ਪ੍ਰੋ: ਨਿਰੰਜਨ ਤਸਨੀਮ ਸਦੀਵੀ ਵਿਛੋੜਾ ਦੇ ਗਏ
(ਖ਼ਬਰਸਾਰ)
ਲੁਧਿਆਣਾ -- ਪੰਜਾਬੀ ਦੇ ਪ੍ਰਸਿੱਧ ਸਾਹਿਤਕਾਰ ਤੇ ਨਾਵਲਕਾਰ ਪ੍ਰੋ: ਨਿਰੰਜਨ ਤਸਨੀਮ ਪਿਛਲੇ ਦਿਨੀਂ ਲੁਧਿਆਣਾ ਦੇ ਵਿਸ਼ਾਲ ਨਗਰ ਵਿਖੇ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦਾ ਅੰਤਿਮ ਸੰਸਕਾਰ ੧੮ ਅਗਸਤ ਨੂੰ ਮਾਡਲ ਟਾਊਨ ਐਕਸਟੈਨਸ਼ਨ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ।
ਪ੍ਰੋ: ਤਸਨੀਮ ਦੇ ਬੇਟੇ ਡਾ. ਗੁਰਿੰਦਰਜੀਤ ਸਿੰਘ ਪੁਰੀ ਨੇ ਦੱਸਿਆ ਕਿ ਪ੍ਰੋ: ਨਿਰੰਜਨ ਤਸਨੀਮ ਨੇ ੧੩ ਕਿਤਾਬਾਂ ਲਿਖੀਆਂ ਹਨ, ਜਿਨ੍ਹਾਂ ਵਿਚੋਂ 'ਗੁਆਚੇ ਅਰਥ' ਨਾਵਲ ਲਈ ਉਨ੍ਹਾਂ ਨੂੰ ੧੯੯੯ ਵਿਚ ਸਾਹਿਤ ਅਕਾਡਮੀ ਪੁਰਸਕਾਰ ਮਿਲਿਆ ਅਤੇ ੨੦੧੫ ਵਿਚ ਪੰਜਾਬੀ ਸਾਹਿਤ ਰਤਨ ਪੁਰਸਕਾਰ ਤੇ ੧੦ ਲੱਖ ਰੁਪਏ ਮਿਲੇ ਸਨ। ਇਸ ਦੇ ਇਲਾਵਾ ਪ੍ਰੋ: ਤਸਨੀਮ ਦੀਆਂ ਹੋਰ ਵੀ ਕਈ ਕਿਤਾਬਾਂ ਹਨ, ਜਿਵੇਂ 'ਇਕ ਹੋਰ ਨਵਾਂ ਸਾਲ', ਪ੍ਰਛਾਵੇਂ, ਕਾਦਰ ਯਾਰ, ਕਸਕ, ਜਗਾ ਤੋਂ ਪਾਰ ਆਦਿ। ਪਰ ਉਨ੍ਹਾਂ ਦੇ ਨਾਵਲ 'ਗੁਆਚੇ ਅਰਥ' ਨੇ ਨਾਵਲ ਦੇ ਖੇਤਰ ਵਿਚ ਕੀਰਤੀਮਾਨ ਸਥਾਪਿਤ ਕੀਤਾ ਹੈ।
ਇਸ ਮੌਕੇ 'ਤੇ ਪੰਜਾਬੀ ਸਾਹਿਤ ਅਕੈਡਮੀ ਦੇ ਸਾਬਕਾ ਪ੍ਰਧਾਨ ਪ੍ਰੋ: ਸੁਖਦੇਵ ਸਿੰਘ ਸਿਰਸਾ, ਪੰਜਾਬੀ ਸਾਹਿਤ ਅਕੈਡਮੀ ਦੇ ਸੀਨੀਅਰ ਮੀਤ ਪ੍ਰਧਾਨ ਸੁਰਿੰਦਰ ਕੈਲੇ, ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ) ਦੇ ਪ੍ਰਧਾਨ ਡਾ ਸਰਬਜੀਤ ਸਿੰਘ, ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਦੇ ਪ੍ਰਧਾਨ ਡਾ ਗੁਲਜ਼ਾਰ ਸਿੰਘ ਪੰਧੇਰ, ਜਨਰਲ ਸਕੱਤਰ ਦਲਵੀਰ ਸਿਘ ਲੁਧਿਆਣਵੀ, ਡਾ. ਬਲਵਿੰਦਰ ਔਲਖ ਗਲੈਕਸੀ, ਬਲਕੌਰ ਸਿੰਘ ਗਿੱਲ, ਪ੍ਰਿੰ: ਇੰਦਰਜੀਤ ਪਾਲ ਕੌਰ, ਜਨਮੇਜਾ ਸਿੰਘ ਜੌਹਲ, ਸ. ਕਰਮਜੀਤ ਸਿੰਘ ਔਜਲਾ, ਦਵਿੰਦਰ ਸੇਖਾ, ਮਲਕੀਤ ਸਿੰਘ ਮਾਲੜਾ, ਪਰਮਜੀਤ ਕੌਰ ਮਹਿਕ, ਕੁਲਵਿੰਦਰ ਕੌਰ ਕਿਰਨ, ਦਲੀਪ ਅਵਧ, ਹਰਬੰਸ ਮਾਲਵਾ, ਇੰਜ: ਸੁਰਜਨ ਸਿੰਘ, ਭਗਵਾਨ ਢਿੱਲੋਂ ਆਦਿ ਨੇ ਪ੍ਰੋ: ਨਿਰੰਜਨ ਤਸਨੀਮ ਦੇ ਸਦੀਵੀ ਵਿਛੋੜਾ ਦੇ ਜਾਣ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਪਰਿਵਾਰ ਨਾਲ ਵੀ ਹਮਦਰਦੀ ਪ੍ਰਗਟਾਈ।