ਦਰਦ (ਕਹਾਣੀ)

ਨਾਇਬ ਸਿੰਘ ਬੁੱਕਣਵਾਲ   

Email: naibsingh62708@gmail.com
Cell: +91 94176 61708
Address: ਪਿੰਡ ਬੁੱਕਣਵਾਲ ਤਹਿ: ਮਲੇਰਕੋਟਲਾ
ਸੰਗਰੂਰ India
ਨਾਇਬ ਸਿੰਘ ਬੁੱਕਣਵਾਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


" ਲਿਆਉ ਵੀ ਕਾਪੀਆਂ, ਹੁਣ ਤਾਂ ਸਾਰਿਆਂ ਨੇ ੭ਵਾ ਪਾਠ ਪੂਰਾ ਕਰ ਲਿਆ ਹੋਊ, ਹੁਣ ਚਾਰ ਦਿਨ ਹੋ ਗਏ ਪਾਠ ਕਰਵਾਏ ਨੂੰ, ਜਿਹਨਾਂ ਦਾ ਕੰਮ ਅਜੇ ਤੱਕ ਪੂਰਾ ਨਹੀਂ, ਖੜ੍ਹੇ ਹੋ ਜਾਉ"? ਮੈਂ ਇੱਕ ਹੀ ਵਾਰ ਵਿੱਚ ਹੀ ਨੌਵੀਂ ਜਮਾਤ ਵਿਦਿਆਰਥੀਆਂ ਨੂੰ ਕਈ ਸਵਾਲ ਕਰ ਦਿੱਤੇ।
" ਹਾਂ! ਬਈ, ਤੇਰਾ ਕੰਮ ਕਿਉਂ ਨੀਂ ਅਜੇ ਤੱਕ ਪੂਰਾ, ਸੁਖਵਿੰਦਰ?" ਮੈਂ ਦੂਜੇ ਵਿਦਿਆਰਥੀਆਂ ਨੂੰ ਤਾੜਨ ਦੇ ਲਿਹਾਜ਼ ਨਾਲ ਸੁਖਵਿੰਦਰ ਨੂੰ ਕਿਹਾ।
" ਸਰ ਮੇਰਾ ਕੰਮ ਤਾਂ ਪੂਰਾ ਪਰ ਮੇਰੀ ਕਾਪੀ ਘਰ ਰਹਿ ਗਈ" ਸੁਖਵਿੰਦਰ ਆਮ ਬਹਾਨਾ ਮਾਰਦੇ ਹੋਏ ਕਿਹਾ।
ਇਹੀ ਸੁਖਵਿੰਦਰ ਵਾਲੇ ਸ਼ਬਦ ਹੋਰ ਵੀ ਕਈ ਵਿਦਿਆਰਥੀਆਂ ਨੇ ਦੁਹਰਾਏ।
" ਨਵਦੀਪ, ਤੇਰਾ ਕੰਮ ?"
"ਸਰ, ਮੇਰੇ ਕੋਲ ਕਾਪੀ.. ਨਹੀਂ" ਨਵਦੀਪ ਨੇ ਰੋਣ ਹੱਕੀ ਅਵਾਜ਼ ਵਿੱਚ ਕਿਹਾ।
" ਕਿਉਂ ਤੇਰੇ ਕੋਲ ਕਾਪੀ ਕਿਉਂ ਨਹੀਂ?" ਮੈਂ ਥੋੜ੍ਹਾ ਸਖਤ ਹੁੰਦੇ ਨੇ ਪੁੱਛਿਆ।
" ਸਰ ਮੇਰੇ ਮੰਮੀ- ਡੈਡੀ ਨਹੀਂ ਹੈਗੇ, ਉਹਨਾਂ ਦੀ ਮੌਤ ਹੋ ਗਈ ਹੈ। ਮੈਂ ਹੁਣ ਅਪਣੀ ਭੂਆ ਕੋਲ ਰਹਿਣਾ"ਉਸ ਅੱਖਾਂ ਪੂਝਦੇ ਹੋਏ ਜਵਾਬ ਦਿੱਤਾ।
