ਮਿੱਟੀ ਦੀ ਢੇਰੀ
(ਮਿੰਨੀ ਕਹਾਣੀ)
"ਆ ਲੈ ਬਾਪੂ ਸਾਂਭ ਪੂਰੇ ਡੇਢ ਕਰੋੜ ਐ" ਉਸਨੇ ਪੈਸਿਆਂ ਨਾਲ ਭਰਿਆ ਬੈਗ ਆਪਣੇ ਬਾਪੂ ਦੀ ਝੋਲੀ ਵਿੱਚ ਰੱਖਦੇ ਹੋਏ ਕਿਹਾ। ਉਹ ਅੱਜ ਆਂਪਣੀ ਜੱਦੀ ਜਮੀਨ ਵੇਚ ਕੇ ਆਇਆ ਸੀ, ਅਤੇ ਪੂਰਾ ਖੁਸ਼ ਨਜਰ ਆਂ ਰਿਹਾ ਸੀ। ਪਰ ਉਹਦੇ ਬਾਪੂ ਦੇ ਚਿਹਰੇ ਤੇ ਗਿਹਰੀ ਉਦਾਸੀ ਸੀ। " ਪੁੱਤ ਮੈਂ ਤੈਨੂੰ ਰੋਕਿਆ ਸੀ, ਪਰ ਤੂੰ ਨਹੀਂ ਮੰਨਿਆ।" ਉਹਦੇ ਬਾਪੂ ਨੇ ਕਹਿੰਦੇ ਹੋਏ ਇੱਕ ਠੰਡਾ ਹੌਕਾ ਜਿਹਗਾ ਭਰਿਆ।
"ਛੱਡ ਬਾਪੂ ਅੱਜ – ਕੱਲ ਖੇਤੀ ਵਿੱਚ ਕੀ ਰੱਖਿਆ , ਤੂੰ ਐਂਵੇ ਨਾ ਹੁਣ ਮਿੱਟੀ ਦੀ ਢੇਰੀ ਦਾ ਝੋਰਾ ਕਰੀ ਜਾ , ਰਹਿੰਦੀ ਜਿੰਦਗੀ ਐਸ਼ ਨਾਲ ਕੱਟਾਂਗੇ।" ਉਹਨੇ ਬਾਪੂ ਕੋਲ ਮੰਜੇ ਤੇ ਬੈਠਦਿਆਂ ਖੁਸ਼ੀ ਅਤੇ ਹੌਂਸਲੇ ਜਿਹੇ ਆਪਣੀ ਗੱਲ ਕਹੀ।
"ਪੁੱਤ ਇਹ ਮਿੱਟੀ ਦੀ ਢੇਰੀ ਹੀ ਜੱਟ ਦਾ ਸਭ ਕੁਝ ਢੱਕ ਲੈਂਦੀ ਐ, ਜੇ ਇਹ ਹੀ ਨਾ ਰਹੇ ਤਾਂ ਬੰਦਾ ਦੁਨੀਆਂ ਸਾਹਮਣੇ ਨੰਗਾ ਜਿਹਾ ਹੋ ਜਾਂਦਾ।" ਏਨਾ ਕਿਹਕੇ ਬਜੁਰਗ ਬਾਪ ਬੈਗ ਆਪਣੇ ਪੁੱਤ ਨੂਮ ਫੜਾ ਕੇ ਬੁਝੇ ਮਨ ਨਾਲ ਹੌਲੀ-ਹੌਲੀ ਪੈਰ ਪੁੱਟਦਾ ਕਮਰੇ ਅੰਦਰ ਚਲਾ ਗਿਆ। ਬਾਪੂ ਦੇ ਕਹੇ ਬੋਲ ਕਾਫੀ ਦੇਰ ਉਹਦੇ ਕੰਨਾਂ ਚ ਗੂੰਜਦੇ ਰਹੇ ਤੇ ਉਹ ਵੀ ਬੈਠਾ ਕਿਸੇ ਗਹਿਰੀ ਸੋਚ ਵਿੱਚ ਡੁੱਬ ਗਿਆ।