ਸਿਆਸਤ ਦੇ ਰੰਗਾਂ ਤੇ ਵਿਅੰਗ ਕਰਦੀ ਪੁਸਤਕ
(ਪੁਸਤਕ ਪੜਚੋਲ )
ਵਿਕਾਸ ਦੀਆਂ ਹਨੇਰੀਆਂ (ਲੇਖਕ ਐੱਮ ਕੇ ਰਾਹੀ ਚੇਤਨਾ ਪ੍ਰਕਾਸ਼ਂਨ ਲੁਧਿਆਣਾ ਕੀਮਤ 200 ਰੁਪਏ )
ਹਾਸ ਵਿਅਂਗ ਦੀ ਇਸ ਪੁਸਤਕ ਵਿਚ ਛੋਟੇ ਵਡੇ ਪੈਂਤੀ ਵਿਅੰਗ ਹਨ । ਪੁਸਤਕ ਲੇਖਕ ਐਮ ਕੇ ਰਾਹੀ ਦਾ ਵਿਅੰਗ ਵਿਚ ਚੰਗਾ ਨਾਮ ਹੈ ।ਵਿਅੰਗ ਦੇ ਟਕਸਾਲੀ ਲੇਖਕ ਪਿਆਰਾ ਸਿੰਘ ਦਾਤਾ ਯਾਦਗਾਰੀ ਪੁਰਸਕਾਰ ਵਿਜੇਤਾ ਰਾਹੀ ਪਿਛਲੇ ਲੰਮੇ ਸਮੇਂ ਤੋਂ ਇਸ ਖੇਤਰ ਵਿਚ ਜੂਝ ਰਿਹਾ ਹੈ । ਕਹਾਣੀ ਕਵਿਤਾ ਤੋਂ ਵਿਅੰਗ ਵਲ ਪਰਤੇ ਲੇਖਕ ਦੀ ਇਹ ਦਸਵੀਂ ਵਾਰਤਕ ਵਿਅੰਗ ਦੀ ਕਿਤਾਬ ਹੈ ।ਇਸ ਤੋਂ ਪਹਿਲਾਂ ਉਸ ਦੀ ਪੁਸਤਕਾਂ ਤਾਏ ਨਿਹਾਲੇ ਦਾ ਜਨ ਸੰਪਰਕ ,ਕੀ ਬਣੂੰ ਇੰਡੀਆਂ ਦਾ ,ਤੱਤੀਆਂ ਠੰਡੀਆਂ ,ਅਜ ਦੀ ਤਾਜ਼ਾ ਖਬਰ ਸੌਰੀ ਰੌਗ ਨੰਬਰ ,ਬਦਲਦੇ ਮੌਸਮਾਂ ਦੇ ਰੰਗ ਸਮੇਤ ਨੌ ਕਿਤਾਬਾਂ ਨੂੰ ਪਾਠਕਾਂ ਵਲੋਂ ਚੰਗਾ ਹੁੰਗਾਰਾ ਮਿਲਿਆ ਹੈ । ਪੁਸਤਕ ਵਿਚ ਲੇਖਕ ਐਮ ਕੇ ਰਾਹੀ ਨਾਲ ਪ੍ਰੋ ਜਗਦੀਸ਼ ਘਈ (ਫਿਰੋਜ਼ਪੁਰ ) ਦੀ ਵਿਸ਼ੇਸ਼ ਮੁਲਾਕਾਤ ਹੈ ।ਜਿਸ ਵਿਚ ਲੇਖਕ ਨੂੰ ਵਿਅੰਗ ਸਿਰਜਨਾ ਦੇ ਸੰਬੰਧ ਵਿਚ ਕੀਤੇ ਸਤਾਰਾਂ ਸਵਾਲਾਂ ਦੇ ਜਵਾਬ ਹਾਸਰਸੀ ਅੰਦਾਜ਼ ਵਿਚ ਦਿਤੇ ਹਨ ।ਇਹ ਮੁਲਾਕਾਤ ਪੜ੍ਹ ਕੇ ਪਾਠਕ ਨੂੰ ਐਮ ਕੇ ਰਾਹੀ ਬਾਰੇ ਪੂਰੀ ਜਾਣਕਾਰੀ ਮਿਲ ਜਾਂਦੀ ਹੈ ।ਲੇਖਕ ਦੇ ਜਨਮ ਜਨਮ ਸਥਾਂਨ ,ਮਾਤਾ ਪਿਤਾ ,ਕਹਾਣੀ ਤੋਂ ਵਿਅੰਗ ਵਲ ਪਰਤਨ ਦੇ ਕਾਰਨ ਲੇਖਕ ਦੇ ਸਟਾਰ ਪਾਤਰ ਤਾਇਆ ਨਿਹਾਲਾ , ਇਕ ਪਾਠਕ ਵਲੋਂ ਐਮ ਕੇ ਰਾਹੀ ਨੂੰ ਮਨਜੀਤ ਕੌਰ ਰਾਹੀ ਸਮਝ ਕੇ ਮਿਲਣ ਆਉਣ ਦਾ ਪ੍ਰਸੰਗ ਸਾਰਾ ਬਿਰਤਾਂਤ ਪੜ੍ਹ ਕੇ ਪਾਠਕ ਮੁਸਕਰਾਉਂਦਾ ਹੈ । ਪੁਸਤਕ ਦੀਆਂ ਰਚਨਾਵਾਂ ਵਿਚ ਲਏ ਗਏ ਪਾਤਰਾਂ ਦੇ ਨਾਮ ਆਪਣੇ ਆਪ ਵਿਚ ਹੀ ਵਿਅੰਗ ਦਾ ਮਾਹੌਲ ਸਿਰਜਦੇ ਹਨ ।ਵਿਅੰਗ ਲੇਖਕ ਦੀ ਇਹ ਹੁਸੀਨ ਕਲਾ ਹੈ । ਜਿਸ ਨਾਲ ਪਾਠਕ ਇਕ ਸੁਰ ਹੋ ਕੇ ਵਿਅੰਗ ਪੜ੍ਹਦਾ ਹੋਇਆ ਹਸਦਾ ਤੇ ਖੁਸ਼ ਹੁੰਦਾ ਹੈ ।ਪਰ ਨਾਲ ਹੀ ਲੇਖਕ ਸਮਾਜ ਦੇ ਐਬਾਂ ਦੀ ਜਾਣਕਾਰੀ ਦੇ ਜਾਂਦਾ ਹੈ ।ਲੇਖਕ ਐਮ ਕੇ ਰਾਹੀ ਦੀ ਪੁਸਤਕ ਦੀਆਂ ਰਚਨਾਵਾਂ ਵਿਚ ਮੁਖ ਸੁਰ ਸਾਡੇ ਲੀਡਰਾਂ ਦੀਆਂ ਸਿਆਸੀ ਤਿਕੜਮਬਾਜ਼ੀਆਂ ਨੂੰ ਹਾਸ ਰਸ ਵਿਚ ਪੇਸ਼ ਕਰਨਾ ਹੈ । ਵਿਅੰਗ ਰਾਹੀਂ ਉਹ ਇਹੋ ਜਿਹੇ ਤਿੱਖੈ ਤੀਰ ਛਡਦਾ ਹੈ ਕਿ ਸਿਆਣਾ ਬਿਆਣਾ ਬੰਦਾ ਕਹਿਣ ਲਈ ਮਜ਼ਬੂਰ ਹੋ ਜਾਂਦਾ ਹੈ ਕਿ ਕੀ ਥੁੜਿਆ ਸੀ ਇਹੋ ਜਿਹੀ ਸਿਆਸਤ ਕਰਨ ਨਾਲੋਂ ?। ਉਹ ਲੋਕਤੰਤਰ ਦੇ ਅਖੌਤੀ ਰਾਖਿਆਂ ਦੀ ਗਲਾਂ ਗਲਾਂ ਵਿਚ ਚੰਗੀ ਲਾਹ ਪਾਹ ਕਰਦਾ ਹੈ । ਲੇਖਕ ਇਹੋ ਜਿਹੀ ਆਜ਼ਾਦੀ ਦੀ ਛਿਲ ਪਟ ਕੇ ਰਖ ਦਿੰਦਾ ਹੈ ਕਦੇ ਸੋਚਿਆ ਨਹੀਂ ਸੀ ਕਿ ਇਹ ਮੁਲਕ ਇਸ ਕਦਰ ਨਿਘਰ ਜਾਵੇਗਾ ਕੇ ਲੋਕ ਮੁਲਕ ਨੂੰ ਛਡ ਛਡ ਕੇ ਬਾਹਰਲੇ ਦੇਸ਼ਾਂ ਨੂੰ ਭਜਣਗੇ ।ਹੁਣ ਸਭ ਕੁਝ ਅੱਖੀ ਵੇਖ ਰਹੇ ਹਾਂ ।
ਪਾਤਰਾਂ ਦੇ ਨਾਂਅ ਵੇਖੌ –ਭਸੂੜੀ ਮਲ ,ਕੌਤਕੀ ਰਾਮ ,ਭੌਂਦੂ ਰਾਮ ,ਮਲੰਗ ਸਾਹਿਬ ,ਚਲਗੋਜ਼ਾ ਰਾਮ ,ਟੁਕੜਮ ਭੰਨ ,ਭਾਵ ਜਿਹੋ ਜਿਹਾ ਇਨ੍ਹਾਂ ਲੋਕਾਂ ਦਾ ਵਰਤ ਵਰਤਾਰਾ ਹੈ ਉਹੋ ਜਿਹੇ ਨਾਮ ਹਨ । ਫਿਰ ਲੇਖਕ ਕੋਲ ਮੁਹਾਵਰੇ ਅਖੌਤਾਂ ਦਾ ਖਜਾਨਾ ਹੈ । ਉਹ ਇਂਨ੍ਹਾਂ ਦੀ ਵਰਤੋਂ ਖੁਲ੍ਹ ਕੇ ਕਰਦਾ ਹੈ ।ਨਿਹੰਗਾਂ ਦੇ ਡੋਲ ਵਾਂਗੂ ਮਾਂਜਣਾ , ਇਕੋ ਥੈਲੀ ਦੇ ਚਟੇ ਬਟੇ ,ਖੌਤੇ ਦੇ ਸਿਰ ਤੋਂ ਸਿੰਗ ਗਾਇਬ ਹੋਣੇ ,ਭਰਿੰਡਾਂ ਦੀ ਲੜੀ ,ਮੋਤੀਆਂ ਵਾਲੀ ਸਰਕਾਰ , ਧੇਲੇ ਦੀ ਬੁੜ੍ਹੀ ,। ਵਿਚ ਅੰਗਰੇਜ਼ੀ ਪੰਜਾਬੀ ਦਾ ਜ਼ਾਇਕਾ ਵੀ ਹੈ –ਵਿਟਾਮਿਨ ਆਰ (ਰਿਸ਼ਵਤਖੋਰੀ )ਬਾਗ ਦੀ ਮੂਲੀ ਦੀ ਥਾਂ ਬਾਗ ਦਾ ਗੋਂਗਲੂ ,ਸੀਲ ਵਹਿੜਕੇ ਵਾਂਗ , ਪੀ ਡਬਲੀਊ ਡੀ ਨੂੰ ਪੈਂਟਾਂ ਵਾਲੇ ਡਾਕੂ ,ਲਿਖ ਕੇ ਹਾਸ ਰਸ ਪੈਦਾ ਕੀਤਾ ਗਿਆ ਹੈ ।ਪਰ ਇਨ੍ਹਾਂ ਸ਼ਬਦਾ ਪਿਛੇ ਦੇਸ਼ ਦੀ ਨਿਰਾਸ਼ਾਂ ਜਨਕਤਸਵੀਰ ਹੈ । ਰਿਸ਼ਵਤਖੋਰੀ ,ਠਗੀ ਬੇਈਮਾਨੀ ਬੇਰੁਜ਼ਗਾਰੀ ਮਹਿੰਗਾਈ, ਜਾਤ ਪਾਤ, ਫਿਰਕਾਪ੍ਰਸਤੀ, ਟੁਟੀਆਂ ਸੜਕਾਂ ਨੌਜਵਾਨੀ ਪਰਵਾਸ ਜਿਹੇ ਅਨੇਕਾਂ ਸਮਾਜਿਕ ਮਸਲੇ ਸਾਡੇ ਦੇਸ਼ ਵਿਚ ਫਨ ਖਿਲਾਰੀ ਬੈਠੇ ਹਨ । ਸਾਡੇ ਲੀਡਰਾਂ ਕੋਲ ਹਰ ਪੰਜੀ ਸਾਲੀਂ ਲੋਕਾਂ ਨੂੰ ਲਾਰਿਆਂ ਤੋਂ ਸਿਵਾ ਦੇਣ ਨੂੰ ਕੁਝ ਵੀ ਨਹੀਂ ।ਸਿਰਲੇਖ ਵਾਲੇ ਵਿਅੰਗ ਵਿਚ ਵੀ ਅਖੌਤੀ ਵਿਕਾਸ ਦਸੀ ਭੰਡੀ ਕੀਤੀ ਗਈ ਹੈ । ਮਹਿੰਗਈ ਨੋਟਬੰਦੀ ਟੈਕਸਾਂ ਦੀ ਭਰਮਾਰ ਨੇ ਲੋਕਾਂ ਦਾ ਜੀਵਨ ਦੁਭਰ ਕਰਕੇ ਰਖ ਦਿਤਾ ਹੈ ।ਲੇਖਕ ਨੇ ਇਸ ਸਭ ਕੁਝ ਦੀ ਜ਼ਿੰਮੇਵਾਰੀ ਸਾਡੇ ਸਿਆਸੀ ਨੇਤਾਵਾਂ ਤੇ ਹਾਸ ਰਸ ਸ਼ੈਲੀ ਵਿਚ ਪੂਰੀ ਬੇਬਾਕੀ ਨਾਲ ਸੁਟੀ ਹੈ । ਕੇਂਦਰੀ ਨੇਤਾਵਾਂ ਪੰਜਾਬ ਦੇ ਨੇਤਾਵਾਂ ਤੇ ਦਿਲੀ ਦੇ ਨੇਤਾਵਾਂ ਦੇ ਸਿਆਸੀ ਬਿਆਨਾਂ ਨੂੰ ਅਧਾਂਰ ਬਣਾ ਕੇ ਪੰਜਾਬੀ ਵਿਅੰਗ ਨੂੰ ਨਵੀਆਂ ਦਿਸ਼ਾਵਾਂ ਦਿਤੀਆਂ ਗਈਆਂ ਹਨ । ਬਿਨਾ ਕਿਸੇ ਡਰ ਦੇ ਲੇਖਕ ਨੇ ਸਿਧੇ ਨਾਵਾਂ ਨਾਲ ਸਿਆਸਤਦਾਨਾਂ ਨਾਲ ਦਸਤਪੰਜਾ ਲੈਣ ਦਾ ਸਾਹਿਤਕ ਯਤਨ ਕੀਤਾ ਹੈ । ਪੁਸਤਕ ਸਮੇਂ ਦਾ ਸਿਆਸੀ ,ਸਮਾਜਿਕ ਸ਼ੀਸ਼ਾਂ ਪੇਸ਼ ਕਰਦੀ ਦੀ ਹੈ ।ਵਿਅੰਗ ਸਮਰਾਟ ਕੇ ਐਲ ਗਰਗ ਨੇ ਲਿਖਿਆ ਹੈ ਕਿ ਵਿਕਾਸ ਦੀ ਹਨੇਰੀ ਨੇ ਸੱਤਾ ਦੇ ਪਾਵੇ ਕਾਇਮ ਕੀਤੇ ਹਨ । ਨੇਤਾ ਜੀ ਦੀ ਕਲਗੀ ਬਨਾਈ ਹੈ । ਲੇਖਕ ਮਹਿੰਗਾਈ ਨੂੰ ਲਾਡੋ ਰਾਣੀ ਕਹਿੰਦਾ ਹੈ । ਖੁਸ਼ੀ ਲਈ ਗਲੈਡੋ ਗਲੈਡ ਸ਼ਬਦ ਦੀ ਨਵੀਂ ਕਾਢ ਪੇਸ਼ ਕਰਦਾ ਹੈ ਪੁਸਤਕ ਦੇ ਵਿਅੰਗ ਅਛੇ ਦਿਨ ਆਉਣ ਵਾਲੇ ਨੇ ,ਦੜ ਵਟ ਜ਼ਮਾਨਾ ਕਟ ,ਸਿਰ ਮੇਰਾ ਤੇ ਛਿਤਰ ਤੇਰਾ ,ਸ਼ਰਾਬ ਨਸ਼ਾਂ ਨਹੀਂ ,ਬੰਬ ਦੇ ਗੋਲੇ ,ਮਿਟੀ ਖਾਣੇ ਸੱਪ , ਵਿਆਹ ਤੋਂ ਪਹਿਲਾਂ ਤਲਾਕ, ਅਸੀਂ ਜੁੱਤੀਆਂ ਤੋਂ ਬਚੇ ਪੜ੍ਹ ਕੇ ਹੀ ਆਨੰਦ ਲਿਆ ਜਾ ਸਕਦਾ ਹੈ ।ਪੁਸਤਕ ਦੇ ਪਿਛਲੇ ਦਸ ਬਾਰਾਂ ਵਿਅੰਗ ਇਕ ਦੋ ਪੰਨਿਆਂ ਵਿਚ ਹਨ ।ਤੇ ਲੀਡਰਾ ਦੀ ਸਿਆਸੀ ਬਿਆਨਬਾਜ਼ੀ ਦੇ ਮਖੌਟੇ ਉਤਾਰਨ ਵਾਲੇ ਹਨ । ਅਸਲ ਵਿਚ ਲੇਖਕ ਦਾ ਸੰਦੇਸ਼ ਇਹ ਹੈ ਕਿ ਕਹਿਣ ਨਾਲੋਂ ਕੁਝ ਲੋਕਾਂ ਕਰਕੇ ਵਿਖਾਓ ,ਫਜ਼ੂਲ ਦੀਆਂ ਗਲਾਂ ਨਾ ਕਰੋ । ਚੋਣਾ ਤੋਂ ਪਹਿਲਾਂ ਉਹੀ ਕਹੋਂ ਜੋ ਪੂਰਾ ਕਰ ਸਕੋ । ਲੋਕਾਂ ਦੀ ਰੋਟੀ ਰੋਜ਼ੀ ਦੀ ਚਿੰਤਾ ਦੂਰ ਕਰੋ ;।ਸਿਖਿਆ ਤੇ ਸਿਹਤ ਸਹੂਲਤਾ ਦਿਓ। ਬੁਰੁਜ਼ਗਾਰੀ ਤੇ ਮਹਿੰਗਾਈ ਦੇ ਜਿੰਨ ਭਜਾਓ। ਪੁਸਤਕ ਰਾਹੀਂ ਲੇਖਕ ਨੇ ਸਮਾਜ ਸੁਧਾਰ ਲਈ ਹੋਕਾ ਦਿਤਾ ਹੈ ।। ਭਰਪੂਰ ਸਵਾਗਤ ਹੈ ।ਪੰਜਾਬੀ ਵਿਅੰਗ ਵਿਚ ਪੁਸਤਕ ਲੇਖਕ ਨੇ ਸਾਰਥਿਕ ਸਿਰਜਨਾ ਕੀਤੀ ਹੈ ।ਜਿਸ ਲਈ ਲੇਖਕ ਮੁਬਾਰਕ ਦਾ ਪਾਤਰ ਹੈ ।