ਮੈਂ ਸਾਰੀ ਗੱਲ ਸਮਝ ਗਿਆ ਸੀ। ਮੈਂ ਆਪਣੀ ਜੇਬ ਵਿੱਚੋਂ ਪੈਸੇ ਕੱਢੇ ਅਤੇ ਉਸਨੂੰ ਫੜਾਉਂਦੇ ਹੋਏ ਤਾੜਨਾ ਕੀਤੀ।
" ਆਹ ਫੜ! ਪੈਸੇ, ਅੱਜ ਜਾ ਕੇ ਕਾਪੀ ਖਰੀਦ ਲਈ ਅਤੇ ਕੰਮ ਜਲਦੀ ਪੂਰਾ ਕਰਕੇ ਮੈਂਨੂੰ ਚੈੱਕ ਕਰਵਾ"
ਅੱਧੀ ਛੁੱਟੀ ਵਿੱਚ ਮੈਂ ਨਾਲ ਦੇ ਸਾਥੀ ਅਧਿਆਪਕ ਨੂੰ ਉਸ ਦੀ ਮੰੰਮੀ ਡੈਡੀ ਦੀ ਮੌਤ ਬਾਰੇ ਦੱਸਿਆ। ਉਹ ਵੀ ਉਸ ਜਮਾਤ ਨੂੰ ਪੜਾਉਂਦੇ ਸੀ।ਉਹ ਕਹਿੰਦੇ ਮੇਰੇ ਤਾਂ ਇਸ ਤਰ੍ਹਾਂ ਦਾ ਕੋਈ ਵੀ ਵਿਦਿਆਰਥੀ ਧਿਆਨ ਵਿੱਚ ਨਹੀਂ, ਪਰ ਕੰਮ ਤਾਂ ਕਈ ਵਿਦਿਆਰਥੀ ਨੀਂ ਕਰਕੇ ਆਉਂਦੇ।ਉਹਨਾਂ ਵਿੱਚ ਵੀ ਉਸ ਵਿਦਿਆਰਥੀ ਨੂੰ ਜਾਨਣ ਦੀ ਉਤਸੁਕਤਾ ਪੈਦਾ ਹੋ ਗਈ। ਅਸੀਂ ਸੁਨੇਹਾ ਦੇ ਕੇ ਨਵਦੀਪ ਨੂੰ ਬੁਲਾਇਆ।
"ਨਵਦੀਪ, ਤੂੰ ਸਰ ਦਾ ਕੰਮ ਵੀ ਨੀਂ ਕਰਦਾ" ਮੈਂ ਉਂਝ ਹੀ ਉਸ ਨੂੰ ਦਬਕਾ ਮਾਰਿਆ।
: ਨਹੀਂ ਸਰ, ਸਰ ਦਾ ਕੰਮ ਤਾਂ ਮੇਰਾ ਪੂਰਾ,ਮੈਂ ਅੱਜ ਹੀ ਸਰ ਨੂੰ ਚੈੱਕ ਕਰਵਾਇਆ" ਨਵਦੀਪ ਨੇ ਵਿਸ਼ਵਾਸ ਨਾਲ ਕਿਹਾ।
" ਅੱਛਾ! ਨਵਦੀਪ, ਤੂੰ ਇਹ ਦੱਸ ਵੀ ਤੇਰੇ ਮੰਮੀ ਡੈਡੀ ਦੀ ਮੌਤ ਕਿਵੇਂ ਹੋਈ?"ਜੋ ਸਵਾਲ ਪਿਛਲੇ ਦੋ ਤਿੰਨ ਘੰਟੇ ਤੋਂ ਮੇਰੇ ਦਿਮਾਗ ਵਿੱਚ ਘੁੰਮ ਰਿਹਾ ਸੀ।ਉਹ ਪੁੱਛਿਆ।
