ ਗਲ ਨਾਲ ਲਾਉਂਦੇ ਹਨ ਅਤੇ ਸਭਨਾਂ ਨੂੰ ਖੁਦਾ ਦੀ ਉਸਤਤ ਕਰਨ 'ਤੇ ਜ਼ੋਰ ਦਿੰਦੇ ਹਨ। ਕੀਰਤਨ ਨੂੰ ਉਹ ਪ੍ਰਭੂ-ਕੀਰਤੀ ਦਾ ਸਾਧਨ ਮੰਨਦੇ ਹਨ। ਇਸਲਾਮ ਵਿਚ ਸੰਗੀਤ ਦੀ ਮਨਾਹੀ ਹੋਣ ਕਰਕੇ ਜਦੋਂ ਉਹ ਕੀਰਤਨ ਸੁਣਦੇ ਹਨ ਤਾਂ ਪਹਿਲਾਂ ਕ੍ਰੋਧਿਤ ਹੋ ਜਾਂਦੇ ਹਨ ਅਤੇ ਗੁਰੂ ਜੀ ਨੂੰ ਮਾਰਨ ਦਾ ਵਿਚਾਰ ਲੈ ਕੇ ਉਹਨਾਂ ਕੋਲ ਜਾਂਦੇ ਹਨ ਪਰ ਜਦੋਂ ਗੁਰੂ ਜੀ ਦੀ ਉਹਨਾਂ 'ਤੇ ਦ੍ਰਿਸ਼ਟੀ ਪੈਂਦੀ ਹੈ ਤਾਂ ਉਹਨਾਂ ਦੇ ਮਨ ਵਿਚੋਂ ਸਮੂਹ ਨਕਾਰਾਤਮਿਕ ਅੰਸ਼ ਖ਼ਤਮ ਹੋ ਜਾਂਦੇ ਹਨ ਅਤੇ ਉਹ ਗੁਰੂ ਜੀ ਦੇ ਸ਼ਰਧਾਲੂ ਬਣ ਕੇ ਉਹਨਾਂ ਦੀ ਸੇਵਾ ਕਰਦੇ ਹਨ। ਗੁਰੂ ਜੀ ਅਰਬੀ ਵਿਚ ਲਿਖਿਆ ਹੋਇਆ ਜਪੁਜੀ ਸਾਹਿਬ ਦਾ ਗੁਟਕਾ ਦੇ ਕੇ ਉਹਨਾਂ ਨੂੰ ਸਦੀਵ ਕਾਲ ਲਈ ਇਕ ਪਰਮਾਤਮਾ ਨਾਲ ਜੁੜਨ ਦਾ ਸੰਦੇਸ਼ ਦਿੰਦੇ। ਵਿਭਿੰਨ ਸਾਖੀਆਂ ਤੋਂ ਇਹ ਵੀ ਸੰਕੇਤ ਮਿਲਦੇ ਹਨ ਕਿ ਅਰਬ ਵਿਚ ਕਈ ਕਬੀਲੇ ਮੌਜੂਦ ਸਨ ਜਿਹੜੇ ਆਪਣੇ ਕਬੀਲਿਆਈ ਕਾਨੂੰਨ ਅਨੁਸਾਰ ਜੀਵਨ ਬਸਰ ਕਰਦੇ ਹਨ। ਭਾਵੇਂ ਕਿ ਕਈ ਕਬੀਲੇ ਇਸਲਾਮ ਧਾਰਨ ਕਰ ਚੁੱਕੇ ਸਨ ਪਰ ਉਹਨਾਂ 'ਤੇ ਕਬੀਲਿਆਈ ਪ੍ਰਭਾਵ ਮੌਜੂਦ ਸੀ। ਗੁਰੂ ਜੀ ਉਹਨਾਂ ਨੂੰ ਸਥਾਨਕ ਪ੍ਰਭਾਵ ਤੋਂ ਮੁਕਤ ਕਰ ਕੇ ਬ੍ਰਹਿਮੰਡ ਦੀ ਅਸੀਮ ਸ਼ਕਤੀ ਨਾਲ ਜੋੜਦੇ।
ਗੁਰੂ ਜੀ ਬਹੁਤ ਹੀ ਸੁਖੈਨ ਸਥਾਨਕ ਭਾਸ਼ਾ ਵਿਚ ਆਪਣੀ ਗੱਲ ਕਰਦੇ ਹਨ ਜਿਹੜੀ ਕੇ ਛੇਤੀ ਹੀ ਲੋਕ-ਮਨਾਂ 'ਤੇ ਅਸਰ ਕਰਦੀ। ਇਕ ਸਾਖੀ ਵਿਚ ਦੱਸਿਆ ਗਿਆ ਹੈ ਕਿ ਮਿਸਰ ਦੇ ਬਾਦਸ਼ਾਹ ਦਾ ਪੀਰ ਜਲਾਲ ਉਸ ਤੋਂ ਇਸ ਕਰਕੇ ਦੁਖੀ ਸੀ ਕਿ ਉਹ ਬਹੁਤ ਕੰਜੂਸ ਹੈ, ਧਨ ਇਕੱਤਰ ਕਰਦਾ ਹੈ ਅਤੇ ਪਰ-ਉਪਾਕਰੀ ਕਾਰਜਾਂ ਤੋਂ ਦੂਰ ਰਹਿੰਦਾ ਹੈ। ਪੀਰ ਜਲਾਲ ਗੁਰੂ ਜੀ ਦੇ ਦਰਸ਼ਨ ਕਰਕੇ ਬਹੁਤ ਪ੍ਰਭਾਵਿਤ ਹੁੰਦਾ ਹੈ ਅਤੇ ਬੇਨਤੀ ਕਰਦਾ ਹੈ ਕਿ ਉਹ ਬਾਦਸ਼ਹ ਨੂੰ ਸਿੱਧੇ ਰਾਹ ਪਾਉਣ। ਪੀਰ ਜਲਾਲ ਬਾਦਸ਼ਾਹ ਨੂੰ ਲੈ ਕੇ ਗੁਰੂ ਜੀ ਕੋਲ ਆਉਂਦਾ ਹੈ ਤਾਂ ਗੁਰੂ ਜੀ ਉਸ ਨੂੰ ਇਕ ਸੂਈ ਦੇ ਕੇ ਕਹਿੰਦੇ ਹਨ ਕਿ ਇਸ ਨੂੰ ਸੰਭਾਲ ਕੇ ਰੱਖਣਾ, ਅਗਲੇ ਜਹਾਨ ਵਿਚ ਵਾਪਸ ਲਵਾਂਗੇ। ਬਾਦਸ਼ਾਹ ਕਹਿੰਦਾ ਹੈ ਕਿ ਅਗਲੇ ਜਹਾਨ ਵਿਚ ਤਾਂ ਕੁੱਝ ਵੀ ਨਾਲ ਨਹੀਂ ਜਾਂਦਾ ਤਾਂ ਗੁਰੂ ਜੀ ਬਚਨ ਕਰਦੇ ਹਨ ਕਿ ਜਿਹੜੇ ਚਾਲੀ ਗੰਜ ਦੌਲਤ ਇਕੱਠੀ ਕੀਤੀ ਹੈ, ਉਸ ਦਾ ਕੀ ਕਰੋਗੇ? ਬਾਦਸ਼ਾਹ ਨੂੰ ਗਿਆਨ ਹੋ ਗਿਆ ਅਤੇ ਗੁਰੂ ਜੀ ਨੂੰ ਮਾਰਗ ਪਾਉਣ ਦੀ ਬੇਨਤੀ ਕੀਤੀ। ਗੁਰੂ ਜੀ ਨੇ ਉਹ ਦੌਲਤ ਲੋਕਾਂ ਵਿਚ ਵੰਡ ਕੇ ਪਰਮਾਤਮਾ ਦੀ ਬੰਦਗੀ ਕਰਨ ਅਤੇ ਲੋਕ-ਭਲਾਈ ਦੇ ਕਾਰਜ ਕਰਨ ਲਈ ਕਿਹਾ, ਬੰਧਨਾਂ ਤੋਂ ਨਿਜਾਤ ਪਾਉਣ ਦਾ ਇਹ ਸੌਖਾ ਤਰੀਕਾ ਸਮਝਾਇਆ।
ਗੁਰੂ ਜੀ ਸਤਿ ਕਰਤਾਰ ਨਾਲ ਜੁੜੇ ਰਹਿਣ ਦਾ ਬਚਨ ਕਰਦੇ ਸਨ, ਉਹ ਜਿਸ ਵੀ ਸ਼ਖ਼ਸ ਨੂੰ ਮਿਲਦੇ ਤਾਂ ਉਪਦੇਸ਼ ਕਰਦੇ ਤੈਨੂੰ ਕਰਤਾਰ ਚਿੱਤ ਆਵੇ। ਗੁਰੂ ਜੀ ਜਿਸ ਅਸਥਾਨ 'ਤੇ ਜਾ ਕੇ ਬੈਠ ਜਾਂਦੇ, ਉਪਦੇਸ਼ ਦਿੰਦੇ, ਕੀਰਤਨ ਕਰਦੇ; ਉਹ ਅਸਥਾਨ ਵਿਸ਼ੇਸ਼ ਰੂਪ ਗ੍ਰਹਿਣ ਕਰ ਜਾਂਦਾ। ਸਾਖੀਕਾਰ ਦੱਸਦਾ ਹੈ ਕਿ ਜਿਥੇ ਗੁਰੂ ਨਾਨਕ ਸਾਹਿਬ ਨੇ ਕੀਰਤਨ ਕੀਤਾ ਹੈ ਉਹ ਧਰਤੀ ਬੇਜ਼ਾਰ ਨਹੀਂ ਰਹੀ, ਉਥੇ ਕੁਦਰਤ ਦੀਆਂ ਨਿਆਮਤਾਂ ਪ੍ਰਗਟ ਹੋਈਆਂ। ਕਈ ਥਾਈਂ ਪਾਣੀ ਦਾ ਚਸ਼ਮਾ ਨਿਕਲਿਆ ਜਿਸ ਨੇ ਨਮਾਜ਼ੀਆਂ ਲਈ ਵਜ਼ੂ ਕਰਨ ਅਤੇ ਪਿਆਸਿਆਂ ਦੀ ਪਿਆਸ ਬੁਝਾਉਣ ਦਾ ਕੰਮ ਕੀਤਾ।
ਛੋਟੇ ਜਿਹੇ ਕਿਤਾਬਚੇ ਦੇ ਰੂਪ ਵਿਚ ਸਾਹਮਣੇ ਆਇਆ ਇਹ ਸਫ਼ਰਨਾਮਾ ਗੁਰੂ ਨਾਨਕ ਦੇਵ ਜੀ ਦੀ ਉਸਤਤ ਅਤੇ ਪ੍ਰੇਰਨਾ ਦਾ ਪ੍ਰਗਟਾਵਾ ਕਰਦਾ ਹੈ। ਗੁਰੂ ਜੀ ਨਾਲ ਸੰਬੰਧਿਤ ਕਈ ਪ੍ਰਸੰਗ ਐਸੇ ਆਏ ਹਨ ਜਿਨ੍ਹਾਂ ਵਿਚ ਕਰਾਮਾਤਾਂ ਦੀ ਭਰਮਾਰ ਹੈ। ਸਫ਼ਰਨਾਮੇ ਦਾ ਕਰਤਾ ਗੁਰੂ ਜੀ ਦੀ ਸ਼ਖ਼ਸੀਅਤ ਨੂੰ ਉਭਾਰਨ ਅਤੇ ਉਹਨਾਂ ਨੂੰ ਦੈਵੀ ਪੁਰਖ ਸਿੱਧ ਕਰਨ ਦਾ ਸਫ਼ਲ ਯਤਨ ਕਰਦਾ ਹੈ। ਜਿਹੜੇ ਸਰੋਤਾਂ ਦੀ ਉਹ ਵਰਤੋਂ ਕਰਦਾ ਹੈ, ਉਹ ਗੁਰੂ ਜੀ ਦੇ ਸਮਾਕਲੀਆਂ ਦੁਆਰਾ ਲਿਖੇ ਗਏ ਮੰਨਦਾ ਹੈ ਤਾਂ ਕਿ ਕਿਸੇ ਤਰ੍ਹਾਂ ਦਾ ਕੋਈ ਸ਼ੰਕਾ ਬਾਕੀ ਨਾ ਰਹੇ। ਸਿੱਧੇ ਤੌਰ 'ਤੇ ਗੁਰੂ ਜੀ ਨਾਲ ਜੋੜਨ ਅਤੇ ਉਹਨਾਂ ਦੇ ਦੱਸੇ ਹੋਏ ਮਾਰਗ 'ਤੇ ਚਲਣ ਦੀ ਪ੍ਰੇਰਨਾ ਦੇਣ ਵਾਲਾ ਇਹ ਇਕ ਮਹੱਤਵਪੂਰਨ ਦਸਤਾਵੇਜ਼ ਹੈ।