ਬ੍ਰੇਨ ਮੋਡ (ਬਾਲ ਕਹਾਣੀ) (ਕਹਾਣੀ)

ਹਰਦੇਵ ਚੌਹਾਨ   

Email: hardevchauhan@yahoo.co.in
Phone: +91 172 2220096
Cell: +91 94171 78894
Address: 996 ਸੈਕਟਰ 70
ਮੁਹਾਲੀ India 160062
ਹਰਦੇਵ ਚੌਹਾਨ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਮਾਨੀ ਦੀ ਨਾਨੀ  ਰਸੋਈ ਵਿਚ ਲੰਚ ਲਈ ਰੋਟੀ ਬਣਾ ਰਹੀ ਸੀ । ਸਿਆਲ ਦੀ ਕੋਸੀ,ਕੋਸੀ ਦੁਪਹਿਰ ਵਿਚ ਵੀਕ ਐਂਡ 'ਤੇ  ਛੁੱਟੀ ਕੱਟਣ ਦਿੱਲੀਓਂ ਆਏ ਮਾਨੀ ਦੇ ਮਾਮੂੰ ਉਸਦੇ ਨਾਨੂੰ ਨਾਲ ਬਾਹਰ ਵਿਹੜੇ 'ਚ ਬੈਠੇ ਆਲੂ,ਪਨੀਰ ਵਾਲੀਆਂ ਪਰੌਂਠੀਆਂ ਖਾ ਰਹੇ ਸਨ। ਖਾਣਾ ਖਾਂਦੇ ਮਾਮੂੰ ਨੂੰ ਹੱਥ ਪੂੰਝਣ ਲਈ ਰੁਮਾਲ ਦੀ ਲੋੜ ਪੈ ਗਈ ...ਡਾਈਨਿੰਗ ਟੇਬਲ 'ਤੇ ਬੈਠੇ ਹੁੰਦੇ ਤਾਂ ਉਥੇ ਸਾਮ੍ਹਣੇ ਸਟੈਂਡ 'ਚ ਪਿਆ ਨੈਪਕਿਨ ਮਿਲ ਜਾਣਾ ਸੀ...

      ਮਾਮੂੰ ਨੇ ਕੀ ਕੀਤਾ, ਲਾਗੇ  ਬੈਠੀ ਮਾਨੀ ਨੂੰ ਕੁਰਸੀ 'ਤੇ ਪਈ ਹੋਈ ਆਪਣੀ ਜੈਕਟ ਵਿੱਚੋਂ ਰੁਮਾਲ ਕੱਢ ਕੇ ਦੇਣ ਲਈ ਕਹਿ ਦਿੱਤਾ...ਇਸੇ ਦੌਰਾਨ ਸਹਿਜ ਭਾਅ ਸਾਹਮਣੇ ਬੈਠੇ ਨਾਨੂੰ ਨੇ ਬਿਨਾ ਕੁਝ ਬੋਲਿਆਂ ਰਸੋਈ 'ਚੋਂ ਦਹੀਂ, ਭੱਲੇ ਲਿਆਉਣ ਲਈ ਆਪਣੀ ਖਾਲੀ ਕੌਲੀ ਉਸ ਵੱਲ ਵਧ ਦਿੱਤੀ... ਹੋਰ ਤੇ ਹੋਰ,  ਨਾਨੀ ਨੇ ਵੀ ਉਸਨੂੰ ਅੰਦਰੋਂ  ਗਰਮਾ,ਗਰਮ ਪਰੌਂਠੀ ਲੈ ਜਾਣ ਲਈ ਹੱਕ ਮਾਰ ਦਿੱਤੀ  ...