ਹਾਉਕਾ ਜਿਹਾ ਭਰ ਕੇ ਨਵਦੀਪ ਨੇ ਦੱਸਣਾ ਸ਼ੁਰੂ ਕੀਤਾ, "ਸਰ, ੨੦੧੩ ਵਿੱਚ ਮੇਰੇ ਡੈਡੀ ਦੀ ਮੌਤ ਹੋ ਗਈ ਸੀ। ਉਹ ਡਰਾਇਵਰੀ ਕਰਦੇ ਸਨ। ਇੱਕ ਦਿਨ ਸਵੇਰੇ ਸਵੇਰੇ ਬੁਰਸ਼ ਕਰਦੇ ਡਿੱਗ ਪਏ।ਅਸੀਂ ਬਥੇਰੀਆ ਹਾਕਾਂ, ਮਾਰੀਆਂ।ਉਹ ਨਹੀਂ ਉੱਠੇ। ਡਾਕਟਰ ਨੂੰ ਬੁਲਾਇਆ। ਡਾਕਟਰ ਕਹਿੰਦਾ ਇਹਦੀ ਤਾਂ ਮੌਤ ਹੋ ਚੁੱਕੀ ਹੈ"।
"ਫੇਰ ਤੇਰੀ ਮੰਮੀ ਦੀ ਮੌਤ ਕਿਵੇਂ ਹੋਈ?" ਮੈਂ ਦੁਬਾਰਾ ਪੁੱਛਿਆ।
" ਸਰ, ਮੇਰੀ ਮੰਮੀ ਦੀ ਮੌਤ ਨਹੀਂ ਹੋਈ, ਉਹ ਸਾਨੂੰ ਦੋਨਾਂ ਭਰਾਵਾਂ ਨੂੰ ਛੱਡ ਕੇ ਚਲੀ ਗਈ। ਪਤਾ ਨੀਂ ਉਹਨੇ ਹੋਰ ਵਿਆਹ ਕਰਵਾ ਲਿਆ, ਸਾਨੂੰ ਕੁੱਝ ਨਹੀਂ ਪਤਾ ਉਹਨੂੰ ਛੇ ਸਾਲ ਹੋ ਗਏ ਉਹਨੂੰ ਗਈ ਨੂੰ, ਸਰ ਮੈਂ ਉਦੋਂ ੮ ਸਾਲ ਦਾ ਸੀ ਜਦੋਂ ਮੈਰੀ ਮੰਮੀ ਸਾਨੂੰ ਛੱਡ ਕੇ ਚਲੀ ਗਈ।ਮੈਂ ਹੁਣ ਆਪਣੀ ਭੂਆ ਕੋਲ ਰਹਿੰਦਾ ਅਤੇ ਮੇਰਾ ਦੂਜਾ ਭਰਾ ਜੋ ਮੈਂਥੋ ਵੱਡਾ ਉਹ ਮੇਰੀ ਦੂਜੀ ਭੂਆ ਕੋਲ ਰਹਿੰਦਾ"। ਨਵਦੀਪ ਦਾ ਦੱਸਦੇ ਹੋਏ ਦਾ ਗਚ ਭਰ ਆਇਆ, ਸਾਡਾ ਵੀ ਸਰੀਰ ਸੁੰਨ ਜਿਹਾ ਹੋਣ ਲੱਗਾ।
"ਸਰ, ਦੁਸਿਹਰੇ ਅਸੀਂ ਆਪਣੇ ਪਿੰਡ ਗਏ ਸੀ।ਮੇਰੇ ਚਾਚੇ ਹੋਣਾ ਨੇ ਨਾਲੇ ਸਾਨੂੰ ਕੁੱਟਿਆ ਨਾਲੇ ਸਾਡੇ ਸਿਰ ਪੰਚੀ ਹਜ਼ਾਰ ਰੁਪਏ ਲਗਾ ਦਿੱਤੇ ਕਿ ਅਸੀਂ ਚੋਰੀ ਕੀਤੀ ਆ, ਭੂਆ ਹੋਣਾ ਸਾਨੂੰ ਅੱਡ ਕੁੱਟਿਆ ਕਿ ਤੁਸੀਂ ਸਾਨੂੰ ਉਲ੍ਹਮੇ ਲੈ ਕੇ ਆਉਦੇ ਹੋ। ਸਰ ਸਾਡੇ ਮਹਿਲ ਖੁਰਦ ਦੋ ਘਰ ਨੇ ਇੱਕ ਪੰਜ ਬਿਸਵੇ'ਚ ਆ ਇੱਕ ਤਿੰਨ ਬਿਸਵੇ ਵਿੱਚ । ਜਦੋਂ ਸਰ ਮੈਂ ਪੜ੍ਹ ਲਿਖ ਕੇ ਕੁੱਝ ਬਣ ਗਿਆ ਅਸੀਂ ਆਪਣੇ ਪਿੰਡ ਜਾ ਕੇ ਹੀ ਰਹਾਂਗੇ" ਮੈਨੂੰ ਨਵਦੀਪ ਦੀਆਂ ਅੱਖਾਂ ਵਿੱਚ ਚਮਕ ਦਿਖਾਈ ਦਿੱਤੀ।
ਸਾਥੀ ਅਧਿਆਪਕ ਨੇ ਦੋ ਕਾਪੀਆਂ ਲਿਆ ਕੇ ਨਵਦੀਪ ਦੇ ਹੱਥ ਫੜਾ ਦਿੱਤੀਆਂ। ਨਵਦੀਪ ਮੈਨੂੰ ਪੈਸੇ ਵਾਪਿਸ ਕਰਨ ਲੱਗ ਪਰ ਮੈਂ ਨਹੀਂ ਲਏ।
ਮੈਂ ਕਿਹਾ, " ਇਸ ਦਾ ਕੋਈ ਪੈੱਨ ਪੈਨਸ਼ਿਲ ਲੈ ਲਈ"
" ਅੱਛਾ, ਨਵਦੀਪ ਇਹ ਦੱਸ ਵੀ ਤੇਰੇ ਨਾਨਕ ੱਿਕੱਥੇ ਨੇ ਅਤੇ ਮਾਮੇ ਹੈਗੇ?" ਸਾਥੀ ਅਧਿਆਪਕ ਨੇ ਉਸ ਦੇ ਮੋਢੇ ਤੇ ਹੱਥ ਰੱਖਦੇ ਹੋਏ ਕਿਹਾ।
" ਸਰ, ਮੇਰੇ ਨਾਨਕੇ ਚੀਮੇ ਨੇ, ਮੇਰੇ ਮਾਮੇ ਵੀ ਹੈਗੇ ਨੇ, ਪਰ ਸਾਨੂੰ ਘਰ ਨੀਂ ਵੜ੍ਹਨ ਦਿੰਦੇ, ਜੇ ਅਸੀਂ ਜਾਂਦੇ ਹਾਂ ਤਾਂ ਉਹ ਸਾਨੂੰ ਭਜਾ ਦਿੰਦੇ ਨੇ, ਕਹਿੰਦੇ ਨੇ ਜਿੱਥੇ ਮਰਜ਼ੀ ਰਹੋ ਸਾਡਾ ਸੋਡੇ ਨਾਲ ਕੋਈ ਵਾਅ-ਵਾਸਤਾ ਨਹੀਂ ਸਾਡੇ ਕਿੰਨੀਓ. ਜੀਵੋ ਭਾਵੇ ਮਰੋ" ਨਵਦੀਪ ਨੇ ਇਸ ਵਾਰ ਤਾਂ ਸਾਡੀਆ ਵੀ ਅੱਖਾਂ ਨਮ ਕਰ ਦਿੱਤੀਆਂ।
" ਕੋਈ ਗੱਲ ਨੀਂ ਬੇਟਾ, ਤੂੰ ਮਨ ਲਗਾ ਕੇ ਪੜ੍ਹਾਈ ਕਰ। ਅਸੀਂ ਤੇਰੇ ਨਾਲ ਹਾਂ, ਤੇਰਾ ਧਿਆਨ ਪੜ੍ਹਾਈ ਵੱਲ ਹੀ ਚਾਹੀਦਾ। ਆਪਣੇ ਭੂਆ-ਫੁੱਫੜ ਨੂੰ ਕੋਈ ਉਲ੍ਹਮਾ ਨਾ ਦੁਵਾਈਂ, ਕਦੇ ਵੀ ਕਿਸੇ ਚੀਜ਼ ਦੀ ਲੋੜ ਹੋਵੇ । ਸਾਨੂੰ ਬੇ ਝਿਜਕ ਕਹੀਂ, ਜਿੰਨੀਂ ਹੋ ਸਕੂ ਅਸੀਂ ਤੇਰੀ ਮਦਦ ਕਰਾਂਗੇ"। ਇਹ ਸ਼ਬਦ ਆਖ ਅਸੀਂ ਨਵਦੀਪ ਅਤੇ ਆਪਣਾ ਕੁੱਝ ਦਰਦ ਘੱਟ ਕਰਨ ਦੀ ਕੋਸ਼ਿਸ਼ ਕੀਤੀ।