ਮੈਂ ਮਜ਼੍ਹਬ ਨਾ ਜਾਣਾਂ ਅੜਿਆ,
ਦਿਲ ਦੀ ਗੱਲ ਪਛਾਣਾਂ ਅੜਿਆ,
ਤੇਰਾ ਹੋਸੀ ਸ਼ਰ੍ਹਾ ਤੇ ਕਾਜ਼ੀ,
ਮੇਰਾ ਯਾਰ ਮੁਨਾਰਾ ਅੜਿਆ ।
ਖ਼ਲਕਤ ਵੰਡੀ ਖ਼ਾਲਕ ਵੰਡਿਆ,
ਖਾਣ-ਪੀਣ ਵੰਡ ਭਾਰਾ ਅੜਿਆ ।
ਰੰਗ ਨਸਲ ਪੱਛਮ ਪੂਰਬ ਵੰਡ ਕੇ,
ਡਾਢਾ ਪਾਇਓਂ ਖਲਾਰਾ ਅੜਿਆ ।
ਇਹ ਤੇਰਾ ਉਹ ਤੇਰਾ ਹੈ ਨਹੀਂ,
ਇਹ ਕਰਿਆ ਕੀ ਕਾਰਾ ਅੜਿਆ ।
ਤੂੰ ਪਾਵੇਂ ਪਾੜੇ ਦੀਆਂ ਬਾਤਾਂ,
ਮੇਰੀ ਜੱਫ਼ੀ ਜੱਗ ਸਾਰਾ ਅੜਿਆ ।
ਕਰੇਂ ਤਾਮੀਰ ਮਸੀਤੀਂ ਮੰਦਰ,
ਨਾ ਦਿਲੀਂ ਪਿਆਰ ਉਸਾਰਾ ਅੜਿਆ ।
ਤੂੰ ਪੱਥਰ ਜਾਂ ਗ਼ੈਬੀ ਫੜਿਆ,
ਅਨਲ-ਹੱਕ ਮੇਰਾ ਨਾਰ੍ਹਾ ਅੜਿਆ ।
ਧਰਮੀ ਬਾਣੇ ਪਾ ਬਣਿਓਂ ਦਾਨੀ,
ਚੜ੍ਹ ਮਜ਼ਲੂਮ ਜਾ ਮਾਰਾ ਅੜਿਆ ।
ਗੱਲ ਕਿਰਤ ਜੇ ਹੱਕ ਦੀ ਹੈ ਨਹੀਂ,
ਸਭ ਹੈ ਪਖੰਡ ਪਸਾਰਾ ਅੜਿਆ ।
ਇਹ ਨਹੀਂ ਕਰਨਾ ਉਹ ਕਾਹਤੋਂ ਕੀਤਾ,
ਦਿਨ ਰਾਤ ਤੇਰਾ ਸਾਰਾ ਅੜਿਆ ।
ਤੇਰੀ ਪਾਬੰਦੀਆਂ ਮੁੱਕਦੀਆਂ ਨਾਹੀਂ,
ਕੀਤਾ ਮੈ ਕਿਨਾਰਾ ਅੜਿਆ ।
ਛੱਡ ਦੇ ਕੰਵਲ ਰੂੜ੍ਹੀਆਂ ਕੱਟੜ,
ਬਦਲ ਸਮੇਂ ਨਾਲ ਸਾਰਾ ਅੜਿਆ ।
ਚਲਦਾ ਪਾਣੀ ਹੈ ਮਿੱਠਾ ਪਾਣੀ,
ਖੜ੍ਹਾ ਰਹੂ ਤਾਂ ਖਾਰਾ ਅੜਿਆ ।