ਜਦੋਂ ਅਸੀਂ ਬਹੁਤ ਛੋਟੇ ਹੁੰਦੇ ਹਾਂ ਤਾਂ ਅਸੀਂ ਬੱਚੇ ਬੱਚੇ ਆਪਸ ਵਿੱਚ ਖੇਡਦੇ ਹੋਏ ,ਕਈ ਵਾਰ ਲੜਦੇ ਵੀ ਹਾਂ ਪਿਆਰ ਵੀ ਕਰਦੇ ਹਾਂ।ਕਦੀ ਕਦੀ ਇੱਕ ਦੂਸਰੇ ਦੇ ਘਰ ਵੀ ਜਾ ਕੇ ਖੇਡ ਲਈਦਾ ਸੀ। ਕਦੀ ਕਦੀ ਸੱਟ ਵੀ ਮਰਵਾ ਕੇ ਘਰ ਆ ਜਾਣਾ।ਕਦੀ ਬੱਚਿਆਂ ਨਾਲ ਲੜਕੇ ਵੀ ਘਰ ਆ ਜਾਣਾ।ਪਰ ਘਰ ਆ ਕੇ ਕਦੀ ਨਹੀਂ ਦੱਸਦੇ ਸੀ।ਜੇ ਮੰਮੀ ਨੇ ਪੁਛਣਾ ਕਿ ਕੀ ਖੇਡਣੋ ਲੜ ਕੇ ਹਟੇ ਸੀ ਕਿ ਸੱਟ ਮਰਵਾ ਕੇ ਹਟੇ ਹੋ ,ਤਾਂ ਮੇਰਾ ਇੱਕੋ ਹੀ ਜਵਾਬ ਹੁੰਦਾ ਸੀ ,”ਪਤਾ ਨੀ”।
ਇਸੇ ਤਰਾਂ ਅਸੀਂ ਰਾਤ ਨੂੰ ਰੋਟੀ ਖਾ ਕੇ ਹਟੇ ਤਾਂ ਮੈਂ ਸੋਚਾਂ ਚ ਪੈ ਗਿਆ।ਨਾਲ ਮੈਂ ਬੱਚਿਆਂ ਵੱਲ ਨਿਗਾਹ ਟਿਕਾਈ ਹੋਈ ਸੀ।ਮੇਰੇ ਮੰਮੀ ਕਾਫੀ ਚਿਰ ਤਾਂ ਮੇਰੇ ਵੱਲ ਵੇਂਹਦੇ ਰਹੇ ,ਕੁਝ ਦੇਰ ਬਾਦ ਮੈਂਨੂੰ ਕਹਿਣ ਲੱਗੇ ਕਿ ਸੱਤ ਤੂੰ ਕਿਹੜੀਆਂ ਸੋਚਾਂ ਚ ਪਿਆ ਹੈਂ ਚੁਪ ਕੀਤਾ ਬੈਠਾਂ ਹੈਂ। ਮੈਂ ਇੱਕ ਦਮ ਤ੍ਰਭਕ ਕੇ ਸੋਚਾਂ ਚੋਂ ਬਾਹਰ ਆਇਆ।ਮੈਂ ਮੰਮੀ ਦੀ ਆਵਾਜ ਸੁਣਕੇ ਕਿਹਾ ,”ਕੁਝ ਨੀ”।ਮੰਮੀ ਨੂੰ ਵੀ ਕਿਥੇ ਪੁਛੇ ਬਿਨਾ ਸਬਰ ਆਵੇ।ਕਹਿੰਦੇ ,”ਨਹੀ ਤੂੰ ਦੱਸ ਦੇ ਸਾਨੂੰ ਵੀ ਕੀ ਤੂੰ ਸੋਚਦਾ ਸੀ”।ਮੈਂ ਮੰਮੀ ਨੂੰ ਕਿਹਾ ,”ਮੰਮੀ ;ਮੈਂ ਤਾਂ ਅੱਜ ਤੋਂ ਪੰਜ ਛੇ ਸਾਲ ਪਿੱਛੇ ਸੋਚਾਂ ਸੋਚੀ ਜਾਂਦਾ ਸੀ। ਤੁਸੀਂ ਤਾਂ ਉਦੋਂ ਇੰਡੀਆ ਗਏ ਹੋਏ ਸੀ।ਸੁਖਮਨੀ ਜੀ ਨੇ ਅਜੇ ਦੁਨੀਆ ਦੇਖੀ ਨਹੀਂ ਸੀ। ਆਪਾਂ ਉਸ ਦਿਨ ਗੁਰੂ ਮਹਾਰਾਜ ਘਰ ਲਿਆ ਕੇ ਨਵੇਂ ਘਰ ਦਾ ਮਹੂਰਤ ਕਰਾਇਆ ਸੀ ਕਿਉਕਿ ਕਹਿੰਦੇ ਹੁੰਦੇ ਸਭ ਤੋਂ ਪਹਿਲਾਂ ਨਵੇਂ ਘਰ ਵਿੱਚ ਗੁਰੂ ਮਹਾਰਾਜ ਦੇ ਚਰਣ ਪੁਆਈ ਦੇ ਹੁੰਦੇ ਹੈ। ਅਸੀਂ ਵੀ ਵੱਡਿਆਂ ਦਾ ਕਹਿਣਾ ਮੰਨਿਆ। ਘਰ ਵਿੱਚ ਗੁਰੂ ਮਹਾਰਾਜ ਦੇ ਚਰਨ ਪੁਆਏ ਤੇ ਸਭ ਦੋਸਤਾਂ ਮਿਤਰਾਂ ਨੂੰ ਬਲਾਇਆ। ਸਭ ਨੇ ਨਵੇਂ ਘਰ ਦੀਆਂ ਮੈਨੂੰ ਤੇ ਕਮਲ ਨੂੰ ਵਧਾਈਆਂ ਦਿੱਤੀਆਂ।ਚਾਹ ਪਾਣੀ ਦਾ ਪਹਿਲਾਂ ਅਤੇ ਪਾਠ ਕਰਨ ਅਤੇ ਦੇਗ ਵਰਤਾਉਣ ਤੋਂ ਬਾਦ ਲੰਗਰ ਦਾ ਪ੍ਰੋਗਰਾਮ ਹੋਇਆ। ਬੱਚੇ ਆਪਦੀ ਮਸਤੀ ਵਿੱਚ ਹੀ ਖੇਡ ਰਹੇ ਸਨ।ਬੱਚਿਆਂ ਨੂੰ ਖੇਡਦਿਆਂ ਦੇਖਕੇ ਸਭ ਮੰਮੀ ਪਾਪਾ ਖੁਸ਼ ਸਨ। ਲੰਗਰ ਦਾ ਪ੍ਰੋਗਰਾਮ ਖਤਮ ਹੋਣ ਤੇ ਸਭ ਆਪੋ ਆਪਣੇ ਘਰਾਂ ਨੂੰ ਚਲੇ ਗਏ। ਅਸੀਂ ਅਜੇ ਸੌਣ ਲਈ ਪੈਣਾ ਹੀ ਸੀ ਕਿ ਆਪਣੀ ਜਸਲੀਨ ਨੇ ਉੱਚੀ ਉੱਚੀ ਰੋਣਾ ਸ਼ੁਰੂ ਕਰ ਦਿੱਤਾ। ਮੈਂ ਤੇ ਕਮਲ ਤਾਂ ਜਸਲੀਨ ਦਾ ਰੋਣ ਸੁਣਕੇ ਬਹੁਤ ਹੈਰਾਨ ਹੋਏ ਕਿ ਹੁਣੇ ਤਾਂ ਇਹ ਖੇਡਦੀ ਸੀ ਐਡੀ ਜਲਦੀ ਕੀ ਹੋ ਗਿਆ। ਜਸਲੀਨ ਰੋਦੀਰੋਦੀ ਸਾਨੂੰ ਹੱਥ ਦਿਖਾ ਰਹੀ ਸੀ।ਪਰ ਸਾਨੂੰ ਕੁਝ ਸਮਝ ਨਹੀ ਆ ਰਿਹਾ ਸੀ ਕਿ ਕੀ ਦੁਖਦਾ ਹੈ। ਮੈਂ ਤੇ ਕਮਲ ਸਲਾਹ ਕਰਕੇ ਜਸਲੀਨ ਨੂੰ ਐਮਰਜੈਂਸੀ ਹਸਪਤਾਲ ਡਾਕਟਰ ਕੋਲ ਲੈ ਗਏ। ਜਸਲੀਨ ਦਾ ਜਿਆਦਾ ਹੀ ਰੋਣਾ ਸੁਣਕੇ ਡਾਕਟਰ ਨੇ ਬਾਕੀ ਮਰੀਜਾਂ ਨੂੰ ਬਾਦ ਵਿੱਚ.ਪਹਿਲਾਂ ਜਸਲੀਨ ਨੂੰ ਦੇਖਣਾ ਠੀਕ ਸਮਝਿਆ। ਡਾ ਨੇ ਬੜੀ ਸ਼ਾਤੀ ਨਾਲ ਜਸਲੀਨ ਨੂੰ ਦੇਖਿਆ ਤੇ ਕਿਹਾ,”ਇਸਦੇ ਹੱਥ ਵਿੱਚ ਕੰਡਾ ਵੱਜਿਆ ਹੋਇਆ ਹੈ।ਇਹ ਹੁਣੇ ਹੀ ਕੱਢਣਾ ਪਵੇਗਾ”।ਡਾ ਜੀ ਨੇ ਗੱਲਾਂ ਕਰਦਿਆਂ ਕਰਦਿਆਂ ਜਸਲੀਨ ਦੀ ਉਂਗਲ ਵਿਚੋਂ ਕੰਡਾ ਕੱਢ ਦਿੱਤਾ।ਕੰਡਾ ਕੱਢਣ ਦੀ ਦੇਰ ਸੀ ਕਿ ਜਸਲੀਨ ਦਾ ਤਾਂ ਰੋਣਾ ਵੀ ਬੰਦ ਨਾਲ ਹੀ ਗੂੜੀ ਨੀਂਦ ਵਿਚ ਗੁਆਚ ਗਈ। ਕੁਝ ਚਿਰ ਹੋਇਆ ਮੈਂ ਜਸਲੀਨ ਨੂੰ ਪੁਛਿਆ,“ਜਸਲੀਨ ਤੈਨੂੰ ਉਦੋ ਕੀ ਹੋ ਗਿਆ ਸੀ ਜਦੋਂ ਤੂੰ ਏਨਾ ਰੋਇਆ ਸੀ” ਜਸਲੀਨ ਦਾ ਜੁਆਬ ਸੀ,”ਪਤਾ ਨੀ”।