      ਨਾਨੂੰ ਦੀ ਕੌਲੀ ਅਤੇ  ਨਾਨੀ ਦੀ ਪਰੌਂਠੀ ਲੈ ਜਾਣ ਵਾਲੀ  ਆਵਾਜ਼ ਨੂੰ ਵਿਸਾਰ ਮਾਨੀ ਨੇ ਮਾਮੂੰ ਨੂੰ ਰੁਮਾਲ ਦੇਣ ਵਾਲੇ ਕੰਮ ਨੂੰ ਪਹਿਲ ਦੇਣਾ ਜਰੂਰੀ ਸਮਝਿਆ । ਬੜੀ ਦੇਰ ਬਾਅਦ ਦਿੱਲੀਓਂ ਆਇਆ ਸੀ ਨਾ ਮਾਮੂੰ ... ਰੁਮਾਲ ਲੱਭਣ ਲਈ ਉਹ ਜੈਕਟ ਦੀ ਖੱਬੇ ਪਾਸੇ ਵਾਲੀ ਉਪਰਲੀ ਜੇਬ ਫਰੋਲਣ ਤੋਂ ਬਾਅਦ ਸੱਜੇ ਪਾਸੇ ਵਾਲੀ ਉਪਰਲੀ ਜੇਬ ਫਰੋਲਣ ਲੱਗ ਪਈ...ਉਪਰਲੀਆਂ ਜੇਬਾਂ ਵਿੱਚੋਂ  ਰੁਮਾਲ ਨਾ ਮਿਲਣ 'ਤੇ ਉਹ  ਜੈਕਟ ਦੀਆਂ ਅੰਦਰਲੀਆਂ ਜੇਬਾਂ  ਨੂੰ ਫਰੋਲਣ ਲੱਗ ਪਈ...

      ਮਾਨੀ ਦੇ ਮਾਮੂੰ ਸਾਰਾ ਕੁਝ ਬੜੇ ਧਿਆਨ ਨਾਲ ਵੇਖ ਰਹੇ ਸਨ । ਮਾਨੀ ਨੂੰ ਰੁਮਾਲ ਲੱਭਣ ਵਿਚ ਉਲਝੀ ਹੋਈ ਵੇਖ   ਉਹ ਉਸਨੂੰ ਪੁੱਛਣ ਲੱਗੇ,  'ਰੁਮਾਲ ਨੂੰ ਛੱਡ ਤੇ ਇਹ ਦੱਸ ਕਿ ਇਸ ਵੇਲੇ ਤੈਨੂੰ ਕੀ ਕੁਝ ਸੁਣਾਈ ਦੇ ਰਿਹਾ ਹੈ'?

      ਮਾਨੀ ਨੇ ਕੁਝ ਪਲ ਬੜੇ ਧਿਆਨ ਨਾਲ ਆਲੇ, ਦੁਆਲੇ ਦੀਆਂ ਆਵਾਜਾਂ ਸੁਣੀਆਂ ਤੇ ਫਿਰ ਦੱਸਣ ਲੱਗੀ,  'ਸੱਜੇ ਪਾਸਿਓਂ ਚਾਟ, ਪਾਪੜੀ ਵੇਚਣ ਵਾਲੇ ਭਾਈ ਦੇ ਤਵੇ 'ਤੇ ਸਿੱਪੀ ਵੱਜਣ ਦਾ ਖੜਾਕ ਆ ਰਿਹਾ ਹੈ... ਸਾਮ੍ਹਣੇ ਪਾਰਕ ਵਿੱਚੋਂ ਇਕ ਪੰਛੀ ਦੇ ਚਹਿਚਹਾਉਣ ਦੀ ਆਵਾਜ ਆ ਰਹੀ ਹੈ ਤੇ ਉੱਪਰ ਆਸਮਾਨ ਵਿਚ ਗੁਜਰ ਰਹੇ ਇਕ ਹਵਾਈ ਜਹਾਜ ਦੀ ਆਵਾਜ਼ ਸੁਣਾਈ ਦੇ ਰਹੀ ਹੈ'... ਜੈਕਟ ਵਿੱਚੋਂ ਰੁਮਾਲ ਲੱਭਦੀ ਹੋਈ ਮਾਨੀ ਬੋਲੀ ।

      'ਸ਼ਾਬਾਸ਼! ਜੇਕਰ ਤੂੰ ਇੱਕੋ ਵੇਲੇ ਤਿੰਨ ਆਵਾਜ਼ਾਂ ਸੁਣ ਸਕਦੀ ਹੈ ਤਾਂ ਕੁਝ ਪਲ ਪਹਿਲਾਂ ਅੰਦਰੋਂ ਪਰੌਂਠੀ ਲੈ ਜਾਣ ਵਾਲੀ ਨਾਨੀ ਦੀ ਆਵਾਜ਼ ਕਿਉਂ ਨਹੀਂ ਸੁਣੀ ? ਤੇਰੇ ਨਾਨੂੰ ਵੀ ਲਗੇ ਹੀ ਬੈਠੇ ਹੋਏ ਨੇ ...ਉਨਾਂ ਨੇ ਤੈਨੂੰ ਦਹੀਂ ,ਭੱਲੇ ਲਿਆਉਣ ਲਈ ਕਿਹਾ ਸੀ ਪਰ ਤੂੰ  ਦਹੀਂ ,ਭੱਲੇ ਲਿਆਉਣ ਵਾਲੀ ਗੱਲ ਵੀ  ਸੁਣੀ,ਅਣਸੁਣੀ ਕਰ ਦਿੱਤੀ ਜਦਕਿ ਉਹ ਤੈਨੂੰ ਆਪਣੀ ਖਾਲੀ ਕੌਲੀ ਵੀ ਫੜਾ ਰਹੇ ਸਨ' ...ਮਾਨੀ ਦੇ ਮਾਮੂੰ ਥੋੜ੍ਹਾ ਕੁ ਖਿਝ ਕੇ ਬੋਲੇ ।

      'ਮਾਮੂੰ ਜੀ ! ਸਾਡੇ ਟੀਚਰ ਦੱਸਦੇ ਹਨ ਕਿ ਇਕ ਵੇਲੇ ਇਕ ਕੰਮ ਹੀ ਧਿਆਨ ਨਾਲ ਕੀਤਾ ਜਾ ਸਕਦਾ ਹੈ...ਤੇ ਮੈਂ ਭਲਾ ਇੱਕੋ ਸਮੇਂ ਤਿੰਨ, ਤਿੰਨ ਕੰਮ  ਕਿਵੇਂ  ਕਰ ਸਕਦੀ ਹਾਂ ?...ਤੇ ਹਾਂ ! ਭਾਵੇਂ ਤੁਸੀਂ ਵੱਡੇ ਤੇ ਸਿਆਣੇ ਹੋ ...ਜਿਆਦਾ ਪੜ੍ਹੇ ,ਲਿਖੇ ਹੋ ... ਸਾਡੇ ਟੀਚਰਾਂ ਦੇ ਦੱਸਣ ਮੁਤਾਬਕ ਤੁਸੀਂ ਵੀ ਇਕ ਵੇਲੇ ਬਹੁਤਾ ਕੁਝ ਨਹੀਂ ਕਰ ਸਕਦੇ '...ਮਾਨੀ ਬੋਲੀ ।

      ਮਾਨੀ ਦੀ ਸੁਣ ਉਸਦੇ ਮਾਮੂੰ ਕੁਝ ਦੇਰ ਤਾਂ ਚੁੱਪ ਰਹੇ ਤੇ ਫਿਰ ਕਾਫੀ ਦੇਰ ਤੋਂ ਉਸਨੂੰ ਰੁਮਾਲ ਲੱਭਦੀ ਨੂੰ ਵੇਖ ਪੁੱਛਣ ਲੱਗੇ,  'ਜੇ ਕਰ ਅਸੀਂ ਇਕਾਗਰ ਚਿੱਤ ਹੋਈਏ ਤਾਂ ਸਾਰੇ ਕੰਮ ਫਿਲ ਦੇ ਆਧਾਰ 'ਤੇ ਵੇਲੇ ਸਿਰ ਸਾਰੇ ਕੰਮ ਨਿਬਟਾਏ ਜਾ ਸਕਦੇ ਹਨ ... ਤੇ ਸਾਰੇ ਕੰਮ ਸਫਲਤਾ ਪੂਰਬਕ ਕਰ ਲੈਣ ਵਾਲਾ ਬੰਦਾ ਹੀ ਜਿੰਦਗੀ ਵਿਚ ਸਫਲ ਹੁੰਦਾ ਹੈ' ... 

       'ਮਾਮੂੰ ਜੀ! ਕੀ ਮੈਂ ਤੁਹਾਡਾ ਰੁਮਾਲ ਧਿਆਨ ਨਾਲ ਨਹੀਂ ਲੱਭ ਰਹੀ'?

       'ਮਾਨੀ ਜੀ ! ਇਸ ਵੇਲੇ ਰੁਮਾਲ ਲੱਭਣ ਦੇ ਨਾਲ,ਨਾਲ ਤੁਹਾਡੇ ਕੋਲ ਕਰਨ ਵਾਲੇ ਹੋਰ ਵੀ ਜਰੂਰੀ ਕੰਮ ਨੇ ...ਤੁਸੀਂ ਨਾਨੀ ਮਾਂ ਕੋਲੋਂ ਸਾਡੇ ਲਈ ਪਰੌਂਠੀ ਲਿਆਉਣੀ ਹੈ ਤੇ ਨਾਨੂੰ ਲਈ ਦਹੀਂ, ਭੱਲੇ ਵੀ ਲਿਆਉਣੇ ਨੇ ...

      'ਮਾਮੂੰ ਜੀ! ... ਤਾਂ ਫਿਰ ਤੁਸੀਂ ਹੀ ਦੱਸੋ ਕਿ ਮੈਨੂੰ ਇਸ ਸਥਿਤੀ ਵਿਚ ਭਲਾ ਕੀ ਕਰਨਾ ਚਾਹੀਦਾ ਹੈ'?

      'ਵੇਖ ਮਾਨੀ! ਇਸ ਵੇਲੇ ਨਾਨੂੰ ਸਭ ਤੋਂ ਵੱਡੇ ਹਨ । ਤੈਨੂੰ ਸਾਰੇ ਕੰਮ ਛੱਡ ਕੇ ਉਹਨਾਂ ਲਈ ਦਹੀਂ,ਭੱਲੇ ਲਿਆਉਣੇ ਚਾਹੀਦੇ ਸਨ ... ਨਾਨੀ ਮਾਂ ਦੇ ਕਹਿਣ 'ਤੇ ਪਰੌਂਠੀ ਲਿਆਉਣੀ ਵੀ ਰੁਮਾਲ ਲੱਭਣ ਨਾਲੋਂ ਬੜੀ ਜਰੂਰੀ ਸੀ ... ਤੇਰੀ ਨਾਨੀ ਮਾਂ ਸੋਚਦੀ ਹੋਏਗੀ ਕਿ ਤੁਸੀਂ ਉਨਾਂ ਦੀ ਸੁਣੀ,ਅਣਸੁਣੀ ਕਰਨ ਲੱਗ ਪਏ ਹੋ' ...

       'ਮਾਮੂੰ ਜੀ! ਇਸ ਵੇਲੇ ਮੈਂ ਤੁਹਾਡੇ ਲਈ ਰੁਮਾਲ ਲੱਭ ਰਹੀ ਹਾਂ ... ਤੇ ਤੁਸੀਂ ਕਹਿ ਰਹੇ ਹੋ ਕਿ ਮੈਂ ਸੁਣੀ ,ਅਣਸੁਣੀ ਕਰ ਰਹੀ ਹਾਂ' ...

      'ਮਾਨੀ ਜੀ! ਬਿਲਕੁਲ....ਹੁਣ  ਤੁਸੀਂ ਸੁਣੀ ,ਅਣਸੁਣੀ ਹੀ ਕਰ ਰਹੇ ਹੋ ... ਜੇ ਤੁਹਾਡਾ ਧਿਆਨ ਕੰਮ ਕਰਨ ਵਿਚ ਹੁੰਦਾ ਤਾਂ ਹੁਣ ਨੂੰ ਸਾਰੇ ਕੰਮ ਹੋ ਜਾਣੇ ਸੀ' ...

      'ਮਾਮੂੰ ਜੀ! ਤੁਸੀਂ ਕਿ ਕਹਿਣਾ ਚਾਹੁੰਦੇ ਹੋ '? ਮੈਨੂੰ ਸਿੰਪਲ ਤਰੀਕੇ ਨਾਲ ਸਮਝਾਓ ਪਲੀਜ਼'... ਮਾਮੂੰ ਦੀ ਗੱਲ ਟੋਕ ਮਾਨੀ ਨੇ ਪੁੱਛਿਆ ।

      'ਮਾਨੀ! ਧਿਆਨ ਨਾਲ ਸੁਣ... ਜੇਕਰ ਇਸ ਵੇਲੇ ਤੂੰ ਜੈਕਟ ਪਾਈ ਹੋਏ ਤੇ ਤੈਨੂੰ ਖੁੱਦ ਰੁਮਾਲ ਦੀ ਲੋੜ ਪੈ  ਜਾਏ ਤਾਂ ਤੂੰ ਆਪਣੀ ਜੈਕਟ ਦੀ ਕਿਹੜੀ ਜੇਬ 'ਚੋਂ ਰੁਮਾਲ ਲੱਭੇਂਗੀ'



      'ਬਾਹਰ ਵਾਲੀ ਹੇਠਲੀ ਜੇਬ ਵਿੱਚੋਂ'... ਮਾਨੀ ਨੇ ਝੱਟ ਕਿਹਾ ਤੇ ਅਗਲੇ ਹੀ ਪਲ ਉਸਨੇ ਮਾਮੂੰ ਦੀ ਜੈਕਟ ਦੀ ਹੇਠਾਂ ਵਾਲੀ ਬਾਹਰਲੀ ਜੇਬ ਵਿੱਚੋਂ ਰੁਮਾਲ ਕੱਢਿਆ ਤੇ ਮਾਮੂੰ ਨੂੰ ਫੜਾ ਦਿੱਤਾ ... ਉਹ ਜੇਬ, ਜਿਹੜੀ ਉਸਨੇ ਬੇਧਿਆਨੀ ਵਿਚ ਹਾਲੇ ਤੀਕ ਵੇਖੀ ਹੀ ਨਹੀਂ ਸੀ ...

       'ਮਾਨੀ ਜੀ! ਹੁਣ ਤਾਂ ਤੁਹਾਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਹੋਏਗਾ ਨਾ'? ... 

       'ਸੌਰੀ! ਮਾਮੂੰ ਜੀ... ਮੈਨੂੰ ਹੁਣ ਮਹਿਸੂਸ ਹੋ ਰਿਹਾ ਹੈ ਕਿ ਸੱਚ-ਮੁੱਚ ਮੇਰਾ ਧਿਆਨ ਇਥੇ ਨਹੀਂ ਹੋਏਗਾ... ਜੇ ਕਰ ਮੈਂ ਧਿਆਨ ਨਾਲ ਸਿਰਫ ਤੇ ਸਿਰਫ ਰੁਮਾਲ ਬਾਰੇ ਹੀ ਸੋਚਦੀ ਤਾਂ ਬਾਹਰਲੀ ਜੇਬ ਵਿੱਚੋਂ ਰੁਮਾਲ ਲੱਭਕੇ ਤੁਹਾਨੂੰ ਦੇ ਦਿੰਦੀ ਤੇ ਉਸੇ ਵੇਲੇ ਨਾਨੀ ਮਾਂ ਕੋਲੋਂ ਪਰੌਂਠੀ ਅਤੇ ਦਹੀਂ,ਭੱਲੇ ਵੀ  ਲੈ ਆਉਂਦੀ ... ਮਾਮੂੰ! ਰੀਅਲੀ ਸੌਰੀ'... ਮਾਮੂੰ ਨੂੰ ਜੱਫੀ ਪਾਉਂਦੀ ਹੋਈ ਪਛਤਾਵੇ ਦੇ ਅੰਦਾਜ ਵਿਚ ਮਾਨੀ ਬੋਲੀ ।

       ਮਾਮੂੰ ਨੇ ਵੀ ਮਾਨੀ ਨੂੰ ਬੜੇ ਪਿਆਰ ਨਾਲ ਅੱਗੇ ਤੋਂ ਅਜਿਹੀ ਗਲਤੀ ਨਾ ਦੁਹਰਾਉਣ ਦੀ ਨਸੀਹਤ ਦਿੰਦਿਆਂ ਉਸਨੂੰ ਆਪਣੇ ਕਲਾਵੇ ਵਿਚ ਲੈ ਲਿਆ ।