ਸੁਰਜੀਤ ਦੀ ਕਵਿਤਾ ਦੇ ਸੰਗ-ਸਾਥ (ਆਲੋਚਨਾਤਮਕ ਲੇਖ )

ਮਲਵਿੰਦਰ   

Cell: +91 97795 91344
Address:
Amritsar India
ਮਲਵਿੰਦਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਸ਼ਿਕਸਤ ਰੰਗ, ਹੇ ਸਖੀ, ਵਿਸਮਾਦ ਸੁਰਜੀਤ ਦੀਆਂ ਹੁਣ ਤਕ ਛਪੀਆਂ ਕਿਤਾਬਾਂ ਦੇ ਨਾਂ ਹਨ।ਕਵਿਤਾ ਦੀਆਂ ਇਹ ਤਿੰਨੇ ਪੁਸਤਕਾਂ ਅੰਮ੍ਰਿਤਸਰ ਵੀ ਮੇਰੇ ਕੋਲ ਸਨ।ਪੜ੍ਹੀਆਂ ਵੀ ਸਨ।ਇਥੇ ਕੈਨੇਡਾ ਆਕੇ ਇਹ ਦੁਬਾਰਾ ਪੜ੍ਹੀਆਂ ਹਨ।ਕਵਿਤਾ ਦੇ ਅਰਥ ਬਦਲ ਗਏ ਹਨ।ਹੈਰਾਨੀ ਹੋਈ ਹੈ।ਸਥਾਨ ਤੇ ਸਥਿਤੀਆਂ ਬਦਲਣ ਨਾਲ ਕਵਿਤਾ ਦੇ ਅਰਥ ਵੀ ਬਦਲ ਜਾਂਦੇ ਹਨ,ਇਹ ਅਹਿਸਾਸ ਪਹਿਲੀ ਵਾਰ ਹੋਇਆ ਹੈ।ਸ਼ਾਇਦ ਇਹ ਸਮਝ ਦੀ ਸੀਮਾ ਦਾ ਵਿਸਥਾਰ ਹੈ।ਸਮਝ ਦਾ ਹਰ ਪੱਧਰ ਤੁਹਾਨੂੰ ਕਵਿਤਾ ਦੇ ਵੱਖਰੇ ਅਰਥਾਂ ਤਕ ਲੈਕੇ ਜਾਂਦਾ ਹੈ।ਤਿੱਖੀ ਹੁੰਦੀ ਸੂਝ ਨਾਲ ਸ਼ਬਦਾਂ ਦੇ ਅਰਥ ਅਹਿਸਾਸਾਂ ਦੀ ਗਹਿਰਾਈ ਨੂੰ ਸਾਕਾਰ ਕਰਨ ਲੱਗਦੇ ਹਨ ਸ਼ਾਇਦ।ਪਰ ਇਹ ਤਾਂ ਹੀ ਸੰਭਵ ਹੈ ਜੇਕਰ ਕਵਿਤਾ ਬਹੁ-ਪਰਤੀ ਭਾਵਾਂ ਵਾਲੀ ਹੋਵੇ।ਸੁਰਜੀਤ ਦੀ ਕਵਿਤਾ ਕੋਲ ਇਹ ਗੁਣ ਹੈ।ਉਸਦੀ ਹਰ ਕਵਿਤਾ ਅੰਦਰ ਹੋਰ ਕਵਿਤਾਵਾਂ ਵੀ ਹਨ।ਇਹ ਚੰਗੀ ਕਵਿਤਾ ਦੀ ਪਛਾਣ ਹੁੰਦੀ ਹੈ॥
ਆਪਣੇ ਹੀ ਅੰਦਰ ਕੈਦ ਹਾਂ ਧੁਰ ਤੋਂ/ ਇਸ ਕੈਦ ਦੀ ਕੋਈ ਬਾਰੀ ਬਾਹਰ ਨਹੀਂ ਖੁੱਲਦੀ
ਹਰ ਪਲ਼ ਹਰ ਸਾਹ/ ਜਿਵੇਂ ਹੋਂਦ ਦੀ ਕਬਰ 'ਤੇ ਦੀਵਾ ਬਲਦੈ
ਬਾਹਾਂ ਇੰਝ ਫੈਲਾਉ ਕਿ /ਚਾਰੇ ਦਿਸ਼ਾਵਾਂ ਕਲਾਵੇ 'ਚ ਆ ਗਈਆਂ ਲੱਗਣ

ਇੰਝ ਦੀਆਂ ਹੋਰ ਵੀ ਬਹੁਤ ਸਾਰੀਆਂ ਉਦਾਹਰਣਾ ਦਿੱਤੀਆਂ ਜਾ ਸਕਦੀਆਂ ਹਨ।ਭਾਸ਼ਾ ਦੀ ਸਾਹਿਤ ਵਿੱਚ ,ਖਾਸ ਕਰਕੇ ਕਵਿਤਾ ਵਿੱਚ ,ਬਹੁਤ ਵੱਡੀ ਭੂਮਿਕਾ ਹੁੰਦੀ ਹੈ।ਪੰਜਾਬੀ ਵਿੱਚ ਲਿਖੀ ਜਾ ਰਹੀ ਬਹੁਤ ਸਾਰੀ ਕਵਿਤਾ ਆਪਣੀ  ਰੁੱਖੀ ਭਾਸ਼ਾ ਕਾਰਣ ਪਾਠਕਾਂ ਨਾਲ ਅਪਣੱਤ ਦਾ ਰਿਸ਼ਤਾ ਨਹੀਂ ਬਣਾ ਪਾਉਂਦੀ।ਸੁਰਜੀਤ ਕੋਲ ਬਹੁਤ ਹੀ ਸੂਖ਼ਮ ਭਾਸ਼ਾ ਹੈ।ਇਹ ਭਾਸ਼ਾ ਸਤਰਾਂ 'ਚ ਕਾਵਿਕਤਾ ਦੀ ਧੁੰਨੀ ਪੈਦਾ ਕਰਦੀ ਹੈ।

                   ਮਿਕਨਾਤੀਸੀ ਸੁਪਨੇ / ਮੁਹੱਬਤ ਦੇ ਰੰਗਾਂ ਨਾਲ ਨਗੰਦ / ਇਸ ਸੰਦੂਕ ਵਿਚ ਮੈਂ ਰੱਖੇ ਸਨ
                     ਇਤਿਹਾਸ ਕਦੇ ਖਲੋਇਆ ਨਹੀਂ ਕਰਦੇ / ਇਤਮਾਦ ਕਦੇ ਮੋਇਆ ਨਹੀਂ ਕਰਦੇ

ਭਾਸ਼ਾ ਦੇ ਨਾਲ ਸੁਰਜੀਤ ਕੋਲ ਵਿਚਾਰ ਵੀ ਹਨ, ਬਹੁਤ ਗਹਿਰੇ ਵਿਚਾਰ, ਜ਼ਿੰਦਗੀ ਦੇ ਹੰਢਾਏ ਪਲ਼ਾਂ ਵਰਗੇ ਵਿਚਾਰ ਜਿਨ੍ਹਾਂ ਨੂੰ ਪੇਸ਼ ਕਰਦਿਆਂ ਉਹ ਸ਼ਬਦਾਂ ਦਾ ਤਲਿਸਮ ਪੈਦਾ ਕਰਦੀ ਹੈ।ਪਾਠਕ ਉਸ ਤਲਿਸਮ ਕੋਲ ਰੁਕ ਜਾਂਦਾ ਹੈ, ਸਤਰਾਂ ਨੂੰ ਦੁਬਾਰਾ ਪੜ੍ਹਦਾ ਹੈ, ਵਿਚਾਰ ਨੂੰ ਆਪਣੇ ਅੰਦਰ ਜ਼ਜ਼ਬ ਕਰਦਾ ਹੈ ਤੇ ਫਿਰ ਅਗਾਂਹ ਤੁਰਦਾ ਹੈ।ਇਸ ਤਲਿਸਮ 'ਚ ਕੁਦਰਤ 'ਚੋਂ ਲਏ ਬਿੰਬਾਂ, ਪ੍ਰਤੀਕਾਂ ਦੀ ਬਹੁਤ ਵੱਡੀ ਭੁਮਿਕਾ ਹੈ।ਇਹ ਬਿੰਬ ਉਸਦੀ ਕਵਿਤਾ ਨੂੰ ਸਹਿਜ ਦਿੰਦੇ ਹਨ, ਠਰੰਮਾ ਦਿੰਦੇ ਹਨ ਅਤੇ ਗਹਿਰਾਈ ਵੀ ਦਿੰਦੇ ਹਨ।ਉਹ ਆਪਣੇ ਵਿਚਾਰਾਂ ਨੂੰ ਪਾਠਕ ਉਪਰ ਠੋਸਦੀ ਨਹੀਂ ਬਲਕਿ ਉਹ ਆਪਣੇ ਵਿਚਾਰਾਂ ਨੂੰ ਰੱਦ ਕਰਨ ਦੀ ਸਮਰੱਥਾ ਵੀ ਰੱਖਦੀ ਹੈ।

                        ਪਰ ਹੁਣ ਤਾਂ ਇੰਝ ਜਾਪਦੈ / ਜ਼ਿੰਦਗੀ ਬਹੁਤ ਮੌਸਮ ਬਦਲ ਚੁੱਕੀ ਹੈ
                             ਇਸ ਲਈ ਹਾਦਸੇ ਹੁਣ ਮੌਸਮ ਵੀ ਨਹੀਂ ਲੱਗਦੇ!!!

ਸੁਰਜੀਤ ਆਪਣੀ ਪਹਿਲੀ ਪੁਸਤਕ 'ਸ਼ਿਕਸਤ ਰੰਗ' ਵਿੱਚ ਪਰਵਾਸ ਦੇ ਹੰਢਾਏ ਅਨੁਭਵਾਂ ਦਾ ਚਿੱਤਰਣ ਬਾਖੂਬੀ ਕਰਦੀ ਹੈ।ਉਹ ਪੂੰਜੀ ਦੀਆਂ ਅਲਾਮਤਾਂ ਦੇ ਸਮਾਜਿਕ ਜੀਵਨ ਅਤੇ ਰਿਸ਼ਤਿਆਂ ਉਪਰ ਪੈਂਦੇ ਪ੍ਰਭਾਵਾਂ ਨੂੰ ਭਾਵਪੂਰਤ ਢੰਗ ਨਾਲ ਪੇਸ਼ ਕਰਦੀ ਹੈ।ਨਾਰੀ ਦੇ ਅਸਤਿਤਵ ਬਾਰੇ ਉਸਦੀਆਂ ਕਵਿਤਾਵਾਂ ਵਿੱਚ ਆਰਥਿਕ ਆਜ਼ਾਦੀ ਦੇ ਨਾਂ ਹੇਠ ਦੂਹਰੇ ਤੀਹਰੇ ਜ਼ੰਜ਼ਾਲਾਂ 'ਚ ਫਸੀ ਅੋਰਤ ਦੀ ਹੋਣੀ ਨੂੰ ਪੇਸ਼ ਕਰਦਿਆਂ ਭਾਵੁਕ ਨਹੀਂ ਹੁੰਦੀ ਸਗੋਂ ਇੱਕ ਸੰਤੁਲਨ ਬਣਾਈ ਰੱਖਦੀ ਹੈ।ਕੁਝ ਬਹੁਤ ਆਪਣਿਆਂ ਦੇ ਜਹਾਨੋਂ ਤੁਰ ਜਾਣ ਦਾ ਦਰਦ ਬਿਆਨਦਿਆਂ ਉਹ ਜ਼ਰੂਰ ਭਾਵੁਕ ਹੁੰਦੀ ਹੈ ਜੋ ਸੁਭਾਵਿਕ ਵੀ ਹੈ।ਸੁਰਜੀਤ ਆਪਣੇ ਪਹਿਲੇ ਕਾਵਿ-ਸੰਗ੍ਰਹਿ ਤੋਂ ਹੀ ਦਾਰਸ਼ਨਿਕ ਨੁਹਾਰ ਵਾਲੀ, ਅਧਿਆਤਮ ਅਤੇ ਅੰਤਰ ਮਨ ਦੀਆਂ ਬਾਤਾਂ ਪਾਉਣ ਵਾਲੀ ਕਵਿਤਾ ਲਿਖਣ ਵੱਲ ਰੁਚਿਤ ਹੈ:

               ਸਾਹਾਂ ਦੇ ਬੂਹੇ ;ਤੇ ਖੜੀ ਕਾਇਆ/ ਕਾਲ ਦਾ ਕਾਸਾ ਲੈ / ਮੁਕਤੀ ਦਾ ਦਾਨ ਮੰਗਦੀ ਹੈ
               ਮੇਰੇ ਅੰਦਰ ਵਿਸਵਾਸ਼ ਦੀ ਇੱਕ ਨਦੀ ਵਗਦੀ ਹੈ / ਮੇਰੀ ਸੁਰਤ ਉਸ ਸਦੀਵੀ ਸੱਚ ਨੂੰ ਲੱਭਦੀ ਹੈ

ਬਾਅਦ ਵਾਲੀਆਂ ਪੁਸਤਕਾਂ ਵਿੱਚ ਇਹ ਰੰਗ ਵਧੇਰੇ ਸ਼ਿਦਤ ਨਾਲ ਨਜ਼ਰ ਆਉਂਦਾ ਹੈ।ਉਸਦੀ ਦੂਜੀ ਪੁਸਤਕ 'ਹੇ ਸਖੀ 'ਵਿਚਲੀ ਕਵਿਤਾ ਨੂੰ ਸਮਝਣ ਲਈ ਪਹਿਲਾਂ ਪਾਠਕ ਨੂੰ ਆਪਣੇ ਅੰਦਰ ਉਹ ਜਗਿਆਸਾ ਪੈਦਾ ਕਰਨੀ ਪੈਂਦੀ ਹੈ ਜਿਹੜੀ ਇਹ ਕਵਿਤਾ ਲਿਖਣ ਵੇਲੇ ਕਵਿਤਰੀ ਦੇ ਅੰਦਰ ਸੀ।ਉਨ੍ਹਾਂ ਸਾਰੇ ਸਵਾਲਾਂ ਦੇ ਰੂਬਰੂ ਹੋਣਾ ਪੈਂਦਾ ਹੈ ਜਿਹੜੈ ਕਵਿਤਰੀ ਨੂੰ ਪ੍ਰੇਸ਼ਾਨ ਕਰਦੇ ਰਹੇ ਹਨ।ਜਿੰਨ੍ਹਾਂ ਸਵਾਲਾਂ ਨੇ ਉਸਨੂੰ ਇਹ ਲੰਬੀ ਕਵਿਤਾ ਲਿਖਣ ਦੇ ਰਾਹ ਤੋਰਿਆ।ਦਾਰਸ਼ਨਿਕਤਾ ਦੀਆਂ ਉਨ੍ਹਾਂ ਉਚਾਈਆਂ ਜਾਂ ਗਹਿਰਾਈਆਂ ਨੂੰ ਆਪਣੀ ਸੋਝੀ ਦੇ ਹਾਣ ਦਾ ਬਣਾਉਣਾ ਪੈਂਦਾ।ਇਹ ਆਤਮ ਸੰਵਾਦ ਰਚਾਉਂਦੀ, ਆਤਮ ਚਿੰਤਨ ਕਰਦੀ ਕਵਿਤਾ ਹੈ।ਲੰਬੀ ਕਵਿਤਾ ਲਿਖਣੀ ਆਪਣੇ ਆਪ 'ਚ ਹੀ ਇੱਕ ਪ੍ਰਾਪਤੀ ਹੁੰਦੀ ਹੈ।ਇਸ ਕਵਿਤਾ ਨੂੰ ਪੜ੍ਹਨ ਲਈ ਇੱਕ ਵੱਖਰੀ ਮਾਨਸਿਕਤਾ ਦੀ ਲੋੜ ਪੈਂਦੀ ਹੈ।ਇਹ ਕਵਿਤਾ ਸਾਡੇ ਮਨਾਂ ਅੰਦਰ ਪੈਦਾ ਹੁੰਦੇ ਬਹੁਤ ਸਾਰੇ ਸਵਾਲਾਂ ਦਾ ਜਵਾਬ ਹੈ।ਇਹ ਕਵਿਤਾ ਹੇ ਸਖੀ ਅਤੇ ਹਾਂ ਸਖੀ ਦੇ ਸਵਾਲਾਂ ਜਵਾਬਾਂ ਦੀ ਵਿਧੀ ਨਾਲ ਅੱਗੇ ਵੱਧਦੀ ਹੈ।ਹੇ ਸਖੀ ਕੋਲ ਇੱਕ ਜਗਿਆਸਾ ਹੈ, ਹਾਂ ਸਖੀ ਉਸ ਜਗਿਆਸਾ ਦਾ ਸਮਾਧਾਨ ਕਰਨ ਦੀ ਕੋਸ਼ਿਸ਼ ਕਰਦੀ ਹੈ:

    ਹੇ ਸਖੀ !ਸਰਦਲ ਦੇ ਆਰ ਤੜਪ ਰਹੇ ਕਈ ਸਵਾਲ / ਸਰਦਲ ਦੇ ਪਾਰ ਉਡੀਕਦੇ ਜਿੰਨ੍ਹਾਂ ਦੇ ਜਿੰਨ੍ਹਾਂ ਦੇ ਜਵਾਬ
        ਹਾਂ ਸਖੀ! ਲ਼ੋੜ ਹੈ ਬੱਸ ਇਕ ਦਸਤਕ ਦੇਣ ਦੀ / ਪਰ ਜਾਚ ਨਹੀਂ ਦੇਹਲੀ ਪੈਰ ਧਰਨ ਦੀ

ਤੜਪ ਰਹੇ ਸਵਾਲਾਂ ਵਿੱਚ ਸਵੈ ਨੂੰ ਜਾਣ ਲੈਣ ਦੀ ਅਭਿਲਾਸ਼ਾ ਹੈ।ਇਹ ਕਵਿਤਾ ਇੱਕ ਤਲਾਸ਼ ਹੈ,ਇੱਕ ਮੰਜ਼ਿਲ ਦੀ ਤਲਾਸ਼।ਮੰਜ਼ਿਲ ਜਿੱਥੇ ਪਹੁੰਚਦਿਆਂ ਹੀ ਸਾਰੇ ਭੇਤ ਖੁੱਲ ਜਾਂਦੇ,ਸਾਰਾ ਆਲਮ ਇੱਕ ਹੋ ਜਾਂਦਾ, ਹਰ ਜ਼ੱਰਾ ਆਪਣੀ ਹਸਤੀ ਦਾ ਰਹੱਸ ਹੋ ਜਾਂਦਾ।ਪਰ ਮੰਜ਼ਿਲ ਤੋਂ ਪਹਿਲਾਂ ਮਨ ਨੂੰ ਲੱਭਣਾ ਪੈਣਾ।ਮਨ ਦਾ ਕੋਈ ਸਰੂਪ ਨਹੀਂ ਹੁੰਦਾ।ਇਸ ਲਈ ਆਪਣੀ ਚੇਤਨਾ ਨੂੰ ਜਗਾਉਣਾ ਪੈਣਾ।ਚੇਤਨਾ ਸਾਡੇ ਅੰਦਰ ਫੈਲਿਆ ਆਕਾਸ਼ ਹੁੰਦੀ।ਪਰ ਜਗਿਆਸਾ ਹੈ ਕਿ ਹਰ ਛਿਣ ਨਵੇਂ ਸਵਾਲ ਦੇ ਰੂਬਰੂ ਕਰਦੀ ਰਹਿੰਦੀ ਹੈ।ਅਗਲਾ ਸਵਾਲ ਐ ਕਿ ਜੇ ਚੇਤਨਾ ਹੀ ਸਭ ਕੁਝ ਹੈ ਤਾਂ ਫਿਰ ਇਹ ਕਾਇਆ ਕੀ ਹੋਈ?ਜਵਾਬ ਹੈ ਕਿ ਸਾਡੀ ਕਾਇਆ ਸਦੈਵ ਨਾ ਰਹਿੰਦੀ।ਇਸ ਨੂੰ ਵਸਤੂ ਵਾਂਗ ਜੇ ਨਾ ਹੰਢਾਈਏ ਤਾਂ ਬ੍ਰਹਿਮੰਡੀ ਊਰਜਾ ਨਾਲ ਸਰਸ਼ਾਰ ਹੋ ਜਾਈਏ।ਫਿਰ ਗੱਲ ਜੀਵਨ ਦੀ ਤੁਰਦੀ, ਇਛਾਵਾਂ ਦੀ ਤੁਰਦੀ।ਪਰ ਇਥੇ ਪਹੁੰਚਕੇ ਫ਼ਲਸਫ਼ਿਆਂ ਦੇ ਦਵੰਦ 'ਚ ਜ਼ਿੰਦਗੀ ਦੇ ਅਰਥ ਲੱਭਣੇ ਕਠਿਨ ਹੋ ਜਾਂਦੇ ਹਨ।ਸੰਵਾਦ ਚਲਦਾ ਰਹਿੰਦਾ ਹੈ।ਪਾਠਕ ਦੀ ਉਤਸੁਕਤਾ ਬਣੀ ਰਹਿੰਦੀ ਹੈ।ਸੋਚਾਂ,ਊਰਜਾ,ਸੱਚ,ਸਮਾਂ,ਰਿਸ਼ਤੇ,ਸ਼ਬਦ,ਸੁੰਦਰਤਾ,ਜਗਿਆਸਾ ਦੇ ਸਫ਼ਰ ਦੀਆਂ ਪੈੜਾਂ ਬਣਦੇ ਹਨ।ਗੱਲ ਅੱਗੇ ਤੁਰਦੀ ਹੈ।ਕਵਿਤਾ ਸਿਰਜਤ ਹੁੰਦੀ ਹੈ।ਨਵੇਂ ਨਵੇਂ ਰਹੱਸ ਖੁੱਲਦੇ ਹਨ।ਸ਼ਬਦ ਬਾਰੇ ਬੜੇ ਅਦਭੁਤ ਵਰਣਨ ਪੜ੍ਹਨ ਨੂੰ ਮਿਲਦੇ ਹਨ:
    ਸ਼ਬਦ ਬ੍ਰਹਮ ਹੈ / ਸ਼ਬਦ ਨਾਦ ਹੈ / ਸ਼ਬਦ ਕੀਰਤਨ ਹੈ,ਭਗਤੀ ਸੰਗੀਤ ਹੈ /
    ਸ਼ਬਦ ਲੋਅ ਹੈ,ਲੈਅ ਹੈ,ਮੰਤਰ ਹੈ ਸ਼ਬਦ ਗਿਆਨ ਹੈ,ਸੰਗੀਤ ਹੈ,ਰਿਸ਼ਤਾ ਹੈ,ਊਰਜਾ ਹੈ

ਅਖੀਰ ਸੰਵਾਦ ਹੁਣ ਦੇ ਛਿਣ 'ਤੇ ਪਹੁੰਚਦਾ ਹੈ।ਪਰ ਹੁਣ ਦੇ ਛਿਣ 'ਚ ਪਹੁੰਚਿਆ ਸੰਵਾਦ ਵੀ ਮੰਜ਼ਿਲ ਨਹੀਂ ਬਣਦਾ।ਅੰਤਿਕਾ ਵਿਚ ਇੱਕ ਅਰਜੋਈ ਫਿਰ ਕਰਨੀ ਪੈਂਦੀ ਹੈ।ਇਹੀ ਜਗਿਆਸਾ ਦੇ ਸਫ਼ਰ ਦਾ ਸੱਚ ਹੁੰਦਾ।ਅਧੂਰਾ ਸਫ਼ਰ ਹੀ ਕਿਸੇ ਹੋਰ ਜਗਿਆਸਾ ਦਾ ਸਫ਼ਰ ਬਣਨ ਦੀ ਆਸ ਬਣਦਾ ਹੈ।ਇਹ ਇਸ ਲੰਬੀ ਕਵਿਤਾ ਦੀ ਪ੍ਰਾਪਤੀ ਹੈ।ਇਹ ਕਵਿਤਾ ਹੁਣ ਦੇ ਛਿਣ 'ਚ ਪਈ ਊਰਜਾ ਨੂੰ ਮਹਿਸੂਸ ਕਰਨ ਦਾ ਅਧਿਆਤਮਿਕ ਸੰਵਾਦ ਸਿਰਜਦੀ ਹੈ।ਪੂਰੀ ਪੜ੍ਹਤ ਦੌਰਾਨ ਇਹ ਸੰਵਾਦ ਬਣਿਆਂ ਰਹਿੰਦਾ ਹੈ,ਕਿੱਧਰੇ ਵੀ ਪ੍ਰਵਚਨ ਬਣਨ ਵੱਲ ਰੁਚਿਤ ਨਹੀਂ ਹੁੰਦਾ।ਸੰਵਾਦ ਵਿਚ ਕਈ ਸੰਸੇ ਉਪਜਦੇ ਹਨ, ਉਨ੍ਹਾਂ ਸੰਸਿਆਂ ਨੂੰ ਨਵਿਰਤ ਕਰਨ ਦੇ ਯਤਨ ਵੀ ਉਸਰਦੇ ਹਨ।ਸੰਸਿਆਂ ਤੋਂ ਨਵਿਰਤ ਕਵਿਤਰੀ ਦਾ ਅਨੁਭਵ ਪੜ੍ਹਨਾ ਬਣਦਾ ਹੈ:
               ਚਾਨਣ ਦੀ ਕੋਈ ਰਿਸ਼ਮ / ਹਨੇਰੀਆਂ ਗ਼ੁਫ਼ਾਵਾਂ ਨੂੰ ਚੀਰ / ਮੇਰੇ ਮਸਤਕ ਇੰਝ ਆਣ ਢੁੱਕੀ ਹੈ
               ਕਿ ਮਨ ਅੰਬਰ ਹੋ ਗਿਆ / ਅੰਤਹ-ਕਰਣ ਵਿਚ / ਕੋਈ ਸ਼ਹਿਨਾਈ ਗੂੰਜ ਉੱਠੀ ਹੈ
              ਖੇੜਾ ਹੀ ਖੇੜਾ ਹੈ ਤੇ ਮੇਰੀ ਚੇਤਨਾ / ਚਾਨਣ ਦੀਆਂ ਪੰਜੇਬਾਂ ਪਾ / ਬਰੇਤਿਆਂ 'ਚ ਨੱਚ ਰਹੀ ਹੈ

ਬਰੇਤਿਆਂ 'ਚ ਨੱਚ ਰਹੀ ਇਸ ਚੇਤਨਾ ਨਾ ਸਫ਼ਰ ਤੀਜੀ ਪੁਸਤਕ 'ਵਿਸਮਾਦ 'ਵਿਚ ਵੀ ਜਾਰੀ ਰਹਿੰਦਾ ਹੈ।ਹਾਲਾਂਕਿ ਇਸ ਸੰਗ੍ਰਹਿ ਦੀਆਂ ਬਹੁਤੀਆਂ ਕਵਿਤਾਵਾਂ ਵੱਖਰੀ ਨੁਹਾਰ ਵਾਲੀਆਂ ਹਨ।ਇਸ ਗੱਲ ਨੂੰ ਸੁਰਜੀਤ ਨੇ ਵੀ ਆਪਣੀ ਭੁਮਿਕਾ ਵਿਚ ਸਵੀਕਾਰ ਕੀਤਾ ਹੈ।ਆਪਣੇ ਅੰਤਰ ਮਨ ਨਾਲ ਸੰਵਾਦ ਰਚਾਉਣ ਵਾਲੀਆਂ ਕਵਿਤਾਵਾਂ ਵਿਚ ਚੇਤਨਾ ਤੇ ਸਮੁੰਦਰ,ਆਖਰੀ ਸ਼ਬਦ,ਅਮੂਰਤ,ਸੁਰੰਗ ਅਮਦਰ,ਤਸਵੀਰ ਸਾਹਵੇ ਬੈਠੇ,ਮੈਂ ਮੁਕਤ ਹਾਂ,ਤੂੰ ਮੈਨੂੰ ਆਵਾਜ਼ ਦੇਹ,ਲਫ਼ਜ਼ ਚਿਹਰੇ ਰਸਮਾਂ,ਤੇਰੀ ਲੋਅ ਆਦਿ ਵਰਣਨਯੋਗ ਕਵਿਤਾਵਾਂ ਹਨ।ਇਨ੍ਹਾਂ ਕਵਿਤਾਵਾਂ ਵਿਚ ਵੀ ਉਸਦੀ ਜਗਿਆਸਾ ਦਾ ਸਫ਼ਰ ਜਾਰੀ ਰਹਿੰਦਾ ਹੈ।ਕਵਿਤਰੀ ਨੂੰ ਕਿਸੇ ਉਸ ਦੀ ਤਲਾਸ਼ ਹੈ ਜੋ ਅਛੋਪਲੇ ਜਿਹੇ ਆ ਕੇ ਫੁੱਲਾਂ 'ਚ ਖ਼ੁਸ਼ਬੂ,ਚਾਨਣੀ 'ਚ ਸੀਤਲਤਾ ,ਕੋਰੇ ਵਰਕਿਆਂ 'ਤੇ ਕਵਿਤਾ ਅਤੇ ਦੀਵੇ ਦੀ ਲੋਅ 'ਚ ਦਿੱਬਤਾ ਭਰ ਦਿੰਦੈ।ਉਸਨੂੰ ਲੱਗਦਾ ਹੈ ਕਿ ਜੋ ਦਿਸਦਾ ਹੈ,ਉਸ ਦੇ ਪਾਰ ਕੁਝ ਹੋਰ ਹੈ।ਅਜੀਬ ਅਹਿਸਾਸ ਹੈ ਇਹ ਅਤੇ ਅਜੀਬ ਹੈ ਇਸ ਅਹਿਸਾਸ ਦਾ ਪਿੱਛਾ ਕਰਨਾ।ਇਹ ਅਹਿਸਾਸ ਸ਼ਬਦਾਂ 'ਚ ਢੱਲਕੇ ਦਾਰਸ਼ਨਿਕ ਨੁਹਾਰ ਵਾਲੀ ਕਵਿਤਾ ਬਣਦਾ ਹੈ:

                                                    ਡੂੰਘੀ ਸੁਰੰਗ 'ਚ
                                                    ਮੈਂ ਤੇ ਮੇਰੀ ਚੇਤਨਾ
                                                    ਤੁਰ ਰਹੇ ਹਾਂ ਬਸ ਇਕੱਲੇ

ਉਸਦਾ ਇਹ ਵਿਸ਼ਵਾਸ ਕਿ 'ਤੇਰਾ ਪ੍ਰਣਾਮ ਤਾਂ ਹੈ ਉਸ ਲਈ / ਜੋ ਥਿਰ ਹੈ ਤੇਰੇ ਅੰਦਰ ਹੀ 'ਵੀ ਉਸਦੀ ਤਲਾਸ਼ ਦੇ ਮੁਕੰਮਲ ਹੋਣ ਦਾ ਅਹਿਸਾਸ ਨਹੀਂ ਬਣਦਾ।ਉਹ ਲਿਖਦੀ ਹੈ,
                                              ਅਧੂਰਾ ਹੈ ਅਜੇ ਤਲਾਸ਼ ਦਾ ਸਫ਼ਰ
                                              ਅਜੇ ਮੇਰਾ ਚਿੰਤਨ ਅਧੂਰਾ,ਅਧੂਰੀਆਂ ਨਜ਼ਮਾਂ
                                              ਅਧੂਰੀ ਜ਼ਿੰਦਗੀ ਦੀ ਪਰਿਭਾਸ਼ਾ

ਇਸੇ ਅਧੂਰੇਪਣ 'ਚ ਹੀ ਉਸਦੀ ਸਿਰਜਣਾ ਦਾ ਦੀਵਾ ਬਲ਼ ਰਿਹਾ ਹੈ।ਇਸ ਦੀਵੇ ਦੀ ਰੋਸ਼ਨੀ ਵਿਚ ਬਹੁਤ ਸਾਰੀ ਕੁਦਰਤ ਪਈ ਹੈ।ਕੁਦਰਤ ਉਸ ਨਾਲ ਸੰਵਾਦ ਰਚਾਉਂਦੀ ਹੈ ਅਤੇ ਉਹ ਉਤਸਵ ਵਰਗੀ ਕਵਿਤਾ ਲਿਖਦੀ ਹੈ।ਇਹ ਕਵਿਤਾ ਉਸਦੇ ਅਠਾਨਵੇਂ ਵਰ੍ਹਿਆਂ ਦੇ ਪਿਤਾ ਬਾਰੇ ਹੈ।ਇਸੇ ਹੀ ਸਮੇਂ ਉਹ ਇੱਕ ਗੱਭਰੂ ਪੁੱਤ ਦੀ ਮਾਂ ਵੀ ਹੈ ਜਿਹੜਾ ਉਸ ਨਾਲ ਮਾਂ ਵਾਂਗ ਪੇਸ਼ ਆਉਂਦਾ ਹੈ ਤੇ ਉਹ ਕਵਿਤਾ ਲਿਖਦੀ ਹੈ 'ਵਿਸਮਾਦ '।ਇਹ ਦੋਵੇਂ ਕਵਿਤਾਵਾਂ ਉਸ ਦੇ ਨਿੱਜ 'ਚੋਂ ਬਾਹਰ ਨਿਕਲ ਸਮੂੰਹ ਦੀਆਂ ਭਾਵਨਾਵਾਂ ਦੀ ਤਰਜ਼ਮਾਨੀ ਕਰਦੀਆਂ ਹਨ। ਉਹ ਜਦ ਵਾਹਗਿਉਂ ਪਾਰ ਵਾਲੀ ਸਹੇਲੀ ਨਾਲ ਦਿਨ ਬਿਤਾਉਂਦੀ ਹੈ ਤਾਂ ਦੋਹਾਂ ਪੰਜਾਬਾਂ ਦੀ ਸਾਂਝੀ ਲੋਕਧਾਰਾ ਦਾ ਰੰਗ ਉਸਦੀ ਕਵਿਤਾ 'ਚ ਉਘੜਵੇਂ ਰੂਪ 'ਚ ਸ਼ਾਮਲ ਹੋ ਜਾਂਦਾ ਹੈ।ਇੰਝ ਉਸਦੀਆਂ ਕਵਿਤਾ ਕਿਸੇ ਇਲਾਕੇ ਵਿਸ਼ੇਸ਼ ਦੀਆਂ ਸਰਹੱਦਾਂ ਨੂੰ ਉਲੰਘਦੀਆਂ ਵਿਸ਼ਵ-ਵਿਆਪੀ ਵਰਤਾਰਿਆਂ ਨੂੰ ਮੁਖ਼ਾਤਬ ਹੁੰਦੀ ਹੈ।
              ਸੁਰਜੀਤ ਵਰ੍ਹਿਆਂ ਤੋਂ ਪਰਵਾਸ ਹੰਢਾ ਰਹੀ ਹੈ ਜਾਂ ਇੰਝ ਕਹਿਣਾ ਚਾਹੀਦਾ ਕਿ ਮਾਣ ਰਹੀ ਹੈ।ਅਰਸੇ ਤੋਂ ਇਥੇ ਵੱਸਦੇ ਪੰਜਾਬੀ ਭਾਈਚਾਰੇ ਨੇ ਆਪਣੇ ਅੰਦਰ ਵੱਸਦੇ ਪੰਜਾਬ ਨੂੰ ਵੀ ਸਾਂਭ ਰੱਖਿਆ ਹੈ ਤੇ ਇਥੋਂ ਦੀਆਂ ਕਦਰਾਂ-ਕੀਮਤਾਂ ਨੂੰ ਨੂੰ ਵੀ ਸਮਝ ਲਿਆ ਹੈ।ਇਥੋਂ ਦੀ ਤਰਜ਼ੇ-ਜ਼ਿੰਦਗੀ ਨੂੰ ਜਾਣਦਿਆਂ ਹੁਣ ਉਹ ਪਰਵਾਸ ਨੂੰ ਮਾਣ ਰਹੇ ਹਨ।ਉਨ੍ਹਾਂ ਕੋਲ ਹਰ ਤਰ੍ਹਾਂ ਦੀਆਂ ਸੁਖ-ਸਹੂਲਤਾਂ ਵੀ ਹਨ।ਅਜਿਹੇ 'ਚ ਸਾਹਿਤ ਨਾਲ ਜੁੜੇ ਲੋਕਾਂ ਲਈ ਇਹ ਜ਼ਰੂਰੀ ਹੈ ਜਾਂਦਾ ਹੈ ਕਿ ਉਨ੍ਹਾਂ ਦੀਆਂ ਲਿਖਤਾਂ 'ਚ ਇਥੋਂ ਦੀ ਜ਼ਿੰਦਗੀ ਦੀਆਂ ਗੁੱਝੀਆਂ ਪਰਤਾਂ ਸੂਖ਼ਮਤਾ ਨਾਲ ਪੇਸ਼ ਹੋਣ।ਸੁਰਜੀਤ ਆਪਣੀਆਂ ਕਵਿਤਾਵਾਂ ਵਿਚ ਇਥੋੰ ਦੀ ਸੰਸਕ੍ਰਿਤੀ ਨੂੰ ਫੜ੍ਹਨ ਵਿਚ ਕਾਫੀ ਹੱਦ ਤੱਕ ਕਾਮਯਾਬ ਹੋਈ ਹੈ।ਇਹ ਕੁੜੀਆਂ,ਸਿੰਗਲ ਮਦਰ,ਕੋਈ ਹੋਰ ਨਾਂ ਦਿਓ,ਡੈਂਡਲਾਇਅਨ,ਮਨੁੱਖ,ਮਹਾਂਸਾਗਰ ਤੇ ਬੱਤਖ,ਮੈਂ ਇੰਤਜ਼ਾਰ ਕਰਾਂਗੀ,ਵਰਜਿਤ ਆਦਿ ਕਵਿਤਾਵਾਂ ਇਸ ਨਵੇਂ ਮੁਹਾਂਦਰੇ ਵਾਲੀਆਂ ਹਨ।ਇਹ ਕਵਿਤਾਵਾਂ ਇਥੋਂ ਦੇ ਰਸਮਾਂ-ਰਿਵਾਜਾਂ,ਰਿਸ਼ਤਿਆਂ ਅਤੇ ਜੀਵਨ ਸ਼ੈਲੀ ਨੂੰ ਸਮਝਕੇ ਹੀ ਨਹੀਂ ਸਗੋਂ ਮਹਿਸੂਸ ਕਰਕੇ ਲਿਖੀਆਂ ਕਵਿਤਾਵਾਂ ਹਨ।ਉਦਾਹਰਣ ਵਜੋਂ ਇਹ ਕੁੜੀਆਂ ਕਵਿਤਾ ਪੜ੍ਹਦੇ ਹਾਂ:
                  ਇੱਧਰ ਕੁੜੀਆਂ ਬਾਰਬੀ ਡੌਲਾਂ ਨੂੰ ਬਜ਼ਾਰੀ ਵਸਤਰਾਂ ਨਾਲ ਸਜਾਉਂਦੀਆਂ
                  ਦਿਲ ਭਰ ਜਾਏ ਤਾਂ ਵਗਾਹ ਕੇ ਮਾਰਦੀਆਂ
                  ਬੇਪ੍ਰਵਾਹ,ਬਿਊਟੀ ਐਂਡ ਬੀਸਟ,ਐਲਿਸ ਇਨ ਵੰਡਰਲੈਂਡ
                  ਵਰਗੀਆਂ ਫਿਲਮਾਂ ਵੇਖਦੀਆਂ
                  .
                  .
                   ਇਹਨਾਂ ਦੇ ਬਚਪਨ ਵਿਚ ਉਤੇਜਨਾਂ / ਜੀਵਨ ਵਿਚ ਚੇਤਨਾ
                   ਆਪਣੀਆਂ ਸ਼ਰਤਾਂ 'ਤੇ ਜਿਊਂਦੀਆਂ ਇਹ ਕੁੜੀਆਂ!

ਸ਼ੁਰਜੀਤ ਆਪਣੇ ਸਮੁੱਚੇ ਕਾਵਿ ਵਿਚ ਨਾਰੀ ਚੇਤਨਾ ਨਾਲ ਜੁੜੀਆਂ ਸਥਿਤੀਆਂ ਦੇ ਜਟਿਲ ਅਹਿਸਾਸਾਂ ਨੂੰ ਬੜੀ ਸ਼ਿਦਤ ਨਾਲ ਪੇਸ਼ ਕੀਤਾ ਹੈ। ਅਗਨ ਪ੍ਰੀਖਿਆ,ਸਾਡੀ ਪ੍ਰਯੋਗਸ਼ਾਲਾ,ਸੁਹਣੀਆਂ ਕੁੜੀਆਂ,ਧੀ ਤੋਂ ਮਾਂ ਬਣਨ ਤਕ,ਮਾਡਲ ਕੁੜੀ,ਪੰਜਾਬੀ ਗੀਤਾਂ ਦੀ ਨਾਇਕਾ,ਦੁਆ,ਨੀ ਕੁੜੀਏ,ਆਦਿ ਅਜਿਹੀਆਂ ਕਵਿਤਾਵਾਂ ਹਨ।ਔਰਤ ਦੀ ਹੋਂਦ ਨਾਲ ਜੁੜੇ ਸਮਾਜਿਕ ਸਰੋਕਾਰਾਂ ਵਿਚ ਅੋਰਤ ਦੇ ਸੰਸਿਆਂ ਨੂੰ ਨਵਿਰਤ ਕਰਦੀ ਸ਼ਾਇਰਾ ਜਿੱਥੇ ਅੋਰਤ ਨੂੰ ਵਿਸ਼ਵ ਵਿਆਪੀ ਦ੍ਰਿਸ਼ਟੀਕੋਣ ਅਪਨਾਉਣ ਦੀ ਸਲਾਹ ਦਿੰਦੀ ਹੈ ਉਥੇ ਮਰਦਾਂ ਨੂੰ ਵੀ ਅੋਰਤ ਦੀ ਝੂਠੀ ਤਾਰੀਫ਼ 'ਚ ਗੀਤ ਗਾਉਣ ਤੋਂ  ਵਰਜਦੀ ਹੈ।ਇਹ ਵਰਜਣ ਅਪਨਾਉਣ ਦੀ ਉਸਦੀ ਚਾਹਤ ਕਾਵਿਕਤਾ ਨੂੰ ਦਾਅ 'ਤੇ ਨਹੀਂ ਲਾਉਂਦੀ।ਉਹ ਹਰ ਸਤਰ 'ਚ ਕਾਵਿਕਤਾ ਨੂੰ ਬਚਾਉਣ ਦਾ ਸੁਹਿਰਦ ਉਪਰਾਲਾ ਕਰਦੀ ਹੈ।ਵਸਤੂ ਬਣਾ ਦਿੱਤੀ ਗਈ ਅੋਰਤ ਨੂੰ ਅਧੀਨ ਰੱਖਣ ਲਈ ਜ਼ੁਮੇਵਾਰ ਹਾਲਤਾਂ ਨੂੰ ਉਹ ਆਪਣੀ ਕਵਿਤਾ ਦੇ ਕੇਂਦਰ ਵਿਚ ਰੱਖਦੀ ਹੈ:

                         ਉਨ੍ਹਾਂ ਨੂੰ ਵਸਤੂ ਨਾ ਸਮਝਿਆ ਕਰੋ / ਜੇ ਤੁਸੀਂ ਗਾਉਣੇ ਈ ਨੇ ਤਾਂ
                         ਉਸਦੀ ਸਿਰਜਨਾ ਤੇ ਸਾਧਨਾ ਦੇ ਗੀਤ ਗਾਇਆ ਕਰੋ

ਮੋਮਬੱਤੀਆਂ,ਰਿਸ਼ਤਾ,ਪੱਤਾ,ਰੁੱਸੀਆਂ ਨਜ਼ਮਾਂ ਆਦਿ ਕੁਝ ਖ਼ੂਬਸੂਰਤ ਕਵਿਤਾਵਾਂ ਹਨ ਜਿੰਨ੍ਹਾਂ ਦਾ ਜ਼ਿਕਰ ਹੋਣੋ ਰਹਿ ਗਿਆ ਹੈ।ਪਾਠਕ ਇਨ੍ਹਾਂ ਕਵਿਤਾਵਾਂ ਨੂੰ ਜ਼ਰੂਰ ਹੀ ਉਚੇਚ ਨਾਲ ਪੜ੍ਹਨਗੇ।ਵਰਜਿਤ ਇੱਕ ਲੰਬੀ ਨਜ਼ਮ ਹੈ ਜਿਸ ਵਿਚ ਵਿਆਹੋਂ ਬਾਹਰੇ ਸਬੰਧਾਂ ਦਾ ਜ਼ਿਕਰ ਹੈ।ਇਸ ਕਵਿਤਾ ਵਿਚ ਜਿਥੇ ਮਰਦ ਵਲੋਂ ਅਜਿਹੇ ਰਿਸ਼ਤੇ ਨੂੰ ਜ਼ਾਇਜ਼ ਠਹਿਰਾਇਆ ਗਿਆ ਹੈ ਉਥੇ ਇਹ ਵੀ ਜ਼ਿਕਰ ਹੈ ਕਿ ਪੱਛਮ ਦੇ ਲੋਕ ਅਜਿਹੇ ਰਿਸ਼ਤੇ ਨਹੀਂ ਪਾਲਦੇ।ਮੈਨੂੰ ਇਸ ਬਾਰੇ ਬਹੁਤਾ ਪਤਾ ਨਹੀਂ।ਪਰ ਇਸ ਕਵਿਤਾ ਦੀਆਂ ਕੁਝ ਸਤਰਾਂ ਜਰੂਰ ਤੁਹਾਡੇ ਨਾਲ ਸਾਂਝੀਆਂ ਕਰਦਾ ਹਾਂ:

                     'ਵੈਸਟ 'ਦੇ ਲੋਕ ਖੁਬ ਸਮਝਦੇ
                      ਵਰਜਿਤ ਰਿਸ਼ਤੇ ਪਾਲ ਪਾਲ ਕੇ
                      ਨਾ ਖਿਝਦੇ ਨਾ ਖਿਝਾਉਂਦੇ
                      ਨਾ ਆਪ ਰੋਂਦੇ ਨਾ ਕਿਸੇ ਨੂੰ ਰੁਆਉਂਦੇ!

ਸ਼ੁਰਜੀਤ ਦੀ ਸਮੁੱਚੀ ਕਵਿਤਾ ਦੀ ਗੱਲ ਕਰਨ ਲਈ ਜਿਸ ਵਿਦਵਤਾ ਭਰਪੂਰ ਬੌਧਿਕ ਪੱਧਰ ਦੀ ਲੋੜ ਹੈ,ਉਹ ਮੇਰੇ ਕੋਲ ਨਹੀਂ ਹੈ।ਮੈਂ ਤਾਂ ਇੱਕ ਪਾਠਕ ਵਾਂਗ ਹੀ ਇਨ੍ਹਾਂ ਕਵਿਤਾਵਾਂ ਨੂੰ ਪੜ੍ਹਿਆ ਹੈ।ਇਸ ਕਵਿਤਾ ਦੀ ਨਿੱਠ ਕੇ ਗੱਲ ਵਿਦਵਾਨ ਪਹਿਲਾਂ ਵੀ ਕਰਦੇ ਰਹੇ ਹਨ ਤੇ ਅੱਗੋਂ ਵੀ ਕਰਨਗੇ।ਸੁਰਜੀਤ ਨੇ ਕਹਾਣੀਆਂ ਵੀ ਲਿਖੀਆਂ ਹਨ।ਅਜੇ ਪੁਸਤਕ ਰੂਪ ਵਿਚ ਨਹੀਂ ਛਪਵਾਈਆਂ।ਉਸਦੀ ਕਹਾਣੀ ਵੀ ਕਵਿਤਾ ਵਾਂਗ ਸੂਖ਼ਮ ਤੇ ਗਹਿਰੀ ਹੋਵੇਗੀ ,ਇਹ ਮੇਰਾ ਵਿਸ਼ਵਾਸ ਹੈ।