ਪੰਜਾਬੀ ਹੈ ਜ਼ਬਾਨ ਮੇਰੀ ।
ਰੂਹ ਮੇਰੀ ਜਾਨ ਮੇਰੀ ।
ਉਚੀ ਕਰੇ ਸ਼ਾਨ ਮੇਰੀ ।
ਸ਼ਬਦਾਂ ਦੀ ਖਾਨ ਮੇਰੀ ।
ਇਸੇ ਲਈ ਸਦਾ ਇਹਦਾ ਕਰਾਂ ਸਤਿਕਾਰ ਮੈਂ ।
ਦੁੱਧ ਦੀ ਮਿਠਾਸ ਇਹੋ।
ਪਿਆਸੇ ਦੀ ਪਿਆਸ ਇਹੋ ।
ਜਿਸਮ ਚ' ਸਾਸ ਇਹੋ।
ਜੀਵਨ ਦੀ ਆਸ ਇਹੋ ।
ਧੁਰ ਅੰਦਰ ਤੋਂ ਦਿੰਦਾ ਰਹਾਂ ਇਹਨੂੰ ਪਿਆਰ ਮੈਂ ।
ਗੁਰੂਆਂ ਦੇ ਬੋਲ ਮਿੱਠੇ।
ਸ਼ਹਿਦ ਰਹੇ ਘੋਲ ਮਿੱਠੇ ।
ਸੂਫ਼ੀ-ਰੰਗ ਫੋਲ ;ਮਿੱਠੇ ।
ਸ਼ਬਦਾਂ ਦੇ ਝੋਲ ਮਿੱਠੇ ।
ਮਿੱਠਤ ਦੇ ਨਾਲ ਤਾਹੀਓਂ ਹੋਇਆ ਸਰਸ਼ਾਰ ਮੈਂ ।
ਬੱਚਿਆਂ ਦੇ ਵਿਹੜੇ ਵੀ ।
ਪ੍ਰੇਮੀਆਂ ਦੇ ਨੇੜੇ ਵੀ ।
ਜਜ਼ਬਿਆਂ ਨੂੰ ਛੇੜੇ ਵੀ ।
ਪਿਆਰ ਵੀ ਤੇ ਝੇੜੇ ਵੀ।
ਦਿਲ ਧੜਕਾਏ ਮੇਰਾ ਜਾਵਾਂ ਬਲਿਹਾਰ ਮੈਂ ।
ਮਾਵਾਂ ਦੀਆਂ ਲੋਰੀਆਂ ਚੋਂ ।
ਯਾਰਾਂ ਦੀਆਂ ਜੋੜੀਆਂ ਚੋਂ ।
ਬਾਂਕਿਆਂ ਤੇ ਗੋਰੀਆਂ ਚੋਂ ।
ਚੀਰਿਆਂ ਤੇ ਡੋਰੀਆਂ ਚੋਂ ।
ਜਿਹੜੇ ਬੰਨੇ ਦੇਖਾਂ ਇਹਦੀ ਤੱਕਦਾ ਨੁਹਾਰ ਮੈਂ ।
ਗਿੱਧੇ ਦੀਆਂ ਬੋਲੀਆਂ ਚ'।
ਭੰਗੜੇ ਦੀਆਂ ਟੋਲੀਆਂ ਚ'।
ਬੋਲੀ ਪਾਂਦੇ ਢੋਲੀਆਂ ਚ'।
ਗੀਤਾਂ ਦੀਆਂ ਝੋਲੀਆਂ ਚ'।
ਮਿੱਠੀ ਧੁਨ ਉੱਤੇ ਹੋਇਆ ਨੱਚਣ ਨੂੰ ਤਿਆਰ ਮੈਂ ।
ਵੰਝਲੀ ਜਿਹੇ ਸਾਜ਼ਾਂ ਵਿਚ।
ਮਿਠੀਆਂ ਅਵਾਜ਼ਾਂ ਵਿਚ ।
ਰੀਤਾਂ ਤੇ ਰਿਵਾਜਾਂ ਵਿਚ।
ਖੁਸ਼ੀ ਗਮੀ ਕਾਜਾਂ ਵਿਚ ।
ਸਦ ਹੀ ਨਿਭਾਂਵਦਾ ਪੰਜਾਬੀ ਦੇ ਵਿਹਾਰ ਮੈਂ।
ਮਾਂ ਦੇ ਦੁੱਧ ਦਾ ਕਰਜ਼ ਹੈ ।
ਸਭ ਨੂੰ ਇਹੋ ਅਰਜ਼ ਹੈ ।
ਕਰਜ਼ ਲਾਹੀਏ ਫਰਜ਼ ਹੈ ।
ਵੱਡੀ ਇਹੋ ਗਰਜ਼ ਹੈ ।
"ਰੁਪਾਲ" ਕਰਜ਼ ਤਾਰਨੇ ਨੂੰ ਜਾਨ ਦੇਵਾਂ ਵਾਰ ਮੈਂ ।