ਜਦੋਂ ਅਸੀਂ ਵੀ ਆਈ ਪੀ ਬਣੇ (ਵਿਅੰਗ )

ਗੁਰਮੀਤ ਸਿੰਘ ਫਾਜ਼ਿਲਕਾ   

Email: gurmeetsinghfazilka@gmail.com
Cell: +91 98148 56160
Address: 3/1751, ਕੈਲਾਸ਼ ਨਗਰ
ਫਾਜ਼ਿਲਕਾ India
ਗੁਰਮੀਤ ਸਿੰਘ ਫਾਜ਼ਿਲਕਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਵੀ ਆਈ ਪੀ ਬਨਣ ਦਾ ਮੌਕਾ ਹਰ ਕਿਸੇ ਨੂੰ ਨਹੀਂ ਮਿਲਦਾ। ਕੋਈ ਬੰਦਾ ਹੁੰਦਾ ਜਿਸ ਨੂੰ ਵੀ ਆਈ ਪੀ ਦਰਵਾਜੇ ਵਿਚੋਂ ਲੰਘਣ ਦਾ ਸਬਬ ਹਾਸਲ ਹੁੰਦਾ ਹੈ ।ਜਿਸ ਅਜ਼ੀਮ ਮੌਕੇ ਦੀ ਗਲ ਅਸੀਂ ਕਰ ਰਹੇ ਹਾਂ ਉਸਦੀ ਗੂੰਜ ਸਾਰੇ ਦੇਸ਼ ਵਿਚ ਕਈ ਦਿਨਾਂ ਤੋਂ ਪੈ ਰਹੀ ਹੈ ।ਉਹ ਹੈ ਲੋਕ ਸਭਾਂ ਚੋਣਾਂ ਦਾ ਮੁਬਾਰਕ ਸਮਾਂ ।ਜਿਸ ਮੌਕੇ ਸਾਨੂੰ ਦੇਸ਼ ਵਾਸੀਆਂ ਨੂੰ ਆਪਣੇ ਦੇਸ਼ ਦੀ ਨਵੀਂ ਸਰਕਾਰ ਬਨਾਉਣ ਦਾ ਪਿਆਰਾ ਜਿਹਾ ਤਜ਼ਰਬਾ ਹਾਸਲ ਹੋ ਰਿਹਾ ਹੈ  । ਪੰਜਾਬ ਵਿਚ ਇਹ ਚੋਣ ਆਖਰੀ ਗੇੜ ਵਿਚ ਹੋ ਰਹੀ ਹੈ । ਇਸ ਲਈ ਮੇਰੇ ਸ਼ਹਿਰ ਤੋਂ ਪੰਜ  ਕੁ ਕਿਲੋਮੀਟਰ ਦੂਰੀ ਤੇ ਰਾਜ ਦੇ ਵਡੇ ਮੰਤਰੀ ਜੀ ਨੇ ਆਉਣਾ ਸੀ । ਉਂਨ੍ਹਾਂ  ਦੇ ਨਾਲ ਹਲਕੇ ਦੇ ਖਾਸ ਉਮੀਦਵਾਰ ਵੀ ਆ ਰਹੇ ਸੀ । ਪਿਛਲੀ ਵਿਧਾਂਨ ਸਭਾ ਚੋਣ ਵਿਚ ਹਾਰੀ ਇਕ ਆਜ਼ਾਦ ਉਮੀਦਵਾਰ ਨੇ ਆਪਣੀ ਵਫਾਦਾਰੀ ਬਦਲ ਕੇ ਹੁਕਮਰਾਨ ਪਾਰਟੀ ਨਾਲ ਜੋੜ ਲਈ ਸੀ । ਕਿਉਂ ਕਿ ਉਸਦਾ ਦਿਲ ਪਿਛਲੀ ਸਿਆਸੀ ਪਾਰਟੀ ਤੋਂ ਖੱਟਾ ਹੋ ਗਿਆ ਸੀ । ਖੈਰ1 ਅਸੀਂ ਇਸ ਕਿੱਸੇ ਤੋਂ ਕੀ ਲੈਣਾ ।  ਸਾਡਾ ਮਤਲਬ ਤਾਂ ਵੀ ਆਈ ਪੀ ਬਨਣ ਵੇਲੇ ਦੀ ਖੁਸ਼ੀ ਪਾਠਕਾਂ ਨਾਲ ਸਾਂਝੀ ਕਰਨ ਤੋਂ ਹੈ । 
ਅਸੀਂ ਆਪਣਾ ਮੰਗ ਪਤਰ ਲਿਖਤੀ ਰੂਪ ਵਿਚ ਲਿਆ ।ਤੇ ਦੋਨੋ ਜਣੇ ਮੈਂ ਤੇ ਮੇਰਾ ਬੇਟਾ ਤਿੱਖੜ ਦੁਪਹਿਰ ਵੇਲੇ ਸਕੂਟਰੀ ਤੇ ਤੁਰ ਪਏ । ਹੁਣ ਤੁਸੀ ਕਹੋਗੇ ਕਿ ਤੁਹਾਡਾ ਕਾਹਦਾ ਮੰਗ ਪਤਰ ਸੀ । ਉਹ ਸਾਡੀ ਮੰਗ ਬਹੁਤ ਅਹਿਮ ਸੀ । ਅਸੀਂ ਦੋ ਦਿਨ  ਲਾ ਕੇ ਉਸਦੀ ਸ਼ਬਦਾਵਲੀ ਬਨਾਈ ਕਿ ਨੇਤਾ ਜੀ ਇਹ ਨਾ ਕਹਿਣ ਕਿ ਸਾਨੂਂ ਤਾਂ ਇਹਦੀ ਸਮਝ ਹੀ ਨਹੀਂ ਲਗੀ । ਮੰਗ ਪੱਤਰ ਚ ਲਿਖਿਆ ਕਿ ਸਾਡੇ ਇਲਾਕੇ ਦੇ ਇਕ ਕਾਲਜ ਵਿਚ ਸਟਾਫ ਨੂੰ ਤਨਖਾਹਾਂ ਨਹੀਂ ਮਿਲੀਆਂ । ਦੋ ਚਾਰ ਮਹੀਨੇ ਹੁੰਦੇ ਤਾਂ ਕਹਿੰਦੇ ਹਊ ਪਰ੍ਹੈ ਚਲੋ ਮਿਲ ਜਾਣਗੀਆਂ ਜਦ  ਨਵੀਂ ਸ਼ਰਕਾਰ ਬਣੀ । ਉਹ ਪਿਆਰਿਓਂ! ਤਨਖਾਹਾਂ ਬਗੈਰ ਕੌਣ ਰਹੇ?     ਕਿਵੇਂ ਬਲੇ ਘਰਾਂ ਦਾ ਚੁਲ੍ਹਾ? ਉਹ ਵੀ ਪਿਛਲੇ ਛੱਬੀ ਸਤਾਈ ਮਹੀਨਿਆਂ ਤੋਂ ਊਠ ਦੇ ਬੁਲ੍ਹ ਵਾਂਗ  ਲਟਕਦਾ ਬਕਾਇਆ ਪਿਛਲੀ ਸਰਕਾਰ ਦੇ ਵੇਲੇ ਤੋਂ ਸਰਕਦਾ ਨਵੀਂ ਸਰਕਾਰ ਬਨਣ ਤੱਕ ਦਾ ਲੰਮਾ ਪੈਂਡਾ । ਵੇਖਿਆ ਕਾਲਿਜ ਸਟਾਫ ਦਾ ਜੇਰਾ ! ਮੇਰਾ ਭਾਵ ਸਮਝ ਗਏ ਜੇ । ਦੋ ਸਾਲ ਤੋਂ ਉਪਰ ਦਾ ਸਮਾਂ ਹੋ ਗਿਆ ।ਨਿਜੀ ਕਾਲਜ ਦੇ ਸਟਾਫ ਨੂੰ ਪੈਸੇ ਦਾ ਮੂੰਹ ਵਖਿਆਂ  । ਤੁਸੀਂ ਕਹੋਗੇ ਐਨਾ ਚਿਰ ? ਕਮਾਲ ਕਰਤੀ ।ਕਾਲਜ ਵਾਲਿਆਂ ਨੇ ?? ਮੈਂ ਕਿਹਾ ਜੀ ਇਕ ਕਮਾਲ;  ? ਹੁਣ ਤੁਸੀਂ  ਇਹ ਵੀ ਪੁਛੋਗੇ ਕਿਉਂ ? ਸਚੋ ਸਚ ਦਸ ਦੇਈਏ । ਕਾਲਿਜ ਦੇ ਸਿਆਸੀ ਮਾਲਿਕ ਕਹਿੰਦੇ ਨੇ  ਕਾਲਜ ਨੂੰ ਅਨੁਸੂਚਿਤ ਜਾਤੀ ਵਿਦਿਆਰਥੀਆਂ ਦਾ ਵਜ਼ੀਫਾ ਨਹੀਂ ਮਿਲਿਆ । ਹੁਣ ਇਂਨ੍ਹਾਂ  ਨੂੰ ਪੁਛੋ ਵਜ਼ੀਫਾ ਗਿਆ ਕਿਥੇ ? ਕੌਣ ਦਾਅ ਮਾਰ ਗਿਆ ??  
 ਹੁਣ ਤੁਸੀਂ ਸਾਰਾ ਮਾਜਰਾ ਸਮਝ ਗਏ ਜੇ ।ਖੈਰ ! ਅਸੀਂ ਇਹ ਸਾਰਾ ਦੁਖੜਾ ਮੰਗ ਪਤਰ ਦੇ ਰੂਪ ਵਿਚ ਆਪਣੀ ਨਵੀਂ ਨਕੋਰ ਫਾਈਲ ਵਿਚ ਲਾਇਆ ਤੇ ਤੁਰ ਪਏ ਰੈਲੀ ਵਿਚ । ਪਹੁੰਚ  ਗਏ ।ਆਮ ਲੋਕਾਂ ਦੇ ਰਸਤੇ ਵਿਚੋਂ ਅੰਦਰ ਗਏ ।ਪਰ ਉਸ ਥਾਂ ਤੋਂ ਸਟੇਜ ਬਹੁਤ ਦੂਰ ਸੀ । ਲੋਕਾਂ ਦੀ ਵਡੀ ਭੀੜ ਸੀ ।ਅਸੀਂ ਤਾਂ  ਬਾਹਰ ਆਕੇ ਪਾਣੀ ਟੈਂਕ ਵਿਚੋੰ ਮੂੰਹ ਲਾਕੇ ਪੀਤਾ ।ਪ੍ਰਬੰਧ ਤਾਂ ਇਹੋ ਜਿਹਾ ਹੀ ਸੀ  ਪਾਣੀ ਦਾ ।ਸੋਚਿਆ ਪਾਣੀ ਨਾਲ ਹੀ ਲਿਆਉਣਾ ਚਾਹੀਦਾ ਸੀ ।ਪਰ ਹੁਣ ਕੀ ਹੋ ਸਕਦਾ ਸੀ ਵਾਰ ਵਾਰ ਬੁਲ੍ਹ ਸੁਕੀ ਜਾਣ ।ਖੈਰ ਫਾਈਲ ਅਸੀਂ ਘੁਟ ਕੇ ਫੜੀ ਹੋਈ ਸੀ ਕਿਤੇ ਮੰਗ ਪਤਰ ਡਿਗ ਹੀ ਨਾ ਪਵੇ । ਹੋਰ ਸਾਡੀ ਸਾਰੀ ਕੀਤੀ ਕਤਰੀ ਰੁੜ੍ਹ ਜਾਵੇ । ਬਾਹਰ ਨਿਕਲ ਕੇ ਅਸੀਂ ਇਕ ਗੇਟ ਤੇ ਖੜੇ ਪੁਲਿਸ ਵਾਲੇ ਨੂੰ ਆਪਣੀ ਸਾਰੀ ਵਿਥਿਆ ਦਸੀਂ ਉਹ ਕਹਿਣ ਲਗਾ ਤੁਸੀਂ ਇੰਜ ਕਰੋ ਇਸ  ਵੀ  ਆਈ ਪੀ ਗੇਟ ਵਿਚੋਂ ਅੰਦਰ ਚਲੇ ਜਾਇਓਂ------- ਬੰਦੇ ਤੁਸੀਂ    ਨੇਕ ਲਗਦੇ ਜੇ ।   ਖੈਰ! ਸਾਨੂੰ ਨੇਕ ਹੋਣ ਦਾ ਸਰਟੀਫੀਕੇਟ ਲੈਕੇ ਬਹੁਤ ਖੁਸ਼ੀ ਹੋਈ ਉਹ ਵੀ ਇਕ ਪੁਲੀਸ ਵਾਲੇ ਤੋਂ ।  ਦੂਰੋ ਅਸ਼ੀਂ ਵੀ ਆਈ ਪੀ  ਪਾਸ ਲਿਆ । ਪਾਸ ਦੇਣ ਵਾਲਾ ਮੁੰਡਾ ਕਿਸੇ ਵੇਲੇ ਸਾਡਾ ਵਿਦਿਆਰਥੀ ਰਿਹਾ ਸੀ । ਲਓ ਜੀ ਉਡੀਕ ਮੁਕੀ  ਮੰਤਰੀ ਜੀ ਵੀ  ਆ ਗਏ ।ਲੋਕਾਂ ਨੇ ਹਥ ਖੜੇ ਕਰਦੇ ਨਾਅਰੇ ਲਾਏ ।ਸਵਾਗਤ ਕੀਤਾ । ਮੰਤਰੀ ਜੀ ਦੀ ਬੱਲੇ ਬੱਲੇ ਹੋ ਗਈ ।ਅਸੀਂ ਵੀ ਫਾਈਲ ਉਚੀ ਕਰਕੇ ਮੰਤਰੀ ਜੀ ਦਾ ਸਵਾਗਤ ਕੀਤਾ।ਭਾਸ਼ਨਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਉਹ ਤਾਂ ਪਹਿਲਾਂ ਹੀ ਜਾਰੀ ਸੀ । ਅਸੀਂ ਹੌਲੀ ਜਿਹੀ ਕੋਲ ਕੋਲ ਹੁੰਦੇ ਗਏ । ਇਕ ਪਾਰਟੀ ਵਰਕਰ ਦੂਰੋਂ ਸਾਨੂੰ ਦਿਸ ਪਿਆ ।ਪਰ ਉਹਦੇ ਤਕ ਜਾਣਾ ਬਹੁਤ ਔਖਾ ਸੀ ।ਅਗੇ ਦੋ ਨਾਕੇ ਹੋਰ ਸੀ ।ਇਕ ਨਾਕੇ ਕੋਲ ਜਾ ਕੇ ਅਸੀਂ ਬੇਨਤੀ ਕੀਤੀ ਪੁਲੀਸ ਵਾਲੇ ਨੂੰ  ਪਰ ਉਹ ਤਾਂ ਪੈਰਾਂ ਤੇ ਪਾਣੀ ਨਾ ਪੈਣ ਦੇਵੇ ।ਖੈਰ ਅਸੀਂ ਉਥੇ ਹੀ ਧੁਪ ਵਿਚ ਡਟ ਗਏ । ਨੇਤਾਵਾਂ ਨੂੰ ਸੁਣੀ ਗਏ ।ਇਕ ਜਾਣੂੰ ਪਤਰਕਾਰ ਕੋਲ ਆਇਆ--- ਕਿਵੇਂ ਮਾਸਟਰ  ਜੀ ਧੁੱਪੇ ਖੜੇ ਹੋ ?-----  ਧੁੱਪੇ ਕੀ ਯਾਰ---- ਆਹ ਮੰਗ ਪਤਰ ਦੇਣਾ ਸੀ ਮੰਤਰੀ ਜੀ ਨੂੰ । ਇਹ ਅੰਦਰ ਹੀ ਨਹੀਂ ਜਾਣ ਦੇ ਰਹੇ ।ਮੈਂ ਤੁਹਾਡੇ ਕੋਲ ਬਹਿ ਜਾਨਾਂ ਖੈਰ ਉਹ ਪਿਆਰਾ ਪਤਰਕਾਰ ਸਾਨੂੰ ਆਪਣੀ ਵਿਸ਼ੇਸ਼ ਗੈਲਰੀ ਵਿਚ ਲੈ ਗਿਆ ।ਬੈਠ ਗਏ ਨਰਮ ਨਰਮ ਸੋਫੇ ਤੇ। ਪਰ ਉਸ ਥਾਂ ਤੇ ਕੈਮਰਿਆਂ ਦੀ ਐਨੀ ਭੀੜ ਸੀ ਕਿ ਕੁਝ ਨਹੀਂ ਸੀ ਦਿਸ ਰਿਹਾ । ਇਕ ਪਤਰਕਾਰ ਨੂੰ ਅਸੀਂ ਆਪਣਾ ਮੰਗ ਪਤਰ ਵੀ ਪੜ੍ਹਨ ਨੂੰ ਦਿਤਾ ।  ਪੜ੍ਹ ਕੇ ਉਸਨੇ ਕੁਝ ਨਾ ਕਿਹਾ ।ਤੇ ਨੇਤਾਵਾਂ ਦੇ ਭਾਸ਼ਨ ਲਿਖਣ ਵੱਲ ਲਗਾ ਰਿਹਾ । ਅਸੀਂ ਸੋਚਿਆ ਇਸ ਥਾਂ ਤੋਂ ਸਾਡਾ ਮਕਸਦ ਹਲ ਕਿਵੇਂ ਹੋਵੇਗਾ ? ਵੱਡੀਆ ਵੱਡੀਆਂ ਰੋਕਾਂ ਸਨ ਸਟੇਜ ਤਕ । ਸਟੇਜ ਤਕ ਜਾਣਾ ਔਖਾ ਸੀ । ਕੀ ਬਣੂ ਮੰਗ ਪਤਰ ਦਾ ? ਸੋਚਾਂ ਦੇ ਘੋੜੇ ਅਜੇ ਦੌੜ ਹੀ ਰਹੇ ਸੀ ਕਿ ਵਡੇ ਮੰਤਰੀ ਸ਼ਾਂਹਿਬ ਸਟੇਜ ਤੋਂ ਵੋਟਾਂ ਮੰਗਦੇ ਵਿਰੋਧੀ ਪਾਰਟੀਆਂ ਨੂੰ ਭੰਡਦੇ ਔਹ ਗਏ ।ਅਸੀਂ ਪਤਰਕਾਰਾਂ ਕੋਲੋਂ ਉਠਣ ਵਿਚ ਹੀ ਭਲਾਈ ਸਮਝੀ ।ਪਰ ਸਾਡੇ ਨਿਕਲਦਿਆਂ ਤੱਕ ਮੰਤਰੀ ਜੀ ਤੇ  ਨਾਲ ਚੋਣਾਂ ਵਿਚ ਖੜਾ ਉਮੀਦਵਾਰ ਦਮਗਜੇ ਮਾਰਦਾ ਵੀ ਸਟੇਜ ਤੋ ਲਹਿ ਕੇ ਆਪਣੇ ਲਾਮ ਲਸ਼ਕਰ ਨਾਲ ਪਿਛਲੇ ਪੰਡਾਲ ਵਿਚ ਚਲਾ ਗਿਆ ।ਅਸੀਂ ਤੀਸਰੇ ਨਾਕੇ ਕੋਲ ਜਾ ਕੇ ਪੁਲੀਸ ਵਾਲਿਆਂ ਨੂੰ ਬੇਨਤੀ ਦਰ  ਬੇਨਤੀ ਕੀਤ।ਮੰਗ ਪਤਰ ਦੀ ਭਾਸ਼ਾ ਬਾਰੀਕੀ ਨਾਲ ਸਮਝਾਈ । ਪਰ ਨਾ ਜੀ------ ਉਸਦੇ ਕੰਨਾ ਤੇ ਜੂੰਅ ਤਕ ਨਾ ਸਰਕੀ ।ਵੇਂਹਦਿਆਂ ਵੇਹਦਿਆ ਮੰਤਰੀ ਜੀ ਦਾ ਵਡਾ ਕਾਫਲਾ ਗਡੀਆਂ ਦੇ ਹੂਟਰ ਮਾਰਦਾ ਭੀੜ ਨੂੰ ਚੀਰਦਾ ਔਹ  ਗਿਆ ।ਮੰਗ ਪਤਰ ਵਾਲੀ ਫਾਈਲ ਸਿਸਕੀਆਂ ਲੈਂਦੀ ਸ਼ਾਡੇ ਹੱਥਾਂ ਵਿਚ ਹੀ ਰਹਿ ਗਈ ।ਸਾਡਾ   ਵੀ ਆਈ ਪੀ ਗੇਟ ਵਿਚੋਂ ਲੰਘਣ ਦਾ ਚਾਅ ਮੁਰਝਾ ਗਿਆ ਸੀ